ਮੰਦਰ, ਮਸਜਿਦ ਵਿਵਾਦ ਨੂੰ ਲੈ ਕੇ ਸੰਘ ਪ੍ਰਮੁੱਖ ਭਾਗਵਤ ਦੀਆਂ ਖਰੀਆਂ ਗੱਲਾਂ
Sunday, Dec 22, 2024 - 03:25 AM (IST)
1975 ਦੇ ਅਖੀਰ ਵਿਚ ਜਦੋਂ ਦੇਸ਼ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਲਾਈ ਹੋਈ ਐਮਰਜੈਂਸੀ ਨਾਲ ਜੂਝ ਰਿਹਾ ਸੀ, ਪਸ਼ੂ ਚਿਕਿਤਸਾ ਵਿਚ ਆਪਣੀ ਪੋਸਟ ਗ੍ਰੈਜੂਏਸ਼ਨ ਅਧੂਰੀ ਛੱਡ ਕੇ ‘ਮੋਹਨ ਰਾਵ ਮਧੁਕਰ ਰਾਵ ਭਾਗਵਤ’ ਰਾਸ਼ਟਰੀ ਸਵੈਮਸੇਵਕ ਸੰਘ ਦੇ ਕੁਲਵਕਤੀ ਸਵੈਮਸੇਵਕ ਬਣ ਗਏ। ਉਹ ਵੱਖ-ਵੱਖ ਅਹੁਦਿਆਂ ਤੋਂ ਗੁਜ਼ਰਦੇ ਹੋਏ 2009 ਤੋਂ ਇਸ ਦੇ ਸਰਸੰਘ ਚਾਲਕ ਹਨ ਅਤੇ ਸਮੇਂ-ਸਮੇਂ ’ਤੇ ਧਰਮ, ਸਮਾਜ ਅਤੇ ਸਿਆਸਤ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਆਪਣੀ ਰਾਇ ਦਿੰਦੇ ਰਹਿੰਦੇ ਹਨ।
ਇਸੇ ਲੜੀ ਵਿਚ 20 ਦਸੰਬਰ ਨੂੰ ਮੋਹਨ ਭਾਗਵਤ ਨੇ ਪੁਣੇ ਵਿਚ ਆਯੋਜਿਤ ‘ਸਹਿ ਜੀਵਨ ਵਿਆਖਿਆਨ ਮਾਲਾ’ ’ਚ ‘ਭਾਰਤ ਵਿਸ਼ਵ ਗੁਰੂ’ ਵਿਸ਼ੇ ’ਤੇ ਲੈਕਚਰ ਦਿੱਤਾ ਅਤੇ ਭਾਰਤੀ ਸਮਾਜ ਦੀ ਵਿਭਿੰਨਤਾ ਨੂੰ ਦਰਸਾਉਂਦਿਆਂ ਮੰਦਰ-ਮਸਜਿਦ ਵਿਵਾਦਾਂ ਦੇ ਫਿਰ ਤੋਂ ਉੱਠਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਪਿੱਛੋਂ ਕੁਝ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਅਜਿਹੇ ਮੁੱਦਿਆਂ ਨੂੰ ਉਠਾ ਕੇ ਉਹ ਹਿੰਦੂਆਂ ਦੇ ਆਗੂ ਬਣ ਸਕਦੇ ਹਨ, ਇਹ ਮਨਜ਼ੂਰ ਨਹੀਂ ਹੈ। ਰਾਮ ਮੰਦਰ ਦਾ ਨਿਰਮਾਣ ਇਸ ਲਈ ਕੀਤਾ ਗਿਆ ਕਿਉਂਕਿ ਇਹ ਸਾਰੇ ਹਿੰਦੂਆਂ ਦੀ ਆਸਥਾ ਦਾ ਵਿਸ਼ਾ ਸੀ।
ਰਾਮ ਮੰਦਰ ਹੋਣਾ ਚਾਹੀਦਾ ਸੀ ਅਤੇ ਹੋਇਆ ਪਰ ਰੋਜ਼ ਨਵੇਂ ਮੁੱਦੇ ਉਠਾ ਕੇ ਨਫਰਤ ਅਤੇ ਦੁਸ਼ਮਣੀ ਫੈਲਾਉਣਾ ਜਾਇਜ਼ ਨਹੀਂ। ਹਰ ਦਿਨ ਇਕ ਨਵਾਂ ਵਿਵਾਦ ਉਠਾਇਆ ਜਾ ਰਿਹਾ ਹੈ।ਇਸ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਇਹ ਜਾਰੀ ਨਹੀਂ ਰਹਿ ਸਕਦਾ।
ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪਣਾਉਣ ਵਾਲੇ ਸਮਾਜ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਦੁਨੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਭਾਰਤ ਦੇਸ਼ ਸਦਭਾਵਨਾ ਨਾਲ ਇਕੱਠਾ ਰਹਿ ਸਕਦਾ ਹੈ। ‘ਰਾਮਕ੍ਰਿਸ਼ਨ ਮਿਸ਼ਨ’ ਵਿਚ ‘ਕ੍ਰਿਸਮਸ’ ਮਨਾਈ ਜਾਂਦੀ ਹੈ। ਸਿਰਫ ਅਸੀਂ ਹੀ ਅਜਿਹਾ ਕਰ ਸਕਦੇ ਹਾਂ, ਕਿਉਂਕਿ ਅਸੀਂ ਹਿੰਦੂ ਹਾਂ।
ਭਾਗਵਤ ਅਨੁਸਾਰ ਬਾਹਰ ਤੋਂ ਆਏ ਕੁਝ ਸਮੂਹ ਆਪਣੇ ਨਾਲ ਕੱਟੜਤਾ ਲੈ ਕੇ ਆਏ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁਰਾਣਾ ਸ਼ਾਸਨ ਵਾਪਸ ਆ ਜਾਵੇ ਪਰ ਹੁਣ ਦੇਸ਼ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ। ਕੌਣ ਘੱਟਗਿਣਤੀ ਹੈ ਅਤੇ ਕੌਣ ਬਹੁਗਿਣਤੀ? ਇਥੇ ਸਾਰੇ ਬਰਾਬਰ ਹਨ। ਲੋੜ ਸਦਭਾਵਨਾ ਨਾਲ ਰਹਿਣ ਅਤੇ ਕਾਇਦੇ-ਕਾਨੂੰਨਾਂ ਦਾ ਪਾਲਣ ਕਰਨ ਦੀ ਹੈ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ 3 ਜੂਨ, 2022 ਨੂੰ ਵੀ ਸ਼੍ਰੀ ਭਾਗਵਤ ਨੇ ਨਾਗਪੁਰ ਵਿਚ ਸਵੈਮਸੇਵਕਾਂ ਨੂੰ ਇਕ ਸਭਾ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਈ ਸੰਦੇਸ਼ ਦਿੱਤੇ ਸਨ, ਜਿਨ੍ਹਾਂ ਵਿਚ ਉਨ੍ਹਾਂ ਨੇ ਸ਼ਰਧਾ ਅਤੇ ਇਤਿਹਾਸਕ ਤੱਥਾਂ ਦੇ ਆਧਾਰ ’ਤੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ’ਤੇ ਹਿੰਦੂ ਦਾਅਵੇ ਦੀ ਹਮਾਇਤ ਕੀਤੀ ਸੀ, ਪਰ ਇਸ ਦੇ ਨਾਲ ਹੀ ਜ਼ੋਰ ਦੇ ਕੇ ਇਹ ਵੀ ਕਿਹਾ ਸੀ ਕਿ ‘ਰਾਸ਼ਟਰੀ ਸਵੈਮਸੇਵਕ ਸੰਘ’ ਦੇਸ਼ ਭਰ ਵਿਚ ਕੀਤੇ ਜਾ ਰਹੇ ਅਜਿਹੇ ਦਾਅਵਿਆਂ ਦੀ ਹਮਾਇਤ ਨਹੀਂ ਕਰਦਾ।
ਉਨ੍ਹਾਂ ਨੇ ਇਸ ਤੱਥ ਨੂੰ ਦੁਹਰਾਇਆ ਸੀ ਕਿ ਹਮਲਾਵਰਾਂ ਰਾਹੀਂ ਇਸਲਾਮ ਭਾਰਤ ਵਿਚ ਆਇਆ ਸੀ ਪਰ ਜਿਨ੍ਹਾਂ ਮੁਸਲਮਾਨਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ, ਉਹ ਬਾਹਰਲੇ ਨਹੀਂ ਹਨ, ਇਸ ਨੂੰ ਸਮਝਣ ਦੀ ਲੋੜ ਹੈ। ਭਾਵੇਂ ਹੀ ਉਨ੍ਹਾਂ ਦੀ ਪ੍ਰਾਰਥਨਾ (ਭਾਰਤ ਤੋਂ) ਬਾਹਰੋਂ ਆਈ ਹੋਵੇ ਅਤੇ ਉਹ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਚੰਗੀ ਗੱਲ ਹੈ। ਸਾਡੇ ਇਥੇ ਕਿਸੇ ਪੂਜਾ ਦਾ ਵਿਰੋਧ ਨਹੀਂ ਹੈ। ਮਸਜਿਦਾਂ ਵਿਚ ਜੋ ਹੁੰਦਾ ਹੈ, ਉਹ ਵੀ ਇਬਾਦਤ ਦਾ ਹੀ ਇਕ ਰੂਪ ਹੈ। ਠੀਕ ਹੈ ਇਹ ਬਾਹਰ ਤੋਂ ਆਇਆ ਹੈ।
ਭਾਗਵਤ ਅਨੁਸਾਰ ਹਿੰਦੂਆਂ ਦੇ ਦਿਲਾਂ ਵਿਚ ਖਾਸ ਮਹੱਤਵ ਰੱਖਣ ਵਾਲੇ ਮੰਦਰਾਂ ਦੇ ਮੁੱਦੇ ਹੁਣ ਉਠਾਏ ਜਾ ਰਹੇ ਹਨ ... ਹਰ ਰੋਜ਼ ਕੋਈ ਨਵਾਂ ਮੁੱਦਾ ਨਹੀਂ ਉਠਾਇਆ ਜਾਣਾ ਚਾਹੀਦਾ। ਝਗੜੇ ਕਿਉਂ ਵਧਾਉਂਦੇ ਹੋ? ‘ਗਿਆਨਵਾਪੀ’ ਨੂੰ ਲੈ ਕੇ ਸਾਡੀ ਆਸਥਾ ਪੀੜ੍ਹੀਆਂ ਤੋਂ ਚੱਲੀ ਆ ਰਹੀ ਹੈ। ਅਸੀਂ ਜੋ ਕਰ ਰਹੇ ਹਾਂ ਉਹ ਠੀਕ ਹੈ ਪਰ ਹਰ ਮਸਜਿਦ ’ਚ ਸ਼ਿਵਲਿੰਗ ਦੀ ਭਾਲ ਕਿਉਂ?
ਸਪਾ ਆਗੂ ਰਾਮਗੋਪਾਲ ਯਾਦਵ ਨੇ ਕਿਹਾ ਹੈ ਕਿ ਮੋਹਨ ਭਾਗਵਤ ਜੀ ਨੇ ਸਹੀ ਕਿਹਾ ਹੈ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ। ਸ਼੍ਰੀ ਭਾਗਵਤ ਦੀਆਂ ਉਕਤ ਗੱਲਾਂ ’ਤੇ ਕੋਈ ਟਿੱਪਣੀ ਨਾ ਕਰਦੇ ਹੋਏ ਅਸੀਂ ਇੰਨਾ ਹੀ ਕਹਾਂਗੇ ਕਿ ਭਾਜਪਾ ਦੀ ਮਾਤਰੀ ਸੰਸਥਾ ‘ਰਾਸ਼ਟਰੀ ਸਵੈਮਸੇਵਕ ਸੰਘ’ ਦੇ ਪ੍ਰਮੁੱਖ ਹੋਣ ਦੇ ਨਾਤੇ ਸ਼੍ਰੀ ਮੋਹਨ ਭਾਗਵਤ ਦਾ ਹਰ ਕਥਨ ਮਾਅਨੇ ਰੱਖਦਾ ਹੈ।
ਇਸ ਕਾਰਨ ਭਾਗਵਤ ਦੀਆਂ ਉਕਤ ਗੱਲਾਂ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਬੇਲੋੜੇ ਵਿਵਾਦਾਂ ਵਿਚ ਉਲਝੇ ਬਿਨਾਂ ਸ਼ਾਂਤੀ ਅਤੇ ਸੁਹਿਰਦਤਾ ਭਰੇ ਵਾਤਾਵਰਣ ਵਿਚ ਦੇਸ਼ ਤਰੱਕੀ ਕਰਦਾ ਰਹੇ।
-ਵਿਜੇ ਕੁਮਾਰ