ਅੰਤਰਰਾਸ਼ਟਰੀ ਪੱਧਰ ’ਤੇ ਮੋਦੀ ਦੀ ਸ਼ਾਨ ਵਧਣ ਦੀ ਉਮੀਦ

Tuesday, Jun 27, 2023 - 05:22 PM (IST)

ਅੰਤਰਰਾਸ਼ਟਰੀ ਪੱਧਰ ’ਤੇ ਮੋਦੀ ਦੀ ਸ਼ਾਨ ਵਧਣ ਦੀ ਉਮੀਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਯਾਤਰਾ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸਦੇ ਨਾਲ-ਨਾਲ ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਹਾਜ਼ਰੀ ਨੂੰ ਵਧਾਇਆ ਹੈ। ਇਸ ਯਾਤਰਾ ਨੇ ਪ੍ਰਵਾਸੀ ਭਾਰਤੀਆਂ ਅਤੇ ਵਪਾਰਕ ਆਗੂਆਂ ਨਾਲ ਉਨ੍ਹਾਂ ਦੇ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ। ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਪ੍ਰਵਾਸੀ ਭਾਰਤੀ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਭਾਈਚਾਰਾ ਬਣ ਗਏ ਹਨ।

ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਮੋਦੀ ਇਸ ਭਾਈਚਾਰੇ ਨੂੰ ਆਪਣੇ ਪੱਖ ’ਚ ਕਰਨ ਲਈ ਕੰਮ ਕਰਦੇ ਰਹੇ। ਉਨ੍ਹਾਂ ਨੇ ਅਮਰੀਕਾ , ਗ੍ਰੇਟ ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਉਨ੍ਹਾਂ ਨਾਲ ਮਜ਼ਬੂਤ ਰਿਸ਼ਤੇ ਬਣਾਉਣੇ ਜਾਰੀ ਰੱਖੇ ਜੋ ਫਾਇਦੇਮੰਦ ਸਾਬਿਤ ਹੋਏ।

ਪ੍ਰਧਾਨ ਮੰਤਰੀ ਇਸ ਗੱਲ ਤੋਂ ਖੁਸ਼ ਸਨ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਤੋਂ ਚੋਟੀ ਦਾ ਸਨਮਾਨ ਮਿਲਿਆ। ਇਸ ’ਚ ਵ੍ਹਾਈਟ ਹਾਊਸ ਤੋਂ ਇਕ ਸਰਕਾਰੀ ਰਾਤਰੀ ਭੋਜ, ਬਲੇਅਰ ਹਾਊਸ ’ਚ ਰਿਹਾਇਸ਼ ਅਤੇ ਨੌਂ ਸਾਲਾਂ ’ਚ ਦੂਜੀ ਵਾਰ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ।

ਪਹਿਲਾਂ ਵਾਲੇ ਵੀਜ਼ਾ ਦੇਣ ਤੋਂ ਇਨਕਾਰ ਦੇ ਬਾਵਜੂਦ ਅਮਰੀਕਾ ਨਾਲ ਮੋਦੀ ਦਾ ਸਹਿਯੋਗ ਵਧਿਆ ਹੈ। ਇਹ ਭਾਰਤ ਦੀ ਵਧਦੀ ਅਰਥਵਿਵਸਥਾ, ਮਜ਼ਬੂਤ ਫੌਜ ਅਤੇ ਸਿੱਖਿਅਤ ਪ੍ਰਵਾਸੀ ਕਾਰਜ ਬਲ ਦੇ ਕਾਰਨ ਸੀ। ਭਾਰਤ-ਅਮਰੀਕਾ ਸਬੰਧ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੀ ਗੈਰ-ਦਖਲਅੰਦਾਜ਼ੀ ਨੀਤੀ ਤੋਂ ਵਰਤਮਾਣ ਜ਼ਿਆਦਾ ਉਦਾਰ ਦ੍ਰਿਸ਼ਟੀਕੋਣ ਵੱਲ ਵਧ ਗਏ ਹਨ।

ਦਹਾਕਿਆਂ ਤੋਂ ਭਾਜਪਾ ਨੇ ਇਕ ਸ਼ਕਤੀਸ਼ਾਲੀ ਵਿਦੇਸ਼ੀ ਲਾਬੀ ਬਣਾਈ ਹੈ। ‘ਦਿ ਫ੍ਰੈਂਡਜ਼ ਆਫ ਬੀਜੇਪੀ’ ਅਮਰੀਕਾ ’ਚ ਇਕ ਪ੍ਰਭਾਵਸ਼ਾਲੀ ਸੰਗਠਨ ਹੈ। 60 ਦੇ ਦਹਾਕੇ ਤੋਂ ਬਿੰਦੂ ਸਵੈਮ-ਸੇਵਕ ਸੰਘ ਅਮਰੀਕਾ ’ਚ ਸੰਘ ਪਰਿਵਾਰ ਦੇ ਵਿਦੇਸ਼ੀ ਸੰਗਠਨ ਦੇ ਰੂਪ ’ਚ ਕੰਮ ਕਰ ਰਿਹਾ ਸੀ।

ਪਹਿਲਾਂ ਦੇ ਭਾਜਪਾ ਸ਼ਾਸਨ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਜ਼ਿਆਦਾ ਮਾਨਤਾ ਮਿਲੀ। ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ‘ਪ੍ਰਵਾਸੀ ਦਿਵਸ’ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਅਮਰੀਕੀਆਂ ਨੂੰ ਸਨਮਾਨ ਦਿੱਤਾ। ਉਨ੍ਹਾਂ ਨੇ ਇਕ ਐੱਨ.ਆਰ.ਆਈ. ਅਗਨੀਹੋਤਰੀ ਨੂੰ ਰਾਜਦੂਤ ਨਿਯੁਕਤ ਕੀਤਾ ਸੀ। ਫਿਰ ਵੀ ਅਮਰੀਕੀ ਸਰਕਾਰ ਨੇ ਦੂਸਰੇ ਰਾਜਦੂਤ ਨੂੰ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਮੋਦੀ ਨੇ ਜ਼ਿਆਦਾ ਸੌਖੀ ਵੀਜ਼ਾ ਵਿਵਸਥਾ ਅਤੇ ਪ੍ਰਵਾਸੀ ਭਾਰਤੀ ਕਾਰਡ ਵਰਗੀਆਂ ਕਈ ਸਹੂਲਤਾਂ ਦੇ ਕੇ ਉਨ੍ਹਾਂ ਨਾਲ ਲਾਡ-ਪਿਆਰ ਕੀਤਾ। ਪ੍ਰਵਾਸੀ ਵੋਟਿੰਗ ਦਾ ਅਧਿਕਾਰ ਚਾਹੁੰਦੇ ਹਨ ਪਰ ਇਸ ’ਚ ਕਾਫੀ ਸਮਾਂ ਲੱਗੇਗਾ।

ਆਪਣੇ ਪੂਰੇ ਭਾਸ਼ਣਾਂ ’ਚ, ਜਿਸ ’ਚ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਵੀ ਸ਼ਾਮਲ ਹੈ, ਮੋਦੀ ਨੇ ਭਾਰਤੀ ਅਮਰੀਕੀਆਂ ਲਈ ਬਹੁਤ ਪ੍ਰਸ਼ੰਸਾ ਪ੍ਰਗਟਾਈ। ਉਨ੍ਹਾਂ ਨੇ ਭਾਰਤ ਨੂੰ ਤੇਜ਼ੀ ਨਾਲ ਵਧਦੀ ਵਿਸ਼ਵ ਸ਼ਕਤੀ ਦੇ ਰੂਪ ’ਚ ਪੇਸ਼ ਕੀਤਾ। ਉਨ੍ਹਾਂ ’ਚ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਦੇ ਹੋਏ, ਉਨ੍ਹਾਂ ਨੇ ਭਾਰਤ ’ਚ ਆਪਣੇ ਚੋਣ ਖੇਤਰ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਹਮਾਇਤ ਦੀ ਵਰਤੋਂ ਕੀਤੀ।

ਪ੍ਰਵਾਸੀ ਭਾਰਤੀਆਂ ਨੇ ਮੋਦੀ ਦਾ ਸਵਾਗਤ ਕਰਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵੱਡੀ ਗਿਣਤੀ ’ਚ ਆ ਕੇ ਪ੍ਰਤੀਕਿਰਿਆ ਦਿੱਤੀ। ਮੋਦੀ ਦੇ ਨਿਊਯਾਰਕ ਪਹੁੰਚਣ ’ਤੇ ਪ੍ਰਵਾਸੀ ਭਾਰਤੀਆਂ ਨੇ ‘ਮੋਦੀ-ਮੋਦੀ’, ਫਿਰ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਵਰਗੇ ਨਾਅਰੇ ਲਾਏ। ਉਨ੍ਹਾਂ ਨੇ ਵ੍ਹਾਈਟ-ਹਾਊਸ ਦੇ ਸਾਊਥ ਲਾਅਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਵਾਗਤੀ ਭਾਸ਼ਣ ਦੌਰਾਨ ਉਨ੍ਹਾਂ ਦਾ ਉਤਸ਼ਾਹ ਵਧਾਇਆ।

ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਮਰੀਕਾ - ਭਾਰਤ ਸਬੰਧਾਂ ਦੀ ‘ਅਸਲੀ ਤਾਕਤ’ ਕਿਹਾ। ਉਨ੍ਹਾਂ ਨੇ ਜਵਾਬ ਦਿੱਤਾ, ‘‘ਮੈਂ ਇੱਥੇ ਕਈ ਵਾਰ ਆਇਆ ਹਾਂ ਪਰ ਅੱਜ ਪਹਿਲੀ ਵਾਰ ਵ੍ਹਾਈਟ ਹਾਊਸ ਦੇ ਦਰਵਾਜ਼ੇ ਇੰਨੀ ਵੱਡੀ ਸੰਖਿਆ ’ਚ ਭਾਰਤੀ-ਅਮਰੀਕੀ ਭਾਈਚਾਰੇ ਲਈ ਖੋਲ੍ਹੇ ਗਏ ਹਨ।’’

ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ, ‘‘ਉਹ ਸਪੈਲਿੰਗ ਬੀ ਹੀ ਨਹੀਂ ਬਲਕਿ ਹਰ ਖੇਤਰ ’ਚ ਪ੍ਰਭਾਵਸ਼ਾਲੀ ਹਨ ਅਤੇ ਉਨ੍ਹਾਂ ਨੇ ਅਮਰੀਕਾ ਨਾਲ ਦੇਸ਼ ਦੇ ਸਬੰਧਾਂ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।’’

ਪ੍ਰਵਾਸੀ ਭਾਰਤੀਆਂ ਨੇ ਉਤਸ਼ਾਹਪੂਰਵਕ ਪ੍ਰਤੀਕਿਰਿਆ ਦਿੱਤੀ। 2014 ’ਚ ਨਿਊਯਾਰਕ ਦੇ ਮੈਡੀਸਨ ਸਕਵਾਇਰ ਪ੍ਰੋਗਰਾਮ ’ਚ ਮੋਦੀ ਦੀ ਮੁਲਾਕਾਤ ਨੇ ਅਮਰੀਕੀਆਂ ਨੂੰ ਪ੍ਰਭਾਵਿਤ ਕੀਤਾ ਸੀ। ਬਾਅਦ ’ਚ ਹਿਊਸਟਨ ’ਚ ‘ਹਾਊਡੀ ਮੋਦੀ’ ਰੈਲੀ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਹੈਰਾਨ ਕਰ ਦਿੱਤਾ ਸੀ।

ਬਾਈਡੇਨ ਅਤੇ ਮੋਦੀ ਦੋਵੇਂ ਚਾਰ ਮਿਲੀਅਨ (40 ਲੱਖ) ਮਜ਼ਬੂਤ ਭਾਰਤੀ ਅਮਰੀਕੀ ਭਾਈਚਾਰੇ ਦੀ ਸਿਆਸੀ ਸ਼ਕਤੀ ਨੂੰ ਸਵੀਕਾਰ ਕਰਦੇ ਹਨ। ਉਹ ਅਮਰੀਕਾ ’ਚ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਭਾਈਚਾਰਾ ਹੈ। ਉਸਦੇ ਵੋਟ ਕਈ ਸਵਿੰਗ ਸੂਬਿਆਂ ’ਚ ਮਹੱਤਵਪੂਰਨ ਹਨ। 2020 ਦੀਆਂ ਚੋਣਾਂ ’ਚ 74 ਫੀਸਦੀ ਭਾਰਤੀ ਅਮਰੀਕੀ ਵੋਟਰਾਂ ਨੇ ਸਿਆਸੀ ਦ੍ਰਿਸ਼ ’ਤੇ ਆਪਣੇ ਮਹੱਤਵ ਨੂੰ ਦਰਸਾਉਂਦਿਆਂ ਬਾਈਡੇਨ ਦੀ ਹਮਾਇਤ ਕੀਤੀ।

ਮੋਦੀ ਨੂੰ ਤਿੰਨ ਅਮਰੀਕੀ ਰਾਸ਼ਟਰਪਤੀਆਂ - ਬਰਾਕ ਓਬਾਮਾ, ਟ੍ਰੰਪ ਅਤੇ ਬਾਈਡੇਨ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਤਿੰਨਾਂ ਨੇ ਆਪਣੇ ਪ੍ਰਸ਼ਾਸਨ ’ਚ ਭਾਰਤੀ ਪ੍ਰਵਾਸੀਆਂ ਦੇ ਜ਼ਿਆਦਾ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ।

ਮੌਜੂਦਾ ਸਮੇਂ ’ਚ ਬਾਈਡੇਨ ਨੇ 130 ਭਾਰਤੀ ਅਮਰੀਕੀਆਂ ਨੂੰ ਮੁੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਦੋਵੇਂ ਆਪਣੇ ਆਪ ’ਚ ਮੋਹਰੀ ਹਨ। ਕੁਝ ਬਿਜ਼ਨੈੱਸ ਲੀਡਰ ਦੋ ਦਰਜਨ ਤੋਂ ਵੱਧ ਅਮਰੀਕੀ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ ਜਿਨ੍ਹਾਂ ’ਚ ਗੂਗਲ ਦੇ ਮੁਖੀ ਸੁੰਦਰ ਪਿਚਾਈ ਅਤੇ ਮਾਈਕ੍ਰੋਸਾਫਟ ਦੇ ਸੱਤਿਆ ਨਾਡੇਲਾ ਵੀ ਸ਼ਾਮਲ ਹਨ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਪਿਛਲੇ ਇਕ ਦਹਾਕਿਆਂ ’ਚ ਵਪਾਰ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਭਾਰਤ ਕਵਾਡ ਅਤੇ ਜੀ -20 ਵਰਗੇ ਅੰਤਰਰਾਸ਼ਟਰੀ ਸਮੂਹਾਂ ਦਾ ਮੈਂਬਰ ਬਣ ਗਿਆ ਹੈ।

ਹਾਲਾਂਕਿ ਵਾਸ਼ਿੰਗਟਨ ’ਚ ਮੋਦੀ ਦੇ ਪੱਖ ਅਤੇ ਵਿਰੋਧ ’ਚ ਰਹਿਣ ਵਾਲੇ ਸਮੂਹ ਜਾਂ ਤਾਂ ਉਨ੍ਹਾਂ ਦੀ ਹਮਾਇਤ ’ਚ ਆਏ ਜਾਂ ਵਿਰੋਧ ਲਈ ਇਕੱਠੇ ਆਏ। ਮੋਦੀ ਦੇ ਮਨੁੱਖੀ ਆਧਾਰ ਟ੍ਰੈਕ ਰਿਕਾਰਡ ’ਤੇ ਕਿਸੇ ਦਾ ਧਿਆਨ ਨਹੀਂ ਗਿਆ। 20 ਜੂਨ ਨੂੰ 75 ਅਮਰੀਕੀ ਸੈਨੇਟਰਾਂ ਅਤੇ ਕਾਂਗਰਸ ਦੇ ਮੈਂਬਰਾਂ ਨੇ ਰਾਸ਼ਟਰਪਤੀ ਬਾਈਡੇਨ ਨੂੰ ਇਕ ਪੱਤਰ ਲਿਖਿਆ ਜਿਸ ’ਚ ਸਿਆਸੀ ਜ਼ਮੀਨ ਦੇ ਸੰੁਗੜਨ ਅਤੇ ਧਾਰਮਿਕ ਅਸਹਿਣਸ਼ੀਲਤਾ ਦੇ ਵਧਣ ਵਰਗੇ ਮੁੱਦਿਆਂ ’ਤੇ ਚਿੰਤਾਵਾਂ ਨੂੰ ਜ਼ਾਹਿਰ ਕੀਤਾ। ਸਾਊਥ ਬਲਾਕ ਦਾ ਇਰਾਦਾ ਯਾਤਰਾ ਦੀ ਸਫਲਤਾ ਨੂੰ ਭੁੰਨਾਉਣ ਅਤੇ ਸਤੰਬਰ ’ਚ ਨਵੀਂ ਦਿੱਲੀ ਆਗਾਮੀ ਜੀ-20 ਸਿਖਰ ਸੰਮਲੇਨ ਲਈ ਰਾਹ ਪੱਧਰਾ ਕਰਨਾ ਹੈ। ਇਨ੍ਹਾਂ ਯਤਨਾਂ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਧਾਨ ਮੰਤਰੀ ਦੀ ਸ਼ਾਨ ਵਧਣ ਦੀ ਉਮੀਦ ਹੈ।

ਕਲਿਆਣੀ ਸ਼ੰਕਰ


author

Rakesh

Content Editor

Related News