ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਖਿਲਾਫ ਕਰ'ਤੀ ਵੱਡੀ ਕਾਰਵਾਈ
Saturday, Apr 19, 2025 - 10:01 PM (IST)

ਅੰਮ੍ਰਿਤਸਰ- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਸ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਇੱਕ ਪੁਲਸ ਕਾਂਸਟੇਬਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ 46.91 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਪੁਲਸ ਨੇ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੂਐੱਸਏ ਅਧਾਰਤ ਸਮਗਲਰ ਜੋਬਨ ਕਲੇਰ ਅਤੇ ਗੈਂਗਸਟਰ ਗੋਪੀ ਚੁਗਾਵਾਂ ਵੱਲੋਂ ਇਹ ਡਰੱਗ ਕਾਰਟਿਲ ਚਲਾਇਆ ਜਾ ਰਿਹਾ ਸੀ। ਦੋਵੇਂ ਵਿਅਕਤੀ ਅੰਮ੍ਰਿਤਸਰ ਦਿਹਾਤੀ ਨਾਲ ਸੰਬੰਧਿਤ ਹੈ ਅਤੇ ਇਨ੍ਹਾਂ ਵੱਲੋਂ 46.91 ਲੱਖ ਦੁਬਈ ਰਾਹੀ ਭੇਜਿਆ ਜਾ ਰਿਹਾ ਸੀ ਅਤੇ ਇਨ੍ਹਾਂ ਦੇ ਨਾਲ ਲੁਧਿਆਣਾ ਵਿਖੇ ਤਾਇਨਾਤ ਇੱਕ ਪੁਲਸ ਕਾਂਸਟੇਬਲ ਵੀ ਸ਼ਾਮਿਲ ਸੀ।
ਅੰਮ੍ਰਿਤਸਰ ਥਾਣਾ ਛੇਹਾਰਟਾ ਦੀ ਪੁਲਸ ਨੇ ਕਾਰਵਾਈ ਕਰਦਿਆਂ ਪੁਲਸ ਕਾਂਸਟੇਬਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਮੀਤ ਸਿੰਘ ਅਤੇ ਨਵਜੋਤ ਸਿੰਘ ਵੱਜੋਂ ਹੋਈ ਹੈ। ਨਵਜੋਤ ਸਿੰਘ ਕਾਂਸਟੇਬਲ ਹੈ ਜੋ ਕਿ ਲੁਧਿਆਣਾ ਵਿਖੇ ਤਾਇਨਾਤ ਹੈ। ਫਿਲਹਾਲ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਮਾਮਲਾ ਦਰਜ ਕਰਕੇ ਹੋਰ ਵੀ ਬਰੀਕੀ ਨਾਲ ਪੁੱਛ ਕੇ ਕੀਤੀ ਜਾ ਰਹੀ ਹੈ।