ਇਜ਼ਰਾਈਲ-ਈਰਾਨ ਹਮਲੇ ਦਿਨ ਰਾਤ ਜਾਰੀ : ਹੁਣ ਅੱਗੇ ਕੀ?

Monday, Jun 16, 2025 - 06:43 AM (IST)

ਇਜ਼ਰਾਈਲ-ਈਰਾਨ ਹਮਲੇ ਦਿਨ ਰਾਤ ਜਾਰੀ : ਹੁਣ ਅੱਗੇ ਕੀ?

ਇਜ਼ਰਾਈਲ-ਈਰਾਨ ਜੰਗ ਅਜੇ ਸ਼ੁਰੂ ਹੀ ਹੋਈ ਹੈ। ਪਹਿਲੇ ਹੀ ਦਿਨ ਇਜ਼ਰਾਈਲ ਨੇ ਈਰਾਨ ਦੇ 8 ਫੌਜੀ ਜਨਰਲ, 6 ਪ੍ਰਮਾਣੂ ਵਿਗਿਆਨੀ ਮਾਰ ਦਿੱਤੇ ਹਨ ਅਤੇ ਤਹਿਰਾਨ ਤੋਂ 135 ਮੀਲ ਦੱਖਣ ਪੂਰਬ ਸਥਿਤ ਪ੍ਰਮਾਣੂ ਸਥਾਨ ਨਤਾਜ ’ਚ ਵੀ ਨੁਕਸਾਨ ਪਹੁੰਚਾਇਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਜਿੰਨੇ ਦਿਨ ਲੱਗਣਗੇ, ਇਜ਼ਰਾਈਲ ਓਨੇ ਦਿਨਾਂ ਤੱਕ, ਸ਼ਾਇਦ ਕਈ ਹਫਤਿਆਂ ਤੱਕ ਹਮਲੇ ਜਾਰੀ ਰੱਖੇਗਾ ਤਾਂ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕਮਜ਼ੋਰ ਕਰਕੇ ਉਸ ਦੀ ਫੌਜ ਨੂੰ ਤਬਾਹ ਕੀਤਾ ਜਾ ਸਕੇ।

ਈਰਾਨ ਨੇ ਵੀ ਇਜ਼ਰਾਈਲ ’ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ ਅਤੇ ਉਸ ਦੇ ਕੋਲ ਜਵਾਬੀ ਕਾਰਵਾਈ ਦੇ ਕਈ ਹੋਰ ਬਦਲ ਹਨ ਿਜਸ ’ਚ ਹੋਰ ਜ਼ਿਆਦਾ ਖੂਨ-ਖਰਾਬੇ ਦੀ ਸੰਭਾਵਨਾ ਹੈ, ਇਸ ਲਈ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਕਿਹੜੇ ਉਪਾਵਾਂ ਨਾਲ ਇਹ ਜੰਗ ਖਤਮ ਕੀਤੀ ਜਾ ਸਕਦੀ ਹੈ।

ਪਹਿਲਾ ਬਦਲ ਤਾਂ ਇਹ ਹੈ ਕਿ ਈਰਾਨ ਨੇ ਇਜ਼ਰਾਈਲ ’ਤੇ ਕਈ ਵਾਰ ਫੌਜੀ ਹਮਲੇ ਕੀਤੇ ਅਤੇ ਆਪਣੇ ਲੋਕਾਂ ਦੇ ਸਾਹਮਣੇ ਦਾਅਵਾ ਕੀਤਾ ਕਿ ਉਸ ਨੇ ਜਵਾਬੀ ਹਮਲਾ ਕਰ ਕੇ ਇਜ਼ਰਾਈਲੀਆਂ ਨੂੰ ਖੂਨ ਨਾਲ ਲਥਪਥ ਕਰ ਕੇ ਪਿੱਛੇ ਧੱਕ ਦਿੱਤਾ ਹੈ ਅਤੇ ਉਹ ਜੰਗਬੰਦੀ ਲਈ ਅਮਰੀਕਾ ਅਤੇ ਕੌਮਾਂਤਰੀ ਯਤਨਾਂ ਨੂੰ ਤੁਰੰਤ ਸਵੀਕਾਰ ਕਰ ਲਵੇ। ਸੰਖੇਪ ’ਚ ਆਤਮਸਮਰਪਣ ਹੁਣ ਕਰੇ ਤਾਂ ਕਿ ਫਿਰ ਬਾਅਦ ’ਚ ਲੜਿਆ ਜਾ ਸਕੇ। ਜਿਸ ਤਰ੍ਹਾਂ ਹਿਜਬੁੱਲਾ ਜਵਾਬੀ ਹਮਲਾ ਕੀਤੇ ਬਿਨਾਂ ਇਜ਼ਰਾਈਲ ਦੀਆਂ ਸ਼ਰਤਾਂ ’ਤੇ ਜੰਗਬੰਦੀ ਲਈ ਸਹਿਮਤ ਹੋ ਗਿਆ ਸੀ।

ਦੂਜੀ ਸੰਭਾਵਨਾ ਇਹ ਹੈ ਕਿ ਈਰਾਨ ਡਟਿਆ ਰਹੇ ਅਤੇ ਇਜ਼ਰਾਈਲ ਦੇ ਵਿਰੁੱਧ ਕੁਝ ਅੱਤਵਾਦ ਦੇ ਰੂਪ ’ਚ ਜਾਂ ਇਜ਼ਰਾਈਲ ਦੀ ਰੱਖਿਆ ਨੂੰ ਵਿੰਨ੍ਹਣ ਵਾਲੇ ਕੁਝ ਮਿਜ਼ਾਈਲ ਹਮਲੇ ਵੀ ਕਰੇ ਜਾਂ ਹੋਰ ਤਰੀਕੇ ਅਪਣਾਏ। ਜਦੋਂ ਤੱਕ ਜੰਗ ਨੂੰ ਰੋਕਣ ਲਈ ਇਜ਼ਰਾਈਲ ’ਤੇ ਕੌਮਾਂਤਰੀ ਦਬਾਅ ਨਾ ਬਣੇ।

ਜ਼ਿਆਦਾਤਰ ਜਦੋਂ ਇਜ਼ਰਾਈਲ ਆਪਣੇ ਦੁਸ਼ਮਣਾਂ ’ਤੇ ਹਮਲਾ ਕਰਦਾ ਹੈ, ਤਾਂ ਉਸ ਨੂੰ ਅਕਸਰ ਅਮਰੀਕਾ ਅਤੇ ਪ੍ਰਮੁੱਖ ਯੂਰਪੀ ਸਹਿਯੋਗੀਆਂ ਤੋਂ ਸਮਰਥਨ ਮਿਲਦਾ ਹੈ, ਪਰ ਇਹ ਦੇਸ਼ ਜਲਦੀ ਹੀ ਦੁਸ਼ਮਣੀ ਖਤਮ ਕਰਨ ਦਾ ਸੱਦਾ ਦੇਣ ਲੱਗਦੇ ਹਨ, ਜਦਕਿ ਇਸ ਵਾਰ ਇਜ਼ਰਾਈਲ ਹਮਲੇ ਜਾਰੀ ਰੱਖਣਾ ਚਾਹੁੰਦਾ ਹੈ। ਇਜ਼ਰਾਈਲ ਨੂੰ ਯੂਰਪੀ ਦੇਸ਼ਾਂ ਦੀ ਰਾਏ ਦੀ ਸ਼ਾਇਦ ਹੀ ਪ੍ਰਵਾਹ ਹੋਵੇ। ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਨੇਤਨਯਾਹੂ ’ਤੇ ਅਸਲੀ ਦਬਾਅ ਪਾਉਣ ਤਾਂ ਇਜ਼ਰਾਈਲ ਆਪ੍ਰੇਸ਼ਨ ਨੂੰ ਛੋਟਾ ਕਰ ਸਕਦਾ ਹੈ।

ਟਰੰਪ ਨੇ ‘ਟਰੁਥ ਸੋਸ਼ਲ’ ’ਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਗੱਲਬਾਤ ’ਤੇ ਪਰਤਣ ਦਾ ਸੱਦਾ ਦਿੰਦੇ ਹੋਏ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਕਿ ਕੁਝ ਵੀ ਨਾ ਬਚੇ, ਈਰਾਨ ਨੂੰ ਇਕ ਸੌਦਾ ਕਰਨਾ ਚਾਹੀਦਾ ਹੈ, ਹੁਣ ਹੋਰ ਮੌਤਾਂ ਨਹੀਂ, ਹੁਣ ਹੋਰ ਤਬਾਹੀ ਨਹੀਂ, ਬਸ ਇਸ ਨੂੰ ਕਰੋ, ਇਸ ਤੋਂ ਪਹਿਲਾਂ ਕੀ ਬਹੁਤ ਦੇਰ ਹੋ ਜਾਵੇ।

ਇਸ ਤਰ੍ਹਾਂ ਦੀ ਵਾਰਤਾ ਤਹਿਰਾਨ ਲਈ ਇਕ ਨਿਸ਼ਚਿਤ ਆਕਰਸ਼ਣ ਰੱਖਦੀ ਹੈ-ਦੇਸ਼ ਦੀ ਅਰਥਵਿਵਸਥਾ ਖਸਤਾਹਾਲ ਹੈ ਅਤੇ ਪਾਬੰਦੀਆਂ ’ਚ ਕਮੀ ਦਾ ਵਾਅਦਾ ਆਕਰਸ਼ਕ ਹੈ। ਟਰੰਪ ਕਿਸੇ ਵੀ ਰਿਆਇਤ ਦਾ ਢੋਂਗ ਰਚਣਗੇ।

ਇਸ ਤੋਂ ਵੀ ਭਿਆਨਕ ਘਟਨਾਚੱਕਰ ਸੰਭਵ ਹੈ ਕਿ ਇਜ਼ਰਾਈਲ-ਈਰਾਨ ਜੰਗ ਇਕ ਖੇਤਰੀ ਜੰਗ ’ਚ ਬਦਲ ਜਾਵੇ। ਇਜ਼ਰਾਈਲੀ ਹਮਲਿਆਂ ਤੋਂ ਪਹਿਲਾਂ, ਈਰਾਨ ਨੇ ਮੱਧ ਪੂਰਬ ’ਚ ਅਮਰੀਕੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਜੇਕਰ ਉਹ ਹਮਲੇ ਹੋਏ, ਤਾਂ ਇਹ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅਮਰੀਕਾ ਬੰਬਾਰੀ ’ਚ ਸ਼ਾਮਲ ਹੋ ਜਾਵੇਗਾ।

ਅਮਰੀਕਾ ਵੀ ਆਪਣੇ ਨਿੱਜੀ ਕਾਰਨਾਂ ਕਰ ਕੇ ਇਸ ਹਮਲੇ ਨੂੰ ਵਧਾ ਸਕਦਾ ਹੈ। ਅਮਰੀਕੀ ਅਧਿਕਾਰੀ ਇਸ ਗੱਲ ’ਤੇ ਵਿਚਾਰ ਕਰ ਸਕਦੇ ਹਨ ਕਿ ਇਜ਼ਰਾਈਲ ਨੇ ਪਹਿਲਾਂ ਹੀ ਅੱਧਾ ਕੰਮ ਕਰ ਲਿਆ ਹੈ ਅਤੇ ਅਮਰੀਕਾ ਡੰੂਘੀ ਪੈਠ ਵਾਲੇ ਹਥਿਆਰਾਂ ਨਾਲ ਬੰਬਾਰੀ ਕਰ ਕੇ ਅਤੇ ਇਜ਼ਰਾਈਲ ਦੇ ਸ਼ੁਰੂਆਤੀ ਹਮਲਿਆਂ ਦੇ ਬਾਅਦ ਜੋ ਕੁਝ ਵੀ ਬਚਿਆ ਹੈ, ਉਸ ਨੂੰ ਨਿਪਟਾ ਕੇ ਕੰਮ ਪੂਰਾ ਕਰ ਸਕਦਾ ਹੈ।

ਦੂਜੇ ਪਾਸੇ ਇਜ਼ਰਾਈਲ ’ਤੇ ਹਮਲਾ ਕਰਨ ਲਈ ਈਰਾਨ ਆਪਣੇ ਸਹਿਯੋਗੀਆਂ ਇਰਾਕ, ਲੈਬਨਾਨ, ਯਮਨ ਆਦਿ ਨੂੰ ਬੁਲਾ ਸਕਦਾ ਹੈ ਅਤੇ ਈਰਾਨ ਕੌਮਾਂਤਰੀ ਅੱਤਵਾਦ ਦੀ ਵੀ ਵਰਤੋਂ ਕਰ ਸਕਦਾ ਹੈ।

ਹਾਲਾਂਕਿ ਫਿਲਹਾਲ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਪਰ ਇਹ ਸੰਭਵ ਹੈ ਕਿ ਅਮਰੀਕਾ ਦੇ ਅਰਬ ਸਹਿਯੋਗੀ ਇਸ ’ਚ ਸ਼ਾਮਲ ਹੋ ਸਕਦੇ ਹਨ। ਜਾਰਡਨ ਦੇ ਹਥਿਆਰਬੰਦ ਬਲਾਂ ਨੇ ਪਹਿਲਾਂ ਹੀ 13 ਜੂਨ ਨੂੰ ਆਪਣੇ ਹਵਾਈ ਖੇਤਰ ’ਚ ਦਾਖਲ ਹੋਣ ਵਾਲੀਆਂ ਈਰਾਨੀ ਮਿਜ਼ਾਈਲਾਂ ਅਤੇ ਡਰੋਨ ਨੂੰ ਰੋਕਣ ਲਈ ਸੂਚਨਾ ਦੇ ਦਿੱਤੀ ਹੈ।

ਇਕ ਅੰਤਿਮ ਸੰਭਾਵਨਾ ਇਹ ਹੈ ਕਿ ਯੁੱਧ ਕਦੇ ਖਤਮ ਨਹੀਂ ਹੋਵੇਗਾ-ਘੱਟ ਤੋਂ ਘੱਟ ਰਸਮੀ ਤੌਰ ’ਤੇ ਤਾਂ ਨਹੀਂ। ਹਾਲਾਂਕਿ ਵੱਡੀ ਪੱਧਰ ’ਤੇ ਇਜ਼ਰਾਈਲੀ ਹਮਲਿਆਂ ਦੀਆਂ ਲਹਿਰਾਂ ਕਿਸੇ ਬਿੰਦੂ ’ਤੇ ਰੁਕ ਸਕਦੀਆਂ ਹਨ ਪਰ ਆਉਣ ਵਾਲੇ ਮਹੀਨਿਆਂ ’ਚ ਹੇਠਲੇ ਪੱਧਰ ’ਤੇ ਸੰਘਰਸ ਜਾਰੀ ਰਹਿ ਸਕਦਾ ਹੈ।

ਈਰਾਨ ’ਤੇ ਇਜ਼ਰਾਈਲ ਕਦੇ-ਕਦੇ ਮਿਜ਼ਾਈਲ ਜਾਂ ਹਵਾਈ ਹਮਲਾ ਜਾਂ ਈਰਾਨ ’ਚ ਹੱਤਿਆ ਅਤੇ ਭੰਨਤੋੜ ਵੀ ਕਰ ਸਕਦਾ ਹੈ। ਈਰਾਨ ਸਮੇਂ-ਸਮੇਂ ’ਤੇ ਇਜ਼ਰਾਈਲ ’ਤੇ ਗੋਲਾਬਾਰੀ ਕਰੇਗਾ, ਨਾਲ ਹੀ ਅੱਤਵਾਦ ਅਤੇ ਜਵਾਬੀ ਹਮਲੇ ਦੇ ਹੋਰ ਵੀ ਯਤਨ ਕਰੇਗਾ। ਇਹ ਮੁਕੰਮਲ ਜੰਗ ਨਹੀਂ ਹੈ, ਪਰ ਸ਼ਾਂਤੀ ਵੀ ਨਹੀਂ ਹੈ।

ਇਸੇ ਤਰ੍ਹਾਂ, ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਇਕ ਵੱਡੇ ਪ੍ਰਮਾਣੂ ਸਮਝੌਤੇ ਵੱਲ ਪਹਿਲਾਂ ਕਦਮ ਹੋ ਸਕਦੀ ਹੈ। ਈਰਾਨ ਘੱਟ ਸਮੇਂ ਦੇ ਲਈ ਹਾਰ ਮੰਨ ਸਕਦਾ ਹੈ, ਪਰ ਉਸ ਦਾ ਮੰਨਣਾ ਹੈ ਕਿ ਬਦਲਾ ਲੈਣਾ ਇਕ ਅਜਿਹੀ ਪ੍ਰਕਿਰਿਆ ਹੈ ਜੋ ਸ਼ਾਂਤ ਮਨ ਨਾਲ ਹੀ ਨਿਪਟਾਉਣੀ ਚਾਹੀਦੀ ਹੈ। ਇਸ ਰਣਨੀਤੀ ਦੇ ਤਹਿਤ ਆਉਣ ਵਾਲੇ ਮਹੀਨਿਆਂ ’ਚ ਈਰਾਨ ਬਦਲੇ ਦੇ ਰੂਪ ’ਚ ਅੱਤਵਾਦੀ ਹਮਲੇ ਸ਼ੁਰੂ ਕਰ ਸਕਦਾ ਹੈ।


author

Sandeep Kumar

Content Editor

Related News