ਹਿੰਸਾ ਨਾਲ ਨਹੀਂ, ਵਿਕਾਸ ਨਾਲ ਹੋਵੇਗਾ ਨਕਸਲਵਾਦ ਦਾ ਖਾਤਮਾ
Tuesday, Oct 08, 2024 - 05:53 PM (IST)
ਲੋਕਰਾਜ ਦਾ ਰਾਹ ਛੱਡ ਕੇ ਹਥਿਆਰਾਂ ਦੇ ਦਮ ’ਤੇ ਕ੍ਰਾਂਤੀ ਲਿਆਉਣ ਦਾ ਸੁਫਨਾ ਦੇਖਣ ਵਾਲੇ ਨਕਸਲੀਆਂ ਨੂੰ ਇਸ ਦੀ ਕੀਮਤ ਆਪਣੇ ਖੂਨ ਨਾਲ ਲਗਾਤਾਰ ਚੁਕਾਉਣੀ ਪੈ ਰਹੀ ਹੈ। ਹਥਿਆਰਾਂ ਦੇ ਦਮ ’ਤੇ ਹਿੰਸਾ ਰਾਹੀਂ ਦਹਿਸ਼ਤ ਫੈਲਾਉਣ ਵਾਲੇ ਨਕਸਲੀਆਂ ਨੂੰ ਇਹ ਸਮਝ ’ਚ ਨਹੀਂ ਆਇਆ ਕਿ ਕ੍ਰਾਂਤੀ ਉੱਥੇ ਹੁੰਦੀ ਹੈ ਜਿੱਥੇ ਰਾਜਸ਼ਾਹੀ ਜਾਂ ਤਾਨਾਸ਼ਾਹੀ ਦਾ ਰਾਜ ਹੋਵੇ।
ਲੋਕਰਾਜ ’ਚ ਲੋਕਰਾਜੀ ਢੰਗ ਨਾਲ ਆਪਣੀ ਮੰਗ ਮਨਵਾਈ ਜਾ ਸਕਦੀ ਹੈ। ਇਸ ਦਾ ਸਿੱਧਾ ਰਾਹ ਹੈ ਚੋਣ ਪ੍ਰਕਿਰਿਆ ਰਾਹੀਂ ਆਪਣੇ ਮਨਪਸੰਦ ਦੇ ਪ੍ਰਤੀਨਿਧੀਆਂ ਨੂੰ ਚੁਣਨਾ ਅਤੇ ਕਾਨੂੰਨ ਬਣਵਾਉਣਾ। ਇਸ ਦੇ ਉਲਟ ਹਥਿਆਰਾਂ ਦੇ ਜ਼ੋਰ ’ਤੇ ਹਿੰਸਾ ਦੇ ਰਾਹ ’ਤੇ ਚੱਲਣ ਦਾ ਨਤੀਜਾ ਖੂਨ-ਖਰਾਬੇ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ।
ਨਕਸਲ ਪ੍ਰਭਾਵਿਤ ਇਲਾਕਿਆਂ ’ਚ ਸੁਰੱਖਿਆ ਬਲਾਂ ਦੀ ਲਗਾਤਾਰ ਕੱਸਦੀ ਜਾ ਰਹੀ ਘੇਰਾਬੰਦੀ ’ਚ ਵੱਡੀ ਗਿਣਤੀ ’ਚ ਨੌਜਵਾਨ ਨਕਸਲੀਆਂ ਦੀ ਜਾਨ ਜਾ ਰਹੀ ਹੈ। ਛੱਤੀਸਗੜ੍ਹ ਦੇ ਨਾਰਾਇਣਪੁਰ-ਦੰਤੇਵਾੜਾ ਹੱਦ ਨੇੜੇ ਸੁਰੱਖਿਆ ਫੋਰਸਾਂ ਨੇ ਨਕਸਲੀਆਂ ਨਾਲ ਜੰਗਲ ’ਚ ਹੋਏ ਮੁਕਾਬਲੇ ਦੌਰਾਨ 32 ਮਾਓਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਹੁਣ ਤਕ ਅਜਿਹੇ ਸੈਂਕੜੇ ਮੁਕਾਬਲਿਆਂ ’ਚ ਭਟਕੇ ਹੋਏ ਨੌਜਵਾਨ ਹਜ਼ਾਰਾਂ ਦੀ ਗਿਣਤੀ ’ਚ ਆਪਣੀ ਜਾਨ ਗੁਆ ਚੁੱਕੇ ਹਨ। ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ ਅਤੇ ਮਜ਼ਬੂਤੀ ਦੇ ਸਾਹਮਣੇ ਨਕਸਲੀ ਟਿਕ ਨਹੀਂ ਸਕਦੇ। ਇਹ ਜਾਣਦੇ ਹੋਏ ਵੀ ਕਿ ਨਕਸਲਵਾਦ ਇਕ ਹਾਰੀ ਹੋਈ ਲੜਾਈ ਹੈ, ਗੁੰਮਰਾਹ ਹੋਏ ਨਕਸਲੀ ਜਾਨ ਦੇਣ ਲਈ ਉਤਾਵਲੇ ਹਨ।
ਇਸ ਤੋਂ ਵੱਧ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਹੈ? ਤਬਦੀਲੀ ਲਈ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ’ਚ ਕਲਮ , ਕੰਪਿਊਟਰ ਜਾਂ ਅਜਿਹੇ ਹੀ ਸਮਾਜ ਅਤੇ ਰਾਸ਼ਟਰ ਨਿਰਮਾਣ ਦੇ ਉਪਕਰਣ ਹੋਣੇ ਚਾਹੀਦੇ ਹਨ, ਦੇ ਹੱਥਾਂ ’ਚ ਹਥਿਆਰ ਹਨ। ਇਸ ਦੌਰਾਨ ਵੀ ਉਨ੍ਹਾਂ ਨੂੰ ਕੋਈ ਸਕੂਨ ਨਹੀਂ। ਪੁਲਸ ਦੀ ਗੋਲੀ ਜੰਗਲਾਂ ’ਚ ਕਦੋਂ ਉਨ੍ਹਾਂ ਦਾ ਕੰਮ ਤਮਾਮ ਕਰ ਦੇਵੇ, ਇਸ ਦਾ ਡਰ ਉਨ੍ਹਾਂ ਨੂੰ ਹਮੇਸ਼ਾ ਦਿਨ-ਰਾਤ ਸਤਾਉਂਦਾ ਰਹਿੰਦਾ ਹੈ।
ਪਰਿਵਾਰ ਅਤੇ ਸਮਾਜ ਤੋਂ ਦੂਰ ਜੰਗਲਾਂ ’ਚ ਭਟਕਣ ਵਾਲੇ ਨਕਸਲੀਆਂ ’ਤੇ ਹਰ ਸਮੇਂ ਮੌਤ ਦਾ ਪਰਛਾਵਾਂ ਮੰਡਰਾਉਂਦਾ ਰਹਿੰਦਾ ਹੈ। ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋ ਗਏ ਹਨ। ਦੇਸ਼ ’ਚ ਤਬਦੀਲੀ ਲਿਆਉਣ ਲਈ ਨਕਸਲੀਆਂ ਦੇ ਹਿੰਸਾਤਮਕ ਅੰਦੋਲਨ ਨੂੰ ਵੀ ਛੇ ਦਹਾਕਿਅਾਂਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਨਕਸਲੀਆਂ ਦਾ ਘੇਰਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ।
ਕਦੇ 8-10 ਸੂਬਿਆਂ ’ਚ ਆਪਣਾ ਪ੍ਰਭਾਵ ਰੱਖਣ ਵਾਲੇ ਨਕਸਲੀਆਂ ਦਾ ਘੇਰਾ ਸਿਮਟਦਾ ਹੋਇਆ ਦੋ -ਤਿੰਨ ਸੂਬਿਆਂ ’ਚ ਰਹਿ ਗਿਆ ਹੈ। ਦੇਸ਼ ਦੀ ਪੁਲਸ ਅਤੇ ਸੁਰੱਖਿਆ ਫੋਰਸਾਂ ਦੀ ਸਾਂਝੀ ਅਤੇ ਮਜਬੂਤ ਕਾਰਵਾਈ ਦੇ ਸਾਹਮਣੇ ਨਕਸਲੀ ਬੌਣੇ ਸਾਬਤ ਹੋਏ ਹਨ। ਇਸ ਸਾਲ ਹੁਣ ਤਕ ਦੰਤੇਵਾੜਾ ਅਤੇ ਨਾਰਾਇਣਪੁਰ ਸਮੇਤ 7 ਜ਼ਿਲਿਆਂ ਵਾਲੇ ਵਸਤਰ ਖੇਤਰ ’ਚ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਮੁਕਾਬਲਿਆਂ ’ਚ 171 ਮਾਓਵਾਦੀਆਂ ਨੂੰ ਮਾਰ ਦਿੱਤਾ ਹੈ।
ਨਕਸਲਵਾਦ ਦੀ ਸ਼ੁਰੂਆਤ ਪੱਛਮੀ ਬੰਗਾਲ ਦੇ ਇਕ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ ਹੋਈ ਸੀ। ਭਾਰਤੀ ਕੰਮਿਊਨਿਸਟ ਪਾਰਟੀ ਦੇ ਨੇਤਾ ਕਾਨੂ ਸਾਨਯਾਲ ਅਤੇ ਚਾਰੂ ਮਜੂਮਦਾਰ ਨੇ ਸਰਕਾਰ ਵਿਰੁੱਧ ਇਕ ਮੁਹਿੰਮ ਛੇੜੀ ਸੀ। ਦੇਖਦੇ ਹੀ ਦੇਖਦੇ ਇਹ ਇਕ ਅੰਦੋਲਨ ਬਣ ਗਿਆ ਅਤੇ ਚੰਗਿਆੜੀ ਫੈਲਣ ਲੱਗੀ।
ਇਸ ਅੰਦੋਲਨ ਨਾਲ ਜੁੜੇ ਲੋਕਾਂ ਨੇ ਖੁਦ ਸਰਕਾਰ ਵਿਰੁੱਧ ਹਥਿਆਰ ਚੁੱਕ ਲਏ। ਸਰਕਾਰ ਵਿਰੁੱਧ ਇਹ ਬਗਾਵਤ ਉਨ੍ਹਾਂ ਕਿਸਾਨਾਂ ਦੀ ਸੀ ਜੋ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਸਨ। ਇਸ ’ਚ ਕੋਈ ਸ਼ੱਕ ਨਹੀਂ ਕਿ ਜੰਗਲਾਂ ’ਚ ਜੱਦੀ ਅਧਿਕਾਰਾਂ ਤੋਂ ਵਾਂਝੇ ਆਦਿਵਾਸੀਆਂ ਨੇ ਸਰਕਾਰੀ ਪ੍ਰਣਾਲੀ ਦੇ ਜ਼ੁਲਮ ਤੋਂ ਤੰਗ ਆ ਕੇ ਕੋਈ ਬਦਲ ਨਜ਼ਰ ਨਾ ਆਉਣ ’ਤੇ ਨਕਸਲੀ ਵਿਚਾਰਧਾਰਾ ਦਾ ਪੱਲਾ ਫੜਿਆ।
ਸੂਬਿਆਂ ਦੀਆਂ ਸਰਕਾਰਾਂ ਨੇ ਦਹਾਕਿਆਂ ਤਕ ਇਨ੍ਹਾਂ ਇਲਾਕਿਆਂ ’ਚ ਵਿਕਾਸ ਨੂੰ ਪਹਿਲ ਨਹੀਂ ਦਿੱਤੀ। ਇਸ ਨਾਲ ਨਕਸਲੀਆਂ ਦੇ ਮਾੜੇ ਪ੍ਰਚਾਰ ਦਾ ਰਾਹ ਹੋਰ ਵੀ ਸੌਖਾ ਹੋ ਗਿਆ। ਇਹੀ ਕਾਰਨ ਸੀ ਕਿ ਪੱਛਮੀ ਬੰਗਾਲ ’ਚ ਸ਼ੁਰੂ ਹੋਇਆ ਨਕਸਲਵਾਦ ਸਰਹੱਦੀ ਸੂਬਿਆਂ ’ਚ ਫੈਲਦਾ ਚਲਾ ਗਿਆ। ਬੀਤੇ ਦਹਾਕਿਆਂ ਦੌਰਾਨ ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।
ਨਕਸਲੀਆਂ ਦੇ ਪ੍ਰਭਾਵ ਵਾਲੇ ਖੇਤਰਾਂ ’ਚ ਵਿਕਾਸ ਕਾਰਜ ਠੱਪ ਹੋ ਗਏ। ਇਸ ਦਾ ਲਾਭ ਉਠਾ ਕੇ ਕੱਟੜ ਨਕਸਲੀਆਂ ਨੂੰ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਮੌਕਾ ਮਿਲ ਗਿਆ। ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਿਆਂ ਨੇ ਦੋ ਪੱਧਰੀ ਨੀਤੀ ਬਣਾਈ। ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਲਈ ਰਾਹਤ ਪੈਕੇਜ ਅਤੇ ਹਿੰਸਾ ਕਰਨ ਵਾਲਿਆਂ ਪ੍ਰਤੀ ਸਖਤ ਕਾਰਵਾਈ ਕਰਨ ਦੀ ਨੀਤੀ ਅਪਣਾਈ।
ਇਸੇ ਅਧੀਨ ਸੂਬਿਆਂ ’ਚ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਗ੍ਰਾਂਟਾਂ ਦੇਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੇ ਮੁੜ ਵਸੇਬੇ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ। ਵਿਆਹ ਕਰਨ ਲਈ ਵੀ ਰਕਮ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਨੌਜਵਾਨ ਹਿੰਸਾ ਦਾ ਰਾਹ ਛੱਡ ਕੇ ਆਪਣੇ ਪਰਿਵਾਰ ਅਤੇ ਸਮਾਜ ਨਾਲ ਆਮ ਵਰਗੀ ਜ਼ਿੰਦਗੀ ਬਿਤਾ ਸਕਣ।
ਇਸ ਤੋਂ ਇਲਾਵਾ ਕੇਂਦਰ ਅਤੇ ਸੂਬੇ ਸਾਂਝੇ ਤੌਰ ’ਤੇ ਨਕਸਲੀਆਂ ਨਾਲ ਨਜਿੱਠਣ ਦੀ ਰਣਨੀਤੀ ’ਤੇ ਲਗਾਤਾਰ ਕੰਮ ਕਰ ਰਹੇ ਹਨ। ਨਕਸਲੀਆਂ ਦੇ ਰਾਹਤ ਪੈਕੇਜ ਦੀ ਰਫਤਾਰ ਬੇਸ਼ੱਕ ਮੱਠੀ ਹੋਵੇ ਇਸ ਦਾ ਲਾਭ ਉਠਾ ਕੇ ਹੁਣ ਤਕ ਵੱਡੀ ਗਿਣਤੀ ’ਚ ਨੌਜਵਾਨ ਹਥਿਆਰ ਸੁੱਟ ਕੇ ਆਮ ਜ਼ਿੰਦਗੀ ਬਤੀਤ ਕਰਨ ’ਚ ਸਫਲ ਰਹੇ ਹਨ।
ਨਕਸਲੀਆਂ ’ਤੇ ਸੁਰੱਖਿਆ ਬਲਾਂ ਦੇ ਦਬਾਅ ਨਾਲ ਹੀ ਲੋੜ ਇਸ ਗੱਲ ਦੀ ਵੀ ਹੈ ਕਿ ਵਿਕਾਸ ਦੀ ਰਫਤਾਰ ਤੇਜ਼ ਕੀਤੀ ਜਾਏ। ਨਕਸਲਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਦਬਾਅ ਅਤੇ ਵਿਕਾਸ ਦੀ ਰਣਨੀਤੀ ਜ਼ਰੂਰੀ ਹੈ। ਸੱਚਾਈ ਇਹ ਵੀ ਹੈ ਕਿ ਨਕਸਲ ਪ੍ਰਭਾਵਿਤ ਸੂਬਿਆਂ ’ਚ ਜਿਸ ਤੇਜ਼ੀ ਨਾਲ ਵਿਕਾਸ ਹੋਣਾ ਚਾਹੀਦਾ ਹੈ ਉਹ ਊਂਠ ਦੇ ਮੂੰਹ ’ਚ ਜੀਰਾ ਸਾਬਤ ਹੋਇਆ ਹੈ।
ਨਕਸਲ ਪ੍ਰਭਾਵਿਤ ਇਲਾਕੇ ਅੱਜ ਵੀ ਪਾਣੀ, ਬਿਜਲੀ , ਸਕੂਲ , ਹਸਪਤਾਲ ਅਤੇ ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪੱਛੜੇਪਨ ਦੇ ਅਜਿਹੇ ਹਾਲਾਤ ਨਕਸਲਵਾਦ ਦੇ ਮਾੜੇ ਪ੍ਰਚਾਰ ਦੇ ਰਾਹ ਨੂੰ ਸੌਖਾ ਬਣਾਉਂਦੇ ਹਨ। ਦਹਾਕਿਆਂ ਤਕ ਸੂਬਿਆਂ ’ਚ ਨਕਸਲੀ ਹਿੰਸਾ ਦਾ ਮੂਲ ਕਾਰਨ ਵੀ ਵਿਕਾਸ ਦਾ ਪੱਛੜਾਪਨ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਲਾਲਫੀਤਾਸ਼ਾਹੀ ਨੇ ਨਕਸਲਵਾਦ ਦੀ ਅੱਗ ’ਚ ਘਿਓ ਦਾ ਕੰਮ ਕੀਤਾ ਹੈ।
ਅਜਿਹੇ ਹਾਲਾਤ ’ਚ ਨਕਸਲੀ ਵਿਚਾਰਧਾਰਾ ਨੂੰ ਵਧਣ-ਫੁਲਣ ਲਈ ਮਾਹੌਲ ਤਿਆਰ ਕੀਤਾ ਗਿਆ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਵਿਕਾਸ ਦੀ ਖਿੱਚ ਨਕਸਲੀਆਂ ਨੂੰ ਹਥਿਆਰ ਸੁੱਟਣ ਲਈ ਪ੍ਰੇਰਿਤ ਕਰੇ। ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਦੂਰ-ਦੁਰਾਡੇ ਦੇ ਨਕਸਲੀ ਇਲਾਕਿਆਂ ’ਚ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨਾ ਹੋਵੇਗਾ।
ਨਕਸਲੀ ਖੇਤਰਾਂ ’ਚ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਲਈ ਪੈਕੇਜ ਨੂੰ ਪ੍ਰਚਾਰ ਮਾਧਿਅਮਾਂ ਰਾਹੀਂ ਅਸਰਦਾਰ ਬਣਾਉਣਾ ਹੋਵੇਗਾ। ਰਾਹਤ ਮੁੜ ਵਸੇਬਾ ਪੈਕੇਜ ਦੀ ਜਾਣਕਾਰੀ ਨਾ ਹੋਣੀ ਵੀ ਨਕਸਲੀਆਂ ਦੀ ਮੁੱਖ ਧਾਰਾ ’ਚ ਸ਼ਾਮਲ ਨਾ ਹੋਣ ’ਚ ਮੁੱਖ ਰੁਕਵਾਟ ਬਣੀ ਹੋਈ ਹੈ। ਇਨ੍ਹਾਂ ਰੁਕਵਾਟਾਂ ਨੂੰ ਹਟਾ ਕੇ ਹੀ ਦੇਸ਼ ਦੇ ਨਕਸਲ ਪ੍ਰਭਾਵਿਤ ਸੂਬਿਆਂ ’ਚ ਅਮਨ-ਚੈਨ ਕਾਇਮ ਕੀਤਾ ਜਾ ਸਕਦਾ ਹੈ।
ਯੋਗੇਂਦਰ ਯੋਗੀ