ਬ੍ਰਿਕਸ ’ਚ ਵੱਜਿਆ ਭਾਰਤ ਦਾ ਡੰਕਾ

Thursday, Jun 03, 2021 - 02:27 AM (IST)

ਬ੍ਰਿਕਸ ’ਚ ਵੱਜਿਆ ਭਾਰਤ ਦਾ ਡੰਕਾ

ਡਾ. ਵੇਦਪ੍ਰਤਾਪ ਵੈਦਿਕ 
ਪੰਜ ਦੇਸ਼ਾਂ ਦੇ ਸੰਗਠਨ ‘ਬ੍ਰਿਕਸ’ ਦੀ ਪ੍ਰਧਾਨਗੀ ਇਸ ਸਾਲ ਭਾਰਤ ਕਰ ਰਿਹਾ ਹੈ। ਭਾਰਤ, ਬ੍ਰਿਟੇਨ, ਰੂਸ, ਚੀਨ ਅਤੇ ਦੱਖਣੀ ਅਫਰੀਕਾ-ਇਨ੍ਹਾਂ 5 ਦੇਸ਼ਾਂ ਦੇ ਇਸ ਸੰਗਠਨ ਦੀ ਇਸ ਬੈਠਕ ’ਚ ਜੋ ਚਰਚਾਵਾਂ ਹੋਈਆਂ ਹਨ ਅਤੇ ਜੋ ਸਾਂਝਾ ਬਿਆਨ ਜਾਰੀ ਹੋਇਆ ਹੈ, ਉਸ ’ਚ ਕਈ ਕੌਮਾਂਤਰੀ ਮੁੱਦਿਆਂ ’ਤੇ ਸਾਰੇ ਮੈਂਬਰ-ਦੇਸ਼ਾਂ ਨੇ ਭਾਰਤ ਦੇ ਨਜ਼ਰੀਏ ’ਤੇ ਸਹਿਮਤੀ ਪ੍ਰਗਟਾਈ ਹੈ।

ਅਜਿਹਾ ਕੋਈ ਮੁੱਦਾ ਨਹੀਂ ਉਠਿਆ, ਜਿਸ ਨੂੰ ਲੈ ਕੇ ਉਨ੍ਹਾਂ ’ਚ ਕਿਸੇ ਤਰ੍ਹਾਂ ਦਾ ਮਤਭੇਦ ਦਿਸਿਆ ਹੋਵੇ। ਡਰ ਇਹੀ ਸੀ ਕਿ ਚੀਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੇ ਦਰਮਿਆਨ ਕੁਝ ਤੂ-ਤੂ-ਮੈਂ-ਮੈਂ ਹੋ ਸਕਦੀ ਸੀ ਕਿਉਂਕਿ ਗਲਵਾਨ ਘਾਟੀ ਕਾਂਡ ਅਜੇ ਸ਼ਾਂਤ ਨਹੀਂ ਹੋਇਆ ਹੈ ਪਰ ਤਸੱਲੀ ਦਾ ਵਿਸ਼ਾ ਹੈ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕੋਈ ਵਿਵਾਦ ਛੇੜਣ ਦੀ ਬਜਾਏ ਭਾਰਤ ’ਚ ਚੱਲ ਰਹੇ ਕੋਰੋਨਾ ਮਹਾਮਾਰੀ ਦੀ ਮੁਹਿੰਮ ’ਚ ਭਾਰਤ ਦੀ ਸਰਗਰਮ ਸਹਾਇਤਾ ਦੀ ਬੇਨਤੀ ਕੀਤੀ, ਭਾਰਤੀ ਜਨਤਾ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।

ਭਾਰਤ ਅਤੇ ਦੱਖਣੀ ਅਫਰੀਕਾ ਦੇ ਉਸ ਮਤੇ ਦਾ ਸਾਰੇ ਵਿਦੇਸ਼ ਮੰਤਰੀਆਂ ਨੇ ਸਮਰਥਨ ਕੀਤਾ, ਜਿਸ ’ਚ ਉਨ੍ਹਾਂ ਨੇ ਕੋਵਿਡ-ਵੈਕਸੀਨ ’ਤੇ ਨਿਰਮਾਤਾਵਾਂ ਦੀ ਮਾਲਕੀ ਦੇ ਅਧਿਕਾਰ ’ਤੇ ਢਿੱਲ ਦੇਣ ਦੀ ਮੰਗ ਕੀਤੀ ਸੀ। ਚੀਨ ਅਤੇ ਰੂਸ ਤਾਂ ਖੁਦ ਵੈਕਸੀਨ ਨਿਰਮਾਤਾ ਰਾਸ਼ਟਰ ਹਨ, ਫਿਰ ਵੀ ਉਨ੍ਹਾਂ ਨੇ ਇਸ ਮੁੱਦੇ ’ਤੇ ਸਹਿਮਤੀ ਪ੍ਰਗਟ ਕਰ ਕੇ ਅਮਰੀਕਾ ਅਤੇ ਯੂਰਪੀ ਰਾਸ਼ਟਰਾਂ ’ਤੇ ਦਬਾਅ ਬਣਾ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਹੱਥ ਮਜ਼ਬੂਤ ਕਰਨ ’ਚ ਇਸ ਮਤੇ ਦਾ ਵਿਸ਼ੇਸ਼ ਯੋਗਦਾਨ ਰਹੇਗਾ। ਅਫਗਾਨਿਸਤਾਨ ਦੇ ਸਵਾਲ ’ਤੇ ਸਾਰੇ ਰਾਸ਼ਟਰਾਂ ਨੇ ਉਹੀ ਰਾਏ ਜ਼ਾਹਿਰ ਕੀਤੀ, ਜੋ ਭਾਰਤ ਕਹਿੰਦਾ ਰਿਹਾ ਹੈ। ਭਾਰਤ ਦੀ ਮਾਨਤਾ ਹੈ ਕਿ ਅਫਗਾਨਿਸਤਾਨ ’ਚੋਂ ਹਿੰਸਾ ਅਤੇ ਅੱਤਵਾਦ ਦਾ ਖਾਤਮਾ ਹੋਣਾ ਚਾਹੀਦਾ ਹੈ ਅਤੇ ਉਥੋਂ ਦੇ ਲੋਕਾਂ ਦੀ ਆਜ਼ਾਦੀ ਅਤੇ ਸਨਮਾਨ ਦੀ ਰੱਖਿਆ ਹੋਣੀ ਚਾਹੀਦੀ ਹੈ। ਉਸਦੀ ਪ੍ਰਭੂਸੱਤਾ ਕਾਇਮ ਰਹਿਣੀ ਚਾਹੀਦੀ ਹੈ।

ਜਿੱਥੋਂ ਤੱਕ ਕੌਮਾਂਤਰੀ ਸੰਗਠਨਾਂ ਦਾ ਸਵਾਲ ਹੈ, ਭਾਰਤ ਵਰ੍ਹਿਆਂ ਤੋਂ ਜੋ ਮੰਗਾਂ ਰੱਖ ਰਿਹਾ ਹੈ, ਪੰਜਾਂ ਰਾਸ਼ਟਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਰੂਸ ਅਤੇ ਚੀਨ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ, ਇਸ ਦੇ ਬਾਵਜੂਦ ਉਨ੍ਹਾਂ ਨੇ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੀ ਆਵਾਜ਼ ’ਚ ਆਵਾਜ਼ ਮਿਲਾਉਂਦੇ ਹੋਏ ਸੰਯੁਕਤ ਰਾਸ਼ਟਰ ਸੰਘ ਦੇ ਢਾਂਚੇ ’ਚ ਮੁੱਢਲੀਆਂ ਤਬਦੀਲੀਆਂ ਦੀ ਮੰਗ ਕੀਤੀ ਹੈ। ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦਾ ਵਤੀਰਾ ਇਨ੍ਹਾਂ ਮੁੱਦਿਆਂ ’ਤੇ ਢਿੱਲਾ ਜਾਂ ਨਾਂਹ-ਪੱਖੀ ਹੀ ਰਹਿੰਦਾ ਹੈ।

ਬ੍ਰਿਕਸ-ਰਾਸ਼ਟਰਾਂ ਨੇ ਵਿਸ਼ਵ ਵਪਾਰ ਸੰਗਠਨ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ ਆਦਿ ਸੰਸਥਾਨਾਂ ’ਚ ਵੀ ਬਦਲਾਅ ਦੀ ਮੰਗ ਕੀਤੀ ਹੈ। ਭਾਰਤ ਨੂੰ ਇਸ ਨਜ਼ਰੀਏ ਤੋਂ ਵਿਸ਼ੇਸ਼ ਸਫਲਤਾ ਮਿਲੀ ਹੈ ਕਿ ਉਸ ਨੇ ਹਰ ਤਰ੍ਹਾਂ ਦੇ ਅੱਤਵਾਦ ਅਤੇ ਖਾਸ ਤੌਰ ’ਤੇ ਸਰਹੱਦ ਪਾਰ ਦੇ ਅੱਤਵਾਦ ਦੇ ਵਿਰੁੱਧ ਬ੍ਰਿਕਸ-ਰਾਸ਼ਟਰਾਂ ਨੂੰ ਬੋਲਣ ’ਤੇ ਸਹਿਮਤ ਕਰਾ ਲਿਆ ਹੈ। ਬ੍ਰਿਕਸ ਦੀ ਇਸ ਬੈਠਕ ਦੇ ਪਹਿਲੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਨੇਤਾਵਾਂ ਅਤੇ ਅਫਸਰਾਂ ਨਾਲ ਡੂੰਘਾਈ ਨਾਲ ਗੱਲਬਾਤ ਸਥਾਪਤ ਕਰ ਕੇ ਭਾਰਤ ਦਾ ਇਹ ਅਕਸ ਬਣਾਇਆ ਹੈ ਕਿ ਭਾਰਤ ਕੌਮਾਂਤਰੀ ਧੜੇਬੰਦੀ ਤੋਂ ਮੁਕਤ ਹੋ ਕੇ ਸਾਰੇ ਰਾਸ਼ਟਰਾਂ ਦੇ ਨਾਲ ਚੰਗੇ ਸਬੰਧ ਬਣਾਉਣ ਦੇ ਲਈ ਤੱਤਪਰ ਹੈ।


author

Bharat Thapa

Content Editor

Related News