ਕੋਈ ਵੀ ਧਰਮ ਜਾਂ ਧਾਰਮਿਕ ਸਮੂਹ ਹੋਰਨਾਂ ਨੂੰ ਖਤਮ ਨਹੀਂ ਕਰ ਸਕਦਾ

09/26/2021 4:05:59 AM

ਪੀ. ਚਿਦਾਂਬਰਮ 
ਮੈਂ ਇਤਿਹਾਸ ’ਚੋਂ ਇਕ ਪੰਨਾ ਪੜ੍ਹਿਆ। ਧਰਮਯੁੱਧਾਂ ਦੀ ਸ਼ੁਰੂਆਤ 11ਵੀਂ ਸ਼ਤਾਬਦੀ ਦੇ ਅੰਤ ਦੇ ਨੇੜੇ ਹੋਈ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਯੁੱਧ 1095 ਅਤੇ 1291 ਦੇ ਦਰਮਿਆਨ ਲੜੇ ਗਏ। ਇਤਿਹਾਸ ’ਚ ਦਰਜ ਹੈ ਕਿ ਇਨ੍ਹਾਂ ਦਾ ਆਯੋਜਨ ਯੂਰਪੀਅਨ ਈਸਾਈਆਂ ਵੱਲੋਂ ਲਾਤੀਨੀ ਚਰਚ ਦੇ ਸਹਿਯੋਗ ਨਾਲ ਇਸਲਾਮ ਦੇ ਵਿਸਤਾਰ ਨੂੰ ਰੋਕਣ, ਮੁਸਲਮਾਨਾਂ ਦੇ ਵਾਧੇ ’ਤੇ ਰੋਕ ਲਗਾਉਣ (ਫਿਲੀਸਤੀਨ, ਸੀਰੀਆ, ਮਿਸਰ ’ਚ) ਅਤੇ ਪੂਰਬੀ ਭੂ-ਮੱਧ ਸਾਗਰ ’ਚ ਪਵਿੱਤਰ ਜ਼ਮੀਨ ਨੂੰ ਵਾਪਸ ਲੈਣ ਲਈ ਕੀਤਾ ਗਿਆ ਸੀ।

ਯੁੱਧਾਂ ਦੇ ਬਾਵਜੂਦ ਈਸਾਈ ਅਤੇ ਇਸਲਾਮ ਧਰਮ ਅੱਜ ਤੱਕ ਹੋਂਦ ’ਚ ਹਨ ਜਿਨ੍ਹਾਂ ਦੇ ਕਰੋੜਾਂ ਪੈਰੋਕਾਰ ਹਨ। ਜ਼ਿਆਦਾਤਰ ਸਹਿਣਸ਼ੀਲ ਅਤੇ ਸ਼ਾਂਤੀਪੂਰਨ ਹਨ, ਕੁਝ ਯੋਧਾ ਹਨ।

ਯੂਰਪ ਮੁੱਖ ਤੌਰ ’ਤੇ ਈਸਾਈ ਹੈ, ਫਿਲੀਸਤੀਨ, ਸੀਰੀਆ ਅਤੇ ਕੁਝ ਹੋਰ ਇਲਾਕੇ ਜਿਨ੍ਹਾਂ ’ਤੇ ਜੰਗ ਲੜੀ ਗਈ, ਮੁੱਖ ਤੌਰ ’ਤੇ ਮੁਸਲਿਮ ਰਾਸ਼ਟਰ ਹਨ।

ਕਹਾਣੀ ਦੀ ਸਿੱਖਿਆ ਇਹ ਹੈ ਕਿ ਕੋਈ ਵੀ ਧਰਮ ਅਤੇ ਧਾਰਮਿਕ ਸਮੂਹ ਹੋਰਾਂ ਨੂੰ ਖਤਮ ਨਹੀਂ ਕਰ ਸਕਦਾ।

ਜੇਹਾਦ ਕੀ ਹੈ?

ਜੇਹਾਦ ਸ਼ਬਦ ਇਨ੍ਹੀਂ ਦਿਨੀਂ ਰੁਝਾਨ ’ਚ ਹੈ। ਇਸਲਾਮ ’ਚ ਜੇਹਾਦ, ਬ੍ਰਿਟੈਨਿਕਾ ਦੇ ਅਨੁਸਾਰ ਮੁੱਖ ਤੌਰ ’ਤੇ ਉਸ ਚੀਜ਼ ਨੂੰ ਪ੍ਰੋਤਸਾਹਿਤ ਕਰਨ ਲਈ ਮਨੁੱਖੀ ਸੰਘਰਸ਼ ਹੀ ਹੈ ਅਤੇ ਜੋ ਗਲਤ ਹੈ, ਉਸ ਨੂੰ ਰੋਕਣ ਦੇ ਲਈ। ਆਧੁਨਿਕ ਕਾਲ ’ਚ ਜਦਕਿ ਇਹ ਹਿੰਸਕ ਮੁਹਿੰਮਾਂ ਦਾ ਬਦਲ ਬਣ ਗਿਆ ਹੈ।

ਲਵ ਜੇਹਾਦ ਇਕ ਅਜਿਹਾ ਰਾਕਸ਼ਸ ਸੀ ਜਿਸ ਦੀ ਖੋਜ ਹਿੰਦੂ ਕੱਟੜਵਾਦੀਆਂ ਨੇ ਜਵਾਨ ਮਰਦਾਂ ਅਤੇ ਔਰਤਾਂ ਨੂੰ ਖੌਫਜ਼ਦਾ ਕਰਨ ਲਈ ਕੀਤੀ। ਨਾਰਕੋਟਿਕ ਜੇਹਾਦ ਇਕ ਨਵਾਂ ਰਾਕਸ਼ਸ ਹੈ ਅਤੇ ਇਹ ਮੈਨੂੰ ਅਤੇ ਲੱਖਾਂ ਭਾਰਤੀਆਂ ਨੂੰ ਦੁੱਖ ਦਿੰਦਾ ਹੈ। ਜਿੱਥੇ ‘ਲਵ’ ਅਤੇ ‘ਨਾਰਕੋਟਿਕਸ’ ਅਸਲ ’ਚ ਹਨ। ਸ਼ਬਦ ਜੇਹਾਦ ਨੂੰ ਪ੍ਰੇਮ (ਇਕ ਕੁਦਰਤੀ ਮਨੁੱਖੀ ਭਾਵਨਾ) ਅਤੇ ਨਾਰਕੋਟਿਕਸ (ਦਰਦਨਾਸ਼ਕ ਅਤੇ ਨਸ਼ੇ ਦੀ ਦਵਾਈ) ਦੇ ਨਾਲ ਜੋੜਨਾ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਇਰਾਦਾ ਸਪੱਸ਼ਟ ਹੈ। ਇਹ ਇਕ ਪਾਸੇ ਇਕ ਧਰਮ (ਹਿੰਦੂ ਜਾਂ ਈਸਾਈ) ਅਤੇ ਦੂਜੇ ਪਾਸੇ ਇਸਲਾਮ ਦੇ ਮੰਨਣ ਵਾਲਿਆਂ ਦਰਮਿਆਨ ਫਿਰਕੂ ਝਗੜੇ ਅਤੇ ਗੈਰ-ਯਕੀਨੀ ਭੜਕਾਉਣ ਲਈ ਹੈ। ਉਨਮਾਦੀ ਲੋਕਾਂ ਲਈ ਇਸਲਾਮ ‘ਹੋਰ’ ਅਤੇ ਮੁਸਲਮਾਨ ‘ਹੋਰ’ ਲੋਕ ਹਨ। ਇਕ ਧਰਮਨਿਰਪੱਖ ਦੇਸ਼ ਨੂੰ ਜ਼ਰੂਰੀ ਤੌਰ ’ਤੇ ਅਜਿਹੇ ਧਰਮਪੁਣੇ ਨੂੰ ਰੋਕਣਾ ਚਾਹੀਦਾ ਹੈ। ਭਾਵੇਂ ਇਹ ਸ਼ਬਦਾਂ ’ਚ ਜ਼ਾਹਿਰ ਕੀਤਾ ਗਿਆ ਹੋਵੇ ਜਾਂ ਕਾਰਜਾਂ ਨਾਲ ਭਾਵ ਵਿਤਕਰੇ ਦੇ ਹੋਰ ਢੰਗਾਂ ਨਾਲ।

ਕੋਈ ਸਬੂਤ ਨਹੀਂ

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸਲਾਮ ਭਾਰਤ ’ਚ ‘ਵਿਸਤਾਰਵਾਦੀ’ ਹੈ। ਜੂਨ 2021 ’ਚ ਪ੍ਰਕਾਸ਼ਿਤ ਪੀ. ਈ. ਡਬਲਿਊ. ਸਰਵੇਖਣ ਨੇ ਕਈ ਮਿੱਥਾਂ ਅਤੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ। ਭਾਰਤ ਦੀ ਧਾਰਮਿਕ ਬਨਾਵਟ 1951 ਤੇ 2011 ਦੇ ਦਰਮਿਆਨ ਕਾਫੀ ਹੱਦ ਤੱਕ ਸਥਿਰ ਰਹੀ। ਮੁਸਲਮਾਨਾਂ ਦੇ ਅਨੁਪਾਤ ’ਚ ਮਾਮੂਲੀ ਜਿਹਾ ਵਾਧਾ ਹੋਇਆ ਜਿਸ ਦਾ ਕਾਰਨ ਪ੍ਰਵਾਸ ਸੀ ਅਤੇ ਇਸ ਲਈ ਵੀ ਕਿ ਮੁਸਲਮਾਨਾਂ ’ਚ ਪੈਦਾਇਸ਼ ਦਰ ਵੱਧ ਸੀ। ਹਾਲਾਂਕਿ ਇਹ 4.4 (1992) ਦੇ ਮੁਕਾਬਲੇ ਬੜੀ ਤੇਜ਼ੀ ਨਾਲ ਡਿੱਗ ਕੇ 2.6 (215) ਰਹਿ ਗਈ ਜੋ ਹਿੰਦੂ ਆਬਾਦੀ ਦੇ ਦਰਮਿਆਨ ਪੈਦਾਇਸ਼ ਦਰ ਤੋਂ ਥੋੜ੍ਹੀ ਜਿਹੀ ਵੱਧ ਹੈ। ਫਿਰ ਵੀ 2050 ਤੱਕ ਹਿੰਦੂ ਆਬਾਦੀ ਦਾ 77 ਫੀਸਦੀ (1.30 ਅਰਬ) ਬਣਾਉਣਗੇ। ਪੀ. ਈ. ਡਬਲਿਊ. ਸਰਵੇਖਣ ’ਤੇ ਪ੍ਰਤੀਕਿਰਿਆ ਦੇਣ ਵਾਲਿਆਂ ’ਚੋਂ 81.6 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਹਿੰਦੂ ਦੇ ਤੌਰ ’ਤੇ ਹੋਇਆ ਹੈ ਅਤੇ 81.7 ਫੀਸਦੀ ਮੌਜੂਦਾ ਸਮੇਂ ’ਚ ਆਪਣੀ ਪਛਾਣ ਹਿੰਦੂ ਦੱਸਦੇ ਹਨ, 2.3 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਈਸਾਈ ਦੇ ਤੌਰ ’ਤੇ ਹੋਇਆ ਅਤੇ 2.6 ਫੀਸਦੀ ਅਸਲ ’ਚ ਆਪਣੀ ਪਛਾਣ ਈਸਾਈ ਦੱਸਦੇ ਹਨ। ਵੱਡੇ ਪੱਧਰ ’ਤੇ ਇਸਲਾਮ ’ਚ ਧਰਮ ਬਦਲਣਾ ਇਕ ਝੂਠ ਹੈ।

ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਹਿੰਦੂ ਕੱਟੜਵਾਦੀਆਂ ਨੂੰ ਬਿਸ਼ਪ ਆਫ ਪਾਲਾ ਦਾ ਸਮਰਥਨ ਹੈ। ਦੋਵੇਂ ‘ਹੋਰ’ ਨੂੰ ਨਿਸ਼ਾਨਾ ਬਣਾਉਂਦੇ ਹਨ ਭਾਵ ਮੁਸਲਮਾਨ। ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਵੀ ਮੌਕੇ ਆਏ ਜਦੋਂ ਹਿੰਦੂ ਕੱਟੜਵਾਦੀ ਈਸਾਈਆਂ ਨਾਲ ‘ਹੋਰ’ ਵਾਂਗ ਸਲੂਕ ਕਰਦੇ ਸਨ। ਲੋਕਾਂ ਦੇ ਕਿਸੇ ਵੀ ਵਰਗ ਦੇ ਲਈ ‘ਹੋਰ’ ਦਾ ਵਿਚਾਰ ਪ੍ਰਵਾਨ ਹੈ।

ਮੇਰਾ ਸਕੂਲ ਦਾ ਤਜਰਬਾ

ਮੈਂ ਈਸਾਈ ਮਿਸ਼ਨਰੀਆਂ ਵੱਲੋਂ ਸੰਚਾਲਿਤ ਇਕ ਸਕੂਲ ’ਚ ਪੜ੍ਹਿਆ ਹਾਂ। ਉਨ੍ਹਾਂ ’ਚ ਵਧੇਰੇ ਵਿਦਿਆਰਥੀ ਸਮਾਜ ਦੇ ਹਰੇਕ ਵਰਗ ਤੋਂ ਹਿੰਦੂ ਸਨ। ਇਸ ’ਚ ਇਕ ਛੋਟੀ ਗਿਣਤੀ ਈਸਾਈਆਂ ਦੀ ਸੀ ਅਤੇ ਨਾਂਹ ਦੇ ਬਰਾਬਰ ਮੁਸਲਮਾਨ ਸਨ। ਹਰ ਇਕ ਜਮਾਤ ਨੂੰ ਕਈ ਸੈਕਸ਼ਨਾਂ ’ਚ ਵੰਡਿਆ ਗਿਆ ਸੀ ਪਰ ਇਕ ਕਲਾਸ ਲੀਡਰ ਹੁੰਦਾ ਸੀ ਜਿਸ ਦੀ ਚੋਣ ਹੈੱਡਮਾਸਟਰ ਵੱਲੋਂ ਕੀਤੀ ਜਾਂਦੀ ਸੀ, ਪ੍ਰਸਿੱਧ ਕੁਰੂਵਿਲਾ ਜੈਕਬ। ਜਿਨ੍ਹਾਂ ਪੰਜ ਸਾਲਾਂ ’ਚ ਜਮਾਤ 6 ਤੋਂ 10 ਤੱਕ ਪੜ੍ਹਿਆ, ਕਲਾਸ ਲੀਡਰ ਏ. ਕੇ. ਮੂਸਾ ਸੀ, ਇਕ ਉਲਾਸਪੂਰਨ, ਮਿੱਤਰ ਪਰ ਔਸਤ ਵਿਦਿਆਰਥੀ।

ਕਲਾਸ 11, ਆਖਰੀ ਸਾਲ ’ਚ ਕਲਾਸ ਲੀਡਰ ਆਪਣੇ ਆਪ ਸਕੂਲੀ ਵਿਦਿਆਰਥੀਆਂ ਦਾ ਨੇਤਾ ਬਣ ਗਿਆ। ਹੈੱਡਮਾਸਟਰ ਇਕ ਅਜਿਹੇ ਵਿਦਿਆਰਥੀ ਨੂੰ ਚਾਹੁੰਦੇ ਸਨ ਜੋ ਲੰਬਾ ਅਤੇ ਪ੍ਰਭਾਵਸ਼ਾਲੀ ਹੋਵੇ ਅਤੇ ਜੋ ਸਕੂਲ ਦੇ ਸਮਾਗਮਾਂ ਅਤੇ ਸਾਲਾਨਾ ਦਿਵਸ ’ਤੇ ਧਾਰਾ ਪ੍ਰਵਾਹ ਅੰਗਰੇਜ਼ੀ ਬੋਲ ਸਕੇ। ਉਨ੍ਹਾਂ ਨੇ ਕਿਸ ਨੂੰ ਚੁਣਿਆ? ਉਨ੍ਹਾਂ ਨੇ ਹਾਰੂਨ ਮੁਹੰਮਦ ਨੂੰ ਨਾਮਜ਼ਦ ਕੀਤਾ। ਕਿਸੇ ਵੀ ਵਿਦਿਆਰਥੀ ਨੇ ਅਤੇ ਯਕੀਨੀ ਤੌਰ ’ਤੇ ਹਿੰਦੂ ਅਤੇ ਈਸਾਈ ਵਿਦਿਆਰਥੀ ਨੇ ਨਹੀਂ ਸੋਚਿਆ ਕਿ ਕੁਝ ਸਾਧਾਰਨ ਹੋਇਆ ਹੈ। ਸ਼ਬਦ ‘ਖੁਸ਼ਾਮਦ’ ਦੇ ਬਾਰੇ ’ਚ ਸਾਨੂੰ ਬਿਲਕੁਲ ਪਤਾ ਨਹੀਂ ਸੀ।

ਮੈਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਬਿਸ਼ਪ ਨੂੰ ਦੰਗਾ ਕਾਨੂੰਨ ਪੜ੍ਹਾਇਆ ਹੈ। ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਥੀਸਨ ਨੇ ਮੁੱਖ ਮੰਤਰੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ ਕਿ ਸਰਕਾਰ ‘ਅਜਿਹੇ ਲੋਕਾਂ ਨੂੰ ਨਹੀਂ ਬਖਸ਼ੇਗੀ ਜੋ ਅਜਿਹੀਆਂ ਗਲਤ ਧਾਰਨਾਵਾਂ ਦਾ ਪ੍ਰਚਾਰ ਕਰਦੇ ਹਨ।’

ਜੋ ਸ਼ਰਾਰਤਪੂਰਨ ਢੰਗ ਨਾਲ ਨਾਰਕੋਟਿਕ ਜੇਹਾਦ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ 3000 ਕਿਲੋ ਹੈਰੋਇਨ (ਭਾਵ 3 ਟਨ) ਦੀ ਅਣਕਿਆਸੀ ਖੇਪ ’ਤੇ ਧਾਵਾ ਬੋਲਣਾ ਚਾਹੀਦਾ ਹੈ ਜਿਸ ਨੂੰ ਅਧਿਕਾਰੀਆਂ ਨੇ ਉਸ ਸਮੇਂ ਫੜਿਆ ਜੋ ਗੁਜਰਾਤ ’ਚ ਇਕ ਬੰਦਰਗਾਹ ਤੋਂ ਉਸ ਦੀ ‘ਬਰਾਮਦ’ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਕੋਈ ਵੀ ਵਿਅਕਤੀ ਇੰਨੀ ਵੱਡੀ ਮਾਤਰਾ ’ਚ ‘ਦਰਾਮਦ’ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਜਦ ਤੱਕ ਕਿ ਉਸ ਨੂੰ (ਇਕ ਜੋੜੇ, ਮੁਸਲਮਾਨ ਨਹੀਂ, ਨੂੰ ਗ੍ਰਿਫਤਾਰ ਕੀਤਾ ਗਿਆ ਹੈ) ਕਿਸੇ ਉੱਚ ਪੱਧਰੀ ਅਧਿਕਾਰੀ ਦੀ ਸ਼ਹਿ ਹਾਸਲ ਨਾ ਹੋਵੇ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਜੇਹਾਦ, ਲਵ ਜਾਂ ਨਾਰਕੋਟਿਕਸ ਦੀ ਗੱਲ ਨੂੰ ਨਿਰਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ 3000 ਕਿਲੋ ਹੈਰੋਇਨ ਫੜੇ ਜਾਣ ’ਤੇ ਵੀ ਟਿੱਪਣੀ ਕਰਨੀ ਚਾਹੀਦੀ ਹੈ। ਇਹ ਉਹ ਮੁੱਦੇ ਹਨ ਜਿਨ੍ਹਾਂ ਦਾ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਸਮਾਜਿਕ ਸਦਭਾਵ ’ਤੇ ਗੰਭੀਰ ਅਸਰ ਪੈਂਦਾ ਹੈ।


Bharat Thapa

Content Editor

Related News