ਹਿਮਾਚਲ ਵਿਧਾਨ ਸਭਾ (ਧਰਮਸ਼ਾਲਾ) ਗੇਟ ’ਤੇ ਖਾਲਿਸਤਾਨੀ ਝੰਡੇ ਅਤੇ ਨਾਅਰਿਆਂ ਨਾਲ ‘ਸੁਰੱਖਿਆ ’ਤੇ ਸਵਾਲੀਆ’ ਨਿਸ਼ਾਨ
05/10/2022 2:30:03 AM

–ਵਿਜੇ ਕੁਮਾਰ
ਪਿਛਲੀ 11 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ ਖਾਲਿਸਤਾਨ ਦੇ ਬੈਨਰ ਲਾਏ ਜਾਣ ਦੀ ਘਟਨਾ ਪਿੱਛੋਂ ‘ਸਿੱਖਸ ਫਾਰ ਜਸਟਿਸ’ ਦੇ ਸਰਗਨਾ ਗੁਰਪਤਵੰਤ ਸਿੰਘ ਪਨੂੰ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਨਾਂ ਵਾਇਰਲ ਚਿੱਠੀ ਵਿਚ ਸੂਬੇ ’ਚ ਭਿੰਡਰਾਂਵਾਲੇ ਦੀ ਫੋਟੋ ਅਤੇ ਖਾਲਿਸਤਾਨੀ ਝੰਡੇ ਲੱਗੀਆਂ ਮੋਟਰ ਗੱਡੀਆਂ ਨੂੰ ਰੋਕਣ ’ਤੇ ਇਤਰਾਜ਼ ਕੀਤਾ ਸੀ ਅਤੇ 29 ਅਪ੍ਰੈਲ ਨੂੰ ਸ਼ਿਮਲਾ ’ਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਚਿਤਾਵਨੀ ਵੀ ਦਿੱਤੀ ਸੀ।
ਅਤੇ ਹੁਣ 7 ਮਈ ਨੂੰ ਰਾਤ ਦੇ ਹਨੇਰੇ ਵਿਚ ਸੂਬੇ ਦੀ ਦੂਜੀ ਰਾਜਧਾਨੀ ਧਰਮਸ਼ਾਲਾ ਵਿਖੇ ‘ਤਪੋਵਨ’ ਸਥਿਤ ਵਿਧਾਨ ਸਭਾ ਭਵਨ ਦੇ ਮੁੱਖ ਗੇਟ ’ਤੇ ਖਾਲਿਸਤਾਨੀ ਝੰਡੇ ਟੰਗ ਕੇ ਕੰਧ ’ਤੇ ਹਰੇ ਰੰਗ ਨਾਲ ‘ਖਾਲਿਸਤਾਨ’ ਵੀ ਲਿਖਿਆ ਪਾਇਆ ਗਿਆ ਹੈ।
8 ਮਈ ਨੂੰ ਸਵੇਰੇ ਸੈਰ ਲਈ ਨਿਕਲੇ ਇਕ ਵਿਅਕਤੀ ਵੱਲੋਂ ਇਨ੍ਹਾਂ ਨੂੰ ਵੇਖ ਕੇ ਪੁਲਸ ਨੂੰ ਸੂਚਿਤ ਕਰਨ ਪਿੱਛੋਂ ਪੁਲਸ ਨੇ ਝੰਡੇ ਹਟਾ ਦਿੱਤੇ ਅਤੇ ਕੰਧਾਂ ’ਤੇ ਦੁਬਾਰਾ ਰੰਗ ਕਰਵਾ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ। ਗੁਰਪਤਵੰਤ ਸਿੰਘ ਪਨੂੰ ਨੇ ਈਮੇਲ ਰਾਹੀਂ ਧਮਕੀ ਦਿੱਤੀ ਹੈ ਕਿ ਹੁਣ 6 ਜੂਨ ਨੂੰ ਵੀ ਅਜਿਹਾ ਹੀ ਹੋਵੇਗਾ। ਪਨੂੰ ਨੇ ਇਸੇ ਈਮੇਲ ’ਚ ਹਿਮਾਚਲ ’ਚ ਆਪਣੀਆਂ ਸਰਗਰਮੀਆਂ ਮਜ਼ਬੂਤ ਕਰਨ ਲਈ 50 ਹਜ਼ਾਰ ਡਾਲਰ ਖਰਚ ਕਰਨ ਦਾ ਦਾਅਵਾ ਕੀਤਾ ਹੈ।
ਧਰਮਸ਼ਾਲਾ ’ਚ ਵਿਧਾਨ ਸਭਾ ਦੇ ਗੇਟ ’ਤੇ ਵਾਦ-ਵਿਵਾਦ ਵਾਲੇ ਝੰਡੇ ਅਤੇ ਨਾਅਰੇ ਲਿਖਣ ਦੀ ਘਟਨਾ ਸਾਹਮਣੇ ਆਉਣ ਪਿੱਛੋਂ ਸਰਕਾਰ ਦਾ ਇਸ ਘਟਨਾ ਨੂੰ ਬੁਜ਼ਦਿਲਾਨਾ ਦੱਸਣਾ ਅਤੇ ਇਹ ਚਿਤਾਵਨੀ ਗਲੇ ਉਤਰਨ ਵਾਲੀ ਨਹੀਂ ਹੈ ਕਿ ‘‘ਜੇ ਹਿੰਮਤ ਹੈ ਕਿ ਰਾਤ ਦੇ ਹਨੇਰੇ ਦੀ ਬਜਾਏ ਦਿਨ ’ਚ ਵਾਦ-ਵਿਵਾਦ ਵਾਲੇ ਝੰਡੇ ਲਾ ਕੇ ਵਿਖਾਓ।’’
ਲੋਕਾਂ ਦਾ ਇਸ ਘਟਨਾ ਸਬੰਧੀ ਕਹਿਣਾ ਹੈ ਕਿ ‘‘ਵਿਧਾਨ ਸਭਾ ਭਵਨ ਵਰਗੇ ਅਤਿਅੰਤ ਸੁਰੱਖਿਅਤ ਸਮਝੇ ਜਾਣ ਵਾਲੇ ਖੇਤਰ ’ਚ ਅਪਰਾਧੀਆਂ ਵੱਲੋਂ ਝੰਡੇ ਟੰਗਣ ਅਤੇ ਨਾਅਰੇ ਲਿਖਣ ’ਚ ਕੁਝ ਸਮਾਂ ਤਾਂ ਲੱਗਾ ਹੀ ਹੋਵੇਗਾ, ਇਸ ਦੌਰਾਨ ਸੁਰੱਖਿਆ ਮੁਲਾਜ਼ਮ ਕਿਥੇ ਸਨ?’’ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਵੀ. ਆਈ. ਪੀ. ਸਮਝੇ ਜਾਣ ਵਾਲੇ ਇਲਾਕੇ ’ਚ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਕਰ ਸਕਦੇ ਹਨ ਤਾਂ ਫਿਰ ਦੂਜੇ ਆਮ ਇਲਾਕਿਆਂ ’ਚ ਉਨ੍ਹਾਂ ਲਈ ਅਜਿਹਾ ਕਰਨਾ ਕੀ ਔਖਾ ਹੈ ਅਤੇ ਉਥੇ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।