ਪਿਆਰ ਦੇ ਅੱਤਿਆਚਾਰ ਦੀ ਸ਼ਿਕਾਰ ਨਵੀਂ ਪੀੜ੍ਹੀ

06/19/2019 6:52:46 AM

ਸ਼ਾਂਤਾ ਕੁਮਾਰ 
ਹਰ ਸਵੇਰ ਅਖਬਾਰਾਂ ’ਚ ਕੁਝ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਜੋ ਮਨ ਨੂੰ ਬਹੁਤ ਦੁਖੀ ਕਰਦੀਆਂ ਹਨ ਅਤੇ ਭਵਿੱਖ ਪ੍ਰਤੀ ਬਹੁਤ ਵੱਡੀ ਚਿੰਤਾ ਦਾ ਕਾਰਣ ਬਣਦੀਆਂ ਹਨ। ਕਿਸੇ ਵੀ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਕੁਝ ਵਿਦਿਆਰਥੀਆਂ ਵਲੋਂ ਆਤਮ-ਹੱਤਿਆ ਦੀਆਂ ਖਬਰਾਂ ਆਮ ਹੋ ਗਈਆਂ ਹਨ। ਕਿਸੇ ਵੀ ਗੱਲ ’ਤੇ ਨਾਰਾਜ਼ ਹੋ ਕੇ ਬੱਚਿਆਂ ਦਾ ਘਰੋਂ ਦੌੜਨਾ ਅਤੇ ਕਈ ਵਾਰ ਆਪਣੀ ਇੱਛਾ ਪੂਰੀ ਨਾ ਹੋਣ ’ਤੇ ਆਤਮ-ਹੱਤਿਆ ਕਰਨਾ ਆਮ ਹੋਣ ਲੱਗਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਰੋਜ਼ਾਨਾ ਲੱਗਭਗ ਬੱਚੇ ਗੁੰਮ ਹੁੰਦੇ ਹਨ ਜਾਂ ਦੌੜ ਜਾਂਦੇ ਹਨ। ਨਵੀਂ ਪੀੜ੍ਹੀ ’ਚ ਇਸ ਕਿਸਮ ਦੇ ਵਤੀਰੇ ਤੋਂ ਕਿਸੇ ਦਾ ਵੀ ਚਿੰਤਤ ਹੋਣਾ ਸੁਭਾਵਿਕ ਹੈ।

ਪੱਛਮੀ ਸੱਭਿਅਤਾ ਦਾ ਪ੍ਰਭਾਵ ਅਤੇ ਨਵੀਂ-ਨਵੀਂ ਤਕਨੀਕ ਦੀ ਖੋਜ ਸਮਾਜ ਦੇ ਰਹਿਣ-ਸਹਿਣ ਅਤੇ ਚਿੰਤਨ-ਮਨਨ ’ਚ ਵੀ ਬਹੁਤ ਵੱਡੀ ਤਬਦੀਲੀ ਕਰ ਰਹੀ ਹੈ। ਭਾਰਤ ’ਚ ਪਰਿਵਾਰ ਵਿਚ ਸੰਸਕਾਰ ਦੇਣ ਦੀ ਪੁਰਾਣੀ ਪ੍ਰੰਪਰਾ ਲੱਗਭਗ ਖਤਮ ਹੋ ਗਈ ਹੈ। ਪਹਿਲਾਂ ਵਾਂਗ ਦਾਦੀ-ਨਾਨੀ ਕੋਲ ਬੈਠ ਕੇ ਰਾਮਾਇਣ-ਮਹਾਭਾਰਤ ਦੀਆਂ ਕਹਾਣੀਆਂ ਸੁਣਨਾ, ਮੁਹੱਲੇ ’ਚ ਬੱਚਿਆਂ ਦਾ ਆਪਸ ’ਚ ਖੇਡਣਾ, ਲੜਨਾ-ਝਗੜਨਾ, ਬਚਪਨ ਦੀਆਂ ਪਿਆਰੀਆਂ ਸ਼ਰਾਰਤਾਂ, ਮੌਜ-ਮਸਤੀ ਅਤੇ ਪਰਿਵਾਰ ਤੋਂ ਪ੍ਰਾਪਤ ਹੋਣ ਵਾਲੇ ਸੰਸਕਾਰਾਂ ਦੀ ਪ੍ਰੰਪਰਾ ਹੁਣ ਲੱਗਭਗ ਖਤਮ ਹੋ ਗਈ ਹੈ। ਟੀ. ਵੀ. ਅਤੇ ਮੋਬਾਇਲ ਨੇ ਪੂਰੀ ਤਰ੍ਹਾਂ ਬੱਚਿਆਂ ਨੂੰ ਰੁਝਾ ਕੇ ਰੱਖ ਦਿੱਤਾ ਹੈ।

ਖੋਜਾਂ ਵਰਦਾਨ ਪਰ ਤਬਾਹਕੁੰਨ ਵੀ

ਵਿਗਿਆਨ ਅਤੇ ਨਵੀਂ ਤਕਨੀਕ ਦੀਆਂ ਨਵੀਆਂ ਖੋਜਾਂ ਵਰਦਾਨ ਹਨ ਪਰ ਵਿਵੇਕ ਤੋਂ ਬਿਨਾਂ ਵਰਦਾਨ ਤਬਾਹੀ ਵੀ ਬਣ ਸਕਦਾ ਹੈ। ਬੱਚਿਆਂ ਦੇ ਹੱਥਾਂ ’ਚ ਮੋਬਾਇਲ ਤਾਂ ਆ ਗਿਆ ਪਰ ਉਸ ’ਚ ਕੀ ਦੇਖਣਾ ਹੈ, ਕਿੰਨਾ ਦੇਖਣਾ ਹੈ, ਇਸ ਦੀ ਕੋਈ ਵਿਵਸਥਾ ਨਹੀਂ ਹੈ। ਮੋਬਾਇਲ ਦੀ ਕੁਝ ਸਮੱਗਰੀ ਬੱਚਿਆਂ ਲਈ ਤਬਾਹਕੁੰਨ ਸਾਬਿਤ ਹੋ ਰਹੀ ਹੈ।

ਨਵੀਂ ਪੀੜ੍ਹੀ ’ਚ ਨਸ਼ੇ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਹਿਮਾਚਲ ’ਚ ਇਕ ਪਾਸੇ ਪੰਜਾਬ ਤੋਂ ਅਤੇ ਦੂਜੇ ਪਾਸੇ ਕੁੱਲੂ-ਮਨਾਲੀ ’ਚ ਕੁਝ ਵਿਦੇਸ਼ੀਆਂ ਵਲੋਂ ਫੈਲਾਏ ਜਾਣ ਵਾਲੇ ਨਸ਼ੇ ਨਾਲ ਪੂਰਾ ਪ੍ਰਦੇਸ਼ ਇਸ ਬੀਮਾਰੀ ਤੋਂ ਪੀੜਤ ਹੋ ਰਿਹਾ ਹੈ। ਛੋਟੇ-ਛੋਟੇ ਪਿੰਡਾਂ ਦੇ ਸਕੂਲਾਂ ’ਚ ਵੀ ਇਹ ਸਮੱਸਿਆ ਵਧਦੀ ਜਾ ਰਹੀ ਹੈ। ਮੋਬਾਇਲ ਅਤੇ ਟੀ. ਵੀ. ਹੁਣ ਨਸ਼ਾ ਬਣਦੇ ਜਾ ਰਹੇ ਹਨ। ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਉਨ੍ਹਾਂ ਨੂੰ ਰੋਕਣ ਕਾਰਣ ਬੱਚਿਆਂ ਨੇ ਬਾਹਰ ਜਾ ਕੇ ਆਤਮ-ਹੱਤਿਆ ਕਰ ਲਈ।

ਬੱਚਿਆਂ ਦਾ ਘਰੋਂ ਦੌੜਨਾ ਅਤੇ ਫਿਰ ਗੁੰਮ ਹੋ ਜਾਣ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਬੱਚਿਆਂ ਨੂੰ ਘਰ ਜਾਂ ਸਕੂਲ ’ਚ ਝਿੜਕਾਂ ਸੁਣਨ ਦੀ ਆਦਤ ਨਹੀਂ ਰਹੀ। ਸਾਡੇ ਸਮੇਂ ’ਚ ਮਾਤਾ-ਪਿਤਾ ਝਿੜਕ ਲਿਆ ਕਰਦੇ ਸਨ। ਸਕੂਲ ’ਚ ਵੀ ਅਜਿਹੀ ਸਜ਼ਾ ਮਿਲਦੀ ਸੀ। ਗੁਆਂਢੀ ਵੀ ਬੱਚੇ ਨੂੰ ਝਿੜਕ ਦੇਣ ਤਾਂ ਕੋਈ ਬੁਰਾ ਨਹੀਂ ਮਨਾਉਂਦਾ ਸੀ। ਹੁਣ ਸਥਿਤੀ ਬਦਲ ਰਹੀ ਹੈ। ਜ਼ਿਆਦਾਤਰ ਘਰਾਂ ’ਚ ਪਿਆਰ ਦੇ ਨਾਂ ’ਤੇ ਬੱਚਿਆਂ ਨੂੰ ਝਿੜਕਣਾ ਬੰਦ ਹੋ ਗਿਆ ਹੈ। ਸਕੂਲ ’ਚ ਵੀ ਕਿਸੇ ਕਿਸਮ ਦੀ ਸਜ਼ਾ ਦੇਣਾ ਬੰਦ ਹੈ। ਜੇਕਰ ਕੋਈ ਅਧਿਆਪਕ ਅਜਿਹਾ ਕਰੇ ਤਾਂ ਮਾਤਾ-ਪਿਤਾ ਵਿਰੋਧ ਹੀ ਨਹੀਂ ਕਰਦੇ, ਸਗੋਂ ਕਈ ਵਾਰ ਅਧਿਕਾਰੀਆਂ ਕੋਲ ਵੀ ਸ਼ਿਕਾਇਤ ਕਰਦੇ ਹਨ। ਬੱਚੇ ਤਾਂ ਬੱਚੇ ਹਨ, ਉਹ ਕੁਝ ਵੀ ਕਰਨ ਅਤੇ ਮੰਗਣ ਲਈ ਤਿਆਰ ਹੋ ਜਾਣਗੇ। ਉਨ੍ਹਾਂ ਨੂੰ ਰੋਕਣਾ ਪੈਂਦਾ ਹੈ, ਸਮਝਾਉਣਾ ਪੈਂਦਾ ਹੈ ਅਤੇ ਝਿੜਕਣਾ ਪੈਂਦਾ ਹੈ। ਹੁਣ ਲਾਡ-ਪਿਆਰ ਦੇ ਨਾਂ ’ਤੇ ਬੱਚਿਆਂ ਦਾ ਸੁਭਾਅ ਅਜਿਹਾ ਬਣ ਰਿਹਾ ਹੈ ਕਿ ਉਹ ਇਹ ਸਭ ਸਹਿਣ ਹੀ ਨਹੀਂ ਕਰ ਸਕਦੇ।

ਖੁਦ ਮਾਤਾ-ਪਿਤਾ ਜ਼ਿੰਮੇਵਾਰ

ਬਹੁਤ ਸਾਰੇ ਪਰਿਵਾਰਾਂ ਦੇ ਬੱਚਿਆਂ ’ਚ ਪੈਦਾ ਹੋਣ ਵਾਲੀਆਂ ਇਨ੍ਹਾਂ ਪ੍ਰਵਿਰਤੀਆਂ ਲਈ ਖ਼ੁਦ ਮਾਤਾ-ਪਿਤਾ ਜ਼ਿੰਮੇਵਾਰ ਹਨ। ਖੁਸ਼ਹਾਲ ਪਰਿਵਾਰਾਂ ’ਚ ਬੱਚਿਆਂ ਨੂੰ ਉਨ੍ਹਾਂ ਦੀ ਹਰ ਇੱਛਾ ਅਨੁਸਾਰ ਸਭ ਕੁਝ ਦੇਣ ਦੀ ਰਵਾਇਤ ਸ਼ੁਰੂ ਹੋ ਗਈ ਹੈ। ਬੱਚਿਆਂ ਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਕਦੇ ਉਨ੍ਹਾਂ ਨੂੰ ਕਿਸੇ ਗੱਲ ਲਈ ਇਨਕਾਰ ਵੀ ਹੋ ਸਕਦਾ ਹੈ। ਉਨ੍ਹਾਂ ਦੀ ਹਰ ਇੱਛਾ ਪੂਰੀ ਕਰਨਾ ਮਾਤਾ-ਪਿਤਾ ਆਪਣਾ ਫਰਜ਼ ਸਮਝਦੇ ਹਨ। ਅਜਿਹੇ ਬੱਚੇ ਜੀਵਨ ਵਿਚ ਕਦੇ ਕਿਸੇ ਗੱਲ ’ਤੇ ਇਨਕਾਰ ਹੋਣ ਦੀ ਕਲਪਨਾ ਹੀ ਨਹੀਂ ਕਰਦੇ ਅਤੇ ਜੇ ਕਦੇ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹ ਉਸ ਨੂੰ ਸਹਿਣ ਹੀ ਨਹੀਂ ਕਰ ਸਕਦੇ। ਆਤਮ-ਹੱਤਿਆਵਾਂ ਦਾ ਇਕ ਇਹੋ ਮੁੱਖ ਕਾਰਣ ਹੈ। ਕਈ ਪਰਿਵਾਰਾਂ ’ਚ ਇਹ ਨਿਸ਼ਚਿਤ ਨਿਯਮ ਸੀ ਕਿ ਜਿਹੋ ਜਿਹਾ ਖਾਣਾ ਬਣਦਾ ਸੀ, ਪੂਰਾ ਪਰਿਵਾਰ ਮਿਲ-ਬੈਠ ਕੇ ਇਕ ਸਮੇਂ ’ਤੇ ਉਹੀ ਖਾਣਾ ਖਾਂਦਾ ਸੀ। ਇਹ ਬੱਚਿਆਂ ਦੇ ਵਿਕਾਸ ਦਾ ਵੱਡਾ ਸਾਧਨ ਸੀ। ਇਸ ਨਾਲ ਸ਼ੁਰੂ ਤੋਂ ਹੀ ਬੱਚਿਆਂ ’ਚ ਦਾਲ-ਸਬਜ਼ੀ ਸਭ ਕੁਝ ਖਾਣ ਦੀ ਆਦਤ ਪੈ ਜਾਂਦੀ ਸੀ। ਹੁਣ ਮੈਗੀ, ਪਿੱਜ਼ਾ ਆਦਿ ਹਾਨੀਕਾਰਕ ਭੋਜਨ ਬੱਚਿਆਂ ਦਾ ਮਨਪਸੰਦ ਬਣਦਾ ਜਾ ਰਿਹਾ ਹੈ। ਹੁਣ ਖੁਸ਼ਹਾਲ ਪਰਿਵਾਰਾਂ ’ਚ ਖਾਣਾ ਖਾਂਦੇ ਸਮੇਂ ਬੱਚੇ ਕੁਝ ਹੋਰ ਖਾਣ ਦੀ ਮੰਗ ਕਰਦੇ ਹਨ ਅਤੇ ਲਾਡ-ਪਿਆਰ ’ਚ ਮਾਤਾ-ਪਿਤਾ ਉਸੇ ਸਮੇਂ ਉਨ੍ਹਾਂ ਦੀ ਇੱਛਾ ਪੂਰੀ ਕਰਦੇ ਹਨ। ਬਣਿਆ ਹੋਇਆ ਖਾਣਾ ਬੇਕਾਰ ਜਾਂਦਾ ਹੈ। ਅਸਲ ’ਚ ਇਹ ਪਿਆਰ ਨਹੀਂ, ਇਸ ਨੂੰ ਪਿਆਰ ਦਾ ਅੱਤਿਆਚਾਰ ਕਿਹਾ ਜਾਂਦਾ ਹੈ। ਜ਼ਿਆਦਾਤਰ ਪਰਿਵਾਰਾਂ ’ਚ ਬੱਚਿਆਂ ਦਾ ਸਵੇਰੇ ਉੱਠਣ, ਸੌਣ ਅਤੇ ਜਾਗਣ ਦਾ ਕੋਈ ਸਮਾਂ ਨਹੀਂ ਰਿਹਾ। ਛੁੱਟੀਆਂ ’ਚ ਕਈ ਘਰਾਂ ਦੇ ਬੱਚੇ ਦੇਰ ਰਾਤ ਤਕ ਟੀ. ਵੀ. ਦੇਖਦੇ ਹਨ, ਮੋਬਾਇਲ ਦੀਆਂ ਬਹੁਤ ਸਾਰੀਆਂ ਗੇਮਾਂ ’ਚ ਰੁੱਝੇ ਰਹਿੰਦੇ ਹਨ ਅਤੇ ਫਿਰ ਦੂਜੇ ਦਿਨ ਦੁਪਹਿਰ ਤਕ ਸੁੱਤੇ ਰਹਿੰਦੇ ਹਨ। ਜ਼ਿਆਦਾਤਰ ਖੁਸ਼ਹਾਲ ਪਰਿਵਾਰਾਂ ਦੇ ਬੱਚਿਆਂ ਦਾ ਭਾਰ ਵਧ ਰਿਹਾ ਹੈ। ਸਮੇਂ ਤੋੋਂ ਪਹਿਲਾਂ ਬੀਮਾਰੀਆਂ ਆ ਰਹੀਆਂ ਹਨ।

ਰਵਾਇਤਾਂ ਅਤੇ ਅਨੁਸ਼ਾਸਨ

ਕੁਝ ਪਰਿਵਾਰਾਂ ’ਚ ਅਜੇ ਵੀ ਪੁਰਾਣੀਆਂ ਰਵਾਇਤਾਂ ਅਤੇ ਅਨੁਸ਼ਾਸਨ ਨੂੰ ਜਿਊਂਦੇ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਮੈਂ ਇਕ ਰਿਸ਼ਤੇਦਾਰ ਦੇ ਘਰ ਬੈਠਾ ਸੀ। 10ਵੀਂ ਕਲਾਸ ’ਚ ਪੜ੍ਹਨ ਵਾਲੇ ਉਨ੍ਹਾਂ ਦੇ ਬੇਟੇ ਨੇ ਟੀ. ਵੀ. ਦਾ ਰਿਮੋਟ ਚੁੱਕਿਆ ਅਤੇ ਮਾਂ ਤੋਂ ਪੁੱਛਿਆ ਕਿ ਉਹ ਪ੍ਰੋਗਰਾਮ ਦੇਖਣਾ ਚਾਹੁੰਦਾ ਹੈ। ਮਾਂ ਨੇ ਘੜੀ ਦੇਖੀ ਅਤੇ ਕਿਹਾ–ਨਹੀਂ, ਅਜੇ ਸਮਾਂ ਨਹੀਂ ਹੋਇਆ। ਮੈਨੂੰ ਦੱਸਿਆ ਗਿਆ ਕਿ ਇਸ ਘਰ ’ਚ ਇਹ ਤੈਅ ਹੈ ਕਿ ਬੱਚੇ ਦਿਨ ’ਚ ਸਿਰਫ ਨਿਸ਼ਚਿਤ ਸਮੇਂ ’ਤੇ ਇਕ ਘੰਟਾ ਟੀ. ਵੀ. ਦੇਖਣਗੇ। ਛੁੱਟੀ ਦੇ ਦਿਨ 2 ਘੰਟੇ ਦੇਖਣਗੇ। ਮੋਬਾਇਲ ਵਰਤਣ ਦਾ ਵੀ ਸਮਾਂ ਹੈ। ਰਾਤ ਦੇ 10 ਵਜੇ ਸਭ ਦਾ ਸੌਣਾ ਤੈਅ ਹੈ ਅਤੇ ਸਵੇਰੇ ਸਭ ਸਮੇਂ ਸਿਰ ਉੱਠਦੇ ਹਨ। ਜੀਵਨ ਦੀਆਂ ਇਹ ਸਿਹਤਮੰਦ ਰਵਾਇਤਾਂ ਪਰਿਵਾਰਾਂ ’ਚ ਆਉਣ ਵਾਲੀ ਖੁਸ਼ਹਾਲੀ ਦੇ ਨਾਲ ਖਤਮ ਹੁੰਦੀਆਂ ਜਾ ਰਹੀਆਂ ਹਨ।

ਭਾਰਤੀ ਚਿੰਤਨ ’ਚ ਅੰਨ ਨੂੰ ਬ੍ਰਹਮ ਕਿਹਾ ਗਿਆ ਹੈ। ਭੋਜਨ ਕਰਨਾ ਜੀਵਨ ਦਾ ਇਕ ਪਰਮ ਜ਼ਰੂਰੀ ਅਤੇ ਸਾਤਵਿਕ ਕੰਮ ਹੈ। ਕੁਦਰਤੀ ਇਲਾਜ ’ਚ ਤਾਂ ਇਹ ਸਿਧਾਂਤ ਹੈ ਕਿ ਭੋਜਨ ਹੀ ਦਵਾਈ ਹੈ, ਜੇਕਰ ਇਹ ਧਿਆਨ ਰੱਖਿਆ ਜਾਵੇ ਕਿ ਭੋਜਨ ਕਦੋਂ ਕਰਨਾ ਹੈ, ਕਿਹੋ ਜਿਹਾ ਕਰਨਾ ਹੈ, ਕਿੰਨਾ ਕਰਨਾ ਹੈ ਅਤੇ ਕਿੱਥੇ ਕਰਨਾ ਹੈ ਪਰ ਹੁਣ ਕੁਝ ਪਰਿਵਾਰਾਂ ’ਚ ਇਹ ਰਵਾਇਤਾਂ ਟੁੱਟ ਰਹੀਆਂ ਹਨ। ਖਾਣੇ ਦੀ ਪਲੇਟ ਤੋਂ ਲੈ ਕੇ ਬੱਚੇ ਟੀ. ਵੀ. ਦੇ ਸਾਹਮਣੇ ਬੈਠ ਜਾਂਦੇ ਹਨ ਅਤੇ ਇਕ ਹੱਥ ਨਾਲ ਮੋਬਾਇਲ ਚਲਾਉਂਦੇ ਹਨ। ਇਸ ਨੂੰ ਭੋਜਨ ਨਿਗਲਣਾ ਤਾਂ ਕਹਿ ਸਕਦੇ ਹਾਂ, ਭੋਜਨ ਕਰਨਾ ਨਹੀਂ ਕਹਿ ਸਕਦੇ।

ਮਾਤਾ-ਪਿਤਾ ਕਿੰਨੇ ਹੀ ਖੁਸ਼ਹਾਲ ਕਿਉਂ ਨਾ ਹੋਣ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਸਿੱਧੀ, ਪੱਧਰੀ, ਪੱਕੀ ਸੜਕ ਹੀ ਨਹੀਂ ਹੈ, ਰਸਤੇ ’ਚ ਉੱਬੜ-ਖਾਬੜ ਕੱਚੀਆਂ ਪਗਡੰਡੀਆਂ ਵੀ ਹਨ। ਜੀਵਨ ਵਿਚ ਕਦੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਅਤੇ ਸੰਘਰਸ਼ ਵੀ ਆ ਸਕਦੇ ਹਨ। ਜੀਵਨ ’ਚ ਆ ਸਕਣ ਵਾਲੀਆਂ ਉਨ੍ਹਾਂ ਸਭ ਚੁਣੌਤੀਆਂ ਲਈ ਵੀ ਬੱਚਿਆਂ ਨੂੰ ਪਿਆਰ ਕਰਨਾ ਜ਼ਰੂਰੀ ਹੁੰਦਾ ਹੈ। ਅੱਜ ਹਾਲ ਇਹ ਹੈ ਕਿ ਪ੍ਰੀਖਿਆ ’ਚ ਘੱਟ ਨੰਬਰ ਆਉਣ ’ਤੇ ਹੀ ਕੁਝ ਬੱਚੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੰਦੇ ਹਨ, ਉਹ ਹੋਰ ਕੀ ਸਹਿਣਗੇ? ਭਵਿੱਖ ਦੀ ਪੀੜ੍ਹੀ ’ਚ ਆਉਣ ਵਾਲੀਆਂ ਇਹ ਪ੍ਰਵਿਰਤੀਆਂ ਇਕ ਬਹੁਤ ਗੰਭੀਰ ਸਮੱਸਿਆ ਹੈ। ਕਾਨੂੰਨ ਨੂੰ ਤਾਂ ਸਖਤੀ ਨਾਲ ਸਭ ਕੁਝ ਕਰਨਾ ਹੀ ਚਾਹੀਦਾ ਹੈ ਪਰ ਇਸ ਨਾਲ ਹੱਲ ਨਹੀਂ ਹੋਵੇਗਾ। ਪੂਰੇ ਸਮਾਜ ਅਤੇ ਸਰਕਾਰ ਨੂੰ ਇਕ ਰਚਨਾਤਮਕ ਪ੍ਰੋਗਰਾਮ ਨਾਲ ਇਸ ਗੰਭੀਰ ਸੰਕਟ ਦਾ ਮੁਕਾਬਲਾ ਕਰਨਾ ਪਵੇਗਾ। ਸਮਾਂ ਆ ਗਿਆ ਹੈ, ਜਦੋਂ ਯੋਗ ਅਤੇ ਨੈਤਿਕ ਸਿੱਖਿਆ ਨੂੰ ਸਕੂਲਾਂ ਵਿਚ ਇਕ ਜ਼ਰੂਰੀ ਵਿਸ਼ਾ ਬਣਾਉਣਾ ਪਵੇਗਾ। ਨਵੀਂ ਤਕਨੀਕ ਦੇ ਇਨ੍ਹਾਂ ਸਾਧਨਾਂ ’ਤੇ ਕੁਝ ਰੋਕ ਲਾਉਣੀ ਪਵੇਗੀ। ਨੈਤਿਕ ਸਿੱਖਿਆ ’ਚ ਇਹ ਸਭ ਸਿੱਖਣਾ ਪਵੇਗਾ, ਜੋ ਇਕ ਸਫਲ ਅਤੇ ਸਿਹਤਮੰਦ ਜੀਵਨ ਜਿਊਣ ਲਈ ਜ਼ਰੂਰੀ ਹੈ।
 


Bharat Thapa

Content Editor

Related News