ਹਿੰਦੀ ਫਿਲਮਾਂ ’ਚ ਕੁਦਰਤ ਦਾ ਚਿਤਰਣ

03/31/2021 3:26:09 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ
ਕੁਦਰਤ ਅਤੇ ਮਨੁੱਖ ’ਚ ਡੂੰਘਾ ਸਬੰਧ ਹੈ। ਕੁਦਰਤ ਅਤੇ ਮਨੁੱਖ ਦਾ ਇਹ ਰਿਸ਼ਤਾ ਅਨਾਦਿ ਹੈ, ਅਮਰ ਹੈ। ਮਨੁੱਖ ਨੇ ਜੋ ਕੁਝ ਸਿੱਖਿਆ ਕੁਦਰਤ ਤੋਂ ਸਿੱਖਿਆ। ਵਗਦੇ ਝਰਨਿਆਂ ਅਤੇ ਨਦੀਆਂ ਦੀ ਰਵਾਨਗੀ ਨੇ ਮਨੁੱਖ ਨੂੰ ਗਾਉਣਾ ਸਿਖਾਇਆ। ਬੱਦਲਾਂ ਦੀ ਗਰਜ ’ਚ ਉਸ ਨੂੰ ਸੰਗੀਤ ਮਿਲਿਆ। ਖਿੜਦੇ ਫੁੱਲਾਂ ਤੋਂ ਮਨੁੱਖ ਨੇ ਮੁਸਕਰਾਉਣਾ ਸਿੱਖਿਆ। ਵਨਸਪਤੀਆਂ ਤੋਂ ਉਸ ਨੂੰ ਠੰਡਕ ਮਹਿਸੂਸ ਹੋਈ।

ਯਾਦ ਰੱਖੋ ਜਿੱਥੇ ਵਨਸਪਤੀ ਹੈ, ਰੁੱਖ ਹਨ, ਹਰਿਆਲੀ ਹੈ ਉੱਥੋਂ ਦਾ ਮਨੁੱਖ ਰਾਗਾਤਮਕ ਹੋਵੇਗਾ ਭਾਵ ਉਸ ’ਚ ਪ੍ਰੇਮ ਹੋਵੇਗਾ। ਜਿੱਥੇ ਮਾਰੂਥਲ ਹੋਵੇਗਾ, ਰੇਤ ਹੀ ਰੇਤ ਹੋਵੇਗੀ, ਰੁੱਖ ਨਹੀਂ ਹੋਣਗੇ, ਉੱਥੋਂ ਦਾ ਮਨੁੱਖ ਨਿਰਦਈ ਹੋਵੇਗਾ। ਜਿਨ੍ਹਾਂ ਦਾ ਪਾਲਣ-ਪੋਸ਼ਣ ਮਾਰੂਥਲਾਂ, ਰੇਤ ’ਚ ਹੋਇਆ। ਇਸ ਲਈ ਉਨ੍ਹਾਂ ’ਚ ਮਾਰੂਪਨ ਜ਼ਿਆਦਾ ਹੈ। ਉਨ੍ਹਾਂ ’ਚ ਪ੍ਰੇਮ ਨਹੀਂ, ਵੱਢ-ਟੁੱਕ ਜ਼ਿਆਦਾ ਹੈ, ਭਾਜੜ ਹੈ।

ਕੁਦਰਤ ਗੁਰੂ ਹੈ। ਇਸੇ ਕੁਦਰਤ ਨੇ ਮਨੁੱਖ ਨੂੰ ਸਿਖਾਇਆ ਕਿ ਪਤਝੜ ਜ਼ਿੰਦਗੀ ਦਾ ਅੰਤ ਨਹੀਂ ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ, ਫਲਾਂ ਨਾਲ ਲੱਦੇ ਰੁੱਖਾਂ ਤੋਂ ਮਨੁੱਖ ਨੇ ਸਿੱਖਿਆ ਹੈ ਕਿ ਸੱਤਾ ਅਤੇ ਵਡੱਪਣ ਆਉਣ ’ਤੇ ਉਸ ਨੂੰ ਕਿਵੇਂ ਨਿਮਰ ਰਹਿਣਾ ਹੈ।

ਧਰਤੀ ਦੇ ਗੁਰੂਤਾ ਖਿੱਚ ਨੇ ਨਿਊਟਨ ਨੂੰ ਮਹਾਨ ਵਿਗਿਆਨੀ ਬਣਾ ਦਿੱਤਾ ਤਾਂ ਫਿਰ ਇਹ ਕੁਦਰਤ ਹੈ ਕੀ? ਦੁਨੀਆ ’ਚ ਜੋ ਕੁਝ ਪੱਸਰਿਆ ਹੈ, ਉਹ ਕੁਦਰਤ ਹੈ ਭਾਵ ਨਦੀ-ਨਾਲੇ, ਪਹਾੜ, ਜੰਗਲ-ਬਾਗ, ਚੰਦਰਮਾ-ਸੂਰਜ, ਸਵੇਰ-ਸ਼ਾਮ, ਹਵਾ-ਪਾਣੀ, ਪ੍ਰਕਾਸ਼, ਰੁੱਤਾਂ ਸਭ ਕੁਦਰਤ ਹੈ।

ਸਾਰੀ ਸੁੰਦਰਤਾ ਕੁਦਰਤ ਹੈ। ਹੋਰ ਸਰਲ ਕਰ ਦਿੰਦਾ ਹਾਂ ਕਿ ਹਰ ਉਹ ਚੀਜ਼ ਜਿਸ ਨੂੰ ਮਨੁੱਖ ਨੇ ਨਹੀਂ ਬਣਾਇਆ, ਮਨੁੱਖ ਦੇ ਹੱਥਾਂ ਨੇ ਜਿਸ ਨੂੰ ਨਹੀਂ ਸੰਵਾਰਿਆ, ਨਹੀਂ ਸਜਾਇਆ, ਉਹ ਕੁਦਰਤ ਹੈ, ਜੋ ਖੁਦ ਮਨੁੱਖ ਨੂੰ ਖੁਸ਼ੀ ਦੇਵੇ ਜਾਂ ਡਰਾਵੇ ਉਹ ਕੁਦਰਤ ਹੈ। ਇਸ ਦਾ ਅਹਿਸਾਸ ਮਹਿਸੂਸ ਕਰਦੇ ਹੋਏ, ਸੁਣਦੇ ਹੋਏ ਅਤੇ ਛੂੰਹਦੇ ਹੋਏ ਮਨੁੱਖ ਨੂੰ ਆਪਣੇ ਆਪ ਹੁੰਦਾ ਹੈ।

ਕੁਦਰਤ ਇਕ ਵਿਸ਼ਾਲ ਅਹਿਸਾਸ ਹੈ, ਈਸ਼ਵਰ ਹੈ। ਅਥਰਵਵੇਦ ’ਚ ਕੁਦਰਤ ਤੋਂ ਮਨੁੱਖ ਨੇ ਇਕ ਸਹੁੰ ਖਾਧੀ, ‘ਹੇ ਧਰਤੀ ਮਾਂ ਜੋ ਕੁਝ ਵੀ ਤੇਰੇ ਕੋਲ ਲਵਾਂਗਾ, ਉਹ ਓਨਾ ਹੀ ਹੋਵੇਗਾ ਜਿੰਨਾ ਤੂੰ ਮੁੜ ਪੈਦਾ ਕਰ ਸਕੇ। ਮੈਂ ਤੇਰੀ ਜੀਵਨ ਸ਼ਕਤੀ ’ਤੇ ਕਦੀ ਵਾਰ ਨਹੀਂ ਕਰਾਂਗਾ।’’

ਮਨੁੱਖ ਨੇ ਕੁਦਰਤ ਨਾਲ ਕੀਤੀ ਹੋਈ ਆਪਣੀ ਪ੍ਰਤਿੱਗਿਆ ਭੰਗ ਕਰ ਦਿੱਤੀ। ਇਸ ਲਈ ਮਾਂ ਦੇ ਗੁੱਸੇ ਨਾਲ ਕਦੀ ਭੂਚਾਲ, ਸੋਕਾ, ਕਦੀ ਹੜ੍ਹ, ਕਦੀ ਸੈਲਾਬ, ਕਦੀ ਤੂਫਾਨ, ਕਦੀ ਸੁਨਾਮੀ ਆਉਂਦੀ ਹੈ। ਕੁਦਰਤ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ।

ਵਿਸ਼ਵ ’ਚ ਜੋ ਵੀ ਸ਼ੁੱਭ ਹੋਇਆ ਉਹ ਕੁਦਰਤ ਦੁਆਰਾ ਹੀ ਹੋਇਆ। ਜਿੰਨਾ ਵੀ ਸਾਹਿਤ, ਕਾਵਿ, ਨਾਟਕ, ਵੇਦ-ਪੁਰਾਣ, ਉਪਨਿਸ਼ਟ ਜਾਂ ਮਹਾਕਾਵਿ ਰਚੇ ਗਏ, ਉਹ ਸਿਰਫ ਅਤੇ ਸਿਰਫ ਕੁਦਰਤ ਦੀ ਛਾਂ ਹੇਠ ਰਚੇ ਗਏ। ਕੁਦਰਤ ਗੁੱਸੇ ਹੋ ਜਾਵੇ ਤਾਂ ਫਿਰ ਤਬਾਹੀ ਹੀ ਤਬਾਹੀ ਹੈ।

ਕੁਦਰਤ ਦਾ ਖੇਤਰ ਹੀ ਪ੍ਰੇਮ ਹੈ ਅਤੇ ਪ੍ਰੇਮ ’ਚ ਹੀ ਸਿਰਜਨਾ ਹੈ। ਕੁਦਰਤ ਮਨੁੱਖ ਨੂੰ ਚੁੱਕਦੀ ਹੈ, ਉਸ ਨੂੰ ਸਹਾਰਾ ਦਿੰਦੀ ਹੈ। ਕੁਦਰਤ ਮਨੁੱਖ ਦੀ ਭਾਵਨਾ ਨੂੰ ਪ੍ਰਗਟ ਕਰਦੀ ਹੈ। ਮਨ ਖੁਸ਼ ਹੋਵੇ ਤਾਂ ਫੁੱਲ ਆਨੰਦ ਦੇਣਗੇ, ਮਨ ਬੁੱਝਿਆ ਹੋਵੇ ਤਾਂ ਕੁਦਰਤ ਰੋਂਦੀ ਦਿਖਾਈ ਦੇਵੇਗੀ।

ਅੱਜ ਵੀ ਜਦੋਂ ਮੇਰਾ ਮਨ ਉਦਾਸ ਹੁੰਦਾ ਹੈ ਤਾਂ ਖੇਤਾਂ ਵੱਲ ਭੱਜ ਜਾਂਦਾ ਹੈ, ਰੁੱਖਾਂ ਨਾਲ ਜੱਫਾ ਪਾ ਕੇ ਸ਼ਾਂਤ ਹੋ ਜਾਂਦਾ ਹੈ। ਕਦੀ-ਕਦਾਈਂ ਗੱਲਾਂ ’ਚ ਜ਼ੋਰ-ਜ਼ੋਰ ਨਾਲ ਰੋ ਲੈਂਦਾ ਹਾਂ। ‘ਨੇਚਰ ਹੈਜ਼ ਏ ਸੂਦਿੰਗ-ਇਫੈਕਟ ਅਪਾਨ ਏ ਮੈਨ।’

ਇਸੇ ਕਾਰਨ ਭਾਰਤੀ ਸਿਨੇਮਾ ਦੇ ਫਿਲਮੀ ਨਿਰਦੇਸ਼ਕਾਂ, ਨਿਰਮਾਤਾਵਾਂ, ਨਾਇਕ-ਨਾਇਕਾਵਾਂ ਅਤੇ ਗੀਤਕਾਰਾਂ ਨੇ ਹਿੰਦੀ ਫਿਲਮਾਂ ’ਚ ਕੁਦਰਤ ਨੂੰ ਥੋੜ੍ਹਾ-ਬਹੁਤਾ ਜ਼ਰੂਰ ਦਿੱਤਾ ਹੈ। ਪਹਾੜਾਂ, ਝਰਨਿਆਂ, ਨਦੀਆਂ, ਹਵਾਵਾਂ, ਰੁੱਖਾਂ, ਵਾਦੀਆਂ, ਜੰਗਲਾਂ ’ਚ ਫਿਲਮਾਂ ਨੂੰ ਫਿਲਮਾਇਆ ਗਿਆ ਹੈ। ਕਈ ਫਿਲਮਾਂ ਦਾ ਨਾਂ ਵੀ ਕੁਦਰਤ ਦੇ ਨਾਂ ’ਤੇ ਰੱਖਿਆ ਗਿਆ ਹੈ।

ਖਾਸ ਕਰ ਕੇ ਹਿੰਦੀ ਫਿਲਮਾਂ ’ਚ ਮੀਂਹ ਅਤੇ ਉਹ ਵੀ ‘ਕਿਣਮਿਣ’ ਨੂੰ ਜ਼ੋਰਦਾਰ ਢੰਗ ਨਾਲ ਫਿਲਮਾਇਆ ਗਿਆ। ਪਹਾੜਾਂ ਦੀਆਂ ਵਾਦੀਆਂ ’ਚ ਸ਼ੂਟਿੰਗ ਕਰਨੀ ਆਮ ਗੱਲ ਹੈ। ਨਾਇਕਾ ਨੂੰ ਨਦੀ ’ਚ ਇਸ਼ਨਾਨ ਕਰਦੇ ਤਾਂ ਅਕਸਰ ਸਿਨੇਮਾ ਦਰਸ਼ਕਾਂ ਨੇ ਦੇਖਿਆ। ਨਾਸਿਰ ਹੁਸੈਨ ਤਾਂ ਅਜਿਹੇ ਨਿਰਮਾਤਾ ਸਨ ਕਿ ਉਨ੍ਹਾਂ ਦੀ ਫਿਲਮ ’ਚ ਹਰ ਰੁੱਖ ’ਤੇ ਇਕ ਨਾ ਇਕ ਲੜਕੀ ਚਹਿਕਦੀ-ਕੂਕਦੀ ਦਿਖਾਈ ਦਿੰਦੀ ਸੀ।

ਉਨ੍ਹਾਂ ਹੀ ਹਰ ਫਿਲਮ ’ਚ ਨਾਇਕ ਰੁੱਖਾਂ ਦਰਮਿਆਨ ਨਾਇਕਾ ਦੇ ਪਿੱਛੇ-ਪਿੱਛੇ ਗਾਉਂਦਾ ਫਿਰਦਾ ਨਜ਼ਰ ਆਉਂਦਾ ਹੈ। ਦੇਵਾਨੰਦ, ਸ਼ੰਮੀ ਕਪੂਰ, ਜਾਏ ਮੁਖਰਜੀ ਤਾਂ ਰੁੱਖਾਂ, ਪਹਾੜਾਂ ’ਤੇ ਕੁੱਦਦੇ, ਭੱਜਦੇ, ਭੁੜਕਦੇ ਰਹਿੰਦੇ। ਰਾਜ ਕਪੂਰ ਦੀ ਹਰ ਨਾਇਕਾ ਦਰਸ਼ਕਾਂ ਨੂੰ ਨਦੀ ’ਚ ਨਹਾਉਂਦੀ ਨਜ਼ਰ ਆਵੇਗੀ।

ਦੱਸਾਂ ਤੁਹਾਨੂੰ? ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਫਿਲਮ ’ਚ ਨਾਇਕ ਪਦਮਨੀ ਨਦੀ ’ਚ ਨਹਾਉਂਦੀ ਹੋਈ ਕਹਿ ਰਹੀ ਹੈ ‘ਹੋਏ-ਹੋਏ-ਹੋਏ’। ਪਦਮਨੀ ਦੇ ਗਦਰਾਏ ਸਰੀਰ ਨੂੰ ਰਾਜ ਕਪੂਰ ਨੇ ਇਸ ਫਿਲਮ ’ਚ ਖੂਬ ਦਿਖਾਇਆ ਸੀ। ਉਨ੍ਹਾਂ ਦੀ ਫਿਲਮ ‘ਸੰਗਮ’ ’ਚ ਵੈਜਯੰਤੀ ਮਾਲਾ ਨੂੰ ਨਦੀ ’ਚ ਨਹਾਉਂਦੇ ਅਤੇ ਰਾਜ ਕਪੂਰ ਦਾ ਗਾਣਾ ਤਾਂ ਤੁਹਾਨੂੰ ਯਾਦ ਹੋਵੇਗਾ ਨਾ? ‘ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ?’ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ’ਚ ਰਾਜ ਕਪੂਰ ਨੇ ਨਾਇਕਾ ਮੰਦਾਕਿਨੀ ਦਾ ਝਰਨੇ ’ਤੇ ਨਹਾਉਂਦੀ ਹੋਈ ਦਾ ਸੀਨ ਦਿਖਾ ਕੇ ਦਰਸ਼ਕਾਂ ਦੇ ਮਨਾਂ ’ਚ ਖਿੱਚ ਪੈਦਾ ਕਰ ਦਿੱਤੀ।

ਇਹੀ ਹਾਲ ਫਿਲਮ ‘ਸਤਯਮ ਸ਼ਿਵਮ ਸੁੰਦਰਮ’ ’ਚ ਮਾਦਕਤਾ ਬਿਖੇਰਦੀ ਨਾਇਕਾ ਜ਼ੀਨਤ ਅਮਾਨ ਦੇ ਨਾਲ ਹੋਇਆ।

ਫਿਲਮ ‘ਮਧੂਮਤੀ’ ’ਚ ਦਿਲੀਪ ਕੁਮਾਰ ’ਤੇ ਫਿਲਮਾਏ ਗੀਤ ’ਚ ਕੁਦਰਤ ਦਾ ਰੰਗ ਦੇਖੋ, ‘ਯਹ ਕੌਨ ਹੰਸਤਾ ਹੈ ਫੂਲੋਂ ਮੇਂ ਛੁਪ ਕਰ, ਬਹਾਰ ਬੇਚੈਨ ਹੈ ਕਿਸਕੀ ਧੁਨ ਪਰ’ ਕੁਦਰਤ ’ਚ ਸਾਕਸ਼ਾਤ ਭਗਵਾਨ ਦੇ ਦਰਸ਼ਨ ਹਨ।

ਗੀਤ ਹੀ ਨਹੀਂ ਕੁਦਰਤ ਦਾ ਸਹਾਰਾ ਲੈ ਕੇ ਕਈ ਫਿਲਮਾਂ ਦੇ ਨਾਂ ਵੀ ਤੁਸੀਂ ਯਾਦ ਰੱਖਦੇ ਹੋਵੋਗੇ? ‘ਪਿਆਰ ਕਾ ਸਾਗਰ’, ‘ਧਰਤੀ ਕਹੇ ਪੁਕਾਰ ਕੇ’, ‘ਝੀਲ ਕੇ ਉਸ ਪਾਰ’, ‘ਮਿੱਟੀ ਔਰ ਸੋਨਾ’, ‘ਧੂਲ ਕਾ ਫੂਲ’, ‘ਆਏ ਦਿਨ ਬਹਾਰ ਕੇ’, ‘ਸਾਵਨ ਭਾਦੋਂ’, ‘ਬੈਜੂ ਬਾਵਰਾ’, ‘ਬੰਦਿਨੀ ,‘ਗਾਈਡ’, ‘ਸ਼ੋਰ’, ‘ਮਦਰ ਇੰਡੀਆ’ ਆਦਿ ਫਿਲਮਾਂ ਲੈ-ਦੇ ਕੇ ਕੁਦਰਤ ਦੇ ਕਿਸੇ ਨਾ ਕਿਸੇ ਰੂਪ ਨੂੰ ਸਿਨੇਮਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੀਆਂ ਆਈਆਂ ਹਨ। ਕੁਦਰਤ ਅਤੇ ਫਿਲਮੀ ਦੁਨੀਆ ਦਾ ਵੀ ਅਟੁੱਟ ਰਿਸ਼ਤਾ ਹੈ ਪਰ ਜਗ੍ਹਾ ਦੀ ਘਾਟ ਕਾਰਨ ਅੱਜ ਇੰਨਾ ਹੀ।


Bharat Thapa

Content Editor

Related News