ਭਾਰਤ ਦੀ ਇਤਿਹਾਸਕ ਵੈਕਸੀਨੇਸ਼ਨ ਯਾਤਰਾ

Saturday, Oct 23, 2021 - 04:02 PM (IST)

ਭਾਰਤ ਦੀ ਇਤਿਹਾਸਕ ਵੈਕਸੀਨੇਸ਼ਨ ਯਾਤਰਾ

ਜਗਤ ਪ੍ਰਕਾਸ਼ ਨੱਢਾ ਰਾਸ਼ਟਰੀ ਪ੍ਰਧਾਨ, ਭਾਰਤੀ ਜਨਤਾ ਪਾਰਟੀ
ਨਵੀਂ ਦਿੱਲੀ- ਭਾਰਤ ’ਚ ਅਸੰਭਵ, ਔਖੀ ਅਤੇ ਕਲਪਨਾ ਤੋਂ ਪਰ੍ਹੇ ਸਮਝੀ ਜਾਣ ਵਾਲੀ ਟੀਕਾਕਰਨ ਮੁਹਿੰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਜਿਸ ਤਰ੍ਹਾਂ ਦੁਨੀਆ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਰਿਕਾਰਡ ਸਮੇਂ ’ਚ 100 ਕਰੋੜ ਵੈਕਸੀਨੇਸ਼ਨ ਦਾ ਅੰਕੜਾ ਪਾਰ ਕਰਦੇ ਹੋਏ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ, ਉਹ ਸ਼ਾਨਦਾਰ ਹੈ ਅਤੇ ਨਿਊ ਇੰਡੀਆ ਦੇ ਉਸ ਜਜ਼ਬੇ ਦੀ ਕਹਾਣੀ ਹੈ ਜਿੱਥੇ ਹੁਣ ਕੁਝ ਵੀ ‘ਅਸੰਭਵ’ ਨਹੀਂ ਹੈ। ਭਾਰਤ ’ਚ ‘ਇਹ ਨਹੀਂ ਹੋ ਸਕਦਾ’ ਤੋਂ ‘ਅਸੀਂ ਇਹ ਕਰ ਸਕਦੇ ਹਾਂ’ ਅਤੇ ‘ਇਹ ਹੋ ਕੇ ਰਹੇਗਾ’ ਦਾ ਸਫ਼ਰ ਇੰਨਾ ਸੌਖਾ ਨਹੀਂ ਸੀ ਪਰ ਸਾਰੀਆਂ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਨਰਿੰਦਰ ਮੋਦੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਇਹ ਅਹਿਸਾਸ ਦਿਵਾਇਆ ਹੈ ਕਿ ਜੇਕਰ 130 ਕਰੋੜ ਦੇਸ਼ਵਾਸੀ ਧਾਰ ਲੈਣ ਤਾਂ ਭਾਰਤ ਕਦਮ-ਕਦਮ ’ਤੇ ਸਫ਼ਲਤਾ ਦੇ ਨਵੇਂ ਅਧਿਆਏ ਜੋੜ ਸਕਦਾ ਹੈ ਅਤੇ ਦੇਸ਼ ਨੂੰ ਹਰ ਮੁਸ਼ਕਲ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ।

ਖ਼ਤਰਨਾਕ ਵਿਸ਼ਵ ਪੱਧਰੀ ਮਹਾਮਾਰੀ ਕੋਵਿਡ-19 ਦੇ ਵਿਰੁੱਧ ਫੈਸਲਾਕੁੰਨ ਜੰਗ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਨੇ 16 ਜਨਵਰੀ, 2021 ਨੂੰ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਵੈਕਸੀਨੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ ਸੀ। ਵੈਕਸੀਨੇਸ਼ਨ ਪ੍ਰੋਗਰਾਮ ਦੇ ਸ਼ੁਰੂ ਹੋਣ ਦੇ 9 ਮਹੀਨੇ ਦੇ ਅੰਦਰ ਹੀ ਭਾਰਤ ਨੇ 100 ਕਰੋੜ ਵੈਕਸੀਨ ਡੋਜ਼ ਲੋਕਾਂ ਨੂੰ ਲਗਾ ਕੇ ਇਕ ਨਵਾਂ ਰਿਕਾਰਡ ਕਾਇਮ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। 18 ਸਾਲ ਤੋਂ ਵੱਧ ਉਮਰ ਦੇ ਲਗਭਗ 70 ਫੀਸਦੀ ਤੋਂ ਵੱਧ ਨਾਗਰਿਕਾਂ ਨੂੰ ਹੁਣ ਤੱਕ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲਗਾਈ ਜਾ ਚੁੱਕੀ ਹੈ। ਭਾਰਤ ’ਚ ਕੋਵਿਡ ਵੈਕਸੀਨੇਸ਼ਨ ਅਮਰੀਕਾ ’ਚ ਵੈਕਸੀਨੇਸ਼ਨ ਪ੍ਰੋਗਰਾਮ ਦੇ ਸ਼ੁਰੂ ਹੋਣ ਦੇ ਲਗਭਗ 1 ਮਹੀਨੇ ਬਾਅਦ ਸ਼ੁਰੂ ਹੋਈ ਪਰ ਇੱਥੇ ਧਿਆਨ ਦੇਣਾ ਜ਼ਰੂਰੀ ਹੈ ਕਿ ਇੰਨੇ ਘੱਟ ਸਮੇਂ ’ਚ ਹੀ ਭਾਰਤ ਨੇ ਅਮਰੀਕਾ ਦੀ ਤੁਲਨਾ ’ਚ ਲਗਭਗ ਦੁੱਗਣੀ ਵੈਕਸੀਨੇਸ਼ਨ ਕੀਤੀ। ਜਿੱਥੇ ਪੂਰੀ ਦੁਨੀਆ ’ਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ ਲਗਭਗ 700 ਕਰੋੜ ਖੁਰਾਕਾਂ ਦਿੱਤੀਆਂ ਗਈਆਂ, ਉੱਥੇ ਇਕੱਲੇ ਭਾਰਤ ’ਚ 100 ਕਰੋੜ ਤੋਂ ਵੱਧ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਬੇਸ਼ੱਕ ਹੀ ਦੁਨੀਆ ਦੇ ਕੁੱਲ ਘਰੇਲੂ ਉਤਪਾਦ ’ਚ ਸਾਡਾ ਹਿੱਸਾ 3.5 ਫੀਸਦੀ ਹੈ ਪਰ ਅੱਜ ਅਸੀਂ ਦੁਨੀਆ ਦੀ 14 ਫੀਸਦੀ ਕੋਵਿਡ ਵੈਕਸੀਨ ਡੋਜ਼ ਦਾ ਸੰਚਾਲਨ ਕਰ ਰਹੇ ਹਾਂ।

ਭਾਰਤ ਉਨ੍ਹਾਂ ਸਾਰੇ ਦੇਸ਼ਾਂ ਦੀ ਤੁਲਨਾ ’ਚ ਕਾਫੀ ਬਿਹਤਰ ਵੈਕਸੀਨੇਸ਼ਨ ਮੁਹਿੰਮ ਚਲਾ ਰਿਹਾ ਹੈ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. ਸਾਡੇ ਨਾਲੋਂ ਕਿਤੇ ਵੱਧ ਹੈ। ਜ਼ਾਹਿਰ ਹੈ, ਕਈ ਰੁਕਾਵਟਾਂ ਅਤੇ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਉਹ ਸੰਭਵ ਕਰ ਦਿਖਾਇਆ ਜਿਸ ਦੀ ਕਿਸੇ ਨੇ ਆਸ ਵੀ ਨਹੀਂ ਕੀਤੀ ਸੀ। ਪੂਰੇ ਯੂਰਪੀ ਸੰਘ ’ਚ ਹੁਣ ਤੱਕ ਕੋਵਿਡ ਵੈਕਸੀਨ ਦਾ ਸੰਚਾਲਨ ਕੀਤਾ ਗਿਆ ਹੈ। ਉਸ ਤੋਂ ਵੀ ਕਿਤੇ ਵੱਧ ਟੀਕੇ ਭਾਰਤ ਨੇ ਲਗਾਏ ਹਨ। ਹਿਮਾਚਲ ਪ੍ਰਦੇਸ਼, ਗੋਆ, ਸਿੱਕਮ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਲੱਦਾਖ ਅਤੇ ਲਕਸ਼ਦੀਪ ਨੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੀ ਘੱਟ ਤੋਂ ਘੱਟ ਇਕ ਖੁਰਾਕ ਦੇ ਨਾਲ 100 ਫੀਸਦੀ ਟੀਕਾਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਉੱਤਰ ਪ੍ਰਦੇਸ਼, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਦੇ ਵੈਕਸੀਨੇਟਿਡ ਨਾਗਰਿਕਾਂ ਦੀ ਗਿਣਤੀ ਸਾਊਦੀ ਅਰਬ, ਈਰਾਨ, ਆਸਟ੍ਰੇਲੀਆ, ਪੇਰੂ ਅਤੇ ਸੰਯੁਕਤ ਅਰਬ ਅਮੀਰਾਤ ਦੀ ਕੁਲ ਆਬਾਦੀ ਤੋਂ ਵੀ ਵੱਧ ਹੈ। ਪਿਛਲੇ ਕੁਝ ਹਫਤਿਆਂ ’ਚ ਭਾਰਤ ਘੱਟੋ-ਘੱਟ 5 ਵਾਰ ਇਕ ਦਿਨ ’ਚ 1 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰਨ ’ਚ ਕਾਮਯਾਬ ਰਿਹਾ ਹੈ ਜੋ ਆਪਣੇ ਆਪ ’ਚ ਇਕ ਰਿਕਾਰਡ ਹੈ। 17 ਸਤੰਬਰ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ’ਤੇ ਸਮੁੱਚੇ ਰਾਸ਼ਟਰ ਨੇ ਵੈਕਸੀਨੇਸ਼ਨ ਦੇ ਯੱਗ ਰੂਪੀ ‘ਜਨ ਅਭਿਆਨ’ ’ਚ ਆਪਣੀ ਸਮੁੱਚੀ ਭਾਈਵਾਲੀ ਕਰਦੇ ਹੋਏ ਇਕ ਦਿਨ ’ਚ ਢਾਈ ਕਰੋੜ ਤੋਂ ਵੱਧ ਨਾਗਰਿਕਾਂ ਦਾ ਟੀਕਾਕਰਨ ਕਰ ਕੇ ਦੇਸ਼ ’ਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਨ ’ਚ ਮਦਦ ਕੀਤੀ।

ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਲੰਕਿਤ ਕਰਨ ਲਈ ਕੁਝ ਵਿਰੋਧੀ ਪਾਰਟੀਆਂ ਵਲੋਂ ਖਾਸ ਢੰਗ ਨਾਲ ਡਿਜ਼ਾਈਨ ਕੀਤੇ ਗਏ ‘ਟੂਲਕਿਟ’ ਰਾਹੀਂ ਪੂਰੀ ਤਰ੍ਹਾਂ ਇਕ ਗਿਣੀ-ਮਿੱਥੀ ਕੂੜ ਪ੍ਰਚਾਰ ਵਾਲੀ ਮੁਹਿੰਮ ਚਲਾਈ ਗਈ। ਇਸ ਮਾਇਨੇ ’ਚ ਵਿਰੋਧੀ ਪਾਰਟੀਆਂ ਦਾ ਪਾਖੰਡ ਲਾਮਿਸਾਲ ਹੈ। ਵੈਕਸੀਨ ਅਤੇ ਵੈਕਸੀਨੇਸ਼ਨ ਦੇ ਸੰਦਰਭ ’ਚ ਭਾਰਤ ਦੀ ਇਤਿਹਾਸਕ ਪ੍ਰਾਪਤੀ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਧਿਰ ਟੀਕਿਆਂ ਦੀ ਮੁਕੰਮਲ ਗਿਣਤੀ ਦੀ ਬਜਾਏ ਆਬਾਦੀ ਦੇ ਲਿਹਾਜ਼ ਨਾਲ ਸੰਚਾਲਿਤ ਕੀਤੇ ਗਏ ਟੀਕਿਆਂ ਦੀ ਗੱਲ ਕਰਨ ਲੱਗਦੀ ਹੈ ਪਰ ਜਦੋਂ ਵਿਸ਼ਵ ਪੱਧਰੀ ਸੰਦਰਭ ’ਚ ਭਾਰਤ ਦੇ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ ਅਤੇ ਹੋਰ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਮਾਪਦੰਡਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਦੇ ਕੋਵਿਡ ਸਬੰਧੀ ਮੈਨੇਜਮੈਂਟ ਦੀ ਤੁਲਨਾ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਕਰਦੇ ਹੋਏ ਉਸੇ ਮੈਟ੍ਰਿਕਸ ਦੀ ਵਰਤੋਂ ਕਰਨ ਦੀ ਗੱਲ ਹੁੰਦੀ ਹੈ ਤਾਂ ਵਿਰੋਧੀ ਧਿਰ ਕਾਲਪਨਿਕ ਭਿਆਨਕ ਦ੍ਰਿਸ਼ਾਂ ਨੂੰ ਦਰਸਾਉਂਦੇ ਹੋਏ ਕੋਰੋਨਾ ਨਾਲ ਦੇਸ਼ ’ਚ ਹੋਈਆਂ ਮੌਤਾਂ ਦੇ ਅੰਕੜਿਆਂ ਵੱਲ ਚਰਚਾ ਨੂੰ ਮੋੜ ਦਿੰਦੀ ਹੈ। ਇੱਥੇ ਵਿਰੋਧੀ ਧਿਰ ਆਬਾਦੀ ਦੇ ਲਿਹਾਜ਼ ਨਾਲ ਮੌਤ ਦਰ ਜਾਂ ਫੈਟਿਲਿਟੀ ਪਰਸੈਂਟੇਜ ਦੀ ਗੱਲ ਕਰਨ ਦੀ ਬਜਾਏ ਕੁਲ ਮੌਤਾਂ ਦੇ ਅੰਕੜਿਆਂ ਦੀ ਗੱਲ ਕਰਨ ਲੱਗਦੀ ਹੈ।

ਹੁਣ ਉੱਤਰ ਪ੍ਰਦੇਸ਼ ਦੀ ਹੀ ਉਦਾਹਰਣ ਲਓ। ਲਗਭਗ 24 ਕਰੋੜ ਦੀ ਆਬਾਦੀ ਵਾਲਾ ਇਹ ਸੂਬਾ ਹੁਣ ਕਈ ਹਫਤਿਆਂ ਤੋਂ ਨਵੇਂ ਕੋਵਿਡ ਮਾਮਲਿਆਂ ਦੀ ਗਿਣਤੀ ਨੂੰ ਰੋਜ਼ਾਨਾ 50 ਤੋਂ ਵੀ ਹੇਠਾਂ ਲਿਆਉਣ ’ਚ ਕਾਮਯਾਬ ਰਿਹਾ ਹੈ। ਮੌਜੂਦਾ ਸਮੇਂ ਸੂਬੇ ’ਚ ਕੁਲ ਸਰਗਰਮ ਮਾਮਲੇ 150 ਤੋਂ ਘੱਟ ਹਨ। ਯੂ. ਪੀ. ’ਚ ਕੋਵਿਡ ਦੇ ਕਾਰਨ ਮੌਤਾਂ ਦੀ ਗਿਣਤੀ 23 ਹਜ਼ਾਰ ਤੋਂ ਵੀ ਘੱਟ ਹੈ। ਅਫਸੋਸ ਦੀ ਗੱਲ ਹੈ ਕਿ ਸਿਆਸੀ ਪਾਖੰਡ, ਬੌਧਿਕ ਬੇਈਮਾਨੀ ਅਤੇ ਮੌਕਾਪ੍ਰਸਤੀ ਦੀ ‘ਮਹਾਮਾਰੀ’ ਲਈ ਅਜੇ ਤੱਕ ਕੋਈ ਟੀਕਾ ਵਿਕਸਿਤ ਨਹੀਂ ਹੋਇਆ ਜੋ ਅੱਧੇ ਸੱਚ ਅਤੇ ਪੱਖਪਾਤੀ ਵਿਚਾਰਾਂ ਨੂੰ ਅੱਗੇ ਵਧਾ ਕੇ ਭਾਰਤ ਦੀ ਇਤਿਹਾਸਕ ਪ੍ਰਾਪਤੀ ਨੂੰ ਕਮਜ਼ੋਰ ਕਰਨ ਦਾ ਘਟੀਆ ਯਤਨ ਕਰਦਾ ਹੈ। ਅੱਜ ਅਸੀਂ ਕੋਵਿਡ ਵੈਕਸੀਨ ਅਤੇ ਵੈਕਸੀਨੇਸ਼ਨ ਦੇ ਸੰਦਰਭ ’ਚ ਜੋ ਮੀਲ ਦੇ ਪੱਥਰ ਹਾਸਲ ਕੀਤੇ ਹਨ, ਉਹ ਕਿਸੇ ਇਕ ਪਾਰਟੀ ਜਾਂ ਸਰਕਾਰ ਦੇ ਨਹੀਂ ਸਗੋਂ ਪੂਰੇ ਦੇਸ਼ ਲਈ ਹਨ। ਆਓ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇਸ ਮਹਾਮਾਰੀ ਨੂੰ ਹਰਾਉਣ ਲਈ ਰਲ ਕੇ ਕੰਮ ਕਰਨਾ ਜਾਰੀ ਰੱਖੀਏ ਅਤੇ ਇਸ ਮਹਾਮਾਰੀ ਨੂੰ ਮੁੱਢੋਂ ਖਤਮ ਕਰਨ ’ਚ ਆਪਣਾ ਯੋਗਦਾਨ ਪਾਈਏ।


author

DIsha

Content Editor

Related News