ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨਾ ਠੀਕ ਨਹੀਂ

11/02/2020 2:12:44 AM

ਵਿਨੀਤ ਨਾਰਾਇਣ

ਇਸ ਦੁਸਹਿਰੇ ’ਤੇ ਦੇਸ਼ ਦੇ ਕਈ ਹਿੱਸਿਅਾਂ ’ਚ ਗੁੱਸੇ ’ਚ ਆਏ ਕਿਸਾਨਾਂ, ਬੇਰੋਜ਼ਗਾਰ ਨੌਜਵਾਨਾਂ ਅਤੇ ਭੜਕੀ ਭੀੜ ਨੇ ਰਾਵਣ ਸਾੜਨ ਲਈ ਬਣੇ ਪੁਤਲੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਚਿਹਰਾ ਲਗਾ ਕੇ ਰਾਵਣ ਸਾੜਿਅਾ ਅਤੇ ਭੜਕਾਊ ਨਾਅਰੇ ਲਗਾਏ। ਕਿਸੇ ਵੀ ਪ੍ਰਧਾਨ ਮੰਤਰੀ ਦੇ ਨਾਲ ਅਜਿਹਾ ਘਟੀਆ ਸਲੂਕ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ।

ਪ੍ਰਧਾਨ ਮੰਤਰੀ ਭਾਰਤ ਸਰਕਾਰ ਦਾ ਸਰਵਉੱਚ ਮੁਖੀ ਹੁੰਦਾ ਹੈ। ਉਸ ਦਾ ਨਿਰਾਦਰ ਦੇਸ਼ ਦਾ ਨਿਰਾਦਰ ਹੈ, ਇਸ ਲਈ ਅੱਜ ਤਕ ਕਦੇ ਵੀ ਅੰਦੋਲਨਕਾਰੀਅਾਂ ਨੇ ਜਾਂ ਵਿਰੋਧੀ ਪਾਰਟੀਅਾਂ ਨੇ ਅਜਿਹਾ ਕੰਮ ਨਹੀਂ ਕੀਤਾ ਸੀ। ਇਹ ਬੜੀ ਚਿੰਤਾ ਵਾਲੀ ਗੱਲ ਹੈ ਅਤੇ ਇਹ ਦੇਸ਼ ਦੇ ਲੋਕਤੰਤਰ ਦੇ ਤੇਜ਼ੀ ਨਾਲ ਪਤਨਸ਼ੀਲ ਹੋਣ ਦਾ ਵੱਡਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨ ਵਾਲੇ ਅਸਲ ’ਚ ਉਨ੍ਹਾਂ ਦੀਅਾਂ ਨੀਤੀਅਾਂ ਤੋਂ ਦੁਖੀ ਸਨ ਜਾਂ ਉਨ੍ਹਾਂ ਨੂੰ ਕਿਸੇ ਨੇ ਸਿਆਸੀ ਮਕਸਦ ਨਾਲ ਉਕਸਾਇਆ? ਜੋ ਵੀ ਹੋਵੇ ਇਸ ਨਾਲ ਇਕ ਗਲਤ ਰਵਾਇਤ ਦੀ ਸ਼ੁਰੂਆਤ ਹੋ ਗਈ ਹੈ ਜੋ ਹੋਰ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ।

ਦਰਅਸਲ ਪਿਛਲੇ ਕੁਝ ਸਾਲਾਂ ’ਚ ਸਿਆਸਤ ਦਾ ਜੋ ਵਿਚਾਰ-ਵਟਾਂਦਰਾ ਬਣਿਆ ਹੈ ਅਤੇ ਜਿਸ ਤਰ੍ਹਾਂ ਦੀ ਭਾਸ਼ਾ ਸਿਆਸੀ ਪਾਰਟੀਅਾਂ ਦੇ ਵਰਕਰ ਅਤੇ ਉਨ੍ਹਾਂ ਦੇ ਸਹਿਯੋਗੀ ਮੀਡੀਆ ਕਰਮੀ ਆਪਣੇ ਵਿਰੋਧੀਆਂ ਪ੍ਰਤੀ ਵਰਤ ਰਹੇ ਹਨ, ਉਸ ਨਾਲ ਉਹ ਦਿਨ ਦੂਰ ਨਹੀਂ ਜਦੋਂ ਸਿਆਸਤ ’ਚ ਗੱਲਬਾਤ ਨਾਲ ਨਹੀਂ, ਡਾਂਗ, ਗੋਲੀ ਅਤੇ ਡੰਡਿਅਾਂ ਨਾਲ ਹੀ ਗੱਲ ਹੋਇਆ ਕਰੇਗੀ। ਫਿਰ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ। ਫਿਰ ਨਾ ਤਾਂ ਕੋਈ ਵਿਚਾਰਧਾਰਾ ਬਚੇਗੀ ਅਤੇ ਨਾ ਹੀ ਕੋਈ ਸਮਾਜਿਕ ਸਰੋਕਾਰ ਦਾ ਮੁੱਦਾ। ਘੋਰ ਅਰਾਜਕਤਾ ਦੀ ਸਥਿਤੀ ਹੋਵੇਗੀ।

ਇਸ ਪਤਨ ਦੀ ਸ਼ੁਰੂਆਤ ਬਹੁਤ ਹੀ ਸੀਮਤ ਮਾਤਰਾ ’ਚ ਤਿੰਨ ਦਹਾਕੇ ਪਹਿਲਾਂ ਹੋਈ ਸੀ ਜਦੋਂ ਸਿਆਸੀ ਪਾਰਟੀਅਾਂ ਨੇ ਅਪਰਾਧੀਅਾਂ ਨੂੰ ਚੋਣਾਂ ’ਚ ਉਮੀਦਵਾਰ ਬਣਾਉਣਾ ਸ਼ੁਰੂ ਕੀਤਾ ਸੀ। ਉਦੋਂ ਮੈਂ ਆਪਣੀ ਕਾਲਚੱਕਰ ਵੀਡੀਓ ਮੈਗਜ਼ੀਨ ’ਚ ਇਕ ਰਿਪੋਰਟ ਤਿਆਰ ਕੀਤੀ ਸੀ, ‘ਕੀ ਭਾਰਤ ’ਤੇ ਮਾਫੀਆ ਰਾਜ ਕਰੇਗਾ?’ ਪਰ ਉਦੋਂ ਹਾਲਾਤ ਇੰਨੇ ਭੈੜੇ ਨਹੀਂ ਸਨ ਜਿੰਨੇ ਅੱਜ ਹੋ ਗਏ ਹਨ।

ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਪੱਧਰ ਤੋਂ ਲੈ ਕੇ ਪਿੰਡ ਅਤੇ ਕਸਬੇ ਤਕ ਸਿਆਸੀ ਹਮਲਾਵਰਪੁਣਾ ਵਧਦਾ ਜਾ ਰਿਹਾ ਹੈ। ਕੋਈ ਆਪਣੇ ਵਿਰੋਧੀ ਦੀ ਗੱਲ ਨਾ ਤਾਂ ਸ਼ਾਂਤੀ ਨਾਲ ਸੁਣਨ ਲਈ ਤਿਆਰ ਹੈ ਅਤੇ ਨਾ ਉਸ ’ਤੇ ਤਰਕ ਕਰਨ ਲਈ। ਜ਼ਰਾ ਜਿੰਨਾ ਵਿਰੋਧ ਵੀ ਕਿਸੇ ਨੂੰ ਸਹਿਣ ਨਹੀਂ ਹੈ। ਗੱਲ-ਗੱਲ ’ਤੇ ਆਪਣੇ ਵਿਰੋਧੀਅਾਂ ਦੇ ਪ੍ਰਤੀ ਘਟੀਆ ਭਾਸ਼ਾ ਦੀ ਵਰਤੋਂ ਕਰਨੀ, ਉਨ੍ਹਾਂ ਨੂੰ ਧਮਕੀ ਦੇਣੀ ਜਾਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸਣਾ ਆਮ ਗੱਲ ਹੋ ਗਈ ਹੈ।

ਇਸ ਨਾਲ ਸਮਾਜ ’ਚ ਤਣਾਅ ਅਤੇ ਅਸੁਰੱਖਿਆ ਵਧ ਰਹੀ ਹੈ। ਇਹ ਭਾਰਤ ਦਾ ਸਨਾਤਨ ਸੱਭਿਆਚਾਰ ਨਹੀਂ ਹੈ। ਅਜਿਹਾ ਆਚਰਨ ਤਾਂ ਪੱਛਮੀ ਏਸ਼ੀਅਾਈ ਦੇਸ਼ਾਂ ’ਚ ਦੇਖਣ ’ਚ ਆਉਂਦਾ ਹੈ, ਜਿਥੇ ਛੋਟੀਅਾਂ-ਛੋਟੀਅਾਂ ਗੱਲਾਂ ’ਤੇ ਕੁੱਟਮਾਰ, ਗੋਲੀਬਾਰੀ ਅਤੇ ਸਿਰ ਕਲਮ ਕਰਨ ਵਰਗੇ ਹਾਦਸੇ ਰੋਜ਼ ਹੁੰਦੇ ਰਹਿੰਦੇ ਹਨ।

ਭਾਰਤ ਦੇ ਸੱਭਿਆਚਾਰ ’ਚ ਤਾਂ ਰਾਜੇ ਨਾਲ ਵੀ ਇਕ ਆਮ ਨਾਗਰਿਕ ਉਸ ਦੇ ਦਰਬਾਰ ’ਚ ਆਪਣਾ ਵਿਰੋਧ ਪ੍ਰਗਟ ਕਰ ਸਕਦਾ ਸੀ। ਪੁਰਾਤਨ ਗੋਵਰਧਨ ਪਰਬਤ ਦੇ ਕੰਢੇ ’ਤੇ 500 ਸਾਲ ਪਹਿਲਾਂ ਇਕ ਪ੍ਰਸਿੱਧ ਭਜਨ ਗਾਇਕ ਸੰਤ ਕੁੰਭਨ ਦਾਸ ਜੀ ਰਹਿੰਦੇ ਸਨ। ਬਾਦਸ਼ਾਹ ਅਕਬਰ ਨੇ ਉਨ੍ਹਾਂ ਦੀ ਤਾਰੀਫ ਸੁਣੀ ਤਾਂ ਉਨ੍ਹਾਂ ਦਾ ਗਾਇਨ ਸੁਣਨ ਲਈ ਸਿਪਾਹੀ ਭੇਜ ਕੇ ਉਨ੍ਹਾਂ ਨੂੰ ਆਪਣੀ ਰਾਜਧਾਨੀ ਫਤਿਹਪੁਰ ਸੀਕਰੀ ਸੱਦ ਲਿਆ।

ਇਸ ਨਾਲ ਕੁੰਭਨ ਦਾਸ ਜੀ ਬੜੇ ਦੁਖੀ ਹੋਏ। ਬਾਦਸ਼ਾਹ ਦੇ ਹੁਕਮ ’ਤੇ ਉਨ੍ਹਾਂ ਨੇ ਦਰਬਾਰ ’ਚ ਆਪਣਾ ਪ੍ਰਸਿੱਧ ਦੋਹਾ ਗਾਇਆ, ‘‘ਸੰਤ ਕੂ ਕਹਾ ਸੀਕਰੀ ਸੋ ਕਾਮ। ਆਵਤ ਜਾਤ ਪਨਹੈਯਾ ਟੂਟੀ, ਬਿਸਰ ਗਯੋ ਹਰਿ ਨਾਮ।’’ ਬਾਦਸ਼ਾਹ ਅਕਬਰ ਨੇ ਉਨ੍ਹਾਂ ਨੂੰ ਇਨਾਮ ਦੇਣਾ ਚਾਹਿਆ ਤਾਂ ਕੁੰਭਨ ਦਾਸ ਜੀ ਬੋਲੇ, ‘‘ਅੱਜ ਦੇ ਬਾਅਦ ਆਪਣਾ ਮਨਹੂਸ ਚਿਹਰਾ ਮੈਨੂੰ ਨਾ ਦਿਖਾਉਣਾ ਕਿਉਂਕਿ ਇਸ ਦੇ ਚੱਕਰ ’ਚ ਅੱਜ ਮੇਰਾ ਭਜਨ ਭੰਗ ਹੋ ਗਿਆ।’’ ਇਸ ’ਤੇ ਦਰਬਾਰੀਅਾਂ ਨੇ ਤਲਵਾਰਾਂ ਖਿੱਚ ਲਈਅਾਂ ਤਾਂ ਅਕਬਰ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ, ‘‘ਇਹ ਸੱਚੇ ਫਕੀਰ ਹਨ, ਇਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ (ਭਗਵਾਨ ਸ਼੍ਰੀ ਕ੍ਰਿਸ਼ਨ) ਦੇ ਲਈ ਗਾਉਂਦੇ ਹਨ, ਸਾਡੇ ਲਈ ਨਹੀਂ।’’ ਭਾਵ ਇਹ ਕਿ ਜੇਕਰ ਸ਼ਾਸਕ ’ਚ ਆਪਣੀ ਆਲੋਚਨਾ ਸੁਣਨ ਦੀ ਉਦਾਰਤਾ ਹੋਵੇਗੀ, ਤਾਂ ਜਨਤਾ ਦਾ ਗੁੱਸਾ ਇੰਨਾ ਨਹੀਂ ਭੜਕੇਗਾ ਕਿ ਉਹ ਮਰਿਆਦਾ ਦੀ ਹੱਦ ਲੰਘ ਜਾਵੇ।

ਅੱਜਕਲ ਥਾਈਲੈਂਡ ਦੇ ਰਾਜਤੰਤਰ ਦੇ ਵਿਰੁੱਧ ਲੋਕਾਂ ਦੇ ਭਾਰੀ ਗੁੱਸੇ ਨੇ ਇਕ ਵੱਡੇ ਅੰਦੋਲਨ ਦਾ ਰੂਪ ਲੈ ਲਿਆ ਹੈ ਜਦਕਿ ਥਾਈਲੈਂਡ ਦੇ ਕਾਨੂੰਨ ਅਨੁਸਾਰ ਰਾਜੇ ਦੀ ਨਿੰਦਾ ਕਰਨੀ ਵੀ ਗੈਰ-ਕਾਨੂੰਨੀ ਹੈ। ਅਜਿਹਾ ਇਸ ਲਈ ਹੋਇਆ ਕਿ ਪਿਛਲੇ ਰਾਜਾ ਉਦਾਰ ਸਨ ਅਤੇ ਲੋਕਪ੍ਰਿਯ ਵੀ, ਜਦਕਿ ਮੌਜੂਦਾ ਰਾਜੇ ਦੇ ਆਚਰਣ ਅਤੇ ਨੀਤੀਅਾਂ ਤੋਂ ਜਨਤਾ ਪ੍ਰੇਸ਼ਾਨ ਹੈ। ਵੈਸੇ ਸਾਰੀ ਜਨਤਾ ਨੂੰ ਹਰ ਸਮੇਂ ਕੋਈ ਵੀ ਸ਼ਾਸਕ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦਾ। ਕੁਝ ਨਾ ਕੁਝ ਲੋਕ ਤਾਂ ਹਮੇਸ਼ਾ ਅਸੰਤੁਸ਼ਟ ਹੋਣਗੇ ਹੀ ਪਰ ਜੇਕਰ ਸ਼ਾਸਕ ਵਰਗ ਆਮ ਜਨਤਾ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਜਨਤਾ ਨੂੰ ਵੀ ਜਾਪਦਾ ਹੈ ਕਿ ਉਸ ਦੀਅਾਂ ਨੀਤੀਅਾਂ ਤੋਂ ਜਨਤਾ ਨੂੰ ਲਾਭ ਮਿਲ ਰਿਹਾ ਹੈ ਤਾਂ ਸਥਿਤੀ ਇੰਨੀ ਨਹੀਂ ਵਿਗੜਦੀ।

ਪਰ ਜੇਕਰ ਜਨਤਾ ਨੂੰ ਜਾਪੇ ਕਿ ਸ਼ਾਸਕ ਵਰਗ ਦੀਅਾਂ ਨੀਤੀਅਾਂ ਅਤੇ ਆਚਰਣ ਆਮ ਜਨਤਾ ਦੇ ਹਿੱਤਾਂ ਦੇ ਵਿਰੋਧ ’ਚ ਹਨ ਅਤੇ ਸਿਰਫ ਉੱਚੇ ਜਾਂ ਰੱਜੇ-ਪੁੱਜੇ ਲੋਕਾਂ ਦੇ ਹਿੱਤ ’ਚ ਹਨ ਤਾਂ ਉਸ ਦਾ ਗੁੱਸਾ ਵਧ ਜਾਂਦਾ ਹੈ, ਜਿਸ ਦਾ ਨਤੀਜਾ ਹਿੰਸਕ ਅੰਦੋਲਨ ਦਾ ਰੂਪ ਵੀ ਲੈ ਸਕਦਾ ਹੈ।

ਮੱਧ ਯੁੱਗ ਨੂੰ ਛੱਡ ਦੇਈਏ ਤਾਂ ਵੀ ਆਧੁਨਿਕ ਯੁੱਗ ’ਚ ਅਤੇ ਇਸੇ ਸਦੀ ’ਚ ਦੁਨੀਆ ਦੇ ਜਿਹੜੇ-ਜਿਹੜੇ ਦੇਸ਼ਾਂ ’ਚ ਸ਼ਾਸਕਾਂ ਨੇ ਤਾਨਾਸ਼ਾਹੀਪੂਰਨ ਵਤੀਰਾ ਅਪਣਾਇਆ, ਵਿਰੋਧ ਦੀਆਂ ਸੁਰਾਂ ਨੂੰ ਦਬਾਇਆ ਅਤੇ ਜਨ-ਸੰਚਾਰ ਦੇ ਮਾਧਿਅਮਾਂ ਰਾਹੀਂ ਆਪਣਾ ਝੂਠਾ ਪ੍ਰਚਾਰ ਕਰਵਾਇਆ, ੳ੍ਹਨ੍ਹਾਂ-ਉਨ੍ਹਾਂ ਤਾਨਾਸ਼ਾਹਾਂ ਨੂੰ ਖੂਨੀ ਕ੍ਰਾਂਤੀ ਦਾ ਸਾਹਮਣਾ ਕਰਨਾ ਪਿਆ। ਇਸ ਲਈ ਲੋਕਤੰਤਰ ’ਚ ਜੋ ਚਾਰ ਥੰਮ੍ਹ ਬਣਾਏ ਗਏ ਹਨ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਅਾਂਪਾਲਿਕਾ ਅਤੇ ਮੀਡੀਆ, ਚਾਰਾਂ ਦੀ ਖੁਦਮੁਖਤਿਆਰੀ ਸੰਵਿਧਾਨ ’ਚ ਸੁਰੱਖਿਅਤ ਕੀਤੀ ਗਈ ਹੈ। ਇਨ੍ਹਾਂ ਚਾਰੇ ਥੰਮ੍ਹਾਂ ਨੂੰ ਇਕ-ਦੂਸਰੇ ਦੇ ਉੱਪਰ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਵੀ ਲੋਕਤੰਤਰਿਕ ਪ੍ਰੰਪਰਾਵਾਂ ਨੇ ਮੁਹੱਈਆ ਕੀਤੀ ਹੈ ਜਿਸ ਨਾਲ ਸਮਾਜ ’ਚ ਸੰਤੁਲਨ ਬਣਿਆ ਰਹੇ।

ਇਸ ਲਈ ਇਹ ਸਾਡੀ ਸਾਰਿਅਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਦੀਅਾਂ ਲੋਕਤੰਤਰੀ ਰਵਾਇਤਾਂ ’ਚ ਤੇਜ਼ੀ ਨਾਲ ਆ ਰਹੀ ਇਸ ਗਿਰਾਵਟ ਨੂੰ ਰੋਕਣ ਦਾ ਕੰਮ ਤੁਰੰਤ ਕਰੀਏ। ਇਸ ’ਚ ਜ਼ਿਆਦਾ ਜ਼ਿੰਮੇਵਾਰੀ ਖੁਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਹੈ। ਉਹ ਸੱਤਾ ਦੇ ਸਿਰਮੌਰ ਹਨ ਅਤੇ ਇਕ ਨਵੇਂ ਭਾਰਤ ਦਾ ਸੁਪਨਾ ਦੇਖ ਰਹੇ ਹਨ। ਉਨ੍ਹਾਂ ਨੂੰ ਇਸ ਸਥਿਤੀ ਦਾ ਨਿਰਪੱਖ ਮੁਲਾਂਕਣ ਕਰਕੇ ਇਸ ਗਿਰਾਵਟ ਨੂੰ ਰੋਕਣ ਲਈ ਠੋਸ ਅਤੇ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਸਾਡਾ ਸਮਾਜ ਭੈਅ ਮੁਕਤ ਹੋਵੇ, ਅਨੁਸ਼ਾਸਿਤ ਹੋਵੇ ਅਤੇ ਜ਼ਿੰਮੇਵਾਰੀ ਨਾਲ ਵਿਹਾਰ ਕਰੇ, ਅਜਿਹੀ ਗੈਰ-ਜ਼ਿੰਮੇਵਾਰਾਨਾ ਹਰਕਤ ਨਾ ਕਰੇ।


Bharat Thapa

Content Editor

Related News