ਮਾਨਸਿਕ ਸਿਹਤ ਵੀ ਬੇਹੱਦ ਜ਼ਰੂਰੀ

12/17/2021 3:49:15 AM

ਰੰਜਨਾ ਮਿਸ਼ਰਾ 
ਸਾਡੇ ਸਰੀਰ ’ਤੇ ਲੱਗੀ ਹੋਈ ਸੱਟ ਤਾਂ ਸਾਰਿਆਂ ਨੂੰ ਦਿਖਾਈ ਦਿੰਦੀ ਹੈ ਪਰ ਮਨ ’ਤੇ ਕਿੰਨੀ ਵੀ ਡੂੰਘੀ ਸੱਟ ਿਕਉਂ ਨਾ ਲੱਗੀ ਹੋਵੇ, ਉਹ ਕਿਸੇ ਨੂੰ ਪਤਾ ਨਹੀਂ ਲੱਗਦੀ। ਸਰੀਰ ਦੇ ਜ਼ਖਮ ਤਾਂ ਦਵਾਈ ਲੱਗਣ ਨਾਲ ਭਰ ਜਾਂਦੇ ਹਨ ਪਰ ਮਨ ਦੇ ਜ਼ਖਮਾਂ ਦੀ ਕੋਈ ਦਵਾਈ ਨਹੀਂ ਬਣੀ। ਅਸੀਂ ਬਾਹਰੋਂ ਕਿੰਨੇ ਵੀ ਸੁੰਦਰ ਕੱਪੜੇ ਪਹਿਨ ਲਈਏ, ਸਰੀਰਕ ਤੌਰ ’ਤੇ ਕਿੰਨੇ ਵੀ ਸੁੰਦਰ ਦਿਸੀਏ, ਕਿੰਨੀ ਹੀ ਚਕਾਚੌਂਧ ਭਰੀ ਦੁਨੀਆ ’ਚ ਰਹਿ ਲਈਏ ਪਰ ਮਨ ਦੀਆਂ ਡੂੰਘਾਈਆਂ ’ਚ ਝਾਤੀ ਮਾਰ ਕੇ ਦੇਖੀਏ ਤਾਂ ਖੁਦ ਨੂੰ ਇਕੱਲਾ ਪਾਓਗੇ? ਅੱਜ ਦੇ ਵੱਡੇ-ਵੱਡੇ ਸੈਲੀਬ੍ਰਿਟੀਜ਼ ਹੋਣ ਜਾਂ ਕੋਈ ਆਮ ਵਿਅਕਤੀ ਸਾਰੇ ਅਜਿਹੀ ਹੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਹ ਅੰਦਰੋਂ ਪ੍ਰੇਸ਼ਾਨ ਤਾਂ ਹਨ ਪਰ ਦੁਨੀਆ ਨੂੰ ਦਿਖਾਉਣਾ ਨਹੀਂ ਚਾਹੁੰਦੇ।

ਹੁਣੇ ਹਾਲ ਹੀ ’ਚ ਅਮਰੀਕਾ ਦੀ ਸੁਪਰ ਮਾਡਲ ਅਤੇ ਅਭਿਨੇਤਰੀ ਬੇਲਾ ਹਦੀਦ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ ’ਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀਆਂ ਤਸਵੀਰਾਂ ਤੋਂ ਸਾਫ ਸਮਝ ’ਚ ਆ ਰਿਹਾ ਸੀ ਕਿ ਉਨ੍ਹਾਂ ਦੇ ਦਿਲ ’ਤੇ ਡੂੰਘੇ ਜ਼ਖਮ ਹਨ ਅਤੇ ਉਨ੍ਹਾਂ ਜ਼ਖਮਾਂ ਦਾ ਖੂਨ ਉਨ੍ਹਾਂ ਦੀਆਂ ਅੱਖਾਂ ’ਚੋਂ ਅੱਥਰੂ ਬਣ ਕੇ ਨਿਕਲ ਰਿਹਾ ਹੈ। ਬੇਲਾ ਹਦੀਦ ਦੀ ਉਮਰ 25 ਸਾਲ ਹੈ। ਉਹ ਦੁਨੀਆ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਮਾਡਲ ਹਨ।

ਬੇਲਾ ਹਦੀਦ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਲਿਖਿਆ ਕਿ ਸਾਲਾਂ ਤੋਂ ਉਨ੍ਹਾਂ ਦੇ ਦਿਨ-ਰਾਤ ਇੰਝ ਹੀ ਲੰਘ ਰਹੇ ਹਨ, ਭਾਵ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਰੋਂਦੇ ਹੋਏ ਹੁੰਦੀ ਹੈ ਅਤੇ ਦਿਨ ਦਾ ਅੰਤ ਵੀ ਹੰਝੂਆਂ ਦੇ ਨਾਲ ਹੁੰਦਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਫੇਕ (ਨਕਲੀ) ਹੈ। ਇੱਥੇ ਚੀਜ਼ਾਂ ਸ਼ਾਨਦਾਰ ਤਾਂ ਦਿਖਾਈ ਦਿੰਦੀਆਂ ਹਨ ਪਰ ਅਸਲ ’ਚ ਉਹੋ ਜਿਹੀਆਂ ਹੁੰਦੀਆਂ ਨਹੀਂ। ਉਨ੍ਹਾਂ ਨੇ ਆਪਣੀ ਪੋਸਟ ’ਚ ਇਹ ਵੀ ਲਿਖਿਆ ਕਿ ਉਹ ਕਈ ਵਾਰ ਬਰਨਆਊਟ ਅਤੇ ਬ੍ਰੇਕਡਾਊਨ ਦਾ ਸ਼ਿਕਾਰ ਹੋ ਚੁੱਕੀ ਹੈ।

ਬੇਲਾ ਹਦੀਦ ਨੇ ਮਸ਼ਹੂਰ ਅਮਰੀਕੀ ਅਭਿਨੇਤਾ ਵਿਲ ਸਮਿਥ ਦੀ ਧੀ ਅਤੇ ਗਾਇਕਾ ਵਿਲੋ ਸਮਿਥ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ, ਜਿਸ ’ਚ ਉਹ ਮਾਨਸਿਕ ਸਿਹਤ ’ਤੇ ਗੱਲ ਕਰ ਰਹੀਆਂ ਹਨ। ਵਿਲੋ ਸਮਿਥ ਵੀ ਬੇਲਾ ਹਦੀਦ ਦੇ ਵਾਂਗ ਬਰਨ ਆਊਟ ਅਤੇ ਬ੍ਰੇਕਡਾਊਨ ਦਾ ਸ਼ਿਕਾਰ ਰਹਿ ਚੁੱਕੀ ਹੈ।

ਬੇਲਾ ਹਦੀਦ ਦੀ ਕਹਾਣੀ ਦੱਸਦੀ ਹੈ ਕਿ ਵੱਡੇ-ਵੱਡੇ ਸਟਾਰ, ਮਾਡਲ ਅਤੇ ਸੈਲੀਬ੍ਰਿਟੀਜ਼ ਜਿਨ੍ਹਾਂ ਨੂੰ ਅਸੀਂ ਆਪਣੇ ਨਾਇਕ ਜਾਂ ਨਾਇਕਾਵਾਂ ਸਮਝ ਬੈਠਦੇ ਹਾਂ ਉਹ ਅਸਲ ’ਚ ਇਕ ਦੁੱਖ ਭਰੀ ਅਤੇ ਦੋਹਰੀ ਜ਼ਿੰਦਗੀ ਜੀਅ ਰਹੇ ਹੁੰਦੇ ਹਨ। ਲੈਂਜ਼ਾਂ ਦੀ ਮਦਦ ਨਾਲ ਉਹ ਆਪਣੇ ਵਿਕਾਰਾਂ ਨੂੰ ਦੁਨੀਆ ਕੋਲੋਂ ਤਾਂ ਲੁਕਾ ਲੈਂਦੇ ਹਨ ਪਰ ਖੁਦ ਕੋਲੋਂ ਨਹੀਂ ਲੁਕਾ ਸਕਦੇ। ਲੋਕ ਇਨ੍ਹਾਂ ਨੂੰ ਸਕ੍ਰੀਨ ’ਤੇ ਦੇਖ ਕੇ ਨਹੀਂ ਸਮਝ ਸਕਦੇ ਕਿ ਇਨ੍ਹਾਂ ਦੇ ਲਾਈਫ ਸਟਾਈਲ ਦੀ ਅਸਲ ਕੀਮਤ ਕੀ ਹੈ? ਅਸਲ ’ਚ ਇਹ ਲੋਕ ਕਦੀ ਖੁਦ ਨੂੰ ਸਮਾਂ ਨਹੀਂ ਦੇ ਸਕਦੇ। ਆਲੀਸ਼ਾਨ ਜ਼ਿੰਦਗੀ ਇਨ੍ਹਾਂ ਨੂੰ ਮੁਫਤ ’ਚ ਨਹੀਂ ਮਿਲਦੀ। ਇਨ੍ਹਾਂ ਨੂੰ ਆਪਣੀ ਮਾਨਸਿਕ ਸਿਹਤ ਨਾਲ ਬਹੁਤ ਸਾਰੇ ਸਮਝੌਤੇ ਕਰਨੇ ਪੈਂਦੇ ਹਨ। ਜਦੋਂ ਇਨ੍ਹਾਂ ਸਮਝੌਤਿਆਂ ਦਾ ਦਬਾਅ ਬਹੁਤ ਵਧ ਜਾਂਦਾ ਹੈ, ਉਦੋਂ ਇਨ੍ਹਾਂ ਦੀ ਜ਼ਿੰਦਗੀ ’ਚ ਬ੍ਰੇਕਡਾਊਨ ਵਰਗੀਆਂ ਹਾਲਤਾਂ ਪੈਦਾ ਹੁੰਦੀਆਂ ਹਨ।

ਜਦੋਂ ਇਕ ਇਨਸਾਨ ਮਸ਼ੀਨ ਜਾਂ ਰੋਬੋਟ ਵਾਂਗ ਿਦਨ-ਰਾਤ ਕੰਮ ਕਰਦਾ ਰਹੇਗਾ ਤਾਂ ਉਸ ਦਾ ਮਨ ਇਕ ਨਾ ਇਕ ਦਿਨ ਜ਼ਰੂਰ ਟੁੱਟੇਗਾ। ਉਸ ਨੂੰ ਇਕ ਨਾ ਇਕ ਦਿਨ ਥਕਾਵਟ ਜ਼ਰੂਰ ਹੋਵੇਗੀ ਕਿਉਂਕਿ ਉਹ ਕੋਈ ਰੋਬੋਟ ਨਹੀਂ ਹੈ। ਇਕ ਜ਼ਮਾਨੇ ’ਚ ਕਿਹਾ ਜਾਂਦਾ ਸੀ ਕਿ ਗਲਤੀ ਤਾਂ ਇਨਸਾਨਾਂ ਕੋਲੋਂ ਹੀ ਹੁੰਦੀ ਹੈ ਪਰ ਹੁਣ ਗਲਤੀ ਕਰਨ ਵਾਲੇ ਇਨਸਾਨ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਜੋ ਗਲਤੀਆਂ ਕਰਦੇ ਹੋ।

ਬੇਲਾ ਹਦੀਦ ਦੇ ਇਲਾਵਾ ਮਸ਼ਹੂਰ ਕਾਮੇਡੀਅਨ ਟਿਫਨੀ ਹੈਡਿਸ਼, ਅਮਰੀਕਾ ਦੀ ਮਸ਼ਹੂਰ ਗਾਇਕਾ ਬਿਆਂਸੇ, ਬ੍ਰਿਟੇਨ ਦੇ ਰਾਜ ਕੁਮਾਰ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ, ਅਮਰੀਕਨ ਸਿੰਗਰ ਤੇ ਅਭਿਨੇਤਰੀ ਸੇਲੇਨੇ ਗੋਮੇਜ, ਅਮਰੀਕਾ ਦੀ ਮਸ਼ਹੂਰ ਜਿਮਨਾਸਟ ਸਿਮੋਨ ਬਾਇਲਸ ਅਤੇ ਜਾਪਾਨ ਦੀ ਪ੍ਰਸਿੱਧ ਟੈਨਿਸ ਖਿਡਾਰੀ ਨਾਓਮੀ ਓਸਾਕਾ ਵੀ ਇਸੇ ਤਰ੍ਹਾਂ ਬਰਨਆਊਟ ਦਾ ਸ਼ਿਕਾਰ ਹੋ ਚੁੱਕੀਆਂ ਹਨ। ਬਰਨਆਊਟ ਹੋਣ ਦੇ ਕਾਰਨ ਇਨ੍ਹਾਂ ’ਚੋਂ ਕੋਈ ਆਪਣੀ ਸਟੇਜ ਪਰਫਾਰਮੈਂਸ ਪੂਰੀ ਨਹੀਂ ਕਰ ਸਕਿਆ ਤਾਂ ਕੋਈ ਡਿਪ੍ਰੈਸ਼ਨ ’ਚ ਚਲਾ ਗਿਆ, ਕਿਸੇ ਨੂੰ ਸਾਲ ’ਚ ਸਿਰਫ 28 ਦਿਨ ਹੀ ਅਜਿਹੇ ਮਿਲੇ ਜਦੋਂ ਉਹ ਆਪਣੀ ਨੀਂਦ ਪੂਰੀ ਕਰ ਸਕਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੰਮ ਦੇ ਬੋਝ ਦਾ ਸ਼ਿਕਾਰ ਹੋਣ ਵਾਲੇ ਇਨ੍ਹਾਂ ਲੋਕਾਂ ਦੀ ਉਮਰ ਸਿਰਫ 28 ਤੋਂ 40 ਸਾਲ ਦਰਮਿਆਨ ਹੈ।

ਅੱਜਕਲ ਅਸੀਂ ਦੇਖਦੇ ਹਾਂ ਕਿ 28 ਤੋਂ 40 ਸਾਲ ਦਰਮਿਆਨ ਦੇ ਨੌਜਵਾਨ ਖਿਡਾਰੀ ਵੀ ਵੱਡੇ-ਵੱਡੇ ਟੂਰਨਾਮੈਂਟਾਂ ’ਚ ਖੇਡਣ ਤੋਂ ਨਾਂਹ ਕਰ ਦਿੰਦੇ ਹਨ, ਇਹ ਜਾਣਦੇ ਹੋਏ ਵੀ ਕਿ ਉਹ ਜਿੱਤ ਜਾਣਗੇ, ਓਲੰਪਿਕਸ ’ਚ ਉਨ੍ਹਾਂ ਨੂੰ ਗੋਲਡ ਮੈਡਲ ਮਿਲਣਾ ਪੱਕਾ ਹੈ, ਇਹ ਜਾਣਦੇ ਹੋਏ ਵੀ ਕਿ ਉਹ ਜਦ ਸਟੇਜ ’ਤੇ ਪਰਫਾਰਮਂੈਂਸ ਕਰਨ ਆਉਣਗੇ ਤਾਂ ਕਰੋੜਾਂ ਰੁਪਏ ਅੱਜ ਰਾਤ ਨੂੰ ਹੀ ਘਰ ਲੈ ਜਾਣਗੇ ਪਰ ਇਸ ਦੇ ਬਾਵਜੂਦ ਉਹ ਪਰਫਾਰਮੈਂਸ ਕਰਨ ਤੋਂ ਨਾਂਹ ਕਰ ਦਿੰਦੇ ਹਨ। ਉਨ੍ਹਾਂ ਨੂੰ ਸਿਰਫ ਮਾਨਸਿਕ ਸ਼ਾਂਤੀ ਦੀ ਲੋੜ ਹੁੰਦੀ ਹੈ। ਉਹ ਰਾਤ ਨੂੰ ਚੈਨ ਨਾਲ ਸੌਣਾ ਚਾਹੁੰਦੇ ਹਨ।

ਬਰਨਆਊਟ ਦੀ ਸਮੱਸਿਆ ਤੋਂ ਆਮ ਲੋਕ ਵੀ ਪ੍ਰੇਸ਼ਾਨ ਹਨ। ਇਸ ਲਈ ਸਾਨੂੰ ਖੁਦ ’ਤੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ’ਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਕਿਤੇ ਉਨ੍ਹਾਂ ’ਚੋਂ ਕੋਈ ਇਸੇ ਤਰ੍ਹਾਂ ਇਮੋਸ਼ਨਲ ਬ੍ਰੇਕਡਾਊਨ ਜਾਂ ਬਰਨਆਊਟ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ।

ਵਿਸ਼ਵ ਸਿਹਤ ਸੰਗਠਨ ਬਰਨਆਊਟ ਨੂੰ ਇਕ ਮਾਨਸਿਕ ਸਮੱਸਿਆ ਮੰਨਦਾ ਹੈ। ਡਬਲਿਊ. ਐੱਚ. ਓ. ਅਨੁਸਾਰ ਇਹ ਇਕ ਅਜਿਹਾ ਸਿੰਡ੍ਰੋਮ ਹੈ ਜੋ ਕੰਮ ਦੇ ਦੌਰਾਨ ਹੋਣ ਵਾਲੇ ਤਣਾਅ ਨਾਲ ਪੈਦਾ ਹੁੰਦਾ ਹੈ ਅਤੇ ਇਹ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਦੇ ਲੱਛਣ ਹਨ, ਸਰੀਰ ’ਚ ਕਮਜ਼ੋਰੀ ਮਹਿਸੂਸ ਹੋਣੀ ਅਤੇ ਬੜੀ ਜਲਦੀ ਥੱਕ ਜਾਣਾ। ਅਜਿਹੇ ’ਚ ਵਿਅਕਤੀ ਦਾ ਕੰਮ ’ਤੇ ਜਾਣ ਨੂੰ ਦਿਲ ਨਹੀਂ ਕਰਦਾ, ਉਹ ਉਦਾਸ ਰਹਿੰਦਾ ਹੈ। ਬਰਨਆਊਟ ਹੋਣ ’ਤੇ ਦੂਸਰਿਆਂ ਪ੍ਰਤੀ ਦੁਸ਼ਮਣੀ ਦਾ ਭਾਵ ਵੀ ਪੈਦਾ ਹੋ ਸਕਦਾ ਹੈ ਅਤੇ ਕਾਰਗੁਜ਼ਾਰੀ ’ਚ ਕਮੀ ਵੀ ਦੇਖੀ ਜਾਂਦੀ ਹੈ।

ਅਮਰੀਕੀ ਕੰਪਨੀ ਗੈਲਪ ਵੱਲੋਂ ਕੀਤੇ ਗਏ ਇਕ ਸਰਵੇ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਲਗਭਗ 23 ਫੀਸਦੀ ਕਰਮਚਾਰੀ ਮੰਨਦੇ ਹਨ ਕਿ ਉਹ ਅਕਸਰ ਬਰਨਆਊਟ ਦਾ ਸ਼ਿਕਾਰ ਹੋ ਜਾਂਦੇ ਹਨ। ਬ੍ਰਿਟੇਨ ’ਚ ਕੀਤੇ ਗਏ ਇਕ ਹੋਰ ਅਧਿਐਨ ਦੇ ਅਨੁਸਾਰ ਕਰਮਚਾਰੀਆਂ ਵੱਲੋਂ ਅਚਾਨਕ ਛੁੱਟੀ ਮੰਗਣ ਦੇ ਪਿੱਛੇ ਇਕ ਬਹੁਤ ਵੱਡਾ ਕਾਰਨ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਹਨ। ਲੱਖਾਂ-ਕਰੋੜਾਂ ਲੋਕ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇ ਰਹੇ ਹਨ ਅਤੇ ਉਨ੍ਹਾਂ ’ਚ ਅੱਧੇ ਤੋਂ ਵੱਧ ਕਰਮਚਾਰੀ ਇਹ ਮੰਨਦੇ ਹਨ ਕਿ ਉਹ ਬਰਨਆਊਟ ਅਤੇ ਇਮੋਸ਼ਨਲ ਬ੍ਰੇਕਡਾਊਨ ਦਾ ਸ਼ਿਕਾਰ ਹੋ ਰਹੇ ਹਨ।

ਇਹ ਸਾਰੇ ਕੋਵਿਡ ਦੇ ਬਾਅਦ ਤੋਂ ਹੋਰ ਵੱਧ ਹੋਣ ਲੱਗੇ ਹਨ। ਕੰਮ ਦਾ ਦਬਾਅ ਝੱਲਣ ਦੇ ਬਾਅਦ ਜਦੋਂ ਲੋਕ ਘਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਵੀ ਅਾਰਾਮ ਨਹੀਂ ਮਿਲਦਾ ਕਿਉਂਕਿ ਪਰਿਵਾਰ ਦੀਆਂ ਆਸਾਂ ਦਾ ਬੋਝ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਤਣਾਅ ਭਰੇ ਕੰਮ ਵੱਲ ਪਰਤਣ ਲਈ ਮਜਬੂਰ ਕਰ ਦਿੰਦਾ ਹੈ। ਹੁਣ ਸਵਾਲ ਇਹ ਹੈ ਕਿ ਇਸ ਤੋਂ ਬਚਣ ਲਈ ਕੀ ਕੀਤਾ ਜਾਵੇ? ਤਾਂ ਇਸ ਦਾ ਇਕ ਸੌਖਾ ਉਪਾਅ ਇਹੀ ਹੈ ਕਿ ਆਪਣੇ ਕੰਮ ਅਤੇ ਆਪਣੀਆਂ ਖਾਹਿਸ਼ਾਂ ਨੂੰ ਆਪਣੀ ਮਾਨਸਿਕ ਸਿਹਤ ’ਤੇ ਹਾਵੀ ਨਾ ਹੋਣ ਦਿਓ ਕਿਉਂਕਿ ਮਨ ਦੀ ਬੀਮਾਰੀ ਦੀ ਦਵਾਈ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ।


Bharat Thapa

Content Editor

Related News