ਜ਼ਿਆਦਾਤਰ ਯੁੱਧ ਅਕਸਰ ਨੁਕਸਾਨਦਾਇਕ ਹੀ ਹੁੰਦੇ ਹਨ

Saturday, Dec 16, 2023 - 12:38 PM (IST)

ਦਸੰਬਰ ਦਾ ਮਹੀਨਾ 2 ਵਿਸ਼ੇਸ਼ ਘਟਨਾਵਾਂ ਇਕ 13 ਤਾਰੀਖ਼ ਨੂੰ ਸੰਸਦ ’ਤੇ ਹੋਏ ਹਮਲੇ ਅਤੇ ਦੂਜੀ 16 ਦਸੰਬਰ ਨੂੰ ਭਾਰਤ ਦੀ ਪਾਕਿਸਤਾਨ ’ਤੇ ਜਿੱਤ ਅਤੇ ਬੰਗਲਾਦੇਸ਼ ਦੇ ਜਨਮ ਲਈ ਜਾਣਿਆ ਜਾਂਦਾ ਹੈ। ਲੜਾਈ ਭਾਵੇਂ ਕਿਸੇ ਵੀ ਪੱਧਰ ਦੀ ਹੋਵੇ, ਕੁਝ ਪੱਖਾਂ ਨੂੰ ਛੱਡ ਕੇ ਜ਼ਿਆਦਾਤਰ ਦੇਸ਼ਾਂ ਲਈ ਨੁਕਸਾਨਦਾਇਕ ਹੀ ਹੁੰਦੀ ਹੈ। ਫਿਰ ਵੀ ਕਈ ਵਾਰ ਲੜਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਆਜ਼ਾਦੀ, ਪ੍ਰਭੂਸੱਤਾ ਤੋਂ ਲੈ ਕੇ ਹੋਂਦ ਤੱਕ ਜਦੋਂ ਖਤਰੇ ’ਚ ਹੋਵੇ ਤਾਂ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਵਿਸ਼ਲੇਸ਼ਣ ਇਹ ਕਰਨਾ ਚਾਹੀਦਾ ਹੈ ਕਿ ਕੋਈ ਦੇਸ਼ ਕਿਸ ਤਰ੍ਹਾਂ ਗੱਲਬਾਤ ਰਾਹੀਂ ਇਸ ਭਿਆਨਕਤਾ ਤੋਂ ਬਚਿਆ ਰਹਿ ਸਕਦਾ ਹੈ?

ਵਰਤਮਾਨ ਸੰਦਰਭ

ਇਤਿਹਾਸ ਗਵਾਹ ਹੈ ਕਿ ਜਦੋਂ 2 ਦੇਸ਼ ਕਿਸੇ ਗੱਲ ’ਤੇ ਲੜਦੇ ਹਨ ਅਤੇ ਦੋਵਾਂ ਨੂੰ ਹੀ ਆਪਣਾ ਪੱਖ ਨਿਆਸੰਗਤ ਦਿਖਾਈ ਦੇ ਰਿਹਾ ਹੋਵੇ ਤਾਂ ਉਹ ਇਹ ਸੋਚਣ ਲੱਗਦੇ ਹਨ ਕਿ ਤੀਜਾ ਕੋਈ ਆ ਕੇ ਵਿਚ-ਵਿਚਾਲੇ ਭਾਵ ਵਿਚੋਲਗੀ ਕਰ ਦੇਵੇ ਤਾਂ ਲੜਾਈ ਬੰਦ ਹੋ ਸਕਦੀ ਹੈ। ਹੁਣ ਜੋ ਵਿਚਾਲੇ ਪਵੇਗਾ ਤਾਂ ਉਹ ਇਹ ਤਾਂ ਦੇਖੇਗਾ ਕਿ ਇਨ੍ਹਾਂ ਦੀ ਲੜਾਈ ਸੁਲਝਾਉਣ ’ਚ ਉਸ ਦਾ ਕੀ ਫਾਇਦਾ ਹੈ ਅਤੇ ਬਸ ਗੜਬੜ ਇੱਥੋਂ ਸ਼ੁਰੂ ਹੁੰਦੀ ਹੈ। ਕਹਾਵਤ ਅਨੁਸਾਰ 2 ਬਿੱਲੀਆਂ ਦੀ ਲੜਾਈ ’ਚ ਫਾਇਦਾ ਬਾਂਦਰ ਦਾ ਹੋ ਜਾਂਦਾ ਹੈ। ਉਦਾਹਰਣ ਦੇਖ ਲਓ, ਦੁਨੀਆ ’ਚ ਜਿੰਨੇ ਵੀ ਸੰਘਰਸ਼ ਹੋਏ ਜਾਂ ਹੋ ਰਹੇ ਹਨ, ਉਨ੍ਹਾਂ ’ਚ ਜਦ ਕਿਸੇ ਚੌਧਰੀ ਦਾ ਦਖਲ ਹੋਇਆ ਤਾਂ ਲੜਾਈ ਲੰਬੀ ਖਿੱਚੀ ਗਈ। ਵਰਨਣਯੋਗ ਹੈ ਕਿ 2 ਚੌਧਰੀਆਂ ਅਮਰੀਕਾ ਅਤੇ ਰੂਸ ਦਾ ਹੀ ਹਰ ਯੁੱਧ ਨਾਲ ਫਾਇਦਾ ਹੁੰਦਾ ਰਿਹਾ ਹੈ। ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਸੋਚ ਇਹ ਹੁੰਦੀ ਹੈ ਕਿ ਕਿਵੇਂ ਉਨ੍ਹਾਂ ਦੇ ਹਥਿਆਰਾਂ ਦੇ ਜ਼ਖੀਰੇ ਨੂੰ ਉਨ੍ਹਾਂ ਦੇਸ਼ਾਂ ਨੂੰ ਸਹਾਇਤਾ ਦੇ ਕੇ ਜਾਂ ਸਿੱਧੇ ਵੇਚ ਕੇ ਮੁਨਾਫਾ ਕਮਾਇਆ ਜਾਵੇ। ਇਹ ਉਨ੍ਹਾਂ ਦੀ ਮਰਜ਼ੀ ’ਤੇ ਹੋ ਜਾਂਦਾ ਹੈ ਕਿ ਉਹ ਕਦੋਂ ਸੰਘਰਸ਼ ਖਤਮ ਕਰਨ ਦੀ ਪਹਿਲ ਲਈ ਆਪਣਾ ਰੁਖ ਦੱਸਣਗੇ ਅਤੇ ਉਦੋਂ ਤੱਕ ਲੜ ਰਹੇ ਦੇਸ਼ ਬਰਬਾਦੀ ਵੱਲ ਵਧਦੇ ਜਾਂਦੇ ਹਨ।

ਵਰਤਮਾਨ ’ਚ ਰੂਸ ਅਤੇ ਯੂਕ੍ਰੇਨ ਦਰਮਿਆਨ ਯੁੱਧ ਇਸ ਲਈ ਖਤਮ ਨਹੀਂ ਹੋ ਰਿਹਾ ਕਿਉਂਕਿ ਉਨ੍ਹਾਂ ’ਚ ਇਕ ਚੌਧਰੀ ਹੈ ਅਤੇ ਦੂਜਾ ਉਹ ਜੋ ਕਦੀ ਉਸ ਦੀ ਸੁਰੱਖਿਆ ’ਚ ਸੀ। ਕੋਈ ਇੰਝ ਹੀ ਤਾਂ ਕਿਸੇ ਨੂੰ ਆਪਣੇ ਚੁੰਗਲ ’ਚੋਂ ਨਿਕਲਣ ਨਹੀਂ ਦਿੰਦਾ, ਇਸ ਲਈ ਇਹ ਯੁੱਧ ਜਲਦੀ ਖਤਮ ਹੋਣ ਵਾਲਾ ਨਹੀਂ। ਦੂਜੀ ਲੜਾਈ ਇਜ਼ਰਾਈਲ ਅਤੇ ਅੱਤਵਾਦੀ ਹਮਾਸ ਦੇ ਦਰਮਿਆਨ ਹੈ, ਇਹ ਵੀ ਉਨ੍ਹਾਂ ਦੀ ਅੰਦਰੂਨੀ ਲੜਾਈ ਹੈ ਪਰ ਅਮਰੀਕਾ ਦੀ ਦਖਲਅੰਦਾਜ਼ੀ ਦੀ ਨੀਅਤ ਕਾਰਨ ਇੱਥੇ ਵੀ ਜਲਦੀ ਸ਼ਾਂਤੀ ਸਥਾਪਿਤ ਹੋਣ ਦੀ ਆਸ ਨਹੀਂ ਹੈ। ਇਕ ਘਟਨਾ ਆਪਣੇ ਦੇਸ਼ ਦੀ ਵੀ ਹੈ। ਚੰਗੇ-ਭਲੇ ਢੰਗ ਨਾਲ ਪਾਕਿਸਤਾਨ ਨੂੰ ਧੂੜ ਚਟਾ ਕੇ ਅਸੀਂ ਕਸ਼ਮੀਰ ਨੂੰ ਆਪਣੇ ਦੇਸ਼ ਦਾ ਅਨਿੱਖੜਵਾਂ ਅੰਗ ਬਣਾ ਚੁੱਕੇ ਸੀ ਪਰ ਇਸ ਮਾਮਲੇ ਨੂੰ ਅਮਰੀਕਾ ਦੇ ਪਾਲਤੂ ਅਦਾਰੇ ਸੰਯੁਕਤ ਰਾਸ਼ਟਰ ਸੰਘ ’ਚ ਲਿਜਾਣ ਪਿੱਛੋਂ ਅੱਜ ਤੱਕ ਜਨਮਤ ਸੰਗ੍ਰਹਿ (ਰੈਫਰੈਂਡਮ) ਦੀ ਦਲੀਲ ਦਿੱਤੀ ਜਾਂਦੀ ਰਹੀ ਹੈ ਜੋ ਅਸੰਭਵ ਹੈ। ਇਹੀ ਹਸ਼ਰ ਹੁੰਦਾ ਹੈ ਜਦੋਂ ਆਪਣੀ ਸ਼ਕਤੀ ਨੂੰ ਘੱਟ ਮੰਨ ਕੇ ਦੂਜਿਆਂ ਨੂੰ ਆਪਣੇ ’ਤੇ ਹਾਵੀ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਜੇ ਆਪਣੇ ਹੀ ਦੇਸ਼ ’ਚ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਵਿਦੇਸ਼ੀ ਤਾਕਤਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਹੋਵੇ ਤਾਂ ਇਹ ਸਰਾਸਰ ਦੇਸ਼ਧ੍ਰੋਹ ਹੈ।

ਵਿਜੇ ਦਿਵਸ ਮਨਾਉਂਦੇ ਸਮੇਂ ਉਦੋਂ ਦੇ ਹਾਲਾਤ ਸਾਹਮਣੇ ਤੈਰਨ ਲੱਗਦੇ ਹਨ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਜੇ ਤਤਕਾਲੀ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਨੇ ਦੂਰਦਰਸ਼ਿਤਾ ਤੋਂ ਕੰਮ ਨਾ ਲਿਆ ਹੁੰਦਾ ਅਤੇ ਕਿਸੇ ਵੀ ਵਿਦੇਸ਼ੀ ਤਾਕਤ ਦੇ ਚੌਧਰੀ ਬਣ ਜਾਣ ਦੇ ਮਨਸੂਬਿਆਂ ’ਤੇ ਲਗਾਮ ਨਾ ਲਾਈ ਹੁੰਦੀ ਤਾਂ ਕੀ ਹੁੰਦਾ?

ਭਾਰਤ-ਪਾਕਿ ਯੁੱਧ

ਬੰਗਲਾਦੇਸ਼ ਦੇ ਜਨਮ ’ਤੇ ਪ੍ਰਮਾਣਿਤ ਤੱਥਾਂ ’ਤੇ ਆਧਾਰਿਤ ਪੁਸਤਕ ‘ਯੂੰ ਜਨਮਾ ਬੰਗਲਾਦੇਸ਼’ ਦੇ ਲੇਖਕ ਬੀ. ਐੱਸ. ਐੱਫ. ਤੋਂ ਰਿਟਾ. ਸ਼੍ਰੀ ਵੀ. ਕੇ. ਗੌੜ ਜੋ ਉਸ ਸਮੇਂ ਡਾਇਰੈਕਟਰ ਜਨਰਲ ਸਨ ਅਤੇ ਇਸ ਯੁੱਧ ’ਚ ਅਹਿਮ ਭੂਮਿਕਾ ਨਿਭਾਅ ਰਹੇ ਸਨ, ਨੇ ਉਦੋਂ ਦੀਆਂ ਸਥਿਤੀਆਂ ਦਾ ਵਰਨਣ ਕੀਤਾ ਹੈ। ਜਦੋਂ ਭਾਰਤ ਨੇ ਮੁਕਤੀਵਾਹਿਨੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਤਾਂ ਸਭ ਤੋਂ ਪਹਿਲਾਂ ਮੁਕਤੀ ਯੋਧਿਆਂ ਨੂੰ ਸੰਗਠਿਤ, ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਗੋਰਿੱਲਾ ਆਪ੍ਰੇਸ਼ਨ (ਛਾਪੇਮਾਰ ਯੁੱਧ) ਚਲਾਉਣ ’ਚ ਸਮਰੱਥ ਬਣਾਉਣ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਦਾ ਫੈਸਲਾ ਲਿਆ ਗਿਆ। ਇਸ ਨਾਲ ਪਾਕਿਸਤਾਨੀ ਫੌਜ ਦੇ ਹੌਸਲੇ ਢਾਹੁਣ ’ਚ ਮਦਦ ਮਿਲੀ। ਸ਼ੁਰੂਆਤ 20 ਹਜ਼ਾਰ ਫੌਜੀਆਂ ਨਾਲ ਹੋਈ ਜੋ 1 ਲੱਖ ਤੱਕ ਹੋ ਗਈ। ਨਵੰਬਰ ਤੱਕ ਭਾਰਤੀ ਫੌਜ ਅਤੇ ਬੀ. ਐੱਸ. ਐੱਫ. ਨੇ ਕਈ ਚੌਕੀਆਂ ’ਤੇ ਕਬਜ਼ਾ ਕਰ ਲਿਆ, ਮੁਕਤੀ ਯੋਧਿਆਂ ਨੇ ਇਕ ਹਜ਼ਾਰ ਤੋਂ ਵੱਧ ਐਂਬੁਸ਼ ਅਤੇ ਰੇਡ ’ਚ ਰੇਲ ਪੁਲਾਂ, ਰੋਡ ਟ੍ਰੈਕ ਸੈਕਸ਼ਨਾਂ ਨੂੰ ਤਬਾਹ ਕਰ ਦਿੱਤਾ। ਬੰਗਲਾਦੇਸ਼ ਦੇ ਸਾਰੇ ਬਲ ਭਾਰਤੀ ਫੌਜ ਦੀ ਕਮਾਨ ’ਚ ਆ ਗਏ। 30 ਨਵੰਬਰ ਤੱਕ ਭਿਆਨਕ ਯੁੱਧ ਹੋਇਆ। 2 ਦਸੰਬਰ ਨੂੰ ਬੌਖਲਾਹਟ ’ਚ ਪਾਕਿਸਤਾਨ ਨੇ ਭਾਰਤ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਅਤੇ ਉਸ ਦੀ ਸਮਾਪਤੀ 16 ਦਸੰਬਰ ਨੂੰ ਬੰਗਲਾਦੇਸ਼ ਦੇ ਜਨਮ ਨਾਲ ਹੋਈ। ਪਾਕਿਸਤਾਨੀ ਫੌਜ ਨੇ ਬੜੇ ਨਾਟਕੀ ਢੰਗ ਨਾਲ ਭਾਰਤੀ ਫੌਜ, ਬੀ. ਐੱਸ. ਐੱਫ. ਅਤੇ ਮੁਕਤੀ ਸੰਗ੍ਰਾਮ ਦੀਆਂ ਮੁਹਿੰਮ ਪਾਰਟੀਆਂ ਅੱਗੇ ਸਮਰਪਣ ਕਰ ਦਿੱਤਾ। ਰਾਸ਼ਟਰੀ ਪੱਧਰ ’ਤੇ ਵਿਸ਼ਾਲ ਸਮਾਗਮ ਹੋਇਆ। ਸਾਡੇ ਲੈਫਟੀਨੈਂਟ ਜਨਰਲ ਅਰੋੜਾ ਅਤੇ ਪਾਕਿਸਤਾਨ ਦੇ ਨਿਆਜੀ ਨੇ ਸੰਧੀ ’ਤੇ ਹਸਤਾਖਰ ਕੀਤੇ ਅਤੇ ਦੁਨੀਆ ਨੇ ਪਹਿਲੀ ਵਾਰ ਕਿਸੇ ਦੇਸ਼ ਦੇ 2 ਟੁਕੜੇ ਹੁੰਦੇ ਹੋਏ ਅਤੇ ਉਸ ਦੇ ਫੌਜੀਆਂ ਨੂੰ ਭਾਰਤ ਦੇ ਸਾਹਮਣੇ ਆਤਮਸਮਰਪਣ ਕਰਦੇ ਹੋਏ ਦੇਖਿਆ।

ਪਾਕਿਸਤਾਨ ਦੀ ਹਾਰ ਅਤੇ ਭਾਰਤ ਦੀ ਜਿੱਤ ਦੇ ਕਾਰਨਾਂ ’ਤੇ ਜਾਈਏ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਫੌਜੀ ਤਾਂ ਵੀਰ ਸਨ ਪਰ ਉਨ੍ਹਾਂ ਦੇ ਅਫਸਰ ਭ੍ਰਿਸ਼ਟ ਅਤੇ ਜਬਰ-ਜ਼ਨਾਹੀ ਸਨ। ਜਦ ਕੋਈ ਅਫਸਰ ਫੌਜੀ ਦੀ ਬਜਾਏ ਪ੍ਰਸ਼ਾਸਕ ਬਣ ਜਾਂਦਾ ਹੈ ਤਾਂ ਇਹੀ ਹੁੰਦਾ ਹੈ। ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਉਸ ਦੇ ਫੌਜੀ ਵੀਰ ਤਾਂ ਸਨ ਹੀ ਪਰ ਅਫਸਰ ਜ਼ਿੰਮੇਵਾਰ, ਚਰਿੱਤਰਵਾਨ, ਸਾਹਸੀ ਅਤੇ ਦੇਸ਼ ਦੀ ਆਨ-ਬਾਨ ’ਤੇ ਸਭ ਕੁਝ ਕੁਰਬਾਨ ਕਰਨ ਵਾਲੇ ਸਨ। ਉਨ੍ਹਾਂ ਨੂੰ ਖੁਦ ਨਾਲੋਂ ਵੱਧ ਆਪਣੀ ਵਰਦੀ ਦੇ ਸਨਮਾਨ ਦੀ ਚਿੰਤਾ ਸੀ।

ਸੈਮ ਬਹਾਦੁਰ

ਇਹ ਗੱਲ ਬਹੁਤ ਹੀ ਸੁੰਦਰ ਢੰਗ ਨਾਲ ਹਾਲ ਹੀ ’ਚ ਪ੍ਰਦਰਸ਼ਿਤ ਫਿਲਮ ‘ਸੈਮ ਬਹਾਦੁਰ’ ’ਚ ਭਾਰਤੀ ਫੌਜ ਦੇ ਮੁਖੀ ਸੈਮ ਮਾਨੇਕਸ਼ਾਅ ਦੇ ਕਿਰਦਾਰ ਰਾਹੀਂ ਦਰਸਾਈ ਗਈ ਹੈ। ਕੋਈ ਅਫਸਰ ਕਿਵੇਂ ਆਪਣੇ ਅਧੀਨ ਲੋਕਾਂ ਨੂੰ ਨਿਆਂ ਕਰਨਾ ਸਿਖਾਉਂਦਾ ਹੈ, ਇਸ ਦੀ ਵੀ ਉਦਾਹਰਣ ਹੈ। ਜਦ ਉਨ੍ਹਾਂ ਦੇਖਿਆ ਕਿ ਇਕ ਅਧਿਕਾਰੀ ਨੇ ਆਪਣੇ ਮਾਤਹਿਤ ਦੇ ਕਸੂਰ ਲਈ ਇਕ ਹਜ਼ਾਰ ਸੈਲਿਊਟ ਕਰਨ ਦੀ ਸਜ਼ਾ ਦਿੱਤੀ ਹੈ ਤਾਂ ਉਨ੍ਹਾਂ ਨੂੰ ਲੱਗਾ ਕਿ ਕੁਝ ਗਲਤ ਹੈ। ਉਨ੍ਹਾਂ ਕਿਹਾ ਕਿ ਸੈਲਿਊਟ ਦਾ ਜਵਾਬ ਵੀ ਦਿੱਤਾ ਜਾਂਦਾ ਹੈ, ਇਸ ਲਈ ਉਹ ਅਧਿਕਾਰੀ ਵੀ ਬਰਾਬਰ ਸੈਲਿਊਟ ਕਰੇ। ਇਸੇ ਤਰ੍ਹਾਂ ਉਨ੍ਹਾਂ ਨੇ ਸਖਤ ਹਦਾਇਤ ਦਿੱਤੀ ਸੀ ਕਿ ਜੇ ਕਿਸੇ ਨੇ ਵੀ ਕਿਸੇ ਔਰਤ ਨਾਲ ਭੈੜਾ ਸਲੂਕ ਕੀਤਾ ਤਾਂ ਉਸ ਦੀ ਖੈਰ ਨਹੀਂ। ਸਿਆਸੀ ਦਬਾਅ ਨੂੰ ਕਿਵੇਂ ਨਾਮਨਜ਼ੂਰ ਕੀਤਾ ਜਾਂਦਾ ਹੈ ਅਤੇ ਅੰਦਰੂਨੀ ਧੜੇਬੰਦੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ, ਇਸ ਦੀਆਂ ਉਦਾਹਰਣਾਂ ਇਸ ਫਿਲਮ ’ਚ ਹਨ। ਫੌਜ ਅਤੇ ਫੌਜੀਆਂ ਦੀਆਂ ਲੋੜਾਂ ਅਤੇ ਆਧੁਨਿਕ ਸਾਜ਼ੋ-ਸਾਮਾਨ ਦੀ ਪੂਰਤੀ ਕਰਵਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਸੈਮ ਮਾਨੇਕਸ਼ਾਅ ਦੀ ਸੋਚ ਅਤੇ ਹੁਨਰਮੰਦੀ ਨੇ ਇਹ ਵੀ ਬੜੀ ਆਸਾਨੀ ਨਾਲ ਕਰ ਦਿਖਾਇਆ। ਇਸ ਯੁੱਧ ’ਚ ਉਨ੍ਹਾਂ ਦੀ ਭੂਮਿਕਾ ਨੇ ਸਿੱਧ ਕਰ ਦਿੱਤਾ ਕਿ ਉਹ ਦੇਸ਼ ਦੇ ਪਹਿਲੇ ਫੀਲਡ ਮਾਰਸ਼ਲ ਬਣਨ ਦੇ ਪੂਰੀ ਤਰ੍ਹਾਂ ਅਧਿਕਾਰੀ ਸਨ।

ਸੋਚਣਾ ਇਹ ਚਾਹੀਦੈ

ਵਿਜੇ ਦਿਵਸ ’ਤੇ ਚਿੰਤਨ ਇਹ ਕਰਨਾ ਚਾਹੀਦੈ ਕਿ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਯੁੱਧ ਦੇ ਖਤਰੇ ਤੋਂ ਬਚਾਉਂਦੇ ਹੋਏ ਕੂਟਨੀਤੀ ਨਾਲ ਚੀਨ ਅਤੇ ਪਾਕਿਸਤਾਨ ਦੇ ਗਲਤ ਇਰਾਦਿਆਂ ਨੂੰ ਮਿੱਟੀ ’ਚ ਮਿਲਾਇਆ ਜਾ ਸਕਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਸਰਹੱਦਾਂ ’ਤੇ ਲੋੜੀਂਦੀ ਸੁਰੱਖਿਆ ਹੈ ਪਰ ਦੁਸ਼ਮਣ ਇਸ ’ਚ ਸੰਨ੍ਹ ਲਾਉਣ ’ਚ ਕਾਮਯਾਬ ਨਹੀਂ ਹੋਵੇਗਾ, ਇਸ ਦੀ ਗਾਰੰਟੀ ਹੋਣੀ ਚਾਹੀਦੀ ਹੈ। ਇਸ ਪਿੱਛੋਂ ਹਥਿਆਰਬੰਦ ਫੌਜਾਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕਦਮ ਚੁੱਕਣੇ ਪੈਣਗੇ। ਪਿਛਲੇ 10 ਸਾਲਾਂ ’ਚ ਹੀ ਗੰਭੀਰ ਭ੍ਰਿਸ਼ਟਾਚਾਰ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਹੋਏ ਹਨ। ਜਨਰਲ ਵਿਪਿਨ ਰਾਵਤ ਨੇ ਫੌਜ ’ਚ ਭ੍ਰਿਸ਼ਟਾਚਾਰ ਨੂੰ ਖੁਦ ਸਵੀਕਾਰਿਆ ਹੈ।

ਇਸ ਦਾ ਕਾਰਨ ਇਹੀ ਹੈ ਕਿ ਜਦ ਫੌਜੀ ਦੇ ਹੱਥ ’ਚ ਪ੍ਰਸ਼ਾਸਨ ਫੜਾ ਦਿੱਤਾ ਜਾਂਦਾ ਹੈ ਅਤੇ ਉਹ ਸਿੱਧੇ ਠੇਕੇਦਾਰਾਂ ਦੇ ਸੰਪਰਕ ’ਚ ਆਉਂਦਾ ਹੈ ਤਾਂ ਭ੍ਰਿਸ਼ਟ ਹੋਣ ਦੇ ਮੌਕੇ ਮਿਲ ਹੀ ਜਾਂਦੇ ਹਨ। ਇਹੀ ਨਹੀਂ, ਅਫਸਰ ਆਪਣੀਆਂ ਸੁੱਖ-ਸਹੂਲਤਾਂ ਯਕੀਨੀ ਬਣਾ ਲੈਂਦੇ ਹਨ ਅਤੇ ਜੋ ਫੌਜੀ ਹੈ ਉਹ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰਹਿੰਦਾ ਹੈ। ਨਿੱਜੀ ਤਜਰਬਾ ਹੈ ਕਿਉਂਕਿ ਫੌਜ ਅਤੇ ਅਰਧ-ਫੌਜੀ ਬਲਾਂ ਲਈ ਫਿਲਮਾਂ ਬਣਾਉਂਦੇ ਸਮੇਂ ਦੇਖਿਆ ਹੈ ਕਿ ਕਿਵੇਂ ਅਧਿਕਾਰੀ ਕੋਲ ਤਾਂ ਮੌਸਮ ਦੀ ਮਾਰ ਦਾ ਸਾਹਮਣਾ ਕਰਨ ਦੇ ਸਾਰੇ ਸਾਧਨ ਹਨ ਪਰ ਸਰਹੱਦ ’ਤੇ ਤਾਇਨਾਤ ਫੌਜੀ ਕੋਲ ਨਾਂਹ ਦੇ ਬਰਾਬਰ ਹਨ। ਮਾਈਨਸ ਤਾਪਮਾਨ ’ਚ ਖੁਦ ਨੂੰ ਜ਼ਿੰਦਾ ਰੱਖ ਸਕਣਾ ਅਤੇ ਆਪਣੀ ਚੌਕੀ ਦੀ ਰੱਖਿਆ ਵੀ ਕਰ ਲੈਣਾ, ਇਹ ਉਨ੍ਹਾਂ ਦਾ ਅਦਭੁਤ ਹੌਸਲਾ ਹੈ।

ਲੜਦੇ ਹੋਏ ਸ਼ਹੀਦ ਹੋ ਜਾਣਾ ਮਾਣ ਦੀ ਗੱਲ ਹੈ ਪਰ ਉਚਿਤ ਸਹੂਲਤਾਂ ਦੀ ਘਾਟ ਕਾਰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਇਕ ਵਿਕਲਾਂਗ ਦੀ ਜ਼ਿੰਦਗੀ ਬਿਤਾਉਣਾ ਇਕ ਸੱਚਾਈ ਹੈ। ਉਦਾਸੀ ਭਾਵ ਡਿਪ੍ਰੈਸ਼ਨ ਕਾਰਨ ਖੁਦਕੁਸ਼ੀ ਕਰ ਲੈਣਾ, ਆਪਣੇ ਹੀ ਸਾਥੀ ਨੂੰ ਮਾਮੂਲੀ ਜਿਹੀ ਗੱਲ ’ਤੇ ਗੋਲੀ ਮਾਰ ਦੇਣਾ ਵੀ ਸੱਚ ਹੈ। ਕੋਈ ਵੀ ਫੌਜ ਜਾਂ ਬਲ ਹੋਵੇ, ਸਿਰਫ ਦਲੇਰ ਅਖਵਾਉਣ ਲਈ ਨਹੀਂ ਹਨ ਸਗੋਂ ਉਨ੍ਹਾਂ ਦੀ ਸੁਰੱਖਿਆ ਅਤੇ ਜ਼ਰੂਰੀ ਸਹੂਲਤਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ’ਚ ਨਿਰਾਸ਼ਾ ਜਾਂ ਘਬਰਾਹਟ ਨਾ ਹੋਵੇ, ਇਸ ਵੱਲ ਸਰਕਾਰ ਦਾ ਧਿਆਨ ਹੀ ਨਹੀਂ ਜਾਂਦਾ, ਉਨ੍ਹਾਂ ਕੋਲੋਂ ਸਿਰਫ ਤਿਆਗ ਦੀ ਆਸ ਰਹਿੰਦੀ ਹੈ। ਇਹ ਕਿਵੇਂ ਸੰਭਵ ਹੈ ਕਿ ਉਨ੍ਹਾਂ ਦੀਆਂ ਮਨੁੱਖੀ ਲੋੜਾਂ ਨੂੰ ਸਮਝੇ ਅਤੇ ਪੂਰਾ ਕੀਤੇ ਬਿਨਾਂ ਉਨ੍ਹਾਂ ਕੋਲੋਂ ਸਰਵਉੱਚ ਬਲੀਦਾਨ ਦੀ ਆਸ ਰੱਖੀ ਜਾਵੇ? ਸਿਰਫ ਕੁਝ ਮੌਕਿਆਂ ’ਤੇ ਉਨ੍ਹਾਂ ਨਾਲ ਫੋਟੋਸ਼ੂਟ ਕਰਾ ਲੈਣਾ ਹੀ ਕਾਫੀ ਨਹੀਂ ਹੈ, ਫੌਜੀ ਦੇ ਮਨ ਨੂੰ ਸਮਝਣਾ ਵੀ ਜ਼ਰੂਰੀ ਹੈ। ਤ੍ਰਾਸਦੀ ਇਹ ਹੈ ਕਿ ਜਦੋਂ ਕੋਈ ਫੌਜ ਨਾਇਕ ਸਿਆਸਤ ’ਚ ਆ ਕੇ ਅਤੇ ਆਪਣੇ ਹੱਥ ’ਚ ਸ਼ਕਤੀ ਹੁੰਦੇ ਹੋਏ ਉਸ ਦੀ ਵਰਤੋਂ ਨਹੀਂ ਕਰਦਾ, ਫੌਜੀਆਂ ਦੀ ਦਸ਼ਾ ਸੁਧਾਰਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੇ ਜਾਣ ਦੀ ਵਿਵਸਥਾ ਕਰਨ ਤੋਂ ਖੁੰਝ ਜਾਂਦਾ ਹੈ ਤਾਂ ਕੀ ਕਿਹਾ ਜਾਵੇ?
 


Tanu

Content Editor

Related News