ਕਾਸ਼ੀ ਦਾ ਕਾਇਆਕਲਪ ਐਵੇਂ ਹੀ ਨਹੀਂ ਹੋਇਆ
Wednesday, Dec 15, 2021 - 03:44 AM (IST)

ਅਵਧੇਸ਼ ਕੁਮਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਲੋਕ-ਅਰਪਣ ਦੇ ਨਾਲ ਇਤਿਹਾਸ ਦੇ ਇਕ ਮਹੱਤਵਪੂਰਨ ਅਧਿਆਏ ਦਾ ਨਿਰਮਾਣ ਹੋਇਆ। ਕਾਸ਼ੀ ਵਿਸ਼ਵਨਾਥ ਮੰਦਰ ਦੇ 7 ਸੰਪੂਰਨ ਕਾਰੀਡੋਰ ਦੇ ਲੋਕ-ਅਰਪਣ ਨੂੰ ਉਤਸਵ ਦਾ ਰੂਪ ਦੇਣ ਲਈ ਗੰਗਾ ਘਾਟ ’ਤੇ 10 ਲੱਖ ਦੀਵੇ ਜਗਾ ਕੇ ਵਿਸ਼ੇਸ਼ ਦੀਪ ਉਤਸਵ ਮਨਾਇਆ ਗਿਆ। ਇਸ ਦਿਨ ਗੰਗਾ ਆਰਤੀ ਵੀ ਅਤੀ ਪ੍ਰਮੁੱਖ ਸੀ।
ਮੋਦੀ ਨੇ ਠੀਕ ਹੀ ਕਿਹਾ ਕਿ ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਇਕ ਵਿਸ਼ਾਲ ਭਵਨ ਭਰ ਨਹੀਂ ਹੈ, ਇਹ ਪ੍ਰਤੀਕ ਹੈ ਸਾਡੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ, ਸਾਡੀ ਅਧਿਆਤਮਕ ਆਤਮਾ ਦਾ, ਭਾਰਤ ਦੀ ਪ੍ਰਾਚੀਨਤਾ ਦਾ, ਰਵਾਇਤਾਂ ਦਾ, ਭਾਰਤ ਦੀ ਊਰਜਾ ਦਾ, ਗਤੀਸ਼ੀਲਤਾ ਦਾ।
ਇਸ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਮਾਰਚ 2018 ’ਚ ਹੋਈ ਸੀ। ਪੂਰੀ ਯੋਜਨਾ 800 ਕਰੋੜ ਦੀ ਲਾਗਤ ਨਾਲ 33 ਮਹੀਨਿਆਂ ’ਚ ਸਾਕਾਰ ਹੋਈ। ਕਾਸ਼ੀ ਵਿਸ਼ਵਨਾਥ ਕੰਪਲੈਕਸ 399 ਕਰੋੜ ਰੁਪਏ ’ਚ ਪੂਰਾ
ਹੋਇਆ। ਮੰਦਰ ਦੇ ਹੁਣ ਤੱਕ ਦੇ ਇਤਿਹਾਸ ’ਚ ਉਸ ਦੇ ਨਵੀਨੀਕਰਨ ਦੇ ਕਈ ਅਧਿਆਏ ਇਤਿਹਾਸ ’ਚ ਵਰਣਿਤ ਹਨ ਪਰ ਇਸ ਦੇ ਨਾਲ ਸੰਪੂਰਨ ਵਿਸ਼ਵਨਾਥ ਧਾਮ ਦਾ ਨਿਰਮਾਣ ਪਹਿਲੀ ਵਾਰ ਹੋਇਆ ਹੈ। ਗੰਗਾ ਕੰਢੇ ਤੋਂ ਮੰਦਰ ਦੇ ਗਰਭਗ੍ਰਹਿ ਤੱਕ ਬਣੇ ਕਾਸ਼ੀ ਵਿਸ਼ਵਨਾਥ ਧਾਮ ਦਾ ਇਹ ਨਵਾਂ ਸਰੂਪ 241 ਸਾਲ ਬਾਅਦ ਦੁਨੀਆ ਦੇ ਸਾਹਮਣੇ ਆਇਆ ਹੈ। ਇਤਿਹਾਸਕਾਰਾਂ ਦੇ ਅਨੁਸਾਰ ਕਾਸ਼ੀ ਵਿਸ਼ਵਨਾਥ ਮੰਦਰ ’ਤੇ ਸਾਲ 1194 ਤੋਂ ਲੈ ਕੇ 1669 ਤੱਕ ਕਈ ਵਾਰ ਹਮਲੇ ਹੋਏ। ਉਸ ਨੂੰ ਕਈ ਵਾਰ ਢਹਿ-ਢੇਰੀ ਕੀਤਾ ਗਿਆ। ਸੁਭਾਵਿਕ ਹੀ ਮੰਦਰ ਦੇ ਨਾਲ ਇਸ ਦੇ ਨੇੜੇ-ਤੇੜੇ ਦੇ ਬਣੇ ਅਸਥਾਨਾਂ ਅਤੇ ਭਵਨਾਂ ਨੂੰ ਵੀ ਢਾਹਿਆ ਗਿਆ। ਜੋ ਹਾਲਤਾਂ ਉਨ੍ਹਾਂ ਕਾਲਾਂ ’ਚ ਸਨ, ਉਨ੍ਹਾਂ ’ਚ ਸੰਪੂਰਨ ਯੋਜਨਾ ਬਣਾ ਕੇ ਮੁੜ ਨਿਰਮਾਣ ਸੰਭਵ ਨਹੀਂ ਰਿਹਾ ਹੋਵੇਗਾ।
1777-1780 ਦੇ ਦੌਰਾਨ ਮਰਾਠਾ ਸਾਮਰਾਜ ਦੀ ਮਹਾਰਾਣੀ ਅਹਿੱਲਿਆਬਾਈ ਹੋਲਕਰ ਨੇ ਮੰਦਰ ਦਾ ਨਵੀਨੀਕਰਨ ਕਰਵਾਇਆ ਸੀ। ਮੋਦੀ ਨੇ ਇਸ ਸੰਸਦੀ ਹਲਕੇ ਤੋਂ ਚੁਣੇ ਹੋਣ ਦੇ ਨਾਲ ਹੀ ਇਸ ਦੇ ਉਦਾਰ ’ਤੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਸੀ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਉਨ੍ਹਾਂ ਨੇ 8 ਮਾਰਚ, 2019 ਨੂੰ ਮੰਦਰ ਦੇ ਵਿਸ਼ਾਲ ਦਰਬਾਰ ਦਾ ਨੀਂਹ ਪੱਥਰ ਰੱਖਿਆ ਸੀ।
ਉਦੋਂ ਵੀ ਵਧੇਰੇ ਲੋਕਾਂ ਨੂੰ ਇਸ ਦਾ ਆਭਾਸ ਨਹੀਂ ਸੀ ਕਿ ਆਉਣ ਵਾਲੇ ਸਮੇਂ ’ਚ ਅਸੀਂ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਪੂਰੇ ਖੇਤਰ ਨੂੰ ਅਜਿਹੇ ਸਰੂਪ ’ਚ ਦੇਖਾਂਗੇ ਜਿਸ ਦੀ ਆਸਾਨੀ ਨਾਲ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਪਹਿਲਾਂ ਇੱਥੇ ਮੰਦਰ ਖੇਤਰ ਸਿਰਫ 3000 ਵਰਗ ਫੁੱਟ ’ਚ ਸੀ। ਪਹਿਲਾਂ ਦੀ ਸਥਿਤੀ ’ਤੇ ਵਧੇਰੇ ਤੀਰਥ ਯਾਤਰੀ ਕਿਸੇ ਨਾ ਕਿਸੇ ਰੂਪ ’ਚ ਆਪਣਾ ਗਿਲਾ ਪ੍ਰਗਟ ਕਰਦੇ ਸਨ ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਸੋਚ ਰਹੀ ਕਿ ਜਿਵੇਂ ਹੈ ਉਹੋ ਜਿਹਾ ਹੀ ਰਹੇਗਾ। ਪ੍ਰਧਾਨ ਮੰਤਰੀ ਵੱਲੋਂ ਸੰਪੂਰਨ ਹਲਕੇ ਦੇ ਮੁੜ ਨਿਰਮਾਣ ਦੇ ਐਲਾਨ ਦੇ ਬਾਅਦ ਵੀ ਵਧੇਰੇ ਲੋਕ ਇਸ ’ਤੇ ਯਕੀਨ ਕਰਨ ਲਈ ਤਿਆਰ ਨਹੀਂ ਸਨ।
ਉਸ ਸਮੇਂ ਵਿਰੋਧੀ ਨੇਤਾਵਾਂ, ਐਕਟੀਵਿਸਟਾਂ ਦੇ ਬਿਆਨਾਂ ਤੇ ਮੀਡੀਆ ’ਚ ਆਏ ਲੇਖਾਂ ਨੂੰ ਦੇਖੀਏ ਤਾਂ ਇਸ ਦਾ ਆਭਾਸ ਹੋ ਜਾਵੇਗਾ ਕਿ ਇਸ ਨੂੰ ਕੋਰੀ ਕਲਪਨਾ ਤੋਂ ਲੈ ਕੇ ਪਤਾ ਨਹੀਂ ਕੀ-ਕੀ ਕਿਹਾ ਗਿਆ। ਅੱਜ ਇਹ ਕੰਪਲੈਕਸ ਵਧ ਕੇ 5,27,730 ਵਰਗ ਫੁੱਟ ਦਾ ਹੋ ਗਿਆ ਹੈ। ਕਿਸੇ ਖੇਤਰ ਨੂੰ 170 ਗੁਣਾ ਵਧਾ ਦੇਣਾ, ਉਹ ਵੀ ਭਾਰਤ ਵਰਗੇ ਦੇਸ਼ ’ਚ ਕਿੰਨਾ ਅਨੋਖਾ ਕਾਰਜ ਹੋਵੇਗਾ। ਜ਼ਰਾ ਕਲਪਨਾ ਕਰੋ ਤਾਂ ਇਸ ਦੇ ਸਾਹਮਣੇ ਆਉਣ ਵਾਲੀਆਂ ਪ੍ਰੇਸ਼ਾਨੀਆਂ, ਔਕੜਾਂ ਥੋੜ੍ਹੀਆਂ-ਬਹੁਤੀਆਂ ਤੁਹਾਨੂੰ ਮਹਿਸੂਸ ਜ਼ਰੂਰ ਹੋ ਜਾਣਗੀਆਂ। ਹੁਣ ਪਹਿਲਾਂ ਗੰਗਾ ਦਾ ਦਰਸ਼ਨ ਇਸ਼ਨਾਨ ਅਤੇ ਉੱਥੋਂ ਸਿੱਧਾ ਵਿਸ਼ਵਨਾਥ ਮੰਦਰ ’ਚ ਪ੍ਰਵੇਸ਼।
ਅਾਲੋਚਕ ਕੁਝ ਵੀ ਕਹਿਣ, ਦਵਾਦਸ਼ ਜਯੋਤੀਲਿੰਗਾਂ ’ਚੋਂ ਇਕ, ਕਾਸ਼ੀ ਵਿਸ਼ਵਨਾਥ ਮੰਦਰ ਦੀ ਪ੍ਰਾਚੀਨ ਸ਼ਾਨ ਅਤੇ ਮਾਣ ਆਧੁਨਿਕ ਢੰਗ ਨਾਲ ਹੋਏ ਇਸ ਵਿਆਪਕ ਨਵਨਿਰਮਾਣ ਦੇ ਕਾਰਨ ਨਾ ਸਿਰਫ ਮੁੜ ਸਥਾਪਿਤ ਹੋਇਆ ਹੈ ਸਗੋਂ ਜ਼ਿਆਦਾ ਪ੍ਰਭਾਵਸ਼ਾਲੀ ਹੋਇਆ ਹੈ। ਇਹ ਸੌਖਾ ਨਹੀਂ ਸੀ। ਮੰਦਰ ਦੇ ਨੇੜੇ-ਤੇੜੇ ਦੇ ਸ਼ਿਵਾਲਿਆਂ ਅਤੇ ਮੰਦਰਾਂ ਦਾ ਰੈਨੋਵੇਸ਼ਨ ਕਰਨਾ ਸੀ, ਤਾਂ ਉਥੇ ਹੀ ਵਿਸ਼ਵਨਾਥ ਮੰਦਰ ਨੂੰ ਗੰਗਾ ਨਾਲ ਜੋੜਨ ਦੇ ਨਾਲ ਪੂਰੇ ਸ਼ਹਿਰ ਨੂੰ ਇਸ ਦੀਆਂ ਅਧਿਆਤਮਕ, ਸੱਭਿਆਚਾਰਕ, ਇਤਿਹਾਸਕ ਅਤੇ ਆਰਥਿਕ ਵਿਸ਼ੇਸ਼ਤਾਵਾਂ ਅਨੁਸਾਰ ਨਵਾਂ ਕਲੇਵਰ ਵੀ ਦੇਣਾ ਸੀ। ਉਨ੍ਹਾਂ ਮੰਦਰਾਂ ਨੂੰ ਵੀ ਮੁੜ ਬਣਾ ਕੇ ਇਸ ਕਲਪਨਾ ਦੇ ਅਨੁਸਾਰ ਬਣਾਉਣਾ ਪਿਆ ਜੋ ਵੱਖ-ਵੱਖ ਨਿੱਜੀ ਘਰਾਂ ’ਚੋਂ ਨਿਕਲੇ। ਇਨ੍ਹਾਂ ’ਚੋਂ 40 ਤੋਂ ਵੱਧ ਮੰਦਰਾਂ ਨੂੰ ਨਵੀਨੀਕਰਨ ਦੌਰਾਨ ਸੁਰੱਖਿਅਤ ਕੀਤਾ ਗਿਆ। ਉਨ੍ਹਾਂ ਮੰਦਰਾਂ ਦੀਆਂ ਮੂਰਤੀਆਂ ਨੂੰ ਮੁੜ ਸਥਾਪਿਤ ਕਰਨ ਦੇ ਨਾਲ ਉਨ੍ਹਾਂ ਦੇ ਇਤਿਹਾਸ ਅਤੇ ਮਹੱਤਵ ਨੂੰ ਸਮਝਾਉਣ ਲਈ ਸਾਫਟਵੇਅਰ ਤਿਆਰ ਕੀਤਾ ਗਿਆ।
ਕਈ ਮਕਾਨਾਂ ’ਤੇ ਵਰ੍ਹਿਆਂ ਤੋਂ ਦੂਸਰੇ ਲੋਕਾਂ ਦਾ ਕਬਜ਼ਾ ਸੀ। ਧਰਨੇ, ਵਿਰੋਧ-ਵਿਖਾਵੇ ਸ਼ੁਰੂ ਹੋ ਗਏ ਸਨ। ਬਾਜ਼ਾਰ ਭਾਅ ਤੋਂ ਵੱਧ ਕੀਮਤ ਦੇ ਕੇ ਮਾਲਕਾਂ ਨੂੰ ਮਨਾਇਆ ਗਿਆ। 300 ਤੋਂ ਵੱਧ ਮਕਾਨ ਲਗਭਗ 400 ਕਰੋੜ ’ਚ ਖਰੀਦੇ ਗਏ। ਦੁਕਾਨਦਾਰਾਂ, ਧਰਮਸ਼ਾਲਾਵਾਂ, ਮੱਠਾਂ ਅਤੇ ਸਕੂਲਾਂ ਦਾ ਪੁਨਰਵਾਸ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਬਦਲਵਾਂ ਸਾਧਨ ਮੁਹੱਈਆ ਕਰਵਾਉਣਾ ਸੀ।
ਸਾਰਿਆਂ ਨੂੰ ਧਾਰਮਿਕ, ਅਧਿਆਤਮਿਕ, ਸੱਭਿਆਚਾਰ ਸ਼ਾਨ ਦੇ ਨਾਲ ਪੂਰੀ ਯੋਜਨਾ ਅਨੁਸਾਰ ਸਥਾਪਿਤ ਕਰਨ ਦਾ ਸਰੂਪ ਵੀ ਦੇਣਾ ਸੀ ਅਤੇ ਉਹ ਹੋਇਆ ਹੈ। ਗੰਗਾ ਵਿਊ ਗੈਲਰੀ, ਮਣੀਕਰਣਿਕਾ, ਜਲਾਸੇਨ ਅਤੇ ਲਲਿਤਾਘਾਟ ਤੋਂ ਧਾਮ ਆਉਣ ਲਈ ਪ੍ਰਵੇਸ਼ ਦੁਆਰ ਅਤੇ ਸ਼ਾਨਦਾਰ ਰਸਤਾ ਬਣਾਇਆ ਗਿਆ ਹੈ।
ਇੱਥੇ ਆਉਣ ਵਾਲੇ ਸਿਰਫ ਦਰਸ਼ਨ-ਪੂਜਨ ਹੀ ਨਾ ਕਰਨ, ਉਨ੍ਹਾਂ ਨੂੰ ਇਸ ਦੇ ਪੂਰੇ ਇਤਿਹਾਸ, ਅਧਿਆਤਮਕ, ਸੱਭਿਆਚਾਰਕ ਮਹੱਤਵ ਦਾ ਵੀ ਗਿਆਨ ਹੋਵੇ, ਇਸ ਦੇ ਲਈ ਵੀ ਵਿਸ਼ੇਸ਼ ਕੰਮ ਹੋਇਆ ਹੈ। ਉਪਨਿਸ਼ਦ, ਵੇਦ-ਪੁਰਾਣ ਦੀਆਂ ਸਬੰਧਤ ਜਾਣਕਾਰੀਆਂ, ਚਿੱਤਰਾਂ, ਸਲੋਕਾਂ ਸਾਰਿਆਂ ਦਾ ਹਿੰਦੀ ਅਨੁਵਾਦ ਕਰਾ ਕੇ ਧਾਮ ਦੀਆਂ ਕੰਧਾਂ ’ਤੇ ਲਿਖਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਮੁਲਾਂਕਣ ਅਜਿਹੀ ਤਕਨੀਕ ਅਤੇ ਵਿਸ਼ੇਸ਼ਤਾਵਾਂ ਦੇ ਨਾਲ ਹੋਇਆ ਹੈ ਤਾਂ ਕਿ ਇਹ ਸਾਲਾਂ ਤੱਕ ਮਿਟਣ ਨਾ। ਆਉਣ ਵਾਲੇ ਸ਼ਰਧਾਲੂਆਂ ਦੀ ਥੋੜ੍ਹੀ ਵੀ ਰੁਚੀ ਜੇਕਰ ਜਾਣਨ-ਸਮਝਣ ਦੀ ਹੋਵੇਗੀ ਤਾਂ ਉਨ੍ਹਾਂ ਨੂੰ ਉੱਥੋਂ ਦੇ ਬੋਰਡਾਂ, ਕੰਧਾਂ ਤੋਂ ਹੀ ਪੂਰਾ ਗਿਆਨ ਮਿਲ ਜਾਵੇਗਾ।