ਚੀਨ ’ਚ ਮਰੀਜ਼ਾਂ ਨੂੰ ਅੰਗ ਦਾਨ ਕਰਨ ਲਈ ਕੀਤਾ ਜਾ ਰਿਹੈ ਮਜਬੂਰ
Wednesday, Aug 02, 2023 - 04:03 PM (IST)

ਬੀਜਿੰਗ- ਪ੍ਰਾਚੀਨ ਚੀਨ ’ਚ ਜਿਹੜੇ ਰਾਜਵੰਸ਼ਾਂ ਨੇ ਰਾਜ ਕੀਤਾ ਸੀ, ਉਨ੍ਹਾਂ ਨੇ ਚੀਨ ਦੀ ਤਰੱਕੀ ਲਈ ਬਹੁਤ ਕੁਝ ਕੀਤਾ ਪਰ ਉਹ ਆਪਣੀ ਜਨਤਾ ਨੂੰ ਜ਼ਾਲਮ ਤਾਨਾਸ਼ਾਹੀ ਹੇਠਾਂ ਦਬਾ ਕੇ ਰੱਖਦੇ ਸਨ। ਚੀਨੀ ਰਾਜਿਆਂ ਦੇ ਜ਼ੁਲਮਾਂ ਦੇ ਕਿੱਸੇ ਅੱਜ ਵੀ ਕਹਾਣੀਆਂ ’ਚ ਸੁਣਨ ਨੂੰ ਮਿਲ ਰਹੇ ਹਨ ਕਿ ਉਹ ਆਪਣੀ ਜਨਤਾ ਨੂੰ ਕਿਸੇ ਵੀ ਅਪਰਾਧ ਜਾਂ ਗਲਤੀ ਲਈ ਕਿੰਨੀ ਜ਼ਾਲਮ ਸਜ਼ਾ ਦਿੰਦੇ ਸਨ। ਇਹੀ ਜ਼ੁਲਮ ਅੱਜ ਚੀਨ ਦਾ ਕਮਿਊਨਿਟ ਸ਼ਾਸਨ ਆਪਣੀ ਜਨਤਾ ’ਤੇ ਦਿਖਾ ਰਿਹਾ ਹੈ। ਹਾਲ ਹੀ ’ਚ ਇਕ ਅਜਿਹਾ ਗੈਰ-ਮਨੁੱਖੀ ਕਾਰਾ ਦੁਨੀਆ ਦੇ ਸਾਹਮਣੇ ਆਇਆ ਹੈ ਕਿ ਵਰਤਮਾਨ ਸਮੇਂ ’ਚ ਕਿਸੇ ਵੀ ਦੇਸ਼ ਲਈ ਅਜਿਹਾ ਕਰਨਾ ਇਕ ਨਫਰਤ ਭਰਿਆ ਕੰਮ ਮੰਨਿਆ ਜਾਵੇਗਾ। ਮਨੁੱਖੀ ਅੰਗਾਂ ਦੀ ਸਮੱਗਲਿੰਗ ਅਤੇ ਉਨ੍ਹਾਂ ਦੀ ਹਾਰਵੈਸਟਿੰਗ ਦਾ ਮਾਮਲਾ ਸਿਰਫ ਫੇਲੁੰਗਾਂਗ ਫਿਰਕੇ ਨਾਲ ਜੁੜਿਆ ਨਹੀਂ ਹੈ ਸਗੋਂ ਆਮ ਲੋਕਾਂ ਦੇ ਅੰਗਾਂ ਨੂੰ ਵੀ ਉਸੇ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਹਸਪਤਾਲਾਂ ’ਚ ਜੋ ਲੋਕ ਮਹਿੰਗੇ ਇਲਾਜ ਦਾ ਖਰਚ ਨਹੀਂ ਉਠਾ ਸਕਦੇ, ਉਨ੍ਹਾਂ ਨੂੰ ਉਸੇ ਹਸਪਤਾਲ ਨੂੰ ਆਪਣੇ ਅੰਗ ਵੇਚਣ ਲਈ ਕਿਹਾ ਜਾਂਦਾ ਹੈ। ਇਹ ਖਬਰ ਹੈਰਾਨ ਕਰ ਦੇਣ ਵਾਲੀ ਜ਼ਰੂਰ ਹੈ ਪਰ ਚੀਨ ’ਚ ਲੰਬੇ ਸਮੇਂ ਤੋਂ ਉਈਗਰ ਮੁਸਲਮਾਨਾਂ ਅਤੇ ਫੇਲੁੰਗਾਂਗ ਫਿਰਕੇ ਦੇ ਲੋਕਾਂ ਦੇ ਅੰਗਾਂ ਨੂੰ ਕੱਢ ਕੇ ਉਨ੍ਹਾਂ ਨੂੰ ਅਮੀਰ ਚੀਨੀਆਂ ਅਤੇ ਵਿਦੇਸ਼ਾਂ ’ਚ ਵੇਚਿਆ ਜਾਂਦਾ ਹੈ ਜੋ ਚੀਨ ਦੀ ਕਮਿਊਨਿਸਟ ਸਰਕਾਰ ਦੀ ਆਮਦਨ ਦਾ ਇਕ ਹੋਰ ਸਾਧਨ ਬਣ ਚੁੱਕਾ ਹੈ।
ਹਾਲ ਹੀ ’ਚ ਕਵਾਂਗਸ਼ੀ ਸੂਬੇ ’ਚ 1990 ਦੇ ਦਹਾਕੇ ’ਚ ਜੰਮੇ ਯੇਨ ਖਵੇ ਨਾਂ ਦੇ ਨੌਜਵਾਨ ਦੇ ਪਿਤਾ ਸੜਕ ਹਾਦਸੇ ’ਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਅਜਿਹੇ ’ਚ ਯੇਨ ਖਵੇ ’ਤੇ ਦਬਾਅ ਬਣਾਇਆ ਗਿਆ ਕਿ ਉਹ ਆਪਣੇ ਪਿਤਾ ਦੇ ਅੰਗਾਂ ਨੂੰ ਹਸਪਤਾਲ ’ਚ ਦਾਨ ਕਰ ਦੇਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਇਸ ਬਾਰੇ ਕਿਸੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ। ਹਸਪਤਾਲ ਦੇ ਦਬਾਅ ਸਾਹਮਣੇ ਯੇਨ ਖਵੇ ਦੀ ਇਕ ਨਹੀਂ ਚੱਲੀ। ਯੇਨ ਖਵੇ ਕਿਸੇ ਤਰ੍ਹਾਂ ਦੇਸ਼ ਛੱਡ ਕੇ ਨਿਊਜ਼ੀਲੈਂਡ ਪੁੱਜਾ, ਉੱਥੇ ਜਾ ਕੇ ਉਸ ਨੇ ਇਸ ਖਬਰ ਨੂੰ ਲੋਕਾਂ ਤਕ ਪਹੁੰਚਾਇਆ। ਯੇਨ ਨੇ ਦੱਸਿਆ ਕਿ ਉਸ ਦੇ ਪਿਤਾ ਇਕ ਸਰਕਾਰੀ ਕੰਪਨੀ ਲਈ ਕੰਮ ਕਰਦੇ ਸਨ ਅਤੇ ਅਕਸਰ ਜਦ ਉਹ ਕੰਪਨੀ ਦੀਵਾਲੀਆ ਹੋ ਜਾਂਦੀ ਸੀ ਤਦ ਉਹ ਉਸ ਕੰਪਨੀ ਦੇ ਹੱਕ ’ਚ ਮਾਮਲਾ ਅਦਾਲਤ ’ਚ ਰੱਖਦੇ ਸਨ। ਉਹ ਚੀਨ ਦੇ ਕੁਝ ਪੁਰਾਣੇ ਰਾਸ਼ਟਰੀ ਸੁਰੱਖਿਆ ਸੂਚੀ ’ਚ ਰਜਿਸਟਰਡ ਜਾਂਚਕਰਤਿਆਂ ’ਚੋਂ ਇਕ ਸਨ। ਚੀਨ ’ਚ ਇਸ ਤਰ੍ਹਾਂ ਦੇ ਸੈਂਕੜੇ ਕੇਸ ਹਨ ਜਿੱਥੇ ਹਸਪਤਾਲ ’ਚ ਭਰਤੀ ਵਿਅਕਤੀ ਜੇ ਕਿਸੇ ਹਾਦਸੇ ਦਾ ਸ਼ਿਕਾਰ ਹੈ ਤਾਂ ਉਸ ਦੇ ਸਰੀਰ ਦੇ ਅੰਗਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੋ ਅੰਗ ਉਨ੍ਹਾਂ ਨੂੰ ਸਹੀ ਲੱਗਦਾ ਹੈ ਉਸ ਨੂੰ ਕੱਢਣ ਲਈ ਪਾਖੰਡ ਕਰਨਾ ਸ਼ੁਰੂ ਕਰ ਿਦੰਦੇ ਹਨ। ਉਹ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਹਸਪਤਾਲ ’ਚ ਭਰਤੀ ਮਰੀਜ਼ ਦੇ ਅੰਗ ਦਾਨ ਕਰਨ ਲਈ ਕਹਿੰਦੇ ਹਨ ਅਤੇ ਬਦਲੇ ’ਚ ਉਨ੍ਹਾਂ ਨੂੰ ਦੱਸਦੇ ਹਨ ਕਿ ਸਮਾਜਿਕ ਸੰਸਥਾ ਉਨ੍ਹਾਂ ਦੇ ਮਰੀਜ਼ ਦੇ ਇਲਾਜ ਦਾ ਸਾਰਾ ਖਰਚ ਚੁੱਕੇਗੀ, ਅਜਿਹਾ ਨਾ ਕਰਨ ’ਤੇ ਮਰੀਜ਼ ਦੇ ਇਲਾਜ ਦੇ ਨਾਂ ’ਤੇ ਉਸ ਦਾ ਬਿੱਲ ਇੰਨਾ ਵਧਾਇਆ ਜਾਂਦਾ ਹੈ ਜਿਸ ਨੂੰ ਰਿਸ਼ਤੇਦਾਰ ਅਦਾ ਨਹੀਂ ਕਰ ਸਕਦੇ ਅਤੇ ਉਨ੍ਹਾਂ ’ਤੇ ਮਾਨਸਿਕ ਦਬਾਅ ਬਣਾ ਕੇ ਭਰਤੀ ਮਰੀਜ਼ ਦੇ ਸਾਰੇ ਅੰਗ ਦਾਨ ਕਰ ਲਏ ਜਾਂਦੇ ਹਨ।
ਯੇਨ ਦੇ ਪਿਤਾ ਬੇਨ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ, ਜਦ ਉਹ ਕਾਰ ਹਾਦਸੇ ਪਿੱਛੋਂ ਹਸਪਤਾਲ ’ਚ ਬੇਹੋਸ਼ੀ ਦੀ ਹਾਲਤ ’ਚ ਭਰਤੀ ਹੋਏ ਸਨ ਪਰ ਬਾਅਦ ’ਚ ਉਹ ਆਮ ਹਾਲਤ ’ਚ ਆਏ ਅਤੇ ਉਨ੍ਹਾਂ ਨੇ ਆਪਣੀ ਮੈਡੀਕਲ ਹਿਸਟਰੀ ਦਾ ਪੂਰਾ ਬਿਓਰਾ ਹਸਪਤਾਲ ਦੇ ਸਟਾਫ ਨੂੰ ਦਿੱਤਾ ਪਰ ਬਾਅਦ ’ਚ ਅਚਾਨਕ ਉਨ੍ਹਾਂ ਨੂੰ ਆਈ. ਸੀ. ਯੂ. ’ਚ ਰੱਖ ਕੇ ਵੈਂਟੀਲੇਟਰ ’ਚ ਪਾ ਦਿੱਤਾ ਿਗਆ। ਡਾਕਟਰਾਂ ਨੇ ਯੇਨ ’ਤੇ ਆਪਣੇ ਪਿਤਾ ਦੇ ਅੰਗਾਂ ਨੂੰ ਦਾਨ ਕਰਨ ਦਾ ਦਬਾਅ ਬਣਾਇਆ ਅਤੇ ਕਿਹਾ ਕਿ ਅਜਿਹਾ ਕਰਨ ’ਤੇ ਕੌਮਾਂਤਰੀ ਸੰਸਥਾਂ ਰੈੱਡ ਕ੍ਰਾਸ ਇਲਾਜ ਦਾ ਸਾਰਾ ਖਰਚ ਸਹਿਣ ਕਰੇਗੀ। ਯੇਨ ਦੇ ਡਾਕਟਰ ਦੀ ਗੱਲ ਨਾ ਮੰਨਣ ’ਤੇ ਉਸ ਦੇ ਪਿਤਾ ਦੇ ਇਲਾਜ ਦਾ 10,000 ਯੁਆਨ ਪ੍ਰਤੀ ਦਿਨ ਦਾ ਬਿੱਲ ਆਉਣ ਲੱਗਾ, ਜਿਸ ਨੂੰ ਯੇਨ ਸਹਿਣ ਨਹੀਂ ਕਰ ਸਕਦਾ ਸੀ। ਅਖੀਰ ’ਚ ਉਸ ਦੇ ਪਿਤਾ ਦੇ ਸਰੀਰ ਦੇ ਅੰਗਾਂ ਨੂੰ ਜਬਰੀ ਕੱਢ ਲਿਆ ਗਿਆ। ਯੇਨ ਨੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਅਤੇ ਕਿਸੇ ਤਰ੍ਹਾਂ ਨਿਊਜ਼ੀਲੈਂਡ ਪਹੁੰਚ ਕੇ ਉਸ ਨੇ ਇਸ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।
ਫੇਲੁੰਗਾਂਗ ਫਿਰਕਾ ਜੋ ਸਿਰਫ ਯੌਗਿਕ ਕਿਰਿਆਵਾਂ ਕਰਦਾ ਸੀ, ਉਸ ਨੂੰ ਚੀਨ ਸਰਕਾਰ ਨੇ ਆਪਣੇ ਲਈ ਖਤਰਾ ਮੰਨਿਆ ਅਤੇ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਅੰਗਾਂ ਨੂੰ ਜ਼ਿੰਦਾ ਹਾਲਤ ’ਚ ਕੱਢ ਕੇ ਉਸ ਦਾ ਵਪਾਰ ਕਰਨ ਲੱਗੀ, ਇਸ ਤਰ੍ਹਾਂ ਕਮਿਊਨਿਸਟ ਸਰਕਾਰ ਨੇ ਫੇਲੁੰਗਾਂਗ ਪੈਰੋਕਾਰਾਂ ਨੂੰ ਮਾਰ ਿਦੱਤਾ ਅਤੇ ਉਨ੍ਹਾਂ ’ਤੇ ਕਾਬੂ ਪਾ ਲਿਆ, ਠੀਕ ਇਸੇ ਤਰ੍ਹਾਂ ਸ਼ਿਨਚਿਆਂਗ ਵੇਵੂਰ ਖੁਦਮੁਖਤਾਰ ਸੂਬੇ ਦੇ ਉਈਗਰ ਮੁਸਲਮਾਨਾਂ ’ਤੇ ਵੀ ਕਮਿਊਨਿਸਟਾਂ ਨੇ ਅੱਤਿਆਚਾਰ ਕੀਤਾ ਅਤੇ ਉਨ੍ਹਾਂ ਦੇ ਅੰਗਾਂ ਦੀ ਸਮੱਗਲਿੰਗ ਕਰ ਕੇ ਕੌਮਾਂਤਰੀ ਪੱਧਰ ’ਤੇ ਨਾਜਾਇਜ਼ ਅੰਗਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ। ਇਸ ਦੇ ਇਲਾਵਾ ਆਮ ਜਨਤਾ ਜਦ ਹਸਪਤਾਲ ’ਚ ਐਮਰਜੈਂਸੀ ’ਚ ਆਉਂਦੀ ਹੈ ਤਾਂ ਉਸ ਦਾ ਵੀ ਇਹੀ ਹਸ਼ਰ ਕੀਤਾ ਜਾਂਦਾ ਹੈ। ਮੈਡੀਕਲ ਸੈਕਟਰ ’ਚ ਪੂਰਨ ਵਿਵਸਥਿਤ ਤਰੀਕੇ ਨਾਲ ਅੰਗਾਂ ਦੀ ਸਮੱਗਲਿੰਗ ਅਤੇ ਅੰਗਾਂ ਨੂੰ ਜਬਰੀ ਕੱਢਣ ਦਾ ਕੰਮ ਇੰਝ ਹੀ ਬਾਦਸਤੂਰ ਚੱਲ ਰਿਹਾ ਹੈ ਪਰ ਇਸ ’ਤੇ ਲਗਾਮ ਲਾਉਣਾ ਕਿਸੇ ਲਈ ਵੀ ਬਹੁਤ ਮੁਸ਼ਕਲ ਹੈ।