ਚੋਣ ਸੁਧਾਰਾਂ ਦੇ ਪ੍ਰੇਰਕ ਟੀ. ਐੱਨ. ਸੇਸ਼ਨ ਨਾਲ ਯਾਦਗਾਰ ਪਲ
Monday, Nov 25, 2019 - 01:47 AM (IST)

ਵਿਨੀਤ ਨਾਰਾਇਣ
ਭਾਰਤ ’ਚ ਪਹਿਲੀ ਵਾਰ ਚੋਣ ਸੁਧਾਰ ਲਾਗੂ ਕਰਨ ਵਾਲੇ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਮੇਰੇ ਸੀਨੀਅਰ ਮਿੱਤਰ ਸ਼੍ਰੀ ਟੀ. ਐੱਨ. ਸੇਸ਼ਨ ਦੇ ਹਾਲ ਹੀ ਵਿਚ ਹੋਏ ਦਿਹਾਂਤ ’ਤੇ ਭਾਵਪੂਰਨ ਸ਼ਰਧਾਂਜਲੀ। ਸ਼੍ਰੀ ਬਾਂਕੇ ਬਿਹਾਰੀ ਜੀ ਆਪਣੇ ਚਰਨਾਂ ਵਿਚ ਉਨ੍ਹਾਂ ਨੂੰ ਜਗ੍ਹਾ ਦੇਣ। ਭਾਵੇਂ ਉਹ ਉਮਰ ਵਿਚ ਮੇਰੇ ਤੋਂ 22 ਸਾਲ ਵੱਡੇ ਸਨ ਪਰ ਸਾਡੀ ਮਿੱਤਰਤਾ ਬਰਾਬਰ ਪੱਧਰ ’ਤੇ ਸੀ।
ਭਾਰਤ ਵਿਚ ਚੋਣ ਸੁਧਾਰ ਦਾ ਇਤਿਹਾਸਕ ਕੰਮ ਕਰ ਕੇ ਉਨ੍ਹਾਂ ਨੇ ਵਿਸ਼ਵ ਭਰ ਵਿਚ ਨਾਂ ਕਮਾਇਆ। ਉਸ ਮੁਹਿੰਮ ਦਾ ਗ਼ੈਰ-ਰਸਮੀ ਦਫਤਰ ‘ਕਾਲਚੱਕਰ ਸਮਾਚਾਰ ਟਰੱਸਟ’ ਦਾ ਸਾਡਾ ਦਿੱਲੀ ਦਫਤਰ ਹੀ ਸੀ, ਜਿਥੇ ਉਹ ਅਕਸਰ ਬੈਠਕਾਂ ਲਈ ਆਉਂਦੇ ਸਨ ਕਿਉਂਕਿ ਉਨ੍ਹਾਂ ਦੀ ਇਸ ਮੁਹਿੰਮ ’ਚ ਅਸੀਂ ਵੀ ਸਰਗਰਮ ਯੋਗਦਾਨ ਦਿੱਤਾ।
ਦੇਸ਼ ਦਾ ਦੌਰਾ ਨਾਲ-ਨਾਲ ਕੀਤਾ
ਦੇਸ਼ ਨੂੰ ਜਗਾਉਣ ਦੇ ਉਦੇਸ਼ ਨਾਲ 1994 ਤੋਂ 1996 ਵਿਚਾਲੇ ਉਨ੍ਹਾਂ ਦੇ ਨਾਲ ਮੈਂ ਵੀ ਚੋਣ ਸੁਧਾਰਾਂ ’ਤੇ ਦੇਸ਼ ਭਰ ਵਿਚ ਸੈਂਕੜੇ ਜਨ-ਸਭਾਵਾਂ ਨੂੰ ਸੰਬੋਧਨ ਕੀਤਾ। ਅਸੀਂ ਦੋਵੇਂ ਸਵੇਰੇ-ਸਵੇਰੇ ਜਹਾਜ਼ ਰਾਹੀਂ ਦਿੱਲੀ ਤੋਂ ਨਿਕਲਦੇ ਤਾਂ ਕਦੇ ਮੁੰਬਈ, ਹੈਦਰਾਬਾਦ, ਭੁੁਵਨੇਸ਼ਵਰ ਵਰਗੇ ਸ਼ਹਿਰਾਂ ਵਿਚ ਇਕ-ਇਕ ਦਿਨ ਵਿਚ ਕਈ ਸਭਾਵਾਂ ਨੂੰ ਸੰਬੋਧਨ ਕਰਦੇ। ਅਸੀਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਚੈਂਬਰ ਆਫ ਕਾਮਰਸ, ਬਾਰ ਕੌਂਸਲ, ਪ੍ਰੈੱਸ ਕਾਨਫਰੰਸ ਅਤੇ ਸ਼ਾਮ ਨੂੰ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰ ਕੇ ਰੋਜ਼ ਦਿੱਲੀ ਪਰਤ ਆਉਂਦੇ ਸੀ।
ਜਨਤਾ ’ਚ ਉਨ੍ਹਾਂ ਨੂੰ ਦੇਖਣ-ਸੁਣਨ ਦਾ ਬੜਾ ਉਤਸ਼ਾਹ ਸੀ। ਹਵਾਈ ਅੱਡੇ ਤੋਂ ਜਦੋਂ ਸਾਡੀਆਂ ਕਾਰਾਂ ਦਾ ਲੰਮਾ ਕਾਫਿਲਾ ਬਾਹਰ ਨਿਕਲਦਾ ਤਾਂ ਲੋਕ ਉਨ੍ਹਾਂ ਦੀ ਇਕ ਝਲਕ ਹਾਸਿਲ ਕਰਨ ਲਈ ਬੇਤਾਬ ਰਹਿੰਦੇ ਕਿਉਂਕਿ 1993 ’ਚ ਮੈਂ ਸਿਆਸੀ ਭ੍ਰਿਸ਼ਟਾਚਾਰ ਅਤੇ ਅੱਤਵਾਦ ਦੇ ਵਿਰੁੱਧ ‘ਜੈਨ ਹਵਾਲਾ ਕਾਂਡ’ ਉਜਾਗਰ ਕਰ ਕੇ ਦੇਸ਼ ਵਿਚ ਇਕ ਵੱਡੀ ਜੰਗ ਛੇੜ ਦਿੱਤੀ ਸੀ, ਤਾਂ ਉਨ੍ਹਾਂ ਨੇ ਹੀ ਪ੍ਰਸਤਾਵ ਰੱਖਿਆ ਕਿ ਕਿਉਂ ਨਾ ਅਸੀਂ ਦੋਵੇਂ ਦੇਸ਼ ਵਿਚ ਇਕੱਠੇ ਜਨ-ਸਭਾਵਾਂ ਕਰੀਏ। ਸਾਡੀਆਂ ਜਨ-ਸਭਾਵਾਂ ਵਿਚ ਬਿਨਾਂ ਸਿਆਸੀ ਹੱਥਕੰਡੇ ਅਪਣਾਏ ਜਾਂ ਖਰਚ ਕੀਤੇ ਆਪਣੇ ਆਪ ਹੀ ਭਾਰੀ ਭੀੜ ਇਕੱਠੀ ਹੁੰਦੀ ਸੀ।
ਨਰਸਿਮ੍ਹਾ ਰਾਓ ਨੇ ਦਿੱਤਾ ਝਟਕਾ
ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਅਤੇ ਤਾਨਾਸ਼ਾਹੀ ਸੁਭਾਅ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਅਚਾਨਕ ਇਕ ਮੈਂਬਰੀ ਚੋਣ ਕਮਿਸ਼ਨ ’ਚ 2 ਮੈਂਬਰ ਹੋਰ ਜੋੜ ਦਿੱਤੇ। ਉਦੋਂ ਸੇਸ਼ਨ ਛੁੱਟੀ ’ਤੇ ਅਮਰੀਕਾ ਵਿਚ ਸਨ। ਉਨ੍ਹਾਂ ਨੂੰ ਬਹੁਤ ਝਟਕਾ ਲੱਗਾ। ਫੋਨ ਉੱਤੇ ਉਨ੍ਹਾਂ ਨੇ ਮੇਰੇ ਨਾਲ ਅਗਲੀ ਰਣਨੀਤੀ ’ਤੇ ਲੰਮੀ ਗੱਲ ਕੀਤੀ। ਜਦੋਂ ਉਹ ਭਾਰਤ ਪਰਤੇ ਤਾਂ ਆਪਣੇ ਘਰ ਵਿਚ ਇਕੱਲੇ ਮੇਰੇ ਮੋਢੇ ’ਤੇ ਸਿਰ ਰੱਖ ਕੇ ਖੂਬ ਰੋਏ ਸਨ। ਬੋਲੇ, ‘‘ਨਰਸਿਮ੍ਹਾ ਰਾਓ ਨੇ ਮੇਰੇ ਨਾਲ ਬਹੁਤ ਧੋਖਾ ਕੀਤਾ।’’
ਜਦੋਂ ਜਨਵਰੀ 1996 ਵਿਚ ਜੈਨ ਹਵਾਲਾ ਕਾਂਡ ਵਿਚ ਦੇਸ਼ ਦੇ 115 ਤਾਕਤਵਰ ਨੇਤਾ ਅਤੇ ਅਫਸਰ ਚਾਰਜਸ਼ੀਟ ਹੋ ਗਏ ਤਾਂ ਮੇਰੇ ਦਿੱਲੀ ਦਫਤਰ ਦੇ ਬਾਹਰ ਵਿਦੇਸ਼ੀ ਟੀ. ਵੀ. ਚੈਨਲਾਂ ਦੀ ਕਤਾਰ ਲੱਗ ਗਈ, ਜੋ ਮੇਰੇ ਨਾਲ ਇੰਟਰਵਿਊ ਕਰਨ ਲਈ ਆਉਂਦੇ ਸਨ। ਉਸੇ ਗਹਿਮਾ-ਗਹਿਮੀ ਵਿਚਾਲੇ ਕਿਰਨ, ਕੇ. ਜੇ. ਐਲਫੋਂਸ ਅਤੇ ਸੇਸ਼ਨ ਸਾਰਾ ਦਿਨ ਮੇਰੇ ਦਫਤਰ ਵਿਚ ਬੈਠਕ ਕਰਦੇ ਸਨ। ਅਸੀਂ ਇਕ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਸੀ। ਕਦੇ-ਕਦੇ ਇਨ੍ਹਾਂ ਬੈਠਕਾਂ ਵਿਚ ਮੁੰਬਈ ਦੇ ਬਹੁਚਰਚਿਤ ਮਿਊਂਸੀਪਲ ਕਮਿਸ਼ਨਰ ਜੀ. ਆਰ. ਖੇਰਨਾਰ ਵੀ ਸ਼ਾਮਿਲ ਹੁੰਦੇ ਸਨ, ਜਿਨ੍ਹਾਂ ਨੇ ਦਾਊਦ ਦੀਆਂ ਨਾਜਾਇਜ਼ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਏ ਸਨ।
ਭਾਰਤ ਯਾਤਰਾ ਦਾ ਇਕ ਵੱਡਾ ਪਲਾਨ
ਸਾਡੀ ਯੋਜਨਾ ਸੀ ਕਿ ਸੇਸ਼ਨ ਚੇਨਈ ਤੋਂ, ਐਲਫੋਂਸ ਤ੍ਰਿਵੇਂਦਰਮ ਤੋਂ, ਕਿਰਨ ਅੰਮ੍ਰਿਤਸਰ ਤੋਂ, ਖੇਰਨਾਰ ਮੁੰਬਈ ਤੋਂ ਅਤੇ ਮੈਂ ਕਲਕੱਤੇ ਤੋਂ ਵੱਖ-ਵੱਖ ਰੱਥਾਂ ’ਤੇ ਸਵਾਰ ਹੋ ਕੇ ਨਿਕਲੀਏ ਅਤੇ ਰਸਤੇ ਵਿਚ ਜਨ-ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਕੇਂਦਰ ਨਾਗਪੁਰ ਵਿਚ ਆ ਕੇ ਮਿਲੀਏ ਅਤੇ ਉਦੋਂ ਦੇਸ਼ ਵਿਚ ਇਕ ਬਦਲਵੀਂ ਰਾਜਨੀਤਕ ਵਿਵਸਥਾ ਦਾ ਐਲਾਨ ਕਰੀਏ। ਇਹ ਚਿੰਤਨ ਬੈਠਕਾਂ ਕਈ ਹਫਤੇ ਚੱਲੀਆਂ। ਬਾਹਰ ਪੱਤਰਕਾਰ ਉਤਸੁਕਤਾ ’ਚ ਭੀੜ ਲਾਈ ਖੜ੍ਹੇ ਰਹਿੰਦੇ ਸਨ ਪਰ ਸਾਡੀ ਵਾਰਤਾ ਖੁਫੀਆ ਰਹਿੰਦੀ ਕਿਉਂਕਿ ਜਦੋਂ ਤਕ ਕੁਝ ਤੈਅ ਨਾ ਹੋਵੇ, ਅਸੀਂ ਪ੍ਰੈੱਸ ਨਾਲ ਕੁਝ ਸਾਂਝਾ ਨਹੀਂ ਕਰਨਾ ਚਾਹੁੰਦੇ ਸੀ ਪਰ ਫਿਰ ਗੱਲ ਬਣੀ ਨਹੀਂ ਕਿਉਂਕਿ ਮੇਰੇ ਇਲਾਵਾ ਇਹ ਚਾਰੇ ਸਰਕਾਰੀ ਅਫਸਰ ਸਨ ਅਤੇ ਦੇਸ਼ ’ਚ ਇਨਕਲਾਬ ਲਿਆਉਣ ਲਈ ਆਪਣੀ ਨੌਕਰੀ ਦਾਅ ’ਤੇ ਲਾਉਣ ਲਈ ਤਿਆਰ ਨਹੀਂ ਸਨ।
ਜਦੋਂ ਉਹ ਫਿਲਮੀ ਸਿਤਾਰਿਆਂ ਸਾਹਮਣੇ ਮੰਚ ’ਤੇ ਥਿਰਕੇ
ਇਕ ਵਾਰ ਉਹ, ਉਨ੍ਹਾਂ ਦੀ ਪਤਨੀ, ਮੇਰੀ ਪਤਨੀ ਮੀਤਾ ਨਾਰਾਇਣ ਅਤੇ ਮੈਂ ਮੁੰਬਈ ਵਿਚ ‘ਫਿਲਮ ਫੇਅਰ ਐਵਾਰਡ’ ਸਮਾਰੋਹ ਵਿਚ ਗਏ। ਪੂਰੇ ਫਿਲਮ ਜਗਤ ਦੇ ਸਿਤਾਰੇ ਭਾਰੀ ਤਾਦਾਦ ਵਿਚ ਮੌਜੂਦ ਸਨ। ਲਤਾ ਮੰਗੇਸ਼ਕਰ ਸਾਡੇ ਨਾਲ ਹੀ ਅਗਲੀ ਕਤਾਰ ਵਿਚ ਬੈਠੀ ਸੀ, ਤਾਂ ਅਚਾਨਕ ਸ਼ਤਰੂਘਨ ਸਿਨ੍ਹਾ ਸੇਸ਼ਨ ਨੂੰ ਚੁੱਪਚਾਪ ਉਠਾ ਕੇ ਮੰਚ ਪਿੱਛੇ ਲੈ ਗਏ। ਉਥੇ ਉਨ੍ਹਾਂ ਨੂੰ ਸਿਲਕ ਦਾ ਧੋਤੀ-ਕੁੜਤਾ ਪਹਿਨਾਇਆ। ਸਰਪ੍ਰਾਈਜ਼ ਆਈਟਮ ਵਾਂਗ ਜਦੋਂ ਸੇਸ਼ਨ ਹਲਕੇ-ਹਲਕੇ ਥਿਰਕਦੇ ਹੋਏ ਮੰਚ ’ਤੇ ਆਏ ਤਾਂ ਪਿੱਛਿਓਂ ਗਾਣਾ ਵੱਜ ਰਿਹਾ ਸੀ–‘ਤੂ ਚੀਜ਼ ਬੜੀ ਹੈ ਮਸਤ-ਮਸਤ’। ਦੇਸ਼ ਵਿਚ ਇਕ ਗੁੱਸੈਲ ਅਤੇ ਕਠੋਰ ਦਿੱਖ ਵਾਲੇ ਸੇਸ਼ਨ ਨੂੰ ਇਸ ਮਸਤੀ ’ਚ ਦੇਖ ਕੇ ਫਿਲਮੀ ਦੁਨੀਆ ਦੇ ਸਿਤਾਰੇ ਵੀ ਮਸਤ ਹੋ ਗਏ ਅਤੇ ਸਾਰੇ ਤਾੜੀਆਂ ਵਜਾ ਕੇ ਝੂਮਣ ਲੱਗੇ।
ਦੇਸ਼ਭਗਤ ਟਰੱਸਟ
ਉਹ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਜਯਾ ਸੇਸ਼ਨ ਅਤੇ ਮੈਂ ਉਨ੍ਹਾਂ ਵਲੋਂ ਸਥਾਪਿਤ ਦੇਸ਼ਭਗਤ ਟਰੱਸਟ ਦੇ ਟਰੱਸਟੀ ਵੀ ਸਨ। ਅਸੀਂ ਦੋਵਾਂ ਨੇ ਆਪਣੀਆਂ-ਆਪਣੀਆਂ ਕਿਤਾਬਾਂ ਵਿਚ ਵੀ ਇਕ-ਦੂਜੇ ਦਾ ਵਰਣਨ ਕੀਤਾ ਹੈ। ਅਜੇ ਕੁਝ ਸਾਲ ਪਹਿਲਾਂ ਜਦੋਂ ਮੈਂ ਆਈ. ਆਈ. ਟੀ. ਚੇਨਈ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਗਿਆ ਸੀ ਤਾਂ ਉਨ੍ਹਾਂ ਦੇ ਘਰ ਵੀ ਗਿਆ ਸੀ। ਦੋਨੋਂ ਬੜੇ ਪਿਆਰ ਨਾਲ ਮਿਲੇ ਸਨ। ਉਦੋਂ ਇਕ ਚਮਤਕਾਰੀ ਅਧਿਆਤਮਕ ਘਟਨਾ ਵੀ ਵਾਪਰੀ ਸੀ, ਜੋ ਮੈਂ ਕਦੇ ਭੁੱਲ ਨਹੀਂ ਸਕਾਂਗਾ। ਅਸੀਂ ਦੋਹਾਂ ਪਰਿਵਾਰਾਂ ਨੇ 1994 ਤੋਂ 1996 ਦੇ ਉਸ ਦੌਰ ਵਿਚ ਮਿਲ ਕੇ ਅਨੇਕ ਧਾਰਮਿਕ ਉਤਸਵ ਅਤੇ ਯਾਤਰਾਵਾਂ ਕੀਤੀਆਂ ਸਨ। ਹੁਣ ਤਾਂ ਉਨ੍ਹਾਂ ਦੀਆਂ ਸਿਰਫ ਯਾਦਾਂ ਬਾਕੀ ਰਹਿ ਗਈਆਂ ਹਨ।
(www.vineetnarain.net)