ਡੁੱਬ ਰਹੇ ਹਨ ਦੱਖਣੀ ਚੀਨ ਸਾਗਰ ’ਚ ਚੀਨ ਦੇ ਬਣਾਏ ਟਾਪੂ

09/01/2023 1:17:23 PM

ਚੀਨ ਨੇ ਦੱਖਣੀ ਚੀਨ ਸਾਗਰ ’ਚ ਆਪਣੀ ਪ੍ਰਭੂਸੱਤਾ ਜਮਾਉਣ ਅਤੇ ਆਪਣੇ ਗੁਆਂਢੀ ਦੀ ਜ਼ਮੀਨ ਅਤੇ ਟਾਪੂਆਂ ’ਤੇ ਕਬਜ਼ਾ ਕਰਨ ਲਈ ਨਾ ਸਿਰਫ ਨਾਈਨ ਡੈਸ਼ ਲਾਈਨ ਨਾਂ ਦੀ ਇਕ ਖਿਆਲੀ ਰੇਖਾ ਸਮੁੰਦਰ ’ਤੇ ਖਿੱਚੀ ਅਤੇ ਇਸ ਨੂੰ ਆਪਣੇ ਪੁਰਾਣੇ ਰਾਜਵੰਸ਼ਾਂ ਦੇ ਜ਼ਮਾਨੇ ’ਚ ਆਪਣੀ ਭੂਮੀ ਦੱਸਣ ਲੱਗਾ, ਸਗੋਂ ਇਨ੍ਹਾਂ ਦੇਸ਼ਾਂ ਨੂੰ ਆਪਣਾ ਬਾਹੂਬਲ ਦਿਖਾ ਕੇ ਇਨ੍ਹਾਂ ਦੇ ਇਲਾਕੇ ਖੋਹਣ ਲਈ ਪੂਰੇ ਦੱਖਣੀ ਚੀਨ ਸਾਗਰ ਇਲਾਕੇ ’ਚ ਉਸ ਨੇ ਕਈ ਨਕਲੀ ਟਾਪੂ ਬਣਾਉਣੇ ਵੀ ਸ਼ੁਰੂ ਕੀਤੇ। ਇਨ੍ਹਾਂ ਟਾਪੂਆਂ ਦੀ ਵਰਤੋਂ ਚੀਨ ਨੇ ਆਪਣੇ ਫੌਜੀ ਅੱਡੇ ਬਣਾਉਣ ਲਈ ਕੀਤੀ। ਅਜੇ ਤਕ ਚੀਨ ਨੇ ਇਸ ਖੇਤਰ ਦੇ ਕੁਝ ਟਾਪੂਆਂ ’ਤੇ 7 ਵੱਡੇ ਫੌਜੀ ਅੱਡੇ ਬਣਾ ਲਏ ਹਨ ਜਿੱਥੇ ਨੇਵੀ ਬੇਸ ਬਣਾਉਣ ਤੋਂ ਲੈ ਕੇ ਹਵਾਈ ਪੱਟੀ, ਲੜਾਕੂ ਜਹਾਜ਼ ਖੜ੍ਹੇ ਕਰਨ ਲਈ ਹੈਂਗਰ ਬਣਾਏ, ਨਾਲ ਹੀ ਫੌਜੀਆਂ ਦੇ ਠਹਿਰਨ ਲਈ ਬੈਰਕਾਂ ਬਣਾਈਆਂ ਅਤੇ ਅਸਲਾ ਘਰ ਵੀ ਬਣਵਾਏ।

ਇਨ੍ਹਾਂ ਟਾਪੂਆਂ ’ਤੇ ਅਤਿ-ਆਧੁਨਿਕ ਟੋਹੀ ਰਾਡਾਰ ਲਾਏ ਅਤੇ ਆਪਣੇ ਉਪਗ੍ਰਹਿਆਂ ਨਾਲ ਇਸ ਨੂੰ ਜੋੜਨ ਲਈ ਇੱਥੇ ਟ੍ਰਾਂਸਮੀਟਰ ਤਕ ਲਾਏ ਤਾਂ ਕਿ ਦੂਰੋਂ ਆਉਣ ਵਾਲੇ ਸਮੁੰਦਰੀ ਜਹਾਜ਼, ਲੜਾਕੂ ਜਹਾਜ਼ ਜਾਂ ਪਣਡੁੱਬੀਆਂ ਦੀ ਸਟੀਕ ਜਾਣਕਾਰੀ ਮੀਲਾਂ ਪਹਿਲਾਂ ਚੀਨ ਨੂੰ ਮਿਲ ਜਾਵੇ।

ਰਣਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਆਉਣ ਵਾਲੇ ਸਮੇਂ ’ਚ ਅਮਰੀਕਾ ਨਾਲ ਫੌਜੀ ਟੱਕਰ ਲੈਣੀ ਚਾਹੁੰਦਾ ਹੈ, ਜਿਸ ਲਈ ਉਹ ਹੁਣੇ ਤੋਂ ਇਸ ਦੀ ਤਿਆਰੀ ਕਰ ਰਿਹਾ ਹੈ। ਚੀਨ ਆਪਣੀ ਫੌਜੀ ਮੁਹਿੰਮ ਦੀ ਸ਼ੁਰੂਆਤ ਤਾਈਵਾਨ ਨੂੰ ਹੜੱਪਣ ਤੋਂ ਕਰੇਗਾ, ਉਸ ਪਿੱਛੋਂ ਭਾਰਤ ਅਤੇ ਦੱਖਣੀ ਚੀਨ ਸਾਗਰ ਦੇ ਦੂਜੇ ਦੇਸ਼ਾਂ ਦਾ ਨੰਬਰ ਆਵੇਗਾ। ਇਸ ਪਿੱਛੋਂ ਚੀਨ ਅਮਰੀਕਾ ਨਾਲ ਟੱਕਰ ਲਵੇਗਾ। ਇਸ ਤੋਂ ਪਹਿਲਾਂ ਚੀਨ ਅਮਰੀਕਾ ਦੇ ਗਲਬੇ ਨੂੰ ਦੁਨੀਆ ਦੇ ਦੂਜੇ ਖੇਤਰਾਂ ’ਚ ਖਤਮ ਕਰਨ ਦੀ ਕਵਾਇਦ ਕਰ ਰਿਹਾ ਹੈ।

ਪਿਛਲੇ ਇਕ ਦਹਾਕੇ ’ਚ ਚੀਨ ਨੇ ਆਪਣੀ ਫੌਜੀ ਸ਼ਕਤੀ ’ਚ ਜ਼ਬਰਦਸਤ ਵਾਧਾ ਕੀਤਾ। ਜਦ ਅਮਰੀਕਾ ਓਸਾਮਾ ਬਿਨ ਲਾਦੇਨ ਨੂੰ ਲੱਭਣ ਅਤੇ ਖਾੜੀ ਦੇ ਦੇਸ਼ਾਂ ਜਿਵੇਂ ਸੀਰੀਆ, ਲੀਬੀਆ, ਇਰਾਕ, ਈਰਾਨ, ਅਫਗਾਨਿਸਤਾਨ ’ਚ ਰੁੱਝਿਆ ਸੀ, ਉਸ ਸਮੇਂ ਚੀਨ ਨੇ ਗੁਪਤ ਢੰਗ ਨਾਲ ਦੱਖਣੀ ਚੀਨ ਸਾਗਰ ਦੇ ਕਈ ਟਾਪੂਆਂ, ਜੋ ਗੁਆਂਢੀ ਦੇਸ਼ਾਂ ਦੇ ਸਨ, ’ਤੇ ਨਾ ਸਿਰਫ ਕਬਜ਼ਾ ਕੀਤਾ ਸਗੋਂ ਕਈ ਟਾਪੂਆਂ ’ਤੇ ਆਪਣਾ ਨਾਜਾਇਜ਼ ਦਾਅਵਾ ਵੀ ਠੋਕਿਆ, ਨਾਲ ਹੀ ਇਸ ਪੂਰੇ ਖੇਤਰ ਨੂੰ ਫੌਜੀ ਛਾਉਣੀ ’ਚ ਤਬਦੀਲ ਕਰ ਦਿੱਤਾ। ਇਹ ਟਾਪੂ ਬਣਾਉਣ ਪਿੱਛੋਂ ਚੀਨ ਖੁਦ ਨੂੰ ਪੂਰੇ ਦੱਖਣੀ ਚੀਨ ਸਾਗਰ ਜਾਂ ਪੀਲੇ ਸਾਗਰ ਦਾ ਬਾਦਸ਼ਾਹ ਸਮਝ ਰਿਹਾ ਸੀ, ਉਸ ਨੂੰ ਕੁਦਰਤ ਨੇ ਅਜਿਹੀ ਮਾਰ ਮਾਰੀ ਹੈ ਕਿ ਹੁਣ ਉਹ ਆਪਣੇ ਇਨ੍ਹਾਂ ਟਾਪੂਆਂ ’ਚ ਬੁਰੀ ਤਰ੍ਹਾਂ ਉਲਝ ਗਿਆ ਹੈ।

ਜਿਹੜੇ ਟਾਪੂਆਂ ਨੂੰ ਬੜੀ ਮਿਹਨਤ ਅਤੇ ਪੈਸੇ ਖਰਚ ਕਰ ਕੇ ਚੀਨ ਨੇ ਬਣਾਇਆ ਸੀ, ਹੁਣ ਉਹ ਹੌਲੀ-ਹੌਲੀ ਸਮੁੰਦਰ ’ਚ ਸਮਾਉਣ ਲੱਗੇ ਹਨ। ਦਿ ਇਕੋਨਾਮਿਸਟ ’ਚ ਛਪੀ ਖਬਰ ਮੁਤਾਬਕ ਸਾਲ 2013 ਤੋਂ ਹੀ ਚੀਨ ਸਰਕਾਰ ਨੇ ਇਸ ਪੂਰੇ ਖੇਤਰ ਦੇ ਵਾਤਾਵਰਣ ਚੱਕਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ। ਇਹ ਸਮੁੰਦਰ ’ਚ ਸਭ ਤੋਂ ਵੱਧ ਭਰਪੂਰ ਖੇਤਰ ਹੈ, ਜਿੱਥੇ ਮੱਛੀਆਂ ਸਮੇਤ ਕਈ ਪ੍ਰਜਾਤੀਆਂ ਦੇ ਜੀਵਾਂ ਦਾ ਬਸੇਰਾ ਹੈ। ਸਮੁੰਦਰ ’ਚ ਮੂੰਗਾ ਦੀਆਂ ਚੱਟਾਨਾਂ ਹਨ, ਨਾਲ ਹੀ ਸਮੁੰਦਰੀ ਸ਼ੈਵਾਲ, ਚੱਟਾਨਾਂ ਅਤੇ ਸਮੁੰਦਰੀ ਵਨਸਪਤੀ ਨਾਲ ਭਰਿਆ ਹੈ ਇਹ ਖੇਤਰ। ਚੀਨ ਨੇ ਇਸ ਪੂਰੇ ਖੇਤਰ ’ਚ ਆਪਣੇ ਹਮਲਾਵਰ ਰੁਖ ਨਾਲ ਵੱਡਾ ਸਰਹੱਦੀ ਵਿਵਾਦ ਸ਼ੁਰੂ ਕਰ ਦਿੱਤਾ ਹੈ, ਜਿਸ ’ਚ ਕਈ ਦੇਸ਼ ਸ਼ਾਮਲ ਹਨ।

ਦਿ ਇਕੋਨਾਮਿਸਟ ਮੁਤਾਬਕ, ਚੀਨ ਨੇ ਸਭ ਤੋਂ ਵੱਧ ਫੌਜੀ ਅੱਡੇ ਫੀਅਰੀ ਕ੍ਰਾਸ, ਸੁਬੀ ਅਤੇ ਮਿਸਚਿਫਰੀਫ ’ਤੇ ਬਣਾਏ ਹਨ ਜੋ ਸਪ੍ਰੈਟਲੇ ਟਾਪੂ ਸਮੂਹ ਦਾ ਹਿੱਸਾ ਹਨ। ਇਸ ਟਾਪੂ ਸਮੂਹ ’ਤੇ ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬਰੂਨੇਈ ਅਤੇ ਤਾਈਵਾਨ ਵੀ ਆਪਣਾ ਦਾਅਵਾ ਠੋਕਦੇ ਹਨ। ਹਾਂਗਕਾਂਗ ਤੋਂ ਛਪਣ ਵਾਲੇ ਸਾਊਥ ਚਾਈਨਾ ਮਾਰਨਿੰਗ ਪੋਸਟ ’ਚ ਛਪੀ ਖਬਰ ਮੁਤਾਬਕ, ਚੀਨ ਨੇ ਇਸ ਪੂਰੇ ਖੇਤਰ ’ਚ ਸਾਲ 2013 ਤੋਂ 2016 ਵਿਚਾਲੇ ਆਪਣੇ ਕੰਸਟਰੱਕਸ਼ਨ ਕਰਨ ਵਾਲੇ ਵੱਡੇ-ਵੱਡੇ ਜਹਾਜ਼ਾਂ ਨੂੰ ਲਿਆ ਕੇ ਇੱਥੋਂ ਦੀਆਂ ਚੱਟਾਨਾਂ ਨੂੰ ਤੋੜ ਕੇ ਚੂਰਾ ਬਣਾਇਆ ਅਤੇ ਉਸ ਨੂੰ ਮਨੁੱਖ ਨਿਰਮਿਤ ਟਾਪੂ ਬਣਾਉਣ ’ਚ ਕੱਚੇ ਮਾਲ ਦੇ ਤੌਰ ’ਤੇ ਵਰਤਿਆ। ਥਿਏਨਚਿਨ ਨਾਂ ਦੇ ਡ੍ਰੇਜਰ ਨੇ ਹਰ ਘੰਟੇ ’ਚ 4500 ਕਿਊਬਿਕ ਮੀਟਰ ਦਾ ਕੱਚਾ ਮਾਲ ਇੱਥੇ ਪਾਉਣਾ ਸ਼ੁਰੂ ਕੀਤਾ, ਜਿਸ ਨਾਲ ਟਾਪੂ ਬਣਾਉਣ ’ਚ ਚੀਨ ਨੂੰ ਬਹੁਤ ਆਸਾਨੀ ਹੋਈ।

ਹਾਲਾਂਕਿ ਚੀਨ ਨੇ ਆਪਣੇ ਇਨ੍ਹਾਂ ਟਾਪੂਆਂ ਨੂੰ ਬਚਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਚੀਨ ਨੂੰ ਇਸ ਕੰਮ ’ਚ ਕਿੰਨੀ ਕਾਮਯਾਬੀ ਮਿਲੀ ਹੈ। ਮਾਇਯਾਮੀ ਯੂਨੀਵਰਸਿਟੀ ’ਚ ਸਮੁੰਦਰੀ ਜੀਵ ਵਿਗਿਆਨੀ ਜਾਨ ਮੇਕਮੈਨੁਸ ਨੇ ਦੱਸਿਆ ਕਿ ਚੀਨ ਨੇ ਟਾਪੂ ਬਣਾਉਣ ਲਈ ਇਸ ਪੂਰੇ ਖੇਤਰ ਦੇ ਵਾਤਾਵਰਣ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਜਿਸ ’ਚ ਨਾ ਸਿਰਫ ਸਮੁੰਦਰੀ ਜੀਵਨ ਸਗੋਂ ਅਣਗਿਣਤ ਚੱਟਾਨਾਂ ਵੀ ਸ਼ਾਮਲ ਹਨ।

ਚੀਨ ਦੇ ਬੇੜੇ ਇੱਥੇ ਤੇਲ ਅਤੇ ਗੈਸ ਦੇ ਭਰਪੂਰ ਭੰਡਾਰਾਂ ਦੀ ਖੋਜ ’ਚ ਲੱਗੇ ਹਨ। ਜਿਸ ਦਿਨ ਚੀਨ ਨੂੰ ਇਹ ਮਿਲ ਗਿਆ, ਉਸ ਪਿੱਛੋਂ ਦੱਖਣੀ ਚੀਨ ਸਾਗਰ ਦੇ ਵਾਤਾਵਰਣ ਨੂੰ ਹੋਰ ਵੀ ਨੁਕਸਾਨ ਪੁੱਜੇਗਾ। ਸਾਲ 2014 ’ਚ ਚੀਨ ਨੇ ਵੀਅਤਨਾਮ ਦੇ ਵਿਸ਼ੇਸ਼ ਆਰਥਿਕ ਖੇਤਰ ’ਚ ਆਪਣੇ ਜੰਗੀ ਬੇੜਿਆਂ ਨੂੰ ਤੇਲ ਲੱਭਣ ਲਈ ਤਾਇਨਾਤ ਕਰ ਦਿੱਤਾ ਜਿਸ ਨਾਲ ਦੋਵਾਂ ਦੇਸ਼ਾਂ ’ਚ ਤਣਾਅ ਹੋਰ ਵਧ ਗਿਆ ਸੀ। ਉਸ ਸਮੇਂ ਚੀਨੀਆਂ ਨੇ ਆਪਣਾ ਪਲੇਟਫਾਰਮ ਉੱਥੋਂ ਹਟਾ ਲਿਆ ਪਰ ਕੁਝ ਸਮੇਂ ਪਿੱਛੋਂ ਉਸ ਥਾਂ ਤੋਂ ਥੋੜ੍ਹੀ ਦੂਰੀ ’ਤੇ ਆਪਣਾ ਦੂਜਾ ਪਲੇਟਫਾਰਮ ਲਾ ਦਿੱਤਾ। ਇਸ ਨਾਲ ਦੋਵਾਂ ਵਿਚਾਲੇ ਤਣਾਅ ਘਟਿਆ ਨਹੀਂ ਸਗੋਂ ਹੋਰ ਵੀ ਵਧ ਗਿਆ ਪਰ ਚੀਨ ਨੂੰ ਇਸ ਗੱਲ ਤੋਂ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਕਿ ਉਸ ਦੇ ਟਾਪੂ ਸਪੰਜ ਵਾਂਗ ਸਮੁੰਦਰ ’ਚ ਧੱਸਦੇ ਜਾ ਰਹੇ ਹਨ। ਜੇ ਅਜਿਹੀ ਹਾਲਤ ’ਚ ਕੋਈ ਸ਼ਕਤੀਸ਼ਾਲੀ ਟਾਈਫੂਨ (ਸਮੁੰਦਰੀ ਤੂਫਾਨ) ਇਸ ਖੇਤਰ ’ਚ ਆ ਗਿਆ ਤਾਂ ਇਨ੍ਹਾਂ ਟਾਪੂਆਂ ਦਾ ਕੀ ਹਾਲ ਹੋਵੇਗਾ, ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।

ਚੀਨ ਆਪਣੀਆਂ ਪ੍ਰੇਸ਼ਾਨੀਆਂ ’ਚ ਉਲਝਣ ਦੇ ਬਾਵਜੂਦ ਇਸ ਖੇਤਰ ਤੋਂ ਆਪਣਾ ਕਬਜ਼ਾ ਨਹੀਂ ਹਟਾ ਰਿਹਾ। ਉਸ ਦੇ ਤੇਲ ਅਤੇ ਗੈਸ ਦੇ ਲਾਲਚ ਕਾਰਨ ਦੂਜੇ ਦੇਸ਼ ਵੀ ਆਪਣੇ ਵਿਸ਼ੇਸ਼ ਆਰਥਿਕ ਖੇਤਰ ’ਚ ਆਪਣੇ ਪੱਧਰ ’ਤੇ ਸਮੁੰਦਰ ’ਚ ਖਣਿਜਾਂ ਦੀ ਖੋਜ ’ਚ ਲੱਗੇ ਹੋਏ ਹਨ। ਅਜਿਹੇ ’ਚ ਫਿਲੀਪੀਨਜ਼ ਨੇ ਇੰਡੋਨੇਸ਼ੀਆ, ਮਲੇਸ਼ੀਆ, ਵੀਅਤਨਾਮ, ਬਰੂਨੇਈ ਸਾਹਮਣੇ ਇਕਜੁੱਟ ਪ੍ਰਾਜੈਕਟ ਬਣਾਉਣ ਦਾ ਮਤਾ ਰੱਖਿਆ। ਇਸ ਲਈ ਕੁਝ ਦੇਸ਼ਾਂ ਨਾਲ ਤਕਨੀਕੀ ਸਹਿਯੋਗ ਦੀ ਗੱਲ ਵੀ ਹੋ ਰਹੀ ਹੈ ਪਰ ਚੀਨ ਇਸ ਖੇਤਰ ’ਚ ਕਿਸੇ ਵਿਦੇਸ਼ੀ ਤੇਲ ਖੋਦਾਈ ਜੰਗੀ ਬੇੜੇ ਨੂੰ ਨਹੀਂ ਆਉਣ ਦੇਣਾ ਚਾਹੁੰਦਾ। ਉੱਥੇ ਹੀ ਵੀਅਤਨਾਮ ਦੇ ਖੇਤਰ ’ਤੇ ਕਬਜ਼ਾ ਕਰ ਕੇ ਤੇਲ ਖੋਦਾਈ ਲਈ ਚੀਨ ਨੇ ਰੂਸੀ ਤਕਨੀਕੀ ਜੰਗੀ ਬੇੜਿਆਂ ਨੂੰ ਲਾ ਦਿੱਤਾ ਹੈ। ਇਸ ਨਾਲ ਇਨ੍ਹਾਂ ਦੇਸ਼ਾਂ ਦਾ ਚੀਨ ਨਾਲ ਤਣਾਅ ਹੋਰ ਵੀ ਵਧ ਗਿਆ ਹੈ।


Rakesh

Content Editor

Related News