ਹਰਿਆਣਾ ਚੋਣਾਂ ਲਈ ਸੌਖਾ ਨਹੀਂ ਅਕਾਲੀਆਂ ਦਾ ਰਾਹ

10/13/2019 1:34:37 AM

ਸ਼ੰਗਾਰਾ ਸਿੰਘ ਭੁੱਲਰ

ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹੋਣ ਵਾਲੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਵਿਚ ਇਸ ਵੇਲੇ ਕਿਉਂਕਿ ਭਾਜਪਾ ਦੀ ਸਰਕਾਰ ਹੈ, ਜੋ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਹੇਠ ਐਤਕੀਂ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਜਿੱਤਣ ’ਤੇ ਟੇਕ ਲਾਈ ਬੈਠੀ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਕਾਂਗਰਸ ਨੂੰ ਹਰਾ ਕੇ ਸੱਤਾਧਾਰੀ ਬਣੀ ਸੀ ਅਤੇ ਸੱਤਾਧਾਰੀ ਵੀ ਚੰਗੀਆਂ ਸੀਟਾਂ ਨਾਲ ਬਣੀ ਸੀ। ਕਾਂਗਰਸ ਨੂੰ ਸਿਰਫ਼ 15 ਸੀਟਾਂ ਮਿਲ ਸਕੀਆਂ ਸਨ। ਇਨੈਲੋ ਵੀ ਆਪਣੀ ਹਾਜ਼ਰੀ ਲੁਆ ਗਈ ਸੀ। ਖੱਟੜ ਸਰਕਾਰ ਦੀ ਪਹਿਲੀ ਕਾਰਗੁਜ਼ਾਰੀ ਕੁਲ ਮਿਲਾ ਕੇ ਕਾਫ਼ੀ ਠੀਕ ਰਹੀ ਹੈ, ਇਸ ਲਈ ਪਿਛਲੇ ਦਿਨਾਂ ਵਿਚ ਦੂਜੀਆਂ ਪਾਰਟੀਆਂ ਅਤੇ ਕੁਝ ਹੋਰ ਲੋਕਾਂ ਵਲੋਂ ਭਾਜਪਾ ਦਾ ਲੜ ਫੜਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਕੋ-ਇਕ ਵਿਧਾਇਕ ਬਲਕੌਰ ਸਿੰਘ ਵੀ ਅਕਾਲੀ ਦਲ ਨੂੰ ਫਤਿਹ ਬੁਲਾ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਇਸ ਨਾਲ ਅਕਾਲੀ ਦਲ ਦਾ ਤਿਲਮਿਲਾਉਣਾ ਸੁਭਾਵਿਕ ਹੀ ਹੈ। ਕਿੱਥੇ ਤਾਂ ਉਹ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਦੇ ਮਨਸੂਬੇ ਬਣਾ ਰਿਹਾ ਸੀ ਅਤੇ ਕਿੱਥੇ ਚੋਣਾਂ ਤੋਂ ਪਹਿਲਾਂ ਹੀ ਤੜੱਕ ਕਰ ਕੇ ਟੁੱਟ ਗਈ। ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਕੁਲਹਿੰਦ ਪੱਧਰ ’ਤੇ ਭਾਜਪਾ ਨਾਲ ਗੱਠਜੋੜ ਹੈ, ਇਸ ਲਈ ਇਹ ਲੰਮੇ ਸਮੇਂ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੇ ਰੌਂਅ ਵਿਚ ਸੀ ਅਤੇ ਇਸ ਲਈ ਇਸ ਨੇ ਆਪਣੇ ਇਕ ਸੀਨੀਅਰ ਆਗੂ ਰਾਜ ਸਭਾ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਬਾਕਾਇਦਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਸ. ਭੂੰਦੜ ਵਿਚ-ਵਿਚ ਹਰਿਆਣਾ ਦੇ ਸਿੱਖਾਂ ਨਾਲ ਬੈਠਕਾਂ ਵੀ ਕਰਦੇ ਰਹੇ ਹਨ। ਹੁਣ ਜਦੋਂ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਦੀ ਗੱਲ ਤੁਰੀ ਤਾਂ ਅੱਗੋਂ ਉਸ ਨੇ ਇਸ ਨੂੰ ਇਕ ਤਰ੍ਹਾਂ ਨਾਂਹ-ਨੁੱਕਰ ਹੀ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ 90 ’ਚੋਂ 20 ਸੀਟਾਂ ਮੰਗ ਰਿਹਾ ਸੀ। ਭਾਜਪਾ ਨੇ ਸਿਰਫ਼ 2 ਸੀਟਾਂ ਲਈ ਹਾਮੀ ਭਰੀ। ਅਸਲ ਵਿਚ ਭਾਜਪਾ ਨੂੰ ਵਿਚੋਂ ਗੁੱਸਾ ਇਹ ਹੈ ਕਿ ਦਲ ਨੇ ਪਿਛਲੀ ਵਾਰ ਭਾਜਪਾ ਨਾਲ ਸਾਂਝ-ਭਿਆਲੀ ਜਾਰੀ ਰੱਖਣ ਦੀ ਥਾਂ ਚੁੱਪ ਕਰ ਕੇ ਇਨੈਲੋ ਨਾਲ ਯਾਰੀ ਪੁਗਾਈ। ਚੌਟਾਲਾ ਪਰਿਵਾਰ ਨਾਲ ਬਾਦਲਾਂ ਦੀ ਚਿਰਾਂ ਪੁਰਾਣੀ ਸਾਂਝ ਤੋਂ ਹਰ ਕੋਈ ਜਾਣੂ ਹੈ। ਭਾਜਪਾ ਨੇ ਇਸ ਦਾ ਬੁਰਾ ਮਨਾਇਆ ਸੀ। ਸਵਾਲ ਸੀ ਕਿ ਜੇ ਪੰਜਾਬ ਅਤੇ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੈ ਤਾਂ ਫਿਰ ਹਰਿਆਣਾ ਵਿਚ ਕਿਉਂ ਨਹੀਂ? ਇਕ ਵਿਰੋਧੀ ਧਿਰ ਇਨੈਲੋ ਦਾ ਪੱਲਾ ਕਿਉਂ ਫੜਿਆ? ਕੇਂਦਰੀ ਅਤੇ ਸੂਬਾਈ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਪੰਜ ਸਾਲ ਪਹਿਲਾਂ ਵਾਲਾ ਉਸ ਦਾ ਫ਼ੈਸਲਾ ਚੇਤੇ ਕਰਵਾ ਦਿੱਤਾ ਹੈ।

ਇਸ ਦਾ ਸਿੱਟਾ ਹੁਣ ਇਹ ਨਿਕਲਿਆ ਹੈ ਕਿ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਐਲਾਨ ਕਰ ਦਿੱਤਾ ਹੈ। ਹੈਰਾਨੀ ਹੈ ਐਤਕੀਂ ਇਸ ਨੇ ਇਨੈਲੋ ਵਾਲਿਆਂ ਨੂੰ ਪੁੱਛਿਆ ਹੀ ਨਹੀਂ। ਸ਼ਾਇਦ ਇਸ ਲਈ ਇਕ ਤਾਂ ਇਨੈਲੋ ਵਾਲਾ ਚੌਟਾਲਾ ਪਰਿਵਾਰ ‘ਅੱਡ ਖੱਖੜੀਆਂ ਅੱਡ ਪੱਤ’ ਹੋ ਗਏ ਹਨ ਅਤੇ ਦੂਜਾ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਚੌਟਾਲਾ ਸਰਕਾਰ ਨਾਲ ਵਧੇਰੇ ਮੋਹ ਸੀ, ਹੁਣ ਸਿਆਸਤ ਤੋਂ ਲੱਗਭਗ ਕਿਨਾਰਾ ਕਰੀ ਬੈਠੇ ਹਨ, ਇਸ ਲਈ ਅਕਾਲੀ ਦਲ ਵਲੋਂ ਸਾਰੇ ਫ਼ੈਸਲੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਸੁਖਬੀਰ ਬਾਦਲ ਵਲੋਂ ਹੀ ਲਏ ਜਾ ਰਹੇ ਹਨ। ਇਹ ਵੀ ਦੱਸ ਦੇਈਏ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੀ ਹਨ, ਜਿਨ੍ਹਾਂ ਨੇ ਪਿਛਲੀ ਸਦੀ ਦੇ ਅੰਤ ਵਿਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਵੇਲੇ ਭਾਜਪਾ ਨਾਲ ਸਾਂਝ ਪਾਈ, ਜੋ ਅੱਜ ਤਕ ਚੱਲ ਰਹੀ ਹੈ। ਉਂਝ ਜਦੋਂ ਤੋਂ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਸਮੇਂ-ਸਮੇਂ ’ਤੇ ਅਕਾਲੀ ਦਲ ਅਤੇ ਭਾਜਪਾ ਵਿਚ ਅਕਸਰ ਤਰੇੜਾਂ ਉੱਭਰਦੀਆਂ ਰਹੀਆਂ ਹਨ। ਦੂਜੇ ਸ਼ਬਦਾਂ ਵਿਚ ਸੁਖਬੀਰ ਬਾਦਲ ਦਾ ਭਾਜਪਾ ਪ੍ਰਤੀ ਓਨਾ ਨਰਮ ਗੋਸ਼ਾ ਨਹੀਂ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਇਸੇ ਦੌਰਾਨ ਨਰਿੰਦਰ ਮੋਦੀ ਨੇ ਆਪਣੀ ਦੂਜੀ ਪਾਰੀ ਵਿਚ ਹੋਰ ਵੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਵਿਚ ਨਾ ਵਿਧਾਨ ਸਭਾ ਚੋਣਾਂ ਅਤੇ ਨਾ ਲੋਕ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਕੁਝ ਪੱਲੇ ਪਿਆ ਹੈ, ਉਸੇ ਦਿਨ ਤੋਂ ਇਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਕੋਲੋਂ ਹੁਣ ਵੱਧ ਸੀਟਾਂ ਅਤੇ ਆਪਣੀ ਮਨਮਰਜ਼ੀ ਦੀਆਂ ਸੀਟਾਂ ਲੈਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਇਹ ਕੰਧ ’ਤੇ ਲਿਖਿਆ ਪੜ੍ਹਨ ਵਾਲੀ ਗੱਲ ਹੈ, ਅਕਾਲੀ ਦਲ ਵਾਲੇ ਵੀ ਇਸ ਨੂੰ ਸਮਝਣ ਲੱਗੇ ਹਨ। ਸ਼ਾਇਦ ਹਰਿਆਣਾ ਭਾਜਪਾ ਨੇ ਇਸੇ ਵਿਚਾਰ ਦਾ ਪ੍ਰਗਟਾਵਾ ਕਰ ਦਿੱਤਾ ਹੈ ਅਤੇ ਹੁਣ ਅਕਾਲੀ ਦਲ ਨੂੰ ਇਥੋਂ ਇਕੱਲਿਆਂ ਹੀ ਚੋਣਾਂ ਲੜਨੀਆਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਿਹੜਾ ਅਕਾਲੀ ਦਲ ਆਪਣੇ ਸੂਬੇ ਵਿਚ ਆਪਣਾ ਆਧਾਰ ਆਪਣੀਆਂ ਗ਼ਲਤੀਆਂ ਕਰਕੇ ਗੁਆ ਚੁੱਕਾ ਹੈ, ਉਹ ਗੁਆਂਢੀ ਸੂਬੇ ਵਿਚ ਪੈਰ ਕਿਵੇਂ ਜਮਾਏਗਾ? ਇਹ ਵੀ ਕਿ ਹਰਿਆਣਾ ਦੇ ਬਹੁਤੇ ਸਿੱਖ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਖੁਸ਼ ਨਹੀਂ ; ਇਸ ਲਈ ਹਾਲਾਤ ਹੀ ਦੱਸਣਗੇ ਕਿ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਊਠ ਕਿਸ ਕਰਵਟ ਬੈਠਦਾ ਹੈ? ਇਸੇ ਦੌਰਾਨ ਅਕਾਲੀ ਦਲ ਨੇ ਇਕੱਲਿਆਂ ਆਪਣੀ ਦਾਲ ਨਾ ਗਲ਼ਦੀ ਵੇਖ ਕੇ ਹੁਣ ਮੁੜ 5 ਸੀਟਾਂ ਲੈ ਕੇ ਇਨੈਲੋ ਨਾਲ ਹੀ ਗੰਢ-ਤੁੱਪ ਕਰ ਲਈ ਹੈ।

ਹਰਿਆਣਾ ਪੂਰਾ ਸੂਬਾ ਤਾਂ 1966 ਦੇ ਪੰਜਾਬ ਪੁਨਰਗਠਨ ਐਕਟ ਤਹਿਤ ਬਣਿਆ ਹੈ। ਇਸ ਤੋਂ ਪਹਿਲਾਂ ਇਹ ਪੰਜਾਬ ਦਾ ਹੀ ਹਿੱਸਾ ਸੀ। ਹਰਿਆਣਾ ਅਤੇ ਪੰਜਾਬ ਦੋਹਾਂ ਦਾ ਯਕੀਨਨ ਬਹੁਤ ਕੁਝ ਸਾਂਝਾ ਸੀ, ਜੋ ਬਾਅਦ ਵਿਚ ਸਿਆਸੀ ਵਖਰੇਵਿਆਂ ਕਾਰਣ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਹਰਿਆਣਾ ਵਿਚ ਇਸ ਵੇਲੇ ਸਿੱਖਾਂ ਦੀ ਗਿਣਤੀ ਲੱਗਭਗ 20 ਲੱਖ ਹੈ, ਇਹ ਸ਼ੁਰੂ ਵਿਚ ਆਪਣੇ ਆਪ ਨੂੰ ਸਿੱਖਾਂ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜ ਕੇ ਵੇਖਦੇ ਸਨ। ਦੂਜੇ ਪਾਸੇ ਹਰਿਆਣਾ ਦੇ ਗੁਰਦੁਆਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੀ ਆਉਂਦੇ ਹਨ। ਇਕ ਸਮੇਂ ਸੂਬੇ ਦੇ ਸਿੱਖਾਂ ਨੂੰ ਮਹਿਸੂਸ ਹੋਣ ਲੱਗਾ ਕਿ ਹਰਿਆਣਾ ਸਰਕਾਰਾਂ ਤਾਂ ਉਨ੍ਹਾਂ ਨੂੰ ਬਹੁਤਾ ਗੌਲ਼ਦੀਆਂ ਹੀ ਨਹੀਂ। ਉਧਰੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੀ ਉਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ, ਇਸ ਲਈ ਉਨ੍ਹਾਂ ਨੇ ਇਕ ਸਮੇਂ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੱਲਾ ਫੜ ਕੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਸੁਭਾਵਿਕ ਹੀ ਸੀ, ਜੋ ਹੁਣ ਤਕ ਵੀ ਜਾਰੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਕਮੇਟੀ ਦੇ ਅਹੁਦੇਦਾਰਾਂ ਵਿਚ ਵੀ ਵਖਰੇਵਾਂ ਖੜ੍ਹਾ ਹੋ ਜਾਣ ਨਾਲ ਇਹ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਐਡਹਾਕ ਕਮੇਟੀ ਦੇ ਨਾਂ ’ਤੇ ਕਦੀ-ਕਦੀ ਇਸ ਦੀਆਂ ਖ਼ਬਰਾਂ ਜ਼ਰੂਰ ਸਾਹਮਣੇ ਆਉਂਦੀਆਂ ਹਨ। ਸਪੱਸ਼ਟ ਹੈ ਕਿ ਅਜਿਹੇ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਵਿਧਾਨ ਸਭਾ ਦਾ ਮੈਦਾਨ ਫ਼ਤਿਹ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ। ਦੂਜਾ, ਸਿੱਖਾਂ ਦੀ ਵਸੋਂ ਵੀ ਕੁਝ ਖ਼ਾਸ ਖੇਤਰਾਂ ਤਕ ਹੀ ਸੀਮਤ ਹੈ, ਜਿਵੇਂ ਅੰਬਾਲਾ ਤੋਂ ਯਮੁਨਾਨਗਰ, ਕਰਨਾਲ, ਕੁਰੂਕਸ਼ੇਤਰ, ਜੀਂਦ ਅਤੇ ਅਸੰਧ ਆਦਿ। ਇਸ ਦੀ ਰੌਸ਼ਨੀ ਵਿਚ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੇ ਕੁ ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਪਿੜ ਵਿਚ ਉਤਾਰੇਗਾ? ਤੀਜਾ, ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮਨੋਹਰ ਲਾਲ ਖੱਟੜ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ ਅਤੇ ਕੰਮਕਾਜ ਪੱਖੋਂ ਖੱਟੜ ’ਤੇ ਕਿਸੇ ਤਰ੍ਹਾਂ ਦਾ ਦਾਗ਼ ਨਹੀਂ ਲੱਗਦਾ। ਇਸ ਦੇ ਟਾਕਰੇ ’ਤੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਕਾਬਲਾ ਕਰ ਸਕਣਗੇ? ਉਹ ਵੀ ਉਦੋਂ, ਜਦੋਂ ਚੰਗੇ ਹਾਲਾਤ ਦੇ ਹੁੰਦਿਆਂ ਹੋਇਆਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਹਰਿਆਣਾ ਵਿਚ ਨੀਂਹਾਂ ਮਜ਼ਬੂਤ ਨਹੀਂ ਹੋ ਸਕੀਆਂ ਤਾਂ ਮੌਜੂਦਾ ਹਾਲਾਤ ਵਿਚ ਜਦੋਂ ਚਾਰ-ਚੁਫ਼ੇਰੇ ਨਰਿੰਦਰ ਮੋਦੀ ਅਤੇ ਭਾਜਪਾ ਦਾ ਜੇਤੂ ਰੱਥ ਕਿਤੇ ਵੀ ਠੱਲ੍ਹਿਆ ਨਹੀਂ ਜਾ ਰਿਹਾ ਤਾਂ ਅਕਾਲੀ ਦਲ ਦੀ ਕੀ ਕਾਰਗੁਜ਼ਾਰੀ ਰਹੇਗੀ? 2015 ਵਿਚ ਪੰਜਾਬ ਵਿਚ ਹੋਏ ਬੇਅਦਬੀ ਕਾਂਡਾਂ, ਸਿਰਸੇ ਵਾਲੇ ਬਾਬੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਬਿਨਾਂ ਪਹਿਲਾਂ ਮੁਆਫ਼ੀ ਦੇ ਦੇਣਾ ਅਤੇ ਫਿਰ ਰੱਦ ਕਰ ਦੇਣ ਨਾਲ ਸੂਬੇ ਵਿਚ ਅਕਾਲੀ ਦਲ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਸਨ। ਸਿੱਖ, ਦੁਨੀਆ ਵਿਚ ਕਿਤੇ ਵੀ ਵਸਦਾ ਹੈ, ਉਸ ਦੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਉਹ ਇਸ ਦੀ ਬੇਅਦਬੀ ਬਿਲਕੁਲ ਨਹੀਂ ਸਹਾਰ ਸਕਦਾ। ਹਰਿਆਣਾ ਦੇ ਸਿੱਖ ਵੀ ਇਨ੍ਹਾਂ ’ਚੋਂ ਹੀ ਹਨ। ਵੇਖਣਾ ਇਹ ਵੀ ਹੋਵੇਗਾ ਕਿ ਇਹ ਅਕਾਲੀ ਉਮੀਦਵਾਰਾਂ ਨੂੰ ਕਿੰਨਾ ਕੁ ਸਹਿਯੋਗ ਦੇਣਗੇ? ਕਿਹਾ ਇਹ ਵੀ ਜਾ ਸਕਦਾ ਹੈ ਕਿ ਜਿਸ ਅਕਾਲੀ ਦਲ ਦਾ ਹਰਿਆਣਾ ਦੇ ਸਿੱਖਾਂ ਨਾਲ ਵੱਖਰੀ ਸਿੱਖ ਗੁਰਦੁਆਰਾ ਕਮੇਟੀ ’ਤੇ ਇੱਟ-ਖੜਿੱਕਾ ਚੱਲ ਰਿਹਾ ਹੈ ਅਤੇ ਇਸ ਦੀ ਲੀਡਰਸ਼ਿਪ ਨੇ ਸਮਾਂ ਰਹਿੰਦਿਆਂ ਵੀ ਇਸ ਕਮੀ ਨੂੰ ਦੂਰ ਕਰਨ ਵੱਲ ਧਿਆਨ ਨਹੀਂ ਦਿੱਤਾ ਤਾਂ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗੇਗੀ?

E-Mail : shangarasinghbhullar@gmail.com


Bharat Thapa

Content Editor

Related News