ਇਜ਼ਰਾਈਲ-ਹਮਾਸ ‘ਜੰਗਬੰਦੀ’ ਲਟਕੀ, ਪਰ ਖੂਨ-ਖਰਾਬਾ ਰੁਕਣ ’ਚ ਹੀ ਭਲਾਈ
Friday, Jan 17, 2025 - 03:16 AM (IST)
2007 ਤੋਂ ਗਾਜ਼ਾ ’ਤੇ ਹਕੂਮਤ ਕਰ ਰਹੇ ਫਿਲਸਤੀਨੀ ਧੜੇ ‘ਹਮਾਸ’ ਦਾ ਮੰਤਵ ਹੈ ਇਜ਼ਰਾਈਲ ਦਾ ਸਰਵਨਾਸ਼ ਅਤੇ ਇਕ ਇਸਲਾਮਿਕ ਸਟੇਟ ਦੀ ਸਥਾਪਨਾ। ਇਸ ਦਾ ਇਕ ਮਿਲਟਰੀ ਵਿੰਗ ਵੀ ਹੈ। ਇਜ਼ਰਾਈਲ, ਅਮਰੀਕਾ, ਯੂਰਪੀ ਸੰਘ ਅਤੇ ਬ੍ਰਿਟੇਨ ਹਮਾਸ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ।
ਗਾਜ਼ਾ ਪੱਟੀ ਇਕ 41 ਕਿਲੋਮੀਟਰ ਲੰਬਾ ਅਤੇ 10 ਕਿਲੋਮੀਟਰ ਚੌੜਾ ਇਲਾਕਾ ਹੈ। ਪਹਿਲਾਂ ਇਸ ’ਤੇ ਮਿਸਰ ਦਾ ਕਬਜ਼ਾ ਸੀ ਪਰ 1967 ਦੀ ਜੰਗ ਪਿੱਛੋਂ ਇਜ਼ਰਾਈਲ ਨੇ ਇਸ ’ਤੇ ਕਬਜ਼ਾ ਕਰ ਲਿਆ। ਵੈਸਟ ਬੈਂਕ ਅਤੇ ਗਾਜ਼ਾ ਫਿਲਸਤੀਨੀ ਇਲਾਕੇ ਅਖਵਾਉਂਦੇ ਹਨ। ਕਈ ਲੋਕ ਇਸ ਨੂੰ ਯਹੂਦੀਆਂ ਦੀ ਪੁਰਾਤਨ ਭੂਮੀ ਵੀ ਮੰਨਦੇ ਹਨ।
1948 ਤੋਂ ਪਹਿਲਾਂ ਇਜ਼ਰਾਈਲ ਨਾਂ ਦਾ ਕੋਈ ਭੂ-ਭਾਗ ਨਹੀਂ ਸੀ। ਪਹਿਲੀ ਆਲਮੀ ਜੰਗ ਦੇ ਸਮੇਂ ਇੰਗਲੈਂਡ ਦੇ ਵਿਦੇਸ਼ ਸਕੱਤਰ ਆਰਥਰ ਜੇਮਸ ਨੇ ‘ਬਾਲਫੋਰ ਐਲਾਨ’ ’ਚ ਫਿਲਸਤੀਨ ’ਚ ਯਹੂਦੀਆਂ ਲਈ ਵੱਖਰੀ ਵਸੋਂ ਦਾ ਐਲਾਨ ਕੀਤਾ ਸੀ ਅਤੇ 1948 ’ਚ ਫਿਲਸਤੀਨ ਦੀ ਜ਼ਮੀਨ ’ਤੇ ਇਜ਼ਰਾਈਲ ਦੀ ਸਥਾਪਨਾ ਕੀਤੀ ਗਈ।
ਹੁਣ ਜਿੱਥੇ ਇਜ਼ਰਾਈਲ ਹੈ, ਪਹਿਲਾਂ ਉਹ ਫਿਲਸਤੀਨ ਦਾ ਹਿੱਸਾ ਸੀ ਅਤੇ ਜਦੋਂ ਫਿਲਸਤੀਨ ਨੂੰ 3 ਹਿੱਸਿਆਂ ’ਚ ਵੰਡਿਆ ਗਿਆ ਤਾਂ ਪਹਿਲਾ ਹਿੱਸਾ ਭਾਵ ਕੁੱਲ ਭੂਮੀ ਦਾ 44 ਫੀਸਦੀ ਇਜ਼ਰਾਈਲ ਨੂੰ ਦਿੱਤਾ ਗਿਆ, 48 ਫੀਸਦੀ ਫਿਲਸਤੀਨੀਆਂ ਅਤੇ ਬਾਕੀ 8 ਫੀਸਦੀ ‘ਸੰਯੁਕਤ ਰਾਸ਼ਟਰ’ (ਯੂ.ਐੱਨ.) ਕੋਲ ਹੈ।
ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਦਾ ਇਕ ਵੱਡਾ ਕਾਰਨ ਗਾਜ਼ਾ ਪੱਟੀ ਹੈ। ਇਸ ਨੂੰ ਲੈ ਕੇ ਇਜ਼ਰਾਈਲ ਅਤੇ ਫਿਲਸਤੀਨ ਦਰਮਿਆਨ ਕਈ ਜੰਗਾਂ ਹੋ ਚੁੱਕੀਆਂ ਹਨ ਅਤੇ ਹਰ ਜੰਗ ਪਿੱਛੋਂ ਇਜ਼ਰਾਈਲ ਵੱਧ ਤਾਕਤਵਰ ਹੋ ਕੇ ਫਿਲਸਤੀਨ ਦੇ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲੈਂਦਾ ਹੈ। ਇਸ ਕਾਰਨ ਹੀ ਫਿਲਸਤੀਨ ਪਹਿਲਾਂ ਦੀ ਤੁਲਨਾ ’ਚ ਬਹੁਤ ਛੋਟਾ ਰਹਿ ਗਿਆ ਹੈ ਅਤੇ ਉਹ ਲਗਾਤਾਰ ਪਹਿਲਾਂ ਵਾਲੀ ਸਥਿਤੀ ਦੀ ਮੰਗ ਕਰ ਰਿਹਾ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੀ 15 ਮਹੀਨੇ ਪਹਿਲਾਂ 7 ਅਕਤੂਬਰ, 2023 ਨੂੰ ਅਚਾਨਕ ਹਮਾਸ ਦੇ ਸੈਂਕੜੇ ਲੜਾਕਿਆਂ ਨੇ ਇਜ਼ਰਾਈਲ ’ਤੇ ਧਾਵਾ ਬੋਲ ਕੇ 1200 ਲੋਕਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਬੰਦੀ ਬਣਾ ਲਿਆ।
ਉਸ ਵੇਲੇ ਤੋਂ ਹੀ ਚੱਲੀ ਆ ਰਹੀ ਇਸ ਜੰਗ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ, ਖਾਸ ਤੌਰ ’ਤੇ ਗਾਜ਼ਾ ’ਚ। ਇਜ਼ਰਾਈਲੀ ਫੌਜ ਨੇ ਗਾਜ਼ਾ ’ਚ ਘੱਟੋ-ਘੱਟ 46,565 ਫਿਲਸਤੀਨੀਆਂ ਨੂੰ ਮਾਰ ਦਿੱਤਾ ਹੈ ਜਦਕਿ 1 ਲੱਖ ਤੋਂ ਵੱਧ ਹੋਰ ਜ਼ਖਮੀ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ‘ਸੰਯੁਕਤ ਰਾਸ਼ਟਰ’ ਅਨੁਸਾਰ ਇਸ ਘਟਨਾਕ੍ਰਮ ਦੇ ਸਿੱਟੇ ਵਜੋਂ ਗਾਜ਼ਾ ਦੀ ਵੱਡੀ ਆਬਾਦੀ ਗੰਭੀਰ ਮਾਨਵੀ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਅਜਿਹੇ ਹਾਲਾਤ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਕਤਰ, ਮਿਸਰ ਅਤੇ ਅਮਰੀਕਾ ਵੱਲੋਂ ਇਸ ਜੰਗ ਨੂੰ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਸਨ ਅਤੇ ਕਤਰ ਦੀ ਰਾਜਧਾਨੀ ‘ਦੋਹਾ’ ਵਿਚ ਸਮਝੌਤਾ ਵਾਰਤਾ ਜਾਰੀ ਸੀ। ਇਸ ’ਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ ‘ਸਟੀਵ ਵਿਟਕਾਫ’ ਵੀ ਮੌਜੂਦ ਸਨ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਡੋਨਾਲਡ ਟਰੰਪ ਨੇ 15 ਜਨਵਰੀ ਨੂੰ ਇਜ਼ਰਾਈਲ ਅਤੇ ਹਮਾਸ ਵੱਲੋਂ ਜੰਗਬੰਦੀ ਲਈ ਸਹਿਮਤ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤੁਰੰਤ ਪਿੱਛੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕਤਰ ਦੇ ਪ੍ਰਧਾਨ ਮੰਤਰੀ ‘ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ’ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਤਾਂ ਇਸ ਖੇਤਰ ’ਚ ਸ਼ਾਂਤੀ ਕਾਇਮ ਹੋਣ ਦੀ ਸੰਭਾਵਨਾ ਦਿਸਣ ਲੱਗੀ ਸੀ।
ਪਰ ਹੁਣ ਇਹ ਲੇਖ ਲਿਖਿਆ ਹੀ ਜਾ ਰਿਹਾ ਸੀ ਕਿ 16 ਜਨਵਰੀ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਇਹ ਬਿਆਨ ਆ ਗਿਆ ਕਿ ‘‘ਹਮਾਸ ਵੱਲੋਂ ਆਖਰੀ ਸਮੇਂ ’ਚ ਦੋਵਾਂ ਦੇਸ਼ਾਂ ’ਚ ਬਣੀਆਂ ਕੁਝ ਸਹਿਮਤੀਆਂ ਤੋਂ ਪਿੱਛੇ ਹਟ ਜਾਣ ਕਾਰਨ ਗਾਜ਼ਾ ਪੱਟੀ ’ਚ ਲੰਬੇ ਸਮੇਂ ਤੋਂ ਜਾਰੀ ਜੰਗ ਖਤਮ ਕਰਨ ਅਤੇ ਸੈਂਕੜੇ ਬੰਦੀਆਂ ਦੀ ਰਿਹਾਈ ਦਾ ਰਸਤਾ ਖੋਲ੍ਹਣ ਵਾਲੀ ਚਿਰਾਂ ਤੋਂ ਉਡੀਕੀ ਜਾ ਰਹੀ ਜੰਗਬੰਦੀ ਦਾ ਸਮਝੌਤਾ ਲਟਕ ਗਿਆ ਹੈ।’’
ਨੇਤਨਯਾਹੂ ਦੇ ਦਫਤਰ ਨੇ ਹਮਾਸ ’ਤੇ ਵੱਧ ਰਿਆਇਤਾਂ ਹਾਸਲ ਕਰਨ ਲਈ ਸਮਝੌਤੇ ਦੀਆਂ ਕੁਝ ਸ਼ਰਤਾਂ ਤੋਂ ਮੁੱਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ‘‘ਨੇਤਨਯਾਹੂ ਸਰਕਾਰ ਜੰਗਬੰਦੀ ਸਮਝੌਤੇ ’ਤੇ ਮੋਹਰ ਲਾਉਣ ਲਈ ਤਦ ਤਕ ਮੀਟਿੰਗ ਨਹੀਂ ਕਰੇਗੀ ਜਦ ਤਕ ਹਮਾਸ ਆਪਣਾ ਅੜੀਅਲ ਰਵੱਈਆ ਨਹੀਂ ਛੱਡਦਾ।’’
ਦੂਜੇ ਪਾਸੇ ਹਮਾਸ ਦੇ ਇਕ ਸੀਨੀਅਰ ਅਹੁਦੇਦਾਰ ‘ਇੱਜ਼ਤ ਅਲ ਰਸ਼ਕ’ ਦਾ ਕਹਿਣਾ ਹੈ ਕਿ, ‘‘ਹਮਾਸ ਵਿਚੋਲਿਆਂ ਵੱਲੋਂ ਐਲਾਨੇ ਜੰਗਬੰਦੀ ਸਮਝੌਤੇ ਲਈ ਪ੍ਰਤੀਬੱਧ ਹੈ।’’
ਇਸ ਪਿਛੋਕੜ ’ਚ ਜਿਥੇ ਜੰਗਬੰਦੀ ਦੇ ਐਲਾਨ ਪਿੱਛੋਂ ਹੋਏ ਇਜ਼ਰਾਈਲੀ ਹਮਲਿਆਂ ’ਚ 72 ਲੋਕਾਂ ਨੂੰ ਮਾਰਿਆ ਗਿਆ ਹੈ, ਉਥੇ ਹੀ ਇਜ਼ਰਾਈਲ-ਹਮਾਸ ’ਚ ਜੰਗ ਖਤਮ ਹੋਣ ਅਤੇ ਬੰਦੀਆਂ ਦੀ ਰਿਹਾਈ ਦੀ ਆਸ ਹਾਲ ਦੀ ਘੜੀ ਤਾਂ ਧੁੰਦਲੀ ਹੁੰਦੀ ਲੱਗਦੀ ਹੈ। ਇਹ ਦੁਨੀਆ 95 ਅਰਬ ਏਕੜ ਤੋਂ ਵੱਧ ਭੂਮੀ ’ਤੇ ਵਸੀ ਹੈ, ਪਰ ਇੰਨੇ ਵੱਡੇ ਭੂ-ਭਾਗ ਦੇ ਥੋੜ੍ਹੇ ਜਿਹੇ ਹਿੱਸੇ ਲਈ ਵਰ੍ਹਿਆਂ ਤੋਂ ਖੂਨ-ਖਰਾਬਾ ਹੁੰਦਾ ਆ ਰਿਹਾ ਹੈ।
ਇਸ ਲਈ ਸਿਰਫ ਹਮਾਸ ਅਤੇ ਇਜ਼ਰਾਈਲ ਦਰਮਿਆਨ ਹੀ ਨਹੀਂ ਸਗੋਂ ਦੁਨੀਆ ਭਰ ’ਚ ਜਿਥੇ ਕਿਤੇ ਵੀ ਜੰਗ ਅਤੇ ਖੂਨ-ਖਰਾਬਾ ਹੋ ਰਿਹਾ ਹੈ, ਉਸ ਦੇ ਖਤਮ ਹੋਣ ਅਤੇ ਸ਼ਾਂਤੀ ਸਥਾਪਨਾ ’ਚ ਹੀ ਮਨੁੱਖਤਾ ਦੀ ਭਲਾਈ ਹੈ।
–ਵਿਜੇ ਕੁਮਾਰ