ਮਿਲੋ ਸੰਸਕ੍ਰਿਤ ਦੇ ਮੁਸਲਿਮ ਪੰਡਿਤਾਂ ਨੂੰ

12/05/2019 1:56:12 AM

ਮੁਹੰਮਦ ਵਜੀਹੂਦੀਨ

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀ ਡਾ. ਫਿਰੋਜ਼ ਖਾਨ ਦੀ ਬਤੌਰ ਸੰਸਕ੍ਰਿਤ ਟੀਚਰ ਨਿਯੁਕਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁਸਲਮਾਨ ਸੰਸਕ੍ਰਿਤ ਨਹੀਂ ਪੜ੍ਹਾ ਸਕਦਾ। ਅਜਿਹੇ ਲੋਕਾਂ ਨੂੰ ਪੰਡਿਤ ਗੁਲਾਮ ਦਸਤਗੀਰ ਬ੍ਰਜਦਾਰ ਨੂੰ ਮਿਲਣਾ ਚਾਹੀਦਾ ਹੈ।

85 ਸਾਲਾ ਪੰਡਿਤ ਗੁਲਾਮ ਵਿਸ਼ਵ ਸੰਸਕ੍ਰਿਤ ਅਦਾਰੇ ਵਾਰਾਣਸੀ ਦੇ ਸਾਬਕਾ ਜਨਰਲ ਸਕੱਤਰ ਹਨ ਅਤੇ ਮੌਜੂਦਾ ਸਮੇਂ ਮਹਾਰਾਸ਼ਟਰ ’ਚ ਸੰਸਕ੍ਰਿਤ ਦੀਆਂ ਸਕੂਲ ਦੀਆਂ ਕਿਤਾਬਾਂ ਨੂੰ ਤਿਆਰ ਕਰਨ ਲਈ ਗਠਿਤ ਕਮੇਟੀ ਦੇ ਚੇਅਰਮੈਨ ਵੀ ਹਨ। ਸੰਸਕ੍ਰਿਤ ’ਤੇ ਉਨ੍ਹਾਂ ਦੀ ਪਕੜ ਇੰਨੀ ਹੈ ਕਿ ਕਈ ਵਾਰ ਹਿੰਦੂ ਉਨ੍ਹਾਂ ਨੂੰ ਵਿਆਹ ਪੜ੍ਹਾਉਣ, ਪੂਜਾ ਜਾਂ ਫਿਰ ਹੋਰ ਧਾਰਮਿਕ ਰਸਮਾਂ ਲਈ ਬੁਲਾਉਂਦੇ ਹਨ। ਹਾਲਾਂਕਿ ਅਜਿਹੀਆਂ ਅਪੀਲਾਂ ਨੂੰ ਉਹ ਠੁਕਰਾਉਂਦੇ ਵੀ ਹਨ। ਹਿੰਦੂ ਰਸਮਾਂ ਲਈ ਮੰਤਰਾਂ ਦੇ ਉਚਾਰਣ ਵਾਸਤੇ ਗੁਲਾਮ ਕਈ ਹਿੰਦੂਆਂ ਨੂੰ ਸਿੱਖਿਆ ਦੇ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਸੰਸਕ੍ਰਿਤ ਨੂੰ ਉਤਸ਼ਾਹ ਦਿੱਤਾ ਹੈ ਅਤੇ ਉਸ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਕਈ ਥਾਵਾਂ ’ਤੇ ਪੜ੍ਹਾਇਆ ਹੈ। ਮੈਂ ਸੰਸਕ੍ਰਿਤ ’ਤੇ ਕਈ ਲੈਕਚਰ ਦਿੱਤੇ ਪਰ ਅਜੇ ਤਕ ਕਿਸੇ ਵੀ ਵਿਅਕਤੀ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਸੰਸਕ੍ਰਿਤ ਨਹੀਂ ਪੜ੍ਹਾਉਣੀ ਚਾਹੀਦੀ। ਇਕ ਟੈਕਸਟ ਬੁੱਕ ਕਮੇਟੀ ਦੀ ਬੈਠਕ ’ਚ ਹਿੱਸਾ ਲੈਣ ਦੌਰਾਨ ਉਨ੍ਹਾਂ ਨੇ ਫੋਨ ’ਤੇ ਦੱਸਿਆ ਕਿ ਸੰਸਕ੍ਰਿਤ ਦੇ ਵੱਡੇ-ਵੱਡੇ ਵਿਦਵਾਨ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਨ। ਇਸ ਪੁਰਾਤਨ ਭਾਸ਼ਾ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਉਨ੍ਹਾਂ ਦੇ ਇਸ ਕੰਮ ਲਈ ਸਾਬਕਾ ਰਾਸ਼ਟਰਪਤੀ ਡਾ. ਕੇ. ਆਰ. ਨਾਰਾਇਣਨ ਨੇ ਉਨ੍ਹਾਂ ਨੂੰ ਪ੍ਰਮਾਣਿਤ ਪੰਡਿਤ ਹੋਣ ਦਾ ਸ਼ਲਾਘਾ-ਪੱਤਰ ਵੀ ਦਿੱਤਾ ਹੈ। ਉਹ ਅਜਿਹੇ ਮੁਸਲਮਾਨਾਂ ’ਚ ਸ਼ਾਮਲ ਹਨ, ਜੋ ਸਾਰੀਆਂ ਸਰਹੱਦਾਂ ਨੂੰ ਤੋੜ ਕੇ ਸੰਸਕ੍ਰਿਤ ਨੂੰ ਪੜ੍ਹਾ ਰਹੇ ਹਨ। ਗੁਲਾਮ ਬ੍ਰਜਦਾਰ ਲਈ ਵੈਦਿਕ ਨਿਯਮ ‘ਏਕਮ ਬ੍ਰਹਮ ਦੁਤੀਆ ਨਾਸਤੀ’ (ਭਗਵਾਨ ਇਕ ਹੈ ਅਤੇ ਉਸ ਤੋਂ ਇਲਾਵਾ ਕੋਈ ਨਹੀਂ ਹੈ।) ਇਹੀ ਸੱਚਾਈ ਹੈ।

ਉਥੇ ਹੀ ਡਾ. ਮਿਰਾਜ਼ ਅਹਿਮਦ ਖਾਨ ਨੇ ਸੰਸਕ੍ਰਿਤ ਨੂੰ ਕਾਲਜ ਅਤੇ ਯੂਨੀਵਰਸਿਟੀ ’ਚ ਪੜ੍ਹਿਆ ਹੈ। ਉਨ੍ਹਾਂ ਨੇ ਪਟਨਾ ਯੂਨੀਵਰਸਿਟੀ ’ਚ ਬੀ. ਏ. ਅਤੇ ਐੱਮ. ਏ. ’ਚ ਟਾਪ ਵੀ ਕੀਤਾ ਸੀ। ਪੁਲਸ ਇੰਸਪੈਕਟਰ ਦੇ ਬੇਟੇ ਮਿਰਾਜ਼ ਅੱਜ ਕਸ਼ਮੀਰ ਯੂਨੀਵਰਸਿਟੀ ’ਚ ਸੰਸਕ੍ਰਿਤ ਦੇ ਸਹਾਇਕ ਪ੍ਰੋਫੈਸਰ ਵੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜੋ ਯੂਨੀਵਰਸਿਟੀਆਂ ’ਚ ਪੜ੍ਹਾਉਂਦੇ ਹਾਂ, ਉਹ ਮਾਡਰਨ ਸੰਸਕ੍ਰਿਤ ਹੈ, ਜਿਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਵਿਸ਼ੇ ’ਤੇ ਕਦੇ ਉਨ੍ਹਾਂ ਨਾਲ ਭੇਦਭਾਵ ਵੀ ਨਹੀਂ ਕੀਤਾ ਗਿਆ। ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨਾਲ ਭੇਦਭਾਵ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਕਦੇ ਵੀ ਐੱਮ. ਏ. ’ਚ ਗੋਲਡ ਮੈਡਲ ਨਾ ਮਿਲਦਾ।

ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਹੁਣ ਵੱਧ ਤੋਂ ਵੱਧ ਮੁਸਲਮਾਨ ਸੰਸਕ੍ਰਿਤ ਪੜ੍ਹ ਰਹੇ ਹਨ ਕਿਉਂਕਿ ਉਨ੍ਹਾਂ ’ਚ ਭਾਰਤੀ ਸੱਭਿਅਤਾ ਨੂੰ ਜਾਣਨ ਦੀ ਜਿਗਿਆਸਾ ਪੈਦਾ ਹੋ ਰਹੀ ਹੈ ਕਿਉਂਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਲਈ ਸੰਸਕ੍ਰਿਤ ਮੂਲ ਸਰੋਤ ਹੈ। ਹੁਣ ਕਈ ਮੁਸਲਮਾਨ ਇਸ ਭਾਸ਼ਾ ਨੂੰ ਸਿੱਖ ਰਹੇ ਹਨ। ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਦੇ 50 ਫੀਸਦੀ ਵਿਦਿਆਰਥੀ ਮੁਸਲਮਾਨ ਹਨ। ਅਧਿਆਪਕਾਂ ਦੀ ਨਿਯੁਕਤੀ ਕਰਨ ਦੌਰਾਨ ਕਦੇ ਵੀ ਭੇਦਭਾਵ ਨਹੀਂ ਕੀਤਾ ਗਿਆ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਦੇ ਸੰਸਕ੍ਰਿਤ ਵਿਭਾਗ ਦੇ ਸਾਬਕਾ ਮੁਖੀ ਡਾ. ਖਾਲਿਦ ਬਿਨ ਯੂਸੁਫ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ’ਚ ਸਿੱਖਿਆ ਦੇ ਰਹੇ ਹਨ। ਉਥੇ ਹੀ ਏ. ਐੱਮ. ਯੂ. ਦੇ ਸੰਸਕ੍ਰਿਤ ਵਿਭਾਗ ਦੇ ਚੇਅਰਮੈਨ ਪ੍ਰੋ. ਮੁਹੰਮਦ ਸ਼ਰੀਫ ਦਾ ਕਹਿਣਾ ਹੈ ਕਿ ਯੂ. ਪੀ. ਐੱਸ. ਈ. ਪ੍ਰੀਖਿਆਵਾਂ ’ਚ ਸੰਸਕ੍ਰਿਤ ਨੂੰ ਸਕੋਰਿੰਗ ਸਬਜੈਕਟ ਮੰਨਿਆ ਜਾਂਦਾ ਹੈ। ਇਸੇ ਕਾਰਣ ਇਸ ’ਚ ਰੁਚੀ ਲਈ ਜਾਂਦੀ ਹੈ। ਜੇਕਰ ਵਿਦਿਆਰਥੀ ਯੂ. ਪੀ. ਐੱਸ. ਈ. ’ਚ ਪਾਸ ਨਹੀਂ ਹੁੰਦੇ ਤਾਂ ਉਹ ਸੰਸਕ੍ਰਿਤ ਦੇ ਟੀਚਰ ਬਣ ਜਾਂਦੇ ਹਨ। ਵਰਣਨਯੋਗ ਹੈ ਕਿ ਸ਼ਰੀਫ ਪਹਿਲੇ ਮੁਸਲਮਾਨ ਹਨ, ਜਿਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਸੰਸਕ੍ਰਿਤ ’ਚ ਡੀ. ਲਿਟ. ਹਾਸਲ ਕੀਤੀ ਸੀ। ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਕਿਸੇ ਕੋਲ ਦੈਵੀ ਅਧਿਕਾਰ ਨਹੀਂ ਹੁੰਦਾ। ਕਈ ਮੁਸਲਮਾਨ ਸੰਸਕ੍ਰਿਤ ਭਾਸ਼ਾ ਸਿੱਖ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਇਸਲਾਮ ਅਤੇ ਹਿੰਦੂ ਵਿਚਾਰਧਾਰਾ ਨੂੰ ਹੋਰ ਨੇੜੇ ਲਿਆਂਦਾ ਜਾ ਸਕੇ। ਕੁਰਾਨ ਅਤੇ ਹਿੰਦੂ ਸ਼ਾਸਤਰਾਂ ਦੇ ਗਿਆਨ ਨਾਲ ਦੋ ਵਿਚਾਰਧਾਰਾਵਾਂ ਨੂੰ ਆਪਸ ’ਚ ਜੋੜਿਆ ਜਾ ਸਕਦਾ ਹੈ। ਡਾ. ਮੁਹੰਮਦ ਹਨੀਫ ਖਾਨ ਸ਼ਾਸਤਰੀ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਸੰਸਕ੍ਰਿਤ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੂੰ ਸ਼ਾਸਤਰੀ ਦੀ ਉਪਾਧੀ ਦੇ ਦਿੱਤੀ। ਉਹ 2016 ’ਚ ਦਿੱਲੀ ਵਿਚ ਰਾਸ਼ਟਰੀ ਸੰਸਕ੍ਰਿਤ ਇੰਸਟੀਚਿਊਟ ਤੋਂ ਸਹਾਇਕ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਹਨ। ਸ਼ਾਸਤਰੀ ਦਾ ਕਹਿਣਾ ਹੈ ਕਿ ਉਹ ਸਨਾਤਨ ਧਰਮ ਗ੍ਰੰਥਾਂ (ਵੇਦ, ਉਪਨਿਸ਼ਦ, ਭਗਵਦ ਗੀਤਾ) ਅਤੇ ਕੁਰਾਨ ’ਚ ਸਮਾਨਤਾਵਾਂ ਲੱਭ ਰਹੇ ਹਨ। ਸ਼ਾਸਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਸਕ੍ਰਿਤ ਨਾ ਸਿੱਖੀ ਹੁੰਦੀ ਤਾਂ ਉਨ੍ਹਾਂ ਨੂੰ ਵਾਸੁਦੇਵ ਕੁਟੁੰਬਕਮ (ਸਾਰਾ ਵਿਸ਼ਵ ਇਕ ਪਰਿਵਾਰ ਹੈ) ਦਾ ਮਤਲਬ ਨਾ ਪਤਾ ਲੱਗਦਾ। ਹਜ਼ਰਤ ਮੁਹੰਮਦ ਨੇ ਵੀ ਇਹੀ ਉਪਦੇਸ਼ ਦਿੱਤਾ ਹੈ ਕਿ ਲੋਕਾਂ ’ਚ ਰੰਗ ਅਤੇ ਨਸਲ ਨੂੰ ਲੈ ਕੇ ਕੋਈ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੀ ਪੀਐੱਚ. ਡੀ. ਖੋਜ ਗਾਇਤਰੀ ਮੰਤਰ ’ਤੇ ਹੈ। ਸ਼ਾਸਤਰੀ ਅੰਤ ’ਚ ਕਹਿੰਦੇ ਹਨ ਕਿ ਇਹ ਬਦਕਿਸਮਤੀ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਸੰਸਕ੍ਰਿਤ ਉਨ੍ਹਾਂ ਦਾ ਜਨਮਸਿੱਧ ਅਧਿਕਾਰ ਹੈ। (ਹਿੰ.)


Bharat Thapa

Content Editor

Related News