ਮਮਤਾ ਦੀ ਚਿੱਠੀ ਦਾ ਭਾਵ ਇਹ ਹੈ ਕਿ ਉਹ ਮੁਸ਼ਕਲ ’ਚ ਹੈ

04/05/2021 3:29:20 AM

ਅਕੂ ਸ਼੍ਰੀਵਾਸਤਵ 
ਪੱਛਮੀ ਬੰਗਾਲ ’ਚ ਦੂਸਰੇ ਪੜਾਅ ਦੀਆਂ ਵੋਟਾਂ ਪੈਣ ਤੋਂ ਠੀਕ ਇਕ ਦਿਨ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਨਾਂ ਇਕ ਚਰਚਿਤ ਚਿੱਠੀ ਲਿਖੀ। ਇਹ ਚਿੱਠੀ 15 ਗੈਰ-ਭਾਜਪਾ ਨੇਤਾਵਾਂ ਨੂੰ ਭੇਜੀ ਗਈ। ਇਸ ਚਿੱਠੀ ’ਚ ਇਨ੍ਹਾਂ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਕਿ ਲੋਕਤੰਤਰ ਅਤੇ ਸੰਵਿਧਾਨ ’ਤੇ ਭਾਜਪਾ ਦੇ ਹਮਲਿਆਂ ਦੇ ਵਿਰੁੱਧ ਇਕਜੁੱਟ ਹੋਣ ਅਤੇ ਪ੍ਰਭਾਵੀ ਸੰਘਰਸ਼ ਦਾ ਸਮਾਂ ਆ ਗਿਆ ਹੈ।

ਚਿੱਠੀ ’ਚ ਜੋ ਮੁੱਖ ਗੱਲ ਹੈ, ਉਹ ਉਨ੍ਹਾਂ ਦੀ ਭਵਿੱਖ ਦੀ ਰਣਨੀਤੀ ਨੂੰ ਅੱਗੇ ਵਧਾਉਂਦੀ ਹੈ। ਇਸ ਲਈ ਇਸ ਦੇ ਕਈ ਅਰਥ ਕੱਢੇ ਜਾ ਰਹੇ ਹਨ। ਸਿਰਫ ਅਰਥ ਹੀ ਨਹੀਂ ਕੱਢੇ ਜਾ ਰਹੇ, ਸਗੋਂ ਇਸ ਦਾ ਇਕ ਸੰਦੇਸ਼ ਬੰਗਾਲ ਦੇ ਵੋਟਰਾਂ ਅਤੇ ਆਪਣੇ ਸਮਰਥਕਾਂ ਤਕ ਵੀ ਪਹੁੰਚ ਚੁੱਕਾ ਹੈ।

ਆਮ ਲੋਕ ਇਸ ਚਿੱਠੀ ਦਾ ਪਹਿਲੀ ਨਜ਼ਰ ’ਚ ਜੋ ਅਰਥ ਕੱਢ ਰਹੇ ਹਨ, ਉਹ ਇਹ ਹੈ ਕਿ ਮਮਤਾ ਮੁਸ਼ਕਲ ’ਚ ਹੈ ਅਤੇ ਅੱਗੇ ਦੀ ਰਣਨੀਤੀ ਤਿਆਰ ਕਰ ਰਹੀ ਹੈ। ਭਾਜਪਾ ਤੋਂ ਉਨ੍ਹਾਂ ਨੂੰ ਉਮੀਦ ਤੋਂ ਵੱਧ ਵੱਡੀ ਚੁਣੌਤੀ ਮਿਲ ਰਹੀ ਹੈ, ਇਸ ਲਈ ਹੁਣ ਉਹ ਹੋਰ ਰਸਤੇ ਲੱਭ ਰਹੀ ਹੈ।

ਖੁਦ ਨੂੰ ਪ੍ਰਭਾਵੀ ਬਣਾਈ ਰੱਖਣ ਲਈ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਦਾ ਨਵਾਂ ਰਾਗ ਅਲਾਪ ਰਹੀ ਹੈ। ਉਂਝ ਜਿਨ੍ਹਾਂ ਨੂੰ ਇਹ ਚਿੱਠੀ ਲਿਖੀ ਗਈ ਹੈ, ਉਨ੍ਹਾਂ ਦੇ ਨਾਵਾਂ ’ਤੇ ਇਕ ਝਾਤੀ ਮਾਰੀਏ ਤਾਂ ਕਈ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ।

ਸੂਚੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਨ। ਨਾਲ ਹੀ ਐੱਨ. ਸੀ. ਪੀ. ਨੇਤਾ ਸ਼ਰਦ ਪਵਾਰ, ਦ੍ਰਮੁਕ ਪ੍ਰਮੁੱਖ ਐੱਮ. ਕੇ. ਸਟਾਲਿਨ, ਸਪਾ ਮੁਖੀ ਅਖਿਲੇਸ਼ ਯਾਦਵ, ਰਾਜਦ ਨੇਤਾ ਤੇਜਸਵੀ ਯਾਦਵ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਰੈੱਡੀ, ਕੇ. ਐੱਸ. ਰੈੱਡੀ, ਨੈਕਾ ਦੇ ਫਾਰੂਕ ਅਬਦੁੱਲਾ, ਪੀ. ਡੀ. ਪੀ. ਨੇਤਾ ਮਹਿਬੂਬਾ ਮੁਫਤੀ ਅਤੇ ਭਾਕਪਾ ਮਾਲੇ ਦੇ ਨੇਤਾ ਦੀਪਾਂਕਰ ਭੱਟਾਚਾਰੀਆ ਦੇ ਨਾਂ ਹਨ।

ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵਿਰੋਧੀ ਏਕਤਾ ਦੇ ਨਾਂ ’ਤੇ ਮਮਤਾ ਪਹਿਲਾਂ ਵੀ ਕਈ ਕੋਸ਼ਿਸ਼ਾਂ ਕਰਦੀ ਰਹੀ ਹੈ। ਵਧੇਰੇ ਨਹੀਂ, ਦੋ ਸਾਲ ਪਹਿਲਾਂ 19 ਜਨਵਰੀ, 2019 ਨੂੰ ਵੀ ਉਨ੍ਹਾਂ ਨੇ ਵਿਰੋਧੀ ਏਕਤਾ ਦੇ ਨਾਂ ਦੀ ਕੋਲਕਾਤਾ ’ਚ ਇਕ ਵੱਡੀ ਰੈਲੀ ਕੀਤੀ ਸੀ ਜਿਸ ’ਚ ਸੂਬਿਆਂ ਦੇ ਕਈ ਪ੍ਰਸਿੱਧ ਨੇਤਾ ਸ਼ਾਮਲ ਹੋਏ ਸਨ ਪਰ ਗੱਲ ਉਸ ਤੋਂ ਅੱਗੇ ਨਹੀਂ ਵਧ ਸਕੀ ਸੀ।

ਗੈਰ-ਭਾਜਪਾ ਨੇਤਾਵਾਂ ਦੇ ਵਿਰੁੱਧ ਸੀ. ਬੀ. ਆਈ., ਈ. ਡੀ. ਅਤੇ ਹੋਰ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਮੋਦੀ ਸਰਕਾਰ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਫੰਡ ਰੋਕ ਰਹੀ ਹੈ। ਰਾਜਪਾਲ ਦੇ ਸਹਾਰੇ ਸਮਾਨਾਂਤਰ ਸਰਕਾਰ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਚਿੱਠੀ ’ਚ ਇਸ ਤਰ੍ਹਾਂ ਦੇ ਸੱਤ ਬਿੰਦੂ ਕ੍ਰਮਵਾਰ ਰੱਖੇ ਗਏ ਹਨ।

ਮਮਤਾ ਦਾ ਸਾਫ ਮੰਨਣਾ ਹੈ ਕਿ ਭਾਜਪਾ ਕਿਸੇ ਵੀ ਤਰ੍ਹਾਂ ਨਾਲ ਗੈਰ-ਭਾਜਪਾਈ ਪਾਰਟੀਆਂ ਦੇ ਸੰਵਿਧਾਨਿਕ ਅਧਿਕਾਰਾਂ ਅਤੇ ਆਜ਼ਾਦੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਲਈ ਤਤਪਰ ਹੈ। ਉਹ ਸੂਬਾ ਸਰਕਾਰਾਂ ਦੀ ਤਾਕਤ ਨੂੰ ਨਗਰ ਨਿਗਮਾਂ ਤੋਂ ਵੱਧ ਨਹੀਂ ਰੱਖਣਾ ਚਾਹੁੰਦੀ ਅਤੇ ਦੇਸ਼ ’ਚ ਇਕ ਤਰ੍ਹਾਂ ਨਾਲ ਇਕ ਪਾਰਟੀ ਅਧਿਨਾਇਕਵਾਦੀ ਸ਼ਾਸਨ ਲਗਾਉਣਾ ਚਾਹੁੰਦੀ ਹੈ।

ਇਹੀ ਸਹੀ ਸਮਾਂ ਹੈ ਕਿ ਭਾਜਪਾ ਦੇ ਲੋਕਤੰਤਰ ਅਤੇ ਸੰਵਿਧਾਨ ’ਤੇ ਹਮਲੇ ਦੇ ਵਿਰੁੱਧ ਏਕੀਕ੍ਰਿਤ ਅਤੇ ਪ੍ਰਭਾਵੀ ਲੜਾਈ ਸ਼ੁਰੂ ਕੀਤੀ ਜਾਵੇ। ਕਿਸਾਨ ਅੰਦੋਲਨ ਤੋਂ ਬਾਅਦ ਦੇਸ਼ ’ਚ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋਵੇਗੀ ਕਿ ਦੇਸ਼ ’ਚ ਸਭ ਕੁਝ ਖਤਰੇ ’ਚ ਹੈ। ਲੋਕਤੰਤਰ, ਖੁਦਮੁਖਤਿਆਰ ਸੰਸਥਾਵਾਂ ਅਤੇ ਨਿਆਪਾਲਿਕਾ। ਚੋਣਾਂ ਤੋਂ ਬਾਅਦ ਇਸ ’ਤੇ ਰਣਨੀਤੀ ਦੀ ਲੋੜ ਮਮਤਾ ਦੱਸਦੀ ਹੈ।

ਤਿੰਨ ਪੇਜਾਂ ਦੀ ਇਸ ਚਿੱਠੀ ਨਾਲ ਜੋ ਇਕ ਹੋਰ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਇਹ ਹੈ ਕਿ ਦੇਸ਼ ਦੀ ਸਿਆਸਤ ਹੁਣ ਭਾਜਪਾ ਬਨਾਮ ਹੋਰ ਹੋ ਗਈ ਹੈ, ਜਿਵੇਂ ਕਦੇ ਕਾਂਗਰਸ ਬਨਾਮ ਹੋਰ ਹੁੰਦੀ ਸੀ। ਇੰਨਾ ਹੀ ਨਹੀਂ, ਉਹ ਇਸ ਗੈਰ-ਭਾਜਪਾ ਸਿਆਸਤ ’ਚ ਆਪਣੀ ਵੱਡੀ ਭੂਮਿਕਾ ਵੀ ਤੈਅ ਕਰਨ ’ਚ ਜੁਟ ਗਈ ਹੈ।

ਜੇਕਰ ਉਹ ਬੰਗਾਲ ’ਚ ਹਾਰ ਜਾਂਦੀ ਹੈ ਤਾਂ ਉਹ ਕੇਂਦਰ ਦੀ ਸਿਆਸਤ ’ਚ ਕਿਸ ਭੂਮਿਕਾ ’ਚ ਆਉਣ ਦੀ ਕੋਸ਼ਿਸ਼ ਕਰੇਗੀ, ਇਸ ਦਾ ਸੰਕੇਤ ਇਸ ਚਿੱਠੀ ਤੋਂ ਮਿਲਦਾ ਹੈ। ਜੇਕਰ ਬੰਗਾਲ ’ਚ ਉਹ ਜਿੱਤ ਕੇ ਫਿਰ ਮੁੱਖ ਮੰਤਰੀ ਬਣਦੀ ਹੈ ਤਾਂ ਰਾਸ਼ਟਰੀ ਸਿਆਸਤ ’ਚ ਉਹ ਆਪਣਾ ਕੱਦ ਹੋਰ ਵਧਾਉਣ ਦੀ ਕੋਸ਼ਿਸ਼ ਕਰੇਗੀ, ਇਸ ਦਾ ਖੁੱਲ੍ਹਾ ਆਭਾਸ ਵੀ ਇਹ ਚਿੱਠੀ ਦਿੰਦੀ ਹੈ। ਮਮਤਾ ਰਾਸ਼ਟਰੀ ਸਿਆਸਤ ’ਚ ਜਾਂਦੀ ਹੈ ਤਾਂ ਸੂਬੇ ਦੀ ਜ਼ਿੰਮੇਵਾਰੀ ਉਹ ਪੂਰੀ ਤਰ੍ਹਾਂ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ’ਤੇ ਛੱਡ ਸਕਦੀ ਹੈ।

ਇਸ ਸਭ ਦੇ ਦਰਮਿਆਨ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਸ ਸਭ ਨਾਲ ਮਮਤਾ ਬੈਨਰਜੀ ਨੂੰ ਕੀ ਫਾਇਦਾ ਹੈ। ਕਾਂਗਰਸ ਭਾਵੇਂ ਹੀ ਕਿੰਨੀ ਵੀ ਡਿੱਗੀ ਪਈ ਸਥਿਤੀ ’ਚ ਹੋਵੇ, ਅਜੇ ਮੁੱਖ ਵਿਰੋਧੀ ਪਾਰਟੀਆਂ ਦੀ ਲੀਡਰਸ਼ਿਪ ਦੀ ਜ਼ਿਮੇਵਾਰੀ ਹੈ। ਸੋਨੀਆ ਗਾਂਧੀ ਭਾਵੇਂ ਹੀ ਯੂ. ਪੀ. ਏ. ਮੁਖੀ ਹੋਵੇ ਪਰ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਮੁੱਖ ਚਿਹਰਾ ਹੁਣ ਵੀ ਮੰਨੇ ਜਾਂਦੇ ਹਨ।

ਉਂਝ ਵੀ ਸ਼ਰਦ ਪਵਾਰ ਦੀ ਪਾਰਟੀ ਨੇ ਸੋਨੀਆ ਦੀ ਲੀਡਰਸ਼ਿਪ ਸਮਰੱਥਾ ’ਤੇ ਸਵਾਲ ਉਠਾ ਕੇ ਉਨ੍ਹਾਂ ਨੂੰ ਕਿਨਾਰੇ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮਮਤਾ ਦੀ ਕੋਸ਼ਿਸ਼ ਹੈ ਕਿ ਸੋਨੀਆ ਨੂੰ ਕਿਨਾਰੇ ਕਰ ਖੁਦ ਕੇਂਦਰੀ ਭੂਮਿਕਾ ’ਚ ਆ ਜਾਏ। ਉਂਝ ਵੀ ਇਕ ਤਰ੍ਹਾਂ ਨਾਲ ਸਾਫ ਹੈ ਕਿ ਮਮਤਾ ਅਤੇ ਰਾਹੁਲ ’ਚ ਇਕ ਅਣਲਿਖਤੀ ਸਹਿਮਤੀ ਹੋ ਚੁੱਕੀ ਹੈ। ਇਸ ਦਾ ਨਜ਼ਾਰਾ ਪੱਛਮੀ ਬੰਗਾਲ ਦੀਆਂ ਹੋ ਰਹੀਆਂ ਚੋਣਾਂ ’ਚ ਵੀ ਦਿਸ ਚੁੱਕਾ ਹੈ।

ਜਿਥੋਂ ਤਕ ਸ਼ਰਦ ਪਵਾਰ ਅਤੇ ਊਧਵ ਠਾਕਰੇ ਦੀ ਗੱਲ ਹੈ ਤਾਂ ਇਨ੍ਹਾਂ ਦੋਵਾਂ ’ਚੋਂ ਕਿਸੇ ਦੇ ਬਾਰੇ ’ਚ ਇਹ ਗੱਲ ਕੋਈ ਪੂਰੇ ਭਰੋਸੇ ਨਾਲ ਨਹੀਂ ਕਹਿ ਸਕਦਾ ਕਿ ਇਹ ਕਦੋਂ ਤਕ ਨਾਲ ਰਹਿਣਗੇ ਅਤੇ ਇਨ੍ਹਾਂ ’ਚੋਂ ਕਦੋਂ ਕੌਣ ਭਾਜਪਾ ਦੇ ਨਾਲ ਚਲਾ ਜਾਵੇਗਾ। ਸ਼ਰਦ ਪਵਾਰ ਦੀ ਪਾਰਟੀ ਨੇ ਤਾਂ ਪਹਿਲਾਂ ਹੀ ਯੂ. ਪੀ. ਏ. ਦੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।

ਤਾਮਿਲਨਾਡੂ ’ਚ ਸਟਾਲਿਨ ਕਾਂਗਰਸ ਦੇ ਨਾਲ ਹਨ ਅਤੇ ਇਸੇ ’ਚ ਉਨ੍ਹਾਂ ਦਾ ਫਾਇਦਾ ਹੈ। ਜਗਨ ਮੋਹਨ ਰੈੱਡੀ ਸਥਾਨਕ ਤੋਂ ਅੱਗੇ ਜਾਣ ’ਚ ਰੁਚੀ ਨਹੀਂ ਰੱਖਦੇ ਅਤੇ ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਤੇਲਗੂਦੇਸ਼ਮ ਪਾਰਟੀ ਹੈ। ਮਮਤਾ ਨੇ ਤਾਂ ਅੱਜ ਤੋਂ ਤਿੰਨ ਸਾਲ ਪਹਿਲਾਂ ਤਕ ਵਿਰੋਧੀ ਏਕਤਾ ਦੀ ਧੁਰੀ ਰਹੇ ਤੇਲਗੂਦੇਸ਼ਮ ਸੁਪਰੀਮੋ ਚੰਦਰਬਾਬੂ ਨਾਇਡੂ ਨੂੰ ਇਸ ਲਾਇਕ ਵੀ ਨਹੀਂ ਸਮਝਿਆ ਕਿ ਉਨ੍ਹਾਂ ਦਾ ਨਾਂ ਵੀ ਚਿੱਠੀ ’ਚ ਲਿਖੇ। ਮਮਤਾ ਕੁਲ ਮਿਲਾ ਕੇ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ’ਤੇ ਹੀ ਭਰੋਸਾ ਕਰ ਕੇ ਆਪਣੀ ਖੇਡ ਚੱਲ ਸਕਦੀ ਹੈ। ਇਨ੍ਹਾਂ ’ਚੋਂ ਵਧੇਰੇ ਸੂਬੇ ਦੀ ਸਿਆਸਤ ’ਚ ਕਾਂਗਰਸ ਨੂੰ ਜੇਬ ’ਚ ਰੱਖਦੇ ਰਹੇ ਹਨ।

ਮਮਤਾ ਜੇਕਰ ਚੋਣਾਂ ਦਰਮਿਆਨ ਚਿੱਠੀ ਰਣਨੀਤੀ ’ਚ ਉਲਝਣ ਦੀ ਜਗ੍ਹਾ ਜੇਕਰ ਉਹ ਪੂਰਾ ਜ਼ੋਰ ਮੁੱਦਿਆਂ ’ਤੇ ਚੋਣਾਂ ਲੜਨ ’ਚ ਲਗਾਉਂਦੀ ਤਾਂ ਸ਼ਾਇਦ ਇਹ ਸੰਦੇਸ਼ ਉਮੀਦਵਾਰਾਂ ਤਕ ਨਹੀਂ ਜਾਂਦਾ ਕਿ ਮਮਤਾ ਮੁਸ਼ਕਲ ’ਚ ਹੈ। ਜੇਕਰ ਕਪਤਾਨ ਅਜਿਹੇ ਸੰਕੇਤ ਦੇਵੇ ਕਿ ਜਹਾਜ਼ ਮੁਸ਼ਕਲ ’ਚ ਹੈ ਅਤੇ ਡੁੱਬ ਵੀ ਸਕਦਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਸਵਾਰ ਲੋਕ ਉਸ ਦੀ ਮਦਦ ਲਈ ਦੌੜੇ ਆਉਣ।

ਉਹ ਉਸ ਨੂੰ ਛੱਡ ਕੇ ਕੁੱਦ ਸਕਦੇ ਹਨ ਅਤੇ ਕੋਲੋਂ ਲੰਘ ਰਹੇ ਅਤੇ ਮਜ਼ਬੂਤ ਦਿਸ ਰਹੇ ਦੂਸਰੇ ਜਹਾਜ਼ ’ਚ ਵੀ ਸਵਾਰ ਹੋ ਸਕਦੇ ਹਨ। ਮਮਤਾ ਬੈਨਰਜੀ ਨੇ ਪਿਛਲੇ ਸਾਲ ਦਸੰਬਰ ’ਚ ਹੀ ਪੱਛਮੀ ਬੰਗਾਲ ਦੇ ਤਾਜਪੁਰ ’ਚ ਪਹਿਲੇ ਡੂੰਘੇ ਪਾਣੀ ਦੀ ਸਮੁੰਦਰੀ ਬੰਦਰਗਾਹ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਸਮੁੰਦਰ ਦਾ ਨਿਯਮ ਕਹਿੰਦਾ ਹੈ ਕਿ ਜਦੋਂ ਜਹਾਜ਼ ਡੂੰਘੇ ਪਾਣੀ ’ਚ ਵੀ ਡੋਲ ਰਿਹਾ ਹੋਵੇ ਤਾਂ ਕਪਤਾਨ ਨੂੰ ਇਕਾਗਰਤਾ ਨਾਲ ਸਾਰਾ ਧਿਆਨ ਆਪਣੇ ਜਹਾਜ਼ ’ਤੇ ਲਗਾਉਣਾ ਚਾਹੀਦਾ ਹੈ, ਨਾ ਕਿ 15 ਹੋਰ ਜਹਾਜ਼ ਖੋਹਣ ਦੀ ਰਣਨੀਤੀ ’ਤੇ ਕੰਮ ਕਰਨਾ ਚਾਹੀਦਾ ਹੈ।


Bharat Thapa

Content Editor

Related News