ਫੌਜ ਦੇ ਸਰਬਉੱਚ ਬਲਿਦਾਨ ਦੀ ਸ਼ੌਰਿਆ ਗਾਥਾ ਹੈ ਕਾਰਗਿਲ ਜੰਗ

Thursday, Jul 25, 2024 - 05:15 PM (IST)

ਫੌਜ ਦੇ ਸਰਬਉੱਚ ਬਲਿਦਾਨ ਦੀ ਸ਼ੌਰਿਆ ਗਾਥਾ ਹੈ ਕਾਰਗਿਲ ਜੰਗ

ਅੱਜ ਤੋਂ 25 ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜ਼ਮੀਨ ਹੜੱਪਣ ਲਈ ਆਪਣੇ ਖੂਨੀ ਇਰਾਦੇ ਨੂੰ ਪੂਰਾ ਕਰਨ ਲਈ ਭਾਰਤ ਦੇ ਨਾਲ ਧੋਖਾ ਕਰ ਕੇ ਭਾਰਤੀ ਫੌਜ ਵੱਲੋਂ ਸਰਦੀਆਂ ’ਚ ਬਰਫਬਾਰੀ ਕਾਰਨ ਖਾਲੀ ਕੀਤੇ ਗਏ ਕਾਰਗਿਲ ਦੇ ਬੰਕਰਾਂ ਨੂੰ ਧੋਖੇ ਨਾਲ ਹੜੱਪ ਲਿਆ।

ਇਸ ਧੋਖੇ ਦੇ ਕਾਰਨ ਭਾਰਤੀ ਫੌਜ ਦੀ ਬਹਾਦਰੀ ਦੀ ਮਿਸਾਲ ਬਣੀ ਕਾਰਗਿਲ ਦੀ ਲੜਾਈ। ਇਸ ਧੋਖੇ ਲਈ ਉਸ ਨੇ ਸਮਾਂ ਚੁਣਿਆ ਸੀ, ਉਹ ਜਦੋਂ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਗਲੇ ਮਿਲ ਰਹੇ ਸਨ, ਉਦੋਂ ਪਾਕਿਸਤਾਨ ਦੇ ਆਰਮੀ ਚੀਫ ਪਰਵੇਜ਼ ਮੁਸ਼ੱਰਫ ਦਾ ਦਿਮਾਗ ਕੁਝ ਹੋਰ ਹੀ ਸ਼ੈਤਾਨੀ ਚਾਲਾਂ ਸੋਚ ਰਿਹਾ ਸੀ।

ਉਨ੍ਹਾਂ ਨੇ ਭਾਰਤ ਦੀ ਪਿੱਠ ’ਚ ਛੁਰਾ ਮਾਰਦੇ ਹੋਏ ‘ਆਪ੍ਰੇਸ਼ਨ ਬਦਰੀ’ ਲਾਂਚ ਕੀਤਾ, ਜਿਸ ਦਾ ਮਕਸਦ ਸੀ ਕਿ ਬਰਫੀਲੇ ਪਹਾੜਾਂ ’ਤੇ ਭਾਰਤੀ ਫੌਜ ਦੇ ਖਾਲੀ ਬੰਕਰਾਂ ’ਤੇ ਆਪਣੇ ਫੌਜੀਆਂ ਅਤੇ ਜਿਹਾਦੀਆਂ ਦੀ ਮਦਦ ਨਾਲ ਕਬਜ਼ਾ ਕਰ ਲੈਣਾ।

ਸ਼ੁਰੂ ’ਚ, ਜਦੋਂ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਇਸ ਘੁਸਪੈਠ ਦੀ ਸੂਚਨਾ ਚਰਵਾਹਿਆਂ ਰਾਹੀਂ ਮਿਲੀ, ਤਾਂ ਇਸ ਦੀ ਵਿਆਪਕਤਾ ਦਾ ਸਹੀ ਅੰਦਾਜ਼ਾ ਨਾ ਹੋਣ ਦੇ ਕਾਰਨ ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਹੁਕਮ ਦਿੱਤਾ ਕਿ ‘ਕੁਝ ਚੂਹੇ ਅੰਦਰ ਆ ਗਏ ਹਨ, ਉਨ੍ਹਾਂ ਨੂੰ ਬਾਹਰ ਸੁੱਟ ਦਿਓ।’

ਰੱਖਿਆ ਮੰਤਰੀ ਦਾ ਵੀ ਦਾਅਵਾ ਸੀ ਕਿ 48 ਘੰਟਿਆਂ ਦੇ ਅੰਦਰ ਸਭ ਕੁਝ ਕਲੀਅਰ ਕਰ ਦਿੱਤਾ ਜਾਵੇਗਾ ਪਰ ਜਦੋਂ ਰੈਕੀ ਕਰਨ ਗਏ ਫੌਜੀ ਸੌਰਵ ਸ਼ੁਕਲਾ ਨੂੰ ਬੁਰੀ ਤਰ੍ਹਾਂ ਤੜਫਾ ਕੇ ਸ਼ਹੀਦ ਕੀਤਾ ਗਿਆ। ਭਾਰਤੀ ਫੌਜ ਨੂੰ ਮ੍ਰਿਤਕ ਦੇਹ ਮਿਲੀ ਤਾਂ ਜ਼ਮੀਨੀ ਹਕੀਕਤਾਂ ਦਾ ਪਤਾ ਲੱਗਾ।

ਜਦੋਂ ਪਾਕਿਸਤਾਨੀ ਫੌਜ ਦੀ ਸ਼ਮੂਲੀਅਤ ਅਤੇ ਲੜਾਈ ਦੀ ਵਿਆਪਕਤਾ ਬਾਰੇ ਸਹੀ ਅੰਦਾਜ਼ਾ ਹੋਇਆ ਤਾਂ ਭਾਰਤੀ ਫੌਜ ਨੇ 3 ਮਈ ਨੂੰ ‘ਆਪ੍ਰੇਸ਼ਨ ਵਿਜੇ’ ਸ਼ੁਰੂ ਕੀਤਾ। ਭਾਰਤੀ ਫੌਜ ਨੂੰ ਇਹ ਸਪੱਸ਼ਟ ਹੁਕਮ ਸੀ ਕਿ ਉਹ ਦੁਸ਼ਮਣ ਨੂੰ ਭਜਾਉਣਗੇ ਪਰ ਐੱਲ. ਓ. ਸੀ. ਪਾਰ ਨਹੀਂ ਕਰਨਗੇ। ਦੁਸ਼ਮਣ ਦੇ ਉਚਾਈ ’ਤੇ ਇਕੱਠੇ ਹੋਣ ਕਾਰਨ ਸਿੱਧੀ ਪੈਦਲ ਫੌਜ ਦੇ ਹਮਲੇ ਅਸਰਦਾਇਕ ਨਹੀਂ ਸਨ।

ਫੌਜ ’ਚ ਕਹਾਵਤ ਹੈ ਕਿ ਪਹਾੜ ਫੌਜ ਨੂੰ ਖਾ ਜਾਂਦੇ ਹਨ। ਇਸੇ ਕਾਰਨ ਚੋਟੀ ’ਤੇ ਪੁਜ਼ੀਸ਼ਨ ਲੈ ਕੇ ਬੈਠੇ ਹਰ ਪਾਕਿਸਤਾਨੀ ਫੌਜੀ ਨੂੰ ਭਜਾਉਣ ਲਈ ਘੱਟੋ-ਘੱਟ 27 ਭਾਰਤੀ ਫੌਜੀਆਂ ਦੀ ਲੋੜ ਸੀ। ਇਸ ਲਈ ਹਾਲਾਤ ਨੂੰ ਆਪਣੇ ਪੱਖ ’ਚ ਕਰਨ ਲਈ ਭਾਰਤੀ ਹਵਾਈ ਫੌਜ ਨੇ ਆਪ੍ਰੇਸ਼ਨ ‘ਸਫੈਦ ਸਾਗਰ’ ਦੇ ਤਹਿਤ ਮਿਗ 21 ਅਤੇ ਮਿਗ 27 ਏਅਰਕ੍ਰਾਫਟ ਨਾਲ ਹਮਲੇ ਸ਼ੁਰੂ ਕੀਤੇ।

ਇਕ ਲੜਾਕੂ ਹੈਲੀਕਾਪਟਰ ਵੀ ਇਸ ਲੜਾਈ ’ਚ ਕ੍ਰੈਸ਼ ਹੋ ਗਿਆ। ਜਦੋਂ ਹਾਲਾਤ ਕਾਬੂ ’ਚ ਨਾ ਆਏ ਤਾਂ 30 ਮਈ ਨੂੰ ਮਿਰਾਜ 2000 ਰਾਹੀਂ ਦੁਸ਼ਮਣ ਦੇ ਟਿਕਾਣਿਆਂ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਹੋਏ ਲੇਜ਼ਰ ਗਾਈਡਿਡ ਬੰਬਾਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਨਾਲ ਜਿੱਥੇ ਦੁਸ਼ਮਣਾਂ ਦੇ ਹੌਸਲੇ ਡਾਵਾਂਡੋਲ ਹੋਣ ਲੱਗੇ ਉੱਥੇ ਹੀ ਭਾਰਤੀ ਫੌਜ ਨੂੰ ਵੀ ਅੱਗੇ ਵਧਣ ’ਚ ਮਦਦ ਮਿਲਣ ਲੱਗੀ।

ਇਸ ਜੰਗ ’ਚ ਦੁਸ਼ਮਣ ਨੂੰ ਪੂਰੀ ਤਰ੍ਹਾਂ ਘੇਰਨ ਲਈ ਭਾਰਤੀ ਸਮੁੰਦਰੀ ਫੌਜ ਦੀ ਭੂਮਿਕਾ ਵੀ ‘ਆਪ੍ਰੇਸ਼ਨ ਪਰਿਵਾਰ’ ਦੇ ਤਹਿਤ ਨਿਰਧਾਰਿਤ ਕੀਤੀ ਗਈ। ਯੋਜਨਾ ਇਹ ਸੀ ਕਿ ਪਾਕਿਸਤਾਨੀ ਕਰਾਚੀ ਬੰਦਰਗਾਹ ਦੀ ਘੇਰਾਬੰਦੀ ਕਰ ਕੇ ਉਸ ਦੀ ਸਪਲਾਈ ਚੇਨ ਨੂੰ ਬਲਾਕ ਕਰ ਦਿੱਤਾ ਜਾਵੇ। ਇਸ ਲਈ ਨੇਵੀ ਦੀ ਵੈਸਟਰਨ ਅਤੇ ਈਸਟਰਨ ਫਲੀਟ ਨੇ ਨਾਰਥ ਅਰੇਬੀਅਨ ਸਾਗਰ ’ਚ ਚੁਣੌਤੀਪੂਰਨ ਪੈਟ੍ਰੋਲਿੰਗ ਕਰ ਕੇ ਦੁਸ਼ਮਣ ਦੇਸ਼ ਨੂੰ ਲੜਾਈ ਤੋਂ ਬਾਜ਼ ਆਉਣ ਦਾ ਸਖਤ ਸੰਦੇਸ਼ ਦਿੱਤਾ।

ਕਾਰਗਿਲ ਲੜਾਈ ’ਚ 5062 ਮੀਟਰ ਦੀ ਉੱਚਾਈ ਵਾਲੀ ਟਾਈਗਰ ਹਿੱਲ ਦੀ ਲੜਾਈ ਬੜੀ ਅਹਿਮ ਸੀ। ਇਸ ਨੂੰ ਜਿੱਤਣ ਲਈ 8 ਸਿੱਖ, 2 ਨਾਗਾ ਅਤੇ 18 ਗ੍ਰੇਨੇਡੀਅਰ ਨੇ ਖਤਰਨਾਕ ਪਲਾਟੂਨ ਦੀ ਸਹਾਇਤਾ ਨਾਲ ਚੁਫੇਰਿਓਂ ਹਮਲਾ ਕੀਤਾ। ਆਖਿਰਕਾਰ 12 ਘੰਟੇ ਦੀ ਭਿਆਨਕ ਲੜਾਈ ਦੇ ਬਾਅਦ ਭਾਰਤੀ ਫੌਜ ਨੇ ਹਰ ਪਾਕਿਸਤਾਨੀ ਕਵਚ ਨੂੰ ਤੋੜਦੇ ਹੋਏ ਇਸ ’ਤੇ ਜਿੱਤ ਹਾਸਲ ਕੀਤੀ।

ਗ੍ਰੇਨੇਡੀਅਰ ਯੋਗੇਂਦਰ ਯਾਦਵ ਨੇ ਆਪਣੇ ਸਰੀਰ ’ਤੇ 17 ਗੋਲੀਆਂ ਦੀ ਵਾਛੜ ਕਰਦੇ ਹੋਏ ਬੁਲੰਦ ਹੌਸਲੇ ਦਾ ਪ੍ਰਗਟਾਵਾ ਕੀਤਾ ਤੇ ਬਰਫੀਲੀ ਹਵਾਵਾਂ ’ਚ ਭਾਰਤੀ ਤਿਰੰਗਾ ਟਾਈਗਰ ਹਿੱਲ ’ਤੇ ਲਹਿਰਾਉਣ ’ਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਨੂੰ ਜੰਗ ਦੇ ਬਾਅਦ ਮਰਨ ਉਪਰੰਤ ਪਰਮਵੀਰ ਚੱਕਰ ਦਿੱਤਾ ਗਿਆ।

ਦੁਸ਼ਮਣ ਦੇ ਕਬਜ਼ੇ ਅਧੀਨ ਇਕ ਹੋਰ ਮਹੱਤਵਪੂਰਨ ਪਹਾੜੀ ਚੋਟੀ ਸੀ-ਤੋਲੋਲਿੰਗ। ਇਹ ਬਰਫੀਲੀ ਚੋਟੀ ਸ਼੍ਰੀਨਗਰ-ਲੇਹ ਦੇ ਨੈਸ਼ਨਲ ਹਾਈਵੇ 1ਡੀ ਦੀ ਰੱਖਿਆ ਲਈ ਬੜੀ ਅਹਿਮ ਸੀ। ਇਸ ਦੀ ਜ਼ਮੀਨੀ ਅਤੇ ਪਹਾੜੀ ਬਨਾਵਟ ਇਸ ਤਰ੍ਹਾਂ ਦੀ ਸੀ ਕਿ ਇਸ ਨੂੰ ਫਤਹਿ ਕਰਨਾ ਬੜੀ ਔਖੀ ਚੁਣੌਤੀ ਸੀ ਪਰ ਭਾਰਤੀ ਫੌਜ ਦੇ ਜਾਂਬਾਜ਼ ਯੋਧਿਆਂ ਨੇ ਆਪਣੇ ਹਿਮਾਲਿਆ ਵਰਗੇ ਬੁਲੰਦ ਹੌਸਲੇ ਦੇ ਨਾਲ ਇਸ ਬਰਫੀਲੀ ਚੋਟੀ ਨੂੰ 13 ਜੂਨ ਨੂੰ ਜਿੱਤ ਲਿਆ ਪਰ ਇਸ ਜਿੱਤ ’ਚ ਕਈ ਫੌਜੀ ਅਫਸਰਾਂ ਤੇ ਫੌਜੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ।

ਮੇਜਰ ਰਾਜੇਸ਼ ਸਿੰਘ ਅਧਿਕਾਰੀ, ਮੇਜਰ ਵਿਵੇਕ ਗੁਪਤਾ, ਮੇਜਰ ਪਦਮਾਪਾਣੀ ਆਚਾਰੀਆ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਤੇ ਹੌਲਦਾਰ ਦਿਗੇਂਦਰ ਕੁਮਾਰ ਨੂੰ ਮਹਾਵੀਰ ਚੱਕਰ ਦਿੱਤਾ ਗਿਆ। ਕਰਨਲ ਰਵਿੰਦਰਨਾਥ ਅਤੇ ਕੈਪਟਨ ਵਿਜੰਤਾ ਥਾਪਰ ਨੂੰ ਵੀਰ ਚੱਕਰ ਦਿੱਤਾ ਗਿਆ।

ਸ਼੍ਰੀਨਗਰ-ਲੇਹ ਮਾਰਗ ਦੇ ਠੀਕ ਉਪਰ ਫੌਜ ਦੀ ਰਣਨੀਤਕ ਤੌਰ ’ਤੇ ਇਕ ਬੜੀ ਮਹੱਤਵਪੂਰਨ ਬਰਫੀਲੀ ਚੋਟੀ ਸੀ-5140 ਜਿਸ ਨੂੰ ਦੁਸ਼ਮਣ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦੀ ਜ਼ਿੰਮੇਵਾਰੀ ਕੈਪਟਨ ਵਿਕ੍ਰਮ ਬੱਤਰਾ ਅਤੇ ਉਨ੍ਹਾਂ ਦੀ ਟੁਕੜੀ ਦੀ ਸੀ। ਕੈਪਟਨ ਵਿਕ੍ਰਮ ਬੱਤਰਾ ਬੜੀ ਬਹਾਦਰੀ ਨਾਲ ਆਪਣੀ ਟੁੱਕੜੀ ਦੀ ਅਗਵਾਈ ਕਰਦੇ ਹੋਏ ਦੁਸ਼ਮਣਾਂ ਦੇ ਬੇਹੱਦ ਨੇ਼ੜੇ ਪਹੁੰਚ ਗਏ ਅਤੇ ਉਨ੍ਹਾਂ ਨੇ ਆਹਮੋ-ਸਾਹਮਣੇ ਦੀ ਲੜਾਈ ’ਚ ਚਾਰ ਦੁਸ਼ਮਣਾਂ ਨੂੰ ਮਾਰ ਮੁਕਾਇਆ।

ਲੜਾਈ ਦਾ ਔਖਾ ਇਲਾਕਾ ਹੋਣ ਦੇ ਬਾਵਜੂਦ 20 ਜੁਲਾਈ ਨੂੰ ਇਸ ਚੋਟੀ ਨੂੰ ਫਤਹਿ ਕਰ ਲਿਆ ਗਿਆ। ਇਸ ਦੇ ਬਾਅਦ ਇਸ ਟੁਕੜੀ ਦਾ ਅਗਲਾ ਨਿਸ਼ਾਨਾ ਸੀ ਪੁਆਇੰਟ 4875, ਇਹ ਲੜਾਈ ਪਹਿਲਾਂ ਤੋਂ ਵੀ ਔਖੀ ਹੋਣ ਵਾਲੀ ਸੀ। ਕੈਪਟਨ ਵਿਕ੍ਰਮ ਬੱਤਰਾ ਨੇ ਜਦੋਂ ਆਪਣੇ ਫੌਜੀਆਂ ਨੂੰ ਕਿਹਾ ਕਿ ‘‘ਮੈਂ ਚੋਟੀ ’ਤੇ ਤਿਰੰਗਾ ਲਹਿਰਾ ਕੇ ਆਵਾਂਗਾ ਜਾਂ ਤਿਰੰਗੇ ’ਚ ਲਿਪਟ ਕੇ ਆਵਾਂਗਾ ਪਰ ਆਵਾਂਗਾ ਜ਼ਰੂਰ’’ ਤਾਂ ਫੌਜੀਆਂ ਨੇ ਪ੍ਰੇਰਿਤ ਹੋ ਕੇ ਚੱਟਾਨੀ ਹੌਸਲੇ ’ਤੇ ਸੌ ਗੁਣਾ ਉਤਸ਼ਾਹ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ।

ਚੋਟੀ ਦੇ ਦੋਵੇਂ ਪਾਸੇ ਸਿੱਧੀ ਢਲਾਨ ਸੀ ਅਤੇ ਸਾਹਮਣੇ ਦੇ ਰਸਤਿਆਂ ਨੂੰ ਦੁਸ਼ਮਣ ਨੇ ਭਾਰੀ ਘੇਰਾਬੰਦੀ ਦੇ ਨਾਲ ਬਲਾਕ ਕੀਤਾ ਹੋਇਆ ਸੀ। ਕੈਪਟਨ ਬੱਤਰਾ ਨੇ ਲੜਾਈ ਦੀ ਅਗਵਾਈ ਕਰਦਿਆਂ 5 ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸੇ ਟੁਕੜੀ ਦੇ ਕੈਪਟਨ ਅਨੁਜ ਨਾਇਰ ਨੇ ਵੀ ਕਈ ਪਾਕਿਸਤਾਨੀ ਫੌਜੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਭਿਆਨਕ ਲੜਾਈ ’ਚ ਦੋਵੇਂ ਫੌਜੀ ਅਫਸਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਸ਼ਹੀਦੀ ਪ੍ਰਾਪਤ ਕਰ ਲਏ। ਜੰਗ ਦੀ ਸਮਾਪਤੀ ਦੇ ਬਾਅਦ ਕੈਪਟਨ ਵਿਕ੍ਰਮ ਬੱਤਰਾ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਤੇ ਕੈਪਟਨ ਅਨੁਜ ਨਾਇਰ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਕਾਰਗਿਲ ਦੀ ਲੜਾਈ ਦਾ ਅੰਤ 26 ਜੁਲਾਈ, 1999 ਨੂੰ ਹੋਇਆ। ਸਾਰੇ ਘੁਸਪੈਠੀਆਂ ਦਾ ਸਫਾਇਆ ਕਰ ਕੇ ਭਾਰਤ ਦੀਆਂ ਬਰਫੀਲੀਆਂ ਚੋਟੀਆਂ ਨੂੰ ਦੁਸ਼ਮਣ ਦੇ ਨਾਪਾਕ ਇਰਾਦਿਆਂ ਤੋਂ ਮੁਕਤ ਕਰ ਕੇ ਇਨ੍ਹਾਂ ’ਤੇ ਭਾਰਤੀ ਤਿਰੰਗਾ ਲਹਿਰਾ ਦਿੱਤਾ ਗਿਆ। ਇਸ ਜੰਗ ’ਚ ਭਾਰਤੀ ਫੌਜ ਦੇ 527 ਬਹਾਦਰ ਯੋਧੇ ਸ਼ਹੀਦ ਹੋ ਗਏ ਤੇ ਲਗਭਗ 1363 ਭਾਰਤੀ ਫੌਜੀ ਜ਼ਖਮੀ ਹੋਏ। ਜਿੱਥੇ ਭਾਰਤੀ ਫੌਜ ਦੇ ਜਾਂਬਾਜ਼ ਯੋਧੇ ਭਾਰਤ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਸਰਹੱਦ ’ਤੇ ਡਟੇ ਹੋਏ ਹਨ, ਉੱਥੇ ਹੀ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਭਾਰਤ ਦੇ ਵਿਕਾਸ ’ਚ ਆਪਣਾ ਯੋਗਦਾਨ ਦਿੰਦੇ ਰਹੀਏ।

ਲੈਫਟੀਨੈਂਟ ਕੁਲਦੀਪ ਸ਼ਰਮਾ


author

Rakesh

Content Editor

Related News