ਕੋਈ ਵਿਅਕਤੀ ਸਾਰੇ ਗਿਆਨਾਂ ਦਾ ਭੰਡਾਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ

05/04/2021 3:36:49 AM

–ਵਰਿੰਦਰ ਕਪੂਰ ਸਿੱਧੀਆਂ ਗੱਲਾਂ
ਇਹ ਵੀ ਪਲ ਗੁਜ਼ਰ ਜਾਵੇਗਾ। ਆਕਸੀਜਨ ਸਿਲੰਡਰ ਦੇ ਲਈ ਹੱਥੋਪਾਈ, ਜੀਵਨ ਰੱਖਿਅਕ ਦਵਾਈਆਂ, ਐਂਬੂਲੈਂਸ ਅਤੇ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਨੇ ਸਾਡੇ ਸਿਹਤ ਢਾਂਚੇ ’ਚ ਇਕ ਵੱਡੇ ਛੇਕ ਨੂੰ ਉਜਾਗਰ ਕੀਤਾ ਹੈ। ਇਕ ਰਾਸ਼ਟਰ ਦੇ ਰੂਪ ’ਚ ਅਸੀਂ ਆਪਣੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ’ਚ ਅਸਫਲ ਰਹੇ। ਹਾਲਾਂਕਿ ਸੱਤਾਧਾਰੀ ਸਰਕਾਰਾਂ ਨੂੰ ਸਹਾਇਤਾ ਦੀ ਮੁਕਾਬਲੇਬਾਜ਼ੀ ’ਚ ਹਿਮਾਲਿਆ ਵਰਗੀ ਅਸਫਲਤਾ ਲਈ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਮਹਾਮਾਰੀ ਨਾਲ ਲੜਨ ’ਚ ਨਿਰਵਿਵਾਦ ਰੂਪ ਨਾਲ ਸਾਡੇ ਕੋਲੋਂ ਗਲਤੀਆਂ ਹੋਈਆਂ।

ਜੇਕਰ ਕੋਈ ਸਿਹਤ ਸੇਵਾਵਾਂ ’ਤੇ ਸਾਡੀਆਂ ਅਸਫਲਤਾਵਾਂ ਦਾ ਕੋਈ ਕਾਰਨ ਦੱਸੇ ਤਾਂ ਉਸ ’ਚ ਸਭ ਤੋਂ ਪ੍ਰਮੁੱਖ ਪ੍ਰਧਾਨ ਮੰਤਰੀ ਦੀ ਕਾਰਜਸ਼ੈਲੀ ਹੈ। ਉਨ੍ਹਾਂ ਨੇ ਆਪਣੇ ਦਫਤਰ ’ਚ ਸਾਰੇ ਫੈਸਲੇ ਲੈਣ ਵਾਲੀ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਹੈ। ਉਨ੍ਹਾਂ ਨੇ ਬਾਹਰ ਤੋਂ ਮਿਲੇ ਆਜ਼ਾਦ ਇਨਪੁੱਟ ਨੂੰ ਕੱਟਦੇ ਹੋਏ ਆਪਣੇ ਆਪ ’ਚ ਅਸੰਤੋਸ਼ ਜ਼ਾਹਰ ਕੀਤਾ ਹੈ।

ਪ੍ਰਧਾਨ ਮੰਤਰੀ ਦੇ ਰੂਪ ’ਚ ਇੰਦਰਾ ਗਾਂਧੀ ਉਦੋਂ ਤਕ ਲੰਬੇ ਸਮੇਂ ਤਕ ਸਫਲ ਰਹੇ, ਜਦੋਂ ਤਕ ਉਨ੍ਹਾਂ ਨੇ ਆਪਣੇ ਦਿੱਗਜ਼ ਸਹਿਯੋਗੀਆਂ ’ਤੇ ਭਰੋਸਾ ਕੀਤਾ। ਜਦੋਂ ਤਕ ਪੀ. ਐੱਨ. ਹਕਸਰ, ਪੀ. ਐੱਨ. ਧਰ ਅਤੇ ਗੋਪੀ ਅਰੋੜਾ ਵਰਗੇ ਨੌਕਰਸ਼ਾਹਾਂ ਦੀ ਸਲਾਹ ਉਨ੍ਹਾਂ ਦੇ ਨਾਲ ਸੀ, ਉਦੋਂ ਤਕ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ। ਜਦੋਂ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਅੱਖੋ-ਪਰੋਖੇ ਕਰ ਦਿੱਤਾ ਤਾਂ ਉਨ੍ਹਾਂ ਦੀ ਪ੍ਰੇਸ਼ਾਨੀ ਸ਼ੁਰੂ ਹੋ ਗਈ।

ਮੋਦੀ ਪੀ.ਐੱਮ. ਓ. ਦੇ ਦਿਲ ’ਚ ਕੀ ਹੈ? ਇਸ ਦਾ ਵਿਸ਼ਲੇਸ਼ਣ ਕਰਨ ਦਾ ਸਮਾਂ ਹੈ। ਇਹ ਵਿਸ਼ਲੇਸ਼ਣ ਕਰਨ ਦਾ ਸਮਾਂ ਵੀ ਹੈ ਕਿ ਇਸ ਤੋਂ ਚੰਗੀ ਕਾਰਗੁਜ਼ਾਰੀ ਕਰਨ ਲਈ ਕਿਹੜੇ ਸੁਧਾਰਾਂ ਨੂੰ ਕੀਤਾ ਜਾ ਸਕਦਾ ਹੈ। ਸਿਹਤ, ਸਾਫ-ਸਫਾਈ ਵਰਗੇ ਸੂਬੇ ਦੇ ਵਿਸ਼ੇ ਹਨ ਅਤੇ ਕੇਂਦਰ ਇਸ ’ਚ ਉਦੋਂ ਦਖਲਅੰਦਾਜ਼ੀ ਕਰਦਾ ਹੈ, ਜਦੋਂ ਕੋਈ ਰਾਸ਼ਟਰੀ ਸੰਕਟ ਹੋਵੇ। ਕੋਰੋਨਾ ਵਾਇਰਸ ਮਹਾਮਾਰੀ ਨੇ ਕੇਂਦਰ ਨੂੰ ਡਰਾਈਵਰ ਦੀ ਸੀਟ ’ਤੇ ਬਿਠਾ ਦਿੱਤਾ ਹੈ, ਜਿਸ ’ਚ ਦਿਸ਼ਾ-ਨਿਰਦੇਸ਼ਾਂ ਨੂੰ ਬਣਾਉਣਾ, ਵੈਕਸੀਨ ਦੀ ਅਲਾਟਮੈਂਟ, ਦਵਾਈਆਂ ਅਤੇ ਵਿਸ਼ੇਸ਼ ਫੰਡਾਂ ਨੂੰ ਸਥਾਪਤ ਕਰਨਾ ਸੀ। ਹਾਲਾਂਕਿ ਮੈਡੀਕਲ ਆਕਸੀਜਨ ਦਾ ਨਿਰਮਾਣ ਅਤੇ ਅਲਾਟਮੈਂਟ ਸੂਬੇ ਦਾ ਕੰਮ ਹੈ। ਇਸ ਦੇ ਨਿਯਮ ਮੁਕੰਮਲ ਤੌਰ ’ਤੇ ਸਬੰਧਤ ਸੂਬਾ ਸਰਕਾਰਾਂ ਦੇ ਹੱਥਾਂ ’ਚ ਹੁੰਦੇ ਹਨ। ਰਾਸ਼ਟਰੀ ਆਫਤ ਨੇ ਕੇਂਦਰ ਸਰਕਾਰ ਨੂੰ ਅਲਾਟਮੈਂਟ ਅਤੇ ਇਸ ਦੀ ਵਸੂਲੀ ਨੂੰ ਆਪਣੇ ਕੰਟਰੋਲ ’ਚ ਲੈਣ ਲਈ ਕਿਹਾ।

ਹਾਲਾਂਕਿ ਆਕਸੀਜਨ ਦੀ ਕਮੀ ਅਤੇ ਹਸਪਤਾਲਾਂ ’ਚ ਬੈੱਡਾਂ ਲਈ ਭੱਜ-ਨੱਠ ਅਜੇ ਵੀ ਜਾਰੀ ਹੈ। ਸਾਰੇ ਪ੍ਰਮਾਣ ਦਰਸਾਉਂਦੇ ਹਨ ਕਿ ਅਗਲੇ ਕੁਝ ਦਿਨਾਂ ’ਚ ਇਹ ਸੰਕਟ ਵੱਡੇ ਪੱਧਰ ’ਤੇ ਘੱਟ ਹੋ ਸਕਦਾ ਹੈ। ਲੋਕਾਂ ’ਚ ਇਸੇ ਤਰ੍ਹਾਂ ਦੀ ਮਾਰਾਮਾਰੀ ਉਦੋਂ ਦੇਖਣ ਨੂੰ ਮਿਲੀ ਜਦੋਂ ਲਾਕਡਾਊਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ ਸੀ। ਉਦੋਂ ਵੈਂਟੀਲੇਟਰਾਂ, ਪੀ. ਪੀ. ਈ. ਕਿੱਟਾਂ ਅਤੇ ਇਥੋਂ ਤਕ ਕਿ ਮਾਸਕ ਦੀ ਵੀ ਭਾਰੀ ਕਮੀ ਪੈਦਾ ਹੋ ਗਈ ਸੀ। ਸਰਕਾਰ ਨੇ ਸਮੱਸਿਆ ਨਾਲ ਨਜਿੱਠਣ ਲਈ ਜਦੋਂ ਆਪਣਾ ਮਨ ਬਣਾਇਆ ਤਾਂ ਕੁਝ ਹੀ ਹਫਤਿਆਂ ਦੇ ਅੰਦਰ ਵੈਂਟੀਲੇਟਰਾਂ ਅਤੇ ਪੀ. ਪੀ. ਈ. ਕਿੱਟਾਂ ਦੀ ਕਿੱਲਤ ਦੇ ਬਾਰੇ ’ਚ ਸ਼ਿਕਾਇਤਾਂ ਗਾਇਬ ਹੋ ਗਈਆਂ।

ਆਕਸੀਜਨ ਸਪਲਾਈ ਦੇ ਮਾਮਲੇ ’ਚ ਵੀ ਕੁਝ ਅਜਿਹਾ ਹੀ ਹੋਣਾ ਚਾਹੀਦਾ ਹੈ। ਹਾਲਾਂਕਿ ਪਿਛਲੀ ਸਤੰਬਰ ’ਚ ਸਿਹਤ ਮਾਹਿਰਾਂ ਦੀ ਕੇਂਦਰੀ ਇਕਾਈ ਨੇ 500 ਨਵੇਂ ਪਲਾਟਾਂ ਨੂੰ ਸਥਾਪਤ ਕਰਨ ਲਈ ਲੋੜੀਂਦੇ ਪੈਸਿਆਂ ਦੀ ਅਲਾਟਮੈਂਟ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਵਧੇਰੇ ਸੂਬੇ ਪ੍ਰਭਾਵੀ ਤੌਰ ’ਤੇ ਕਾਰਵਾਈ ਕਰਨ ’ਚ ਅਸਫਲ ਰਹੇ। ਦਿੱਲੀ ਨੇ ਇਕ ਵੀ ਨਵਾਂ ਪਲਾਂਟ ਸਥਾਪਤ ਕਰਨ ਲਈ ਕਦਮ ਤਕ ਨਹੀਂ ਵਧਾਇਆ। ਹੋਰਨਾਂ ਸੂਬਿਆਂ ਨੇ ਅੱਧੇ ਤੋਂ ਵੀ ਘੱਟ ਪਲਾਟਾਂ ਨੂੰ ਸਥਾਪਤ ਕੀਤਾ ਅਤੇ ਹੁਣ ਉਹ ਇਸ ਪ੍ਰਕਿਰਿਆ ’ਚ ਤੇਜ਼ੀ ਲਿਆ ਰਹੇ ਹਨ।

ਪਿਛਲੇ ਸਾਲ ਚੀਨ ਦੇ ਨਾਲ ਸਰਹੱਦੀ ਅੜਿੱਕੇ ਦੇ ਮਾਮਲੇ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਵੀ ਮੋਦੀ ਸਰਕਾਰ ਨੇ ਆਪਣੀਆਂ ਗਲਤੀਆਂ ਤੋਂ ਜਲਦੀ ਹੀ ਸਿੱਖ ਲਿਆ। ਉਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਆਪਣੀ ਦ੍ਰਿੜ੍ਹਤਾ ਦਾ ਸਬੂਤ ਦਿੱਤਾ।

ਜੇਕਰ ਮੋਦੀ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਕੋਵਿਡ-19 ’ਤੇ ਜਿੱਤ ਦਾ ਐਲਾਨ ਕਰਨ ਦੀ ਬਜਾਏ ਖੁਦ ਨੂੰ ਦੂਸਰੀ ਲਹਿਰ ਵਿਰੁੱਧ ਤਿਆਰ ਕੀਤਾ ਹੁੰਦਾ ਤਾਂ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਅਤੇ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਸਾਰੀਆਂ ਸੂਬਾ ਸਰਕਾਰਾਂ ਨਵੇਂ ਇਨਫੈਕਟਿਡਾਂ ਅਤੇ ਮੌਤਾਂ ਦੀ ਗਿਣਤੀ ’ਚ ਵਾਧਾ ਦੇਖ ਰਹੀਆਂ ਹਨ। ਇਨਫੈਕਸ਼ਨ-ਬੀਮਾਰੀ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਵਾਇਰਸ ਦੀ ਮੌਜੂਦਾ ਲਹਿਰ ਕਮਜ਼ੋਰ ਪਵੇਗੀ ਪਰ ਇਸ ਦਾ ਛੋਟੇ ਕਸਬਿਆਂ ਅਤੇ ਉੱਤਰ ਦੇ ਦਿਹਾਤੀ ਇਲਾਕਿਆਂ ’ਚ ਅਸਰ ਮਹਿਸੂਸ ਕੀਤਾ ਜਾਵੇਗਾ।

ਦੂਜੀ ਲਹਿਰ ਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰਸ਼ਾਸਨ ਪਹਿਲਾਂ ਹੀ ਤੀਸਰੀ ਅਤੇ ਚੌਥੀ ਲਹਿਰ ਲਈ ਆਪਣੀ ਤਿਆਰੀ ਕਰ ਲਵੇ। ਇਸ ਦੌਰਾਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਲੋਕਾਂ ਦੀਆਂ ਨਜ਼ਰਾਂ ਨੂੰ ਕੋਰੋਨਾ ਸੰਕਟ ਤੋਂ ਕੁਝ ਹੱਦ ਤਕ ਦੂਰ ਕਰ ਦੇਣਗੇ। ਇਸ ਸਮੇਂ ਚਿੰਤਾ ਦਾ ਵਿਸ਼ਾ ਮਾਮੂਲੀ ਅਤੇ ਸੈਮੀ ਮਾਮੂਲੀ ਲਾਕਡਾਊਨ ਹੈ, ਜਿਸ ਨਾਲ ਅਰਥਚਾਰੇ ’ਤੇ ਅਸਰ ਪਵੇਗਾ।

ਪਹਿਲੇ ਲਾਕਡਾਊਨ ਤੋਂ ਪੈਦਾ ਹੋਈਆਂ ਸਮੱਸਿਆਵਾਂ ਤੋਂ ਅਜੇ ਅਸੀਂ ਪੂਰੀ ਤਰ੍ਹਾਂ ਉੱਭਰੇ ਨਹੀਂ ਹਾਂ। ਅਰਥਚਾਰੇ ਦੇ ਇੰਜਣ ਨੂੰ ਥੋੜ੍ਹੀ ਜਿਹੀ ਰਫਤਾਰ ਮਿਲੀ ਹੈ। ਮੌਜੂਦਾ ਸੰਕਟ ਨੂੰ ਦੇਖਦੇ ਹੋਏ ਆਰਥਿਕ ਪੁਨਰਜੀਵਨ ਹੋਰ ਜ਼ਿਆਦਾ ਪਿੱਛੇ ਰਹਿ ਗਿਆ ਹੈ। ਆਰਥਿਕ ਗਿਰਾਵਟ ਨੇ ਰਾਸ਼ਟਰ ਨੂੰ ਹੋਰ ਜ਼ਿਆਦਾ ਬੀਮਾਰ ਕਰ ਦਿੱਤਾ ਹੈ। ਇਹ ਇਕ ਅਜਿਹੀ ਚੁਣੌਤੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਇਸ ਦੇ ਲਈ ਉਨ੍ਹਾਂ ਨੂੰ ਵਿਚਾਰ-ਵਟਾਂਦਰਾ ਅਤੇ ਸਹਿਮਤੀ ਬਣਾਉਣੀ ਹੋਵੇਗੀ। ਕੋਈ ਇਕ ਵਿਅਕਤੀ ਸਾਰੇ ਗਿਆਨਾਂ ਦਾ ਭੰਡਾਰ ਗ੍ਰਹਿ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇਕ ਚੰਗੇ ਪ੍ਰਸ਼ਾਸਨ ਨੂੰ ਸਮੂਹਿਕ ਅਤੇ ਸਹਿਮਤੀ ਦੇ ਯਤਨ ਕਰਨੇ ਚਾਹੀਦੇ ਹਨ।


Bharat Thapa

Content Editor

Related News