ਨਿਤੀਸ਼ ਨੇ ਹਮੇਸ਼ਾ ਆਪਣੇ ਲਾਭ ਲਈ ਸਿਆਸੀ ਵਫਾਦਾਰੀ ਬਦਲੀ

Tuesday, Jan 30, 2024 - 02:54 PM (IST)

ਨਿਤੀਸ਼ ਨੇ ਹਮੇਸ਼ਾ ਆਪਣੇ ਲਾਭ ਲਈ ਸਿਆਸੀ ਵਫਾਦਾਰੀ ਬਦਲੀ

ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੱਤਾਧਾਰੀ ਮਹਾਗੱਠਜੋੜ ਨੂੰ ਛੱਡ ਕੇ ਐੱਨ.ਡੀ.ਏ. ’ਚ ਵਾਪਸੀ ਕਰ ਕੇ ਵੱਡਾ ਧਮਾਕਾ ਕਰ ਦਿੱਤਾ। ਉਨ੍ਹਾਂ ਨੇ ਵਿਰੋਧੀ ਧਿਰ ਗੱਠਜੋੜ ਵੀ ਛੱਡ ਦਿੱਤਾ, ਜਿਸ ਨੂੰ ਉਨ੍ਹਾਂ ਨੇ ਅੱਠ ਮਹੀਨੇ ਪਹਿਲਾਂ ਬਣਾਇਆ ਸੀ। ਧੜੇ ਦੇ ਇਸ ਤਰ੍ਹਾਂ ਟੁੱਟਣ ਨਾਲ ‘ਇੰਡੀਆ’ ਗੱਠਜੋੜ ਨੂੰ ਮਹੱਤਵਪੂਰਨ ਝਟਕਾ ਲੱਗਾ ਹੈ। ਰਾਸ਼ਟਰੀ ਪੱਧਰ ’ਤੇ ‘ਇੰਡੀਆ’ ਗੱਠਜੋੜ ਨੇ ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦਾ ਮਾਮੂਲੀ ਮੌਕਾ ਵੀ ਗੁਆ ਦਿੱਤਾ।

ਇਹ ਖੋਜਣ ਵਾਲੀ ਗੱਲ ਹੈ ਕਿ ਬਿਹਾਰ ਦੀ ਸਿਆਸਤ ਰਾਸ਼ਟਰੀ ਦ੍ਰਿਸ਼ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਕੁਮਾਰ ਦੇ ਐੱਨ.ਡੀ.ਏ. ’ਚ ਪਰਤਣ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਪਰ ਬਿਹਾਰ ’ਚ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਕਾਂਗਰਸ ਕਮਜ਼ੋਰ ਹੋ ਸਕਦੀ ਹੈ। ਇਹ ਗੱਲ ਅਖੀਰ ਰਾਸ਼ਟਰੀ ਪੱਧਰ ’ਤੇ ਵਿਰੋਧੀ ਧਿਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਜਪਾ-ਜਦ (ਯੂ) ਸਾਂਝੇਦਾਰੀ ਭਾਜਪਾ ਦੀਆਂ ਸੰਭਾਵਨਾਵਾਂ ’ਚ ਸੁਧਾਰ ਕਰ ਸਕਦੀ ਹੈ। ਆਗਾਮੀ 2024 ਦੀਆਂ ਆਮ ਚੋਣਾਂ ’ਚ ਜ਼ਿਆਦਾ ਸੀਟਾਂ ਜਿੱਤਣ ਅਤੇ ਮੋਦੀ ਨੂੰ ਹੈਟ੍ਰਿਕ ਹਾਸਲ ਕਰਨ ’ਚ ਮਦਦ ਕਰੇ।

ਭਾਜਪਾ ਨੇ ਵਿਰੋਧੀ ਧਿਰ ਗੱਠਜੋੜ ਨੂੰ ਤੋੜਨ ਜਦ (ਯੂ) ਗੱਠਜੋੜ ਨਾਲ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਕੀਤੀ। ਪਾਰਟੀ ਬਿਹਾਰ ’ਚ ਨਿਤੀਸ਼ ਕੁਮਾਰ ਨੂੰ ਖਾਸ ਸਹਿਯੋਗੀ ਦੇ ਰੂਪ ’ਚ ਦੇਖਦੀ ਹੈ ਅਤੇ ਮੰਨਦੀ ਹੈ ਕਿ ਉਨ੍ਹਾਂ ਦੀ ਸਾਂਝੇਦਾਰੀ 2024 ਦੀਆਂ ਚੋਣਾਂ ’ਚ ਜਿੱਤ ਹਾਸਲ ਕਰ ਸਕਦੀ ਹੈ।

ਮੌਜੂਦਾ ਵਿਧਾਨ ਸਭਾ ’ਚ ਕੁਮਾਰ ਕੋਲ ਸਿਰਫ 45 ਸੀਟਾਂ ਹਨ ਜਦਕਿ ਆਰ.ਜੇ.ਡੀ. ਅਤੇ ਭਾਜਪਾ ਕੋਲ ਕ੍ਰਮਵਾਰ 78 ਅਤੇ 79 ਸੀਟਾਂ ਹਨ। ਇਸਦੇ ਬਾਵਜੂਦ ਨਿਤੀਸ਼ ਮੁੱਖ ਮੰਤਰੀ ਬਣੇ ਰਹਿਣ ’ਚ ਕਾਮਯਾਬ ਰਹੇ।

ਕੀ ਨਿਤੀਸ਼ ਕੁਮਾਰ ਦੇ ‘ਇੰਡੀਆ’ ਵਿਰੋਧੀ ਧਿਰ ਛੱਡਣ ’ਚ ਕਾਂਗਰਸ ਦਾ ਹੱਥ ਸੀ? ਇਸ ਝਟਕੇ ਦੇ ਪਿੱਛੇ ਦੀ ਵਜ੍ਹਾ ਨਿਤੀਸ਼ ਨੂੰ ਕਿਨਾਰੇ ਕਰਨ ਅਤੇ ਕਾਂਗਰਸ ਨੂੰ ਅੱਗੇ ਵਧਾਉਣ ਦਾ ਫੈਸਲਾ ਸੀ। ਕੁਮਾਰ ਨੇ ਪਾਰਟੀ ’ਤੇ ਅਸਫਲ ਗੱਠਜੋੜ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ ਅਤੇ ਤਰਕ ਦਿੱਤਾ ਕਿ ਖਰਾਬ ਸੰਚਾਰ ਕਾਰਨ ਇਹ ਸਥਿਤੀ ਪੈਦਾ ਹੋਈ।

ਜਨਤਾ ਦਲ- ਯੂਨਾਈਟਿਡ (ਜਦ ਯੂ) ਦੇ ਕੇ.ਸੀ. ਤਿਆਗੀ ਨੇ ਕਾਂਗਰਸ ਪਾਰਟੀ ’ਤੇ ਵਿਰੋਧੀ ਧਿਰ ਧੜੇ ’ਤੇ ਹਾਵੀ ਹੋਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। 13 ਜਨਵਰੀ ਨੂੰ ਮੁੰਬਈ ’ਚ ਸੀ.ਪੀ.ਆਈ.(ਐੱਮ) ਮੁਖੀ ਸੀਤਾਰਾਮ ਯੇਚੁਰੀ ਨੇ ਨਿਤੀਸ਼ ਕੁਮਾਰ ਨੂੰ ਬਲਾਕ ਦਾ ਕਨਵੀਨਰ ਬਣਾਉਣ ਦਾ ਪ੍ਰਸਤਾਵ ਰੱਖਿਆ। ਇਸ ਸੁਝਾਅ ਦਾ ਹਾਜ਼ਰ ਜ਼ਿਆਦਾਤਰ ਆਗੂਆਂ ਨੇ ਸਮਰਥਨ ਕੀਤਾ। ਹਾਲਾਂਕਿ, ਰਾਹੁਲ ਗਾਂਧੀ ਨੇ ਆਪਣੀ ਅਸਹਿਮਤੀ ਜਤਾਈ । ਬਾਅਦ ’ਚ ਮਮਤਾ ਬੈਨਰਜੀ ਨੇ ਗੱਠਜੋੜ ਮੁਖੀ ਦੇ ਤੌਰ ’ਤੇ ਕਾਂਗਰਸ ਮੁਖੀ ਖੜਗੇ ਦਾ ਨਾਂ ਪ੍ਰਸਤਾਵਿਤ ਕੀਤਾ। ਤਿਆਗੀ ਦਾ ਦਾਅਵਾ ਹੈ ਕਿ ਇਹ ਇਕ ਵੱਡੇ ਪੱਧਰ ਦੀ ਸਾ਼ਜ਼ਿਸ਼ ਦਾ ਹਿੱਸਾ ਸੀ।

ਤਿਆਗੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਇਕ ਗੱਠਜੋੜ ਬਣਾਇਆ ਜੋ ਸਾਰੀਆਂ ਗੈਰ -ਕਾਂਗਰਸੀ ਪਾਰਟੀਆਂ ਨੂੰ ਇਕਜੁੱਟ ਕਰਦਾ ਹੈ । ਹਾਲਾਂਕਿ ਹੁਣ ਇਹ ਟੁੱਟ ਰਿਹਾ ਹੈ। ਪੰਜਾਬ ਅਤੇ ਬਿਹਾਰ ’ਚ ਸਥਿਤੀ ਟੁੱਟਣ ਦੇ ਕੰਢੇ ’ਤੇ ਹੈ ਅਤੇ ਪੱਛਮੀ ਬੰਗਾਲ ’ਚ ਵੀ ਗੱਠਜੋੜ ਟੁੱਟ ਰਿਹਾ ਹੈ।

ਨਿਤੀਸ਼ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ‘ਇੰਡੀਆ’ ਗੱਠਜੋੜ ਛੱਡ ਦਿੱਤਾ ਹੈ। ਇਸ ਲਈ ਕਿਉਂਕਿ ਇਹ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਨੂੰ ਲੱਗਾ ਕਿ ਗੱਠਜੋੜ ਦੇ ਮੰਤਵਾਂ ਦੀ ਦਿਸ਼ਾ ’ਚ ਕੰਮ ਕਰਨ ਵਾਲੇ ਉਹ ਇਕੋ-ਇਕ ਵਿਅਕਤੀ ਹਨ। ਹਾਲਾਂਕਿ ਇਸ ਸਾਂਝੇਦਾਰੀ ਨੇ ਸਾਰੇ ਗੈਰ-ਕਾਂਗਰਸੀ ਪਾਰਟੀਆਂ ਨੂੰ ਇਕਜੁੱਟ ਕਰ ਦਿੱਤਾ ਹੈ ਪਰ ਗੱਠਜੋੜ ਪੱਛਮੀ ਬੰਗਾਲ ’ਚ ਖਿੱਲਰ ਗਿਆ ਹੈ ਅਤੇ ਬਿਹਾਰ ਅਤੇ ਪੰਜਾਬ ’ਚ ਲਗਭਗ ਢਹਿ-ਢੇਰੀ ਹੋ ਗਿਆ।

ਇਕ ਅਣਕਹੀ ਕਹਾਣੀ ਵੀ ਹੈ । ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਆਗੂ ਲਾਲੂ ਯਾਦਵ ਨੇ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਮੰਤਵ ਲਈ ਰਾਸ਼ਟਰੀ ਪੱਧਰ ’ਤੇ ਇਕ ਵਿਰੋਧੀ ਧਿਰ ਗੱਠਜੋੜ ਬਣਾਉਣ ਲਈ ਉਤਸ਼ਾਹਿਤ ਕੀਤਾ। ਇਸ ਯੋਜਨਾ ਦਾ ਮੰਤਵ ਲਾਲੂ ਯਾਦਵ ਦੇ ਬੇਟੇ ਲਈ ਮੁੱਖ ਮੰਤਰੀ ਬਣਨ ਦਾ ਰਾਹ ਸਾਫ ਕਰਨਾ ਸੀ। ਹਾਲਾਂਕਿ ਇਹ ਯੋਜਨਾ ਤਦ ਅਸਫਲ ਹੋ ਗਈ ਜਦ ਮਲਿਕਾਰਜੁਨ ਖੜਗੇ ਨੂੰ ਨਵੇਂ ਗੱਠਜੋੜ ਦੇ ਆਗੂ ਦੇ ਤੌਰ ’ਤੇ ਚੁਣਿਆ ਗਿਆ। ਨਤੀਜੇ ਵਜੋਂ, ਨਿਤੀਸ਼ ਕੁਮਾਰ ਭਾਜਪਾ ਨਾਲ ਹੋ ਗਏ।

ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਸੱਤਾ ’ਤੇ ਕਾਬਜ਼ ਰਹਿਣ ਦੀ ਉਨ੍ਹਾਂ ਦੀ ਪ੍ਰਬਲ ਇੱਛਾ ਕਾਰਨ ਕੁਮਾਰ ਦੀ ਭਰੋਸੇਯੋਗਤਾ ਧੁੰਦਲੀ ਹੋ ਗਈ ਹੈ। ਉਨ੍ਹਾਂ ਨੇ ਹਮੇਸ਼ਾ ਆਪਣੇ ਲਾਭ ਲਈ ਕਈ ਸਿਆਸੀ ਵਫਾਦਾਰੀਆਂ ਬਦਲੀਆਂ ਹਨ ਅਤੇ ਵਰਤਮਾਨ ’ਚ ਸਭ ਤੋਂ ਲੰਬੇ ਕਾਰਜਕਾਲ ਵਾਲੇ ਮੁੱਖ ਮੰਤਰੀ ਦਾ ਖਿਤਾਬ ਉਨ੍ਹਾਂ ਦੇ ਕੋਲ ਹੈ।

ਨਿਤੀਸ਼ ਦਾ ਟ੍ਰੈਕ ਰਿਕਾਰਡ ਦੱਸਦਾ ਹੈ ਕਿ 2013 ’ਚ ਦੂਜੇ ਬਦਲ ਤਲਾਸ਼ਣ ਪਿੱਛੋਂ ਉਨ੍ਹਾਂ ਨੇ ਭਾਜਪਾ ਛੱਡ ਦਿੱਤੀ ਅਤੇ ਰਾਜਦ ਨਾਲ ਗੱਠਜੋੜ ਕਰ ਲਿਆ। 2019 ਦੀਆਂ ਲੋਕ ਸਭਾ ਚੋਣਾਂ ਪਿੱਛੋਂ ਉਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਕੀਤਾ। ਫਿਰ ਤੋਂ 2020 ’ਚ ਮੁੱਖ ਮੰਤਰੀ ਬਣੇ। ਹਾਲਾਂਕਿ, ਦੋ ਸਾਲ ਪਿੱਛੋਂ ਕੁਮਾਰ ਨੇ ਭਾਜਪਾ ਛੱਡ ਦਿੱਤੀ ਅਤੇ ਰਾਜਦ ਦੇ ਨਾਲ ਮਿਲ ਕੇ ਨਵੀਂ ਸਰਕਾਰ ਬਣਾਈ ਅਤੇ ਹੁਣ ਉਨ੍ਹਾਂ ਨੇ ਰਾਜਦ ਦਾ ਸਾਥ ਛੱਡ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪਲਟੀ ਰਾਮ ਕਿਹਾ ਜਾਂਦਾ ਹੈ।

ਇਕ ਅਨੁਭਵੀ ਸਿਆਸੀ ਆਗੂ ਹੋਣ ਦੇ ਬਾਵਜੂਦ, ਨਿਤੀਸ਼ ਕੁਮਾਰ ਦੇ ਰੁਖ ’ਚ ਵਾਰ-ਵਾਰ ਬਦਲਾਅ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਵਿਚਾਰ ਕੀਤੇ ਜਾਣ ਦਾ ਮੌਕਾ ਮਿਲਿਆ, ਖਾਸ ਕਰ ਕੇ 72 ਸਾਲ ਦੀ ਉਮਰ ’ਚ।

ਭਾਜਪਾ ‘ਇੰਡੀਆ’ ਗੱਠਜੋੜ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਧੜੇ ਦਾ ਟੁੱਟਣਾ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਤੀਜਾ ਕਾਰਜਕਾਲ ਜਿੱਤਣ ’ਚ ਮਦਦ ਕਰ ਸਕਦਾ ਹੈ। ਨਵੰਬਰ 2023 ’ਚ, ਬਿਹਾਰ ਨੇ ਅਨੁਸੂਚਿਤ ਜਾਤੀ ਅਤੇ ਬੇਹੱਦ ਪਿਛੜੀਆਂ ਜਾਤੀਆਂ ਲਈ ਰਾਖਵਾਂਕਰਨ ਵਧਾਇਆ।

ਇਹ ਸਪੱਸ਼ਟ ਨਹੀਂ ਹੈ ਕਿ ਨਿਤੀਸ਼ ਅਤੇ ਭਾਜਪਾ ਦੀ ਸਾਂਝੇਦਾਰੀ ਕਿੰਨੇ ਸਮੇਂ ਤੱਕ ਚੱਲੇਗੀ। ਉਹ ਆਗਾਮੀ ਲੋਕ ਸਭਾ ਚੋਣਾਂ ਤੱਕ ਮਿਲ ਕੇ ਕੰਮ ਕਰ ਸਕਦੇ ਹਨ ਪਰ ਉਸ ਪਿੱਛੋਂ ਕੀ ਹੋਵੇਗਾ, ਇਹ ਅਨਿਸ਼ਚਿਤ ਹੈ। ਭਾਰਤੀ ਜਨਤਾ ਪਾਰਟੀ ਸਿਰਫ ਲੋਕ ਸਭਾ ਚੋਣਾਂ ਤੱਕ ਨਿਤੀਸ਼ ਦੀ ਹਮਾਇਤ ਕਰ ਸਕਦੀ ਹੈ ਅਤੇ ਉਸ ਪਿੱਛੋਂ ਉਸ ਦੀ ਹਮਾਇਤ ਘੱਟ ਹੋ ਸਕਦੀ ਹੈ। ਕੁਝ ਲੋਕ ਸਵਾਲ ਕਰਦੇ ਹਨ ਕਿ ਕੀ ਗੱਠਜੋੜ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗਾ?

ਨਿਤੀਸ਼ ਨੇ ਦਿਖਾਇਆ ਹੈ ਕਿ ਚਲਾਕ ਸੌਦੇਬਾਜ਼ੀ ਦੇ ਹੁਨਰ ਦੀ ਵਰਤੋਂ ਕਰ ਕੇ ਅਤੇ ਕੁਝ ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖਣੀ ਸੰਭਵ ਹੈ, ਭਾਵੇਂ ਹੀ ਸਿਰਫ 4 ਫੀਸਦੀ ਵੋਟਰ ਉਨ੍ਹਾਂ ਦੀ ਜਾਤ ਦੇ ਹੋਣ ਪਰ ਨਿਤੀਸ਼ ਦੇ ਟ੍ਰੈਕ ਰਿਕਾਰਡ ਨੂੰ ਦੇਖਦੇ ਹੋਏ ਇਕ ਗੱਲ ਯਕੀਨੀ ਹੈ ਕਿ ਹੋਰ ਉਲਟਫੇਰ ਵੀ ਹੋ ਸਕਦਾ ਹੈ।

ਕਲਿਆਣੀ ਸ਼ੰਕਰ


author

Rakesh

Content Editor

Related News