ਲੋਕਤੰਤਰ ’ਚ ‘ਹਾਰਸ ਟ੍ਰੇਡਿੰਗ’ ਨੂੰ ਹਰ ਕੀਮਤ ’ਤੇ ਟਾਲੀ ਜਾਣੀ ਚਾਹੀਦੀ

Friday, Nov 22, 2024 - 05:49 PM (IST)

ਲੋਕਤੰਤਰ ’ਚ ‘ਹਾਰਸ ਟ੍ਰੇਡਿੰਗ’ ਨੂੰ ਹਰ ਕੀਮਤ ’ਤੇ ਟਾਲੀ ਜਾਣੀ ਚਾਹੀਦੀ

ਮਹਾਰਾਸ਼ਟਰ ਵਿਚ 20 ਨਵੰਬਰ ਨੂੰ ਵੋਟਿੰਗ ਹੋਈ। ਸਵੇਰੇ ਜਲਦੀ ਉੱਠਣ ਵਾਲਿਆਂ ਦੇ ਨਾਲ-ਨਾਲ, ਜੋ ਆਮ ਤੌਰ ’ਤੇ ਸਵੇਰ ਦੀ ਸੈਰ ਲਈ ਬਾਹਰ ਜਾਂਦੇ ਹਨ, ਮੈਂ ਵੀ ਆਪਣੀ ਵੋਟ ਪਾਈ। ਮੇਰੀ ਵਧਦੀ ਉਮਰ ਦੇ ਕਾਰਨ, ਪੋਲਿੰਗ ਸਟਾਫ ਨੇ ਇਹ ਯਕੀਨੀ ਬਣਾਇਆ ਕਿ ਮੈਂ ਆਪਣੇ ਬੂਥ ’ਤੇ ਸਵੇਰੇ 7 ਵਜੇ ਇਕ ਜਾਂ ਦੋ ਮਿੰਟ ਬਾਅਦ ਸਭ ਤੋਂ ਪਹਿਲਾਂ ਆਪਣੀ ਵੋਟ ਪਾਵਾਂ।

2 ਜਾਂ 3 ਮਹੀਨੇ ਪਹਿਲਾਂ ਚੋਣ ਆਬਜ਼ਰਵਰਾਂ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਦੇ ਹੱਥੋਂ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਹਾਰ ਦੀ ਭਵਿੱਖਬਾਣੀ ਕੀਤੀ ਸੀ। ਐੱਮ. ਵੀ. ਏ. ’ਚ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ. ਬੀ. ਟੀ.) ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਐੱਨ. ਸੀ. ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ) ਦਾ ਸ਼ਰਦ ਪਵਾਰ ਧੜਾ ਸ਼ਾਮਲ ਹੈ।

ਐਗਜ਼ਿਟ ਪੋਲ ਦਾ ਬਹੁਮਤ ਜ਼ਿਆਦਾਤਰ ਮਹਾਯੁਤੀ ਦੇ ਪੱਖ ’ਚ ਹੈ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਬੈਂਕ ਖਾਤਿਆਂ ਵਿਚ 7,500 ਰੁਪਏ ਜਮ੍ਹਾ ਕਰਵਾਉਣ ਲਈ ਵੋਟਾਂ ਮਿਲਦੀਆਂ ਹਨ ਤਾਂ ਮਹਾਯੁਤੀ ਆਸਾਨੀ ਨਾਲ ਜਿੱਤ ਜਾਵੇਗੀ। ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਐੱਮ. ਵੀ. ਏ. ਨੇ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਕਰਾਰੀ ਹਾਰ ਦਿੱਤੀ ਸੀ।

ਉਸ ਪ੍ਰਦਰਸ਼ਨ ਤੋਂ ਬਾਅਦ ਕਾਂਗਰਸੀ ਵਰਕਰਾਂ ਦਾ ਮਨੋਬਲ ਕਾਫੀ ਵਧ ਗਿਆ ਸੀ। ਇਸ ਲਈ ਵਿਧਾਨ ਸਭਾ ਚੋਣਾਂ ਵਿਚ ਐੱਮ. ਵੀ. ਏ. ਨੂੰ ਬੜ੍ਹਤ ਹਾਸਲ ਸੀ। ਸੱਤਾਧਾਰੀ ਪਾਰਟੀ ਦੀ ‘ਲਾਡਕੀ ਬਹਿਨ’ ਪਹਿਲਕਦਮੀ ਤੋਂ ਬਾਅਦ ਇਹ ਲੀਡ ਕਾਫੀ ਘਟ ਗਈ। ਆਰਥਿਕ ਤੌਰ ’ਤੇ ਗੈਰ-ਵਿਹਾਰਕ ਇਸ ਪ੍ਰਾਜੈਕਟ ਤਹਿਤ ਹਰ ਗਰੀਬ ਔਰਤ ਨੂੰ ਹਰ ਮਹੀਨੇ ਉਸ ਦੇ ਬੈਂਕ ਖਾਤੇ ਵਿਚ 1500 ਰੁਪਏ ਦਿੱਤੇ ਜਾਣਗੇ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਆਰਥਿਕ ਤੰਗੀ ਤੋਂ ਬਚਾ ਸਕੇ।

ਇਹ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਸਪੱਸ਼ਟ ਕੋਸ਼ਿਸ਼ ਹੈ, ਜੋ ਕਿ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਤੋਂ ਬਚ ਗਈ ਹੈ। ਮਹਿਲਾ ਲਾਭਪਾਤਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਕਾਂਗਰਸ ਪਾਰਟੀ ਦਾ ਜਵਾਬ ਸੀ ਕਿ ਜੇਕਰ ਐੱਮ. ਵੀ. ਏ. ਸੱਤਾ ’ਚ ਆਈ ਤਾਂ ਮੁਫਤ ਸਹੂਲਤਾਂ ਨੂੰ ਦੁੱਗਣਾ ਕੀਤਾ ਜਾਵੇਗਾ। ਇਹ ਲੋਭ ਦੇਣ ਦੀ ਮੁਕਾਬਲੇਬਾਜ਼ੀ ਅੌਰਤਾਂ ਦੇ ਮਹਾਯੁਤੀ ਨੂੰ ਵੋਟ ਪਾਉਣ ਦੇ ਸੰਕਲਪ ਨੂੰ ਪ੍ਰੇਸ਼ਾਨ ਕਰ ਸਕਦੀ ਹੈ, ਪਰ ਇਹ ਬਜਟ ਯੋਜਨਾਕਾਰਾਂ ਅਤੇ ਵਿੱਤ ਵਿਭਾਗ ਦੇ ਲੋਕਾਂ ਲਈ ਤਬਾਹੀ ਮਚਾ ਸਕਦਾ ਹੈ ਜੋ ਹਰ ਸਾਲ ਘਾਟੇ ਦੇ ਵਿੱਤ ਪੋਸ਼ਣ ਨਾਲ ਜੂਝਦੇ ਹਨ।

ਮੈਂ ਮੈਰੀ ਨੂੰ ਪੁੱਛਿਆ, ਜਿਸ ਨੂੰ ਮੇਰੀ ਪਤਨੀ ਨੇ 30 ਸਾਲ ਪਹਿਲਾਂ ਰੋਮਾਨੀਆ ਤੋਂ ਘਰ ਵਾਪਸ ਆਉਣ ’ਤੇ ਘਰੇਲੂ ਨੌਕਰ ਵਜੋਂ ਭਰਤੀ ਕੀਤਾ ਸੀ, ਕਿ ਕੀ ਉਸ ਨੇ ਸਾਰੇ ‘ਪੱਛੜੇ’ ਲੋਕਾਂ ਨੂੰ ਸਰਕਾਰ ਵਲੋਂ ਦਿੱਤੇ ਜਾਣ ਵਾਲੇ 1500 ਰੁਪਏ ਪ੍ਰਤੀ ਮਹੀਨਾ ਲਈ ਅਰਜ਼ੀ ਦਿੱਤੀ ਸੀ। ਉਸ ਨੇ ‘ਹਾਂ’ ਕਿਹਾ, ਪਰ ਉਸ ਦੀ ਬੇਨਤੀ ਠੁਕਰਾ ਦਿੱਤੀ ਗਈ ਕਿਉਂਕਿ ਉਸ ਦੀ ਉਮਰ 60 ਸਾਲ ਤੋਂ ਵੱਧ ਹੋ ਗਈ ਸੀ!

ਮੈਂ ਅੰਜਨਾ ਨੂੰ ਵੀ ਪੁੱਛਿਆ, ਜੋ ਸਾਡੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਸਾਹਨੀ ਪਰਿਵਾਰ ਲਈ ਕੰਮ ਕਰਦੀ ਸੀ। ਉਹ ਮੁਸਕਰਾ ਰਹੀ ਸੀ। ਉਸ ਨੂੰ ਪੈਸੇ ਮਿਲ ਗਏ ਸਨ। ਇਕ ਕਿਸ਼ਤ ਵਿਚ 7,500/-, 4 ਮਹੀਨਿਆਂ ਲਈ 6,000/- ਅਤੇ ਦੀਵਾਲੀ ਬੋਨਸ ਵਜੋਂ 1,500/-! ਉਸ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਹੋ ਗਏ ਸਨ। ਮੈਂ ਅੰਦਾਜ਼ਾ ਲਾਇਆ ਕਿ ਅੰਜਨਾ ਦੀ ਵੋਟ ਮਹਾਯੁਤੀ ਲਈ ਸੀਲ ਹੋ ਗਈ ਸੀ।

ਇਕ ਪ੍ਰੇਸ਼ਾਨ ਕਰਨ ਵਾਲਾ ਸਵਾਲ ਸਾਹਮਣੇ ਆ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਇਨਾਮ ਦੁੱਗਣਾ ਕਰਨ ਦੇ ਵਾਅਦੇ ਤੋਂ ਬਾਅਦ ਇਹ ਹੋਰ ਵੀ ਪ੍ਰਾਸੰਗਿਕ ਹੋ ਗਿਆ। ਕੀ ਵੋਟਾਂ ਦੇ ਸੀਲ ਹੋਣ ਅਤੇ ਗਿਣਤੀ ਹੋਣ ਤੋਂ ਬਾਅਦ ਵੀ ਪੈਸੇ ਦੀ ਵੰਡ ਜਾਰੀ ਰਹੇਗੀ? ਕੀ ਸਰਕਾਰ ਕੋਲ ਇੰਨਾ ਪੈਸਾ ਹੈ? ਅੱਜ ਦੇ ਵੋਟਰ 10 ਜਾਂ 20 ਸਾਲ ਪਹਿਲਾਂ ਨਾਲੋਂ ਬਿਹਤਰ ਜਾਣਕਾਰੀ ਰੱਖਦੇ ਹਨ। ਉਨ੍ਹਾਂ ਨੂੰ ਧੋਖਾ ਦੇਣਾ ਸੌਖਾ ਨਹੀਂ ਹੈ।

ਇਨ੍ਹਾਂ ਕਾਰਕਾਂ ਨੂੰ ਧਿਆਨ ਵਿਚ ਰੱਖਦੇ ਹੋਏ, ਮੈਂ ਜੋ ਆਮ ਫੈਸਲਾ ਸੁਣ ਰਿਹਾ ਹਾਂ ਉਹ ਇਹ ਹੈ ਕਿ ਇਹ ਚੋਣ ਇਕ ਨਜ਼ਦੀਕੀ ਮਾਮਲਾ ਹੋਣ ਜਾ ਰਿਹਾ ਹੈ। ਕੋਈ ਵੀ ਅਸਲ ਵਿਚ ਨਤੀਜਿਆਂ ਦੀ ਭਵਿੱਖਬਾਣੀ ਨਹੀਂ ਕਰ ਸਕਦਾ। ‘ਲਾਡਕੀ ਬਹਿਨ’ ਸਰਕਾਰ ਦੇ ਪੱਖ ’ਚ ਸਥਿਤੀ ਬਦਲ ਸਕਦੀ ਹੈ। ਜੇਕਰ ਲੋਕਾਂ ਨੂੰ ਸਿਆਸੀ ਜਮਾਤ ਦੀ ਭਰੋਸੇਯੋਗਤਾ ’ਤੇ ਵੱਧ ਭਰੋਸਾ ਹੁੰਦਾ ਤਾਂ ਇਹ ਸਥਿਤੀ ਜ਼ਰੂਰ ਬਦਲ ਸਕਦੀ ਸੀ।

2014 ਵਿਚ ਮੋਦੀ ਨੇ ਖੁਦ ਹਰ ਨਾਗਰਿਕ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ! ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਆਓ, ਇਹ ਜਾਣਨ ਲਈ ਉਡੀਕ ਕਰੀਏ ਕਿ ‘ਲਾਡਕੀ ਬਹਿਨ’ ਪ੍ਰਾਜੈਕਟ ’ਤੇ ਮਹਾਯੁਤੀ ਵਲੋਂ ਜਤਾਇਆ ਵਿਸ਼ਵਾਸ ਕਿੰਨਾ ਕੁ ਸਫਲ ਰਿਹਾ ਹੈ।

ਇਸ ਵੱਡੇ ਚੋਣ ਮੁਕਾਬਲੇ ਵਿਚ ਦੋ ਹੋਰ ਮੁਕਾਬਲੇ ਵੀ ਹਨ। ਮਰਾਠੀ ਲੋਕ ਇਨ੍ਹਾਂ 2 ‘ਧਿਰੀ’ ਮੁਕਾਬਲਿਆਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸੂਬੇ ਵਿਚ ਭਾਜਪਾ ਦੇ ਇਕ ਪ੍ਰਮੁੱਖ ਨੇਤਾ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦਰਮਿਆਨ ਫੁੱਟ ਪਾਈ ਸੀ, ਜੋ ਕਿ 2 ਸਾਲ ਪਹਿਲਾਂ ਐੱਮ. ਵੀ. ਏ. ਦੀ ਸਰਕਾਰ ’ਚ ਕਾਂਗਰਸ ਦੀਆਂ ਸਹਿਯੋਗੀ ਸਨ।

ਅਪ੍ਰੈਲ ਵਿਚ ਹੋਈਆਂ ਲੋਕ ਸਭਾ ਚੋਣਾਂ ਨੇ ਸਾਬਤ ਕਰ ਦਿੱਤਾ ਕਿ ਅਜੀਤ ਪਵਾਰ ਦੀ ਆਪਣੇ ਚਾਚਾ ਸ਼ਰਦ ਪਵਾਰ ਵਿਰੁੱਧ ਬਗਾਵਤ ਮਹਾਰਾਸ਼ਟਰ ਦੀ ਸਿਆਸਤ ਵਿਚ ਹਾਵੀ ਹੋਣ ਵਾਲੇ ਵੱਡੇ ਮਰਾਠਾ ਭਾਈਚਾਰੇ ਨੂੰ ਰਾਸ ਨਹੀਂ ਆਈ। ਸ਼ਿਵ ਸੈਨਾ ਵਿਚ ਫੁੱਟ ਜ਼ਿਆਦਾ ਅਨੁਪਾਤਕ ਸੀ। ਬਾਲਾ ਸਾਹਿਬ ਠਾਕਰੇ ਦੇ ਪੁੱਤਰ ਊਧਵ ਉਨ੍ਹਾਂ ਦੇ ਮਸੀਹੀ ਉੱਤਰਾਧਿਕਾਰੀ ਹਨ।

ਨਰਿੰਦਰ ਮੋਦੀ ਵਾਰ-ਵਾਰ ਗਾਂਧੀ ਭੈਣ-ਭਰਾਵਾਂ ਨੂੰ ਵੰਸ਼ਵਾਦ ਦੇ ਵਾਰਿਸ ਕਹਿੰਦੇ ਹਨ ਪਰ ਭਾਰਤੀ ਸੰਸਕ੍ਰਿਤੀ ਵਿਚ ਵੰਸ਼ਵਾਦੀ ਪਰੰਪਰਾਵਾਂ ਆਦਰਸ਼ ਹਨ ਅਤੇ ਸਾਡੇ ਦੇਸ਼ ਦੀ ਲਗਭਗ ਹਰ ਪਾਰਟੀ ਸਿਆਸੀ ਵੰਸ਼ਵਾਦ ਨਾਲ ਭਰੀ ਹੋਈ ਹੈ। ਵੋਟਰ ਵੰਸ਼ਵਾਦ ਦੀ ਸਿਆਸਤ ਨੂੰ ‘ਕੁਦਰਤੀ’ ਵਰਤਾਰੇ ਵਜੋਂ ਸਵੀਕਾਰ ਕਰਦੇ ਹਨ।

ਊਧਵ ਠਾਕਰੇ ਬਾਲਾ ਸਾਹਿਬ ਵਾਂਗ ਤੁਰੰਤ ਤਾਕਤ ਦਿਖਾਉਣ ਦੀ ਆਦਤ ਤੋਂ ਦੂਰ ਰਹੇ ਹਨ। ਅਜਿਹਾ ਹੋਣ ਦਾ ਸਮਾਂ ਆ ਗਿਆ ਸੀ। ਸ਼ਿਵ ਸੈਨਿਕਾਂ ਨੇ ਸਪੱਸ਼ਟ ਤੌਰ ’ਤੇ ਊਧਵ ਦੀ ਸੰਤੁਲਿਤ ਪਹੁੰਚ ਨੂੰ ਤਰਜੀਹ ਦਿੱਤੀ, ਨਾ ਕਿ ਉਨ੍ਹਾਂ ਦੇ ਚਚੇਰੇ ਭਰਾ ਰਾਜ ਵਲੋਂ ਵਕਾਲਤ ਕੀਤੀ ਸ਼ਕਤੀ-ਮੁਖੀ ਸ਼ੈਲੀ ਦੀ!

ਇਤਫਾਕਨ, ਰਾਜ ਸਿਰਫ ਆਪਣੇ ਪਿਤਾ ਵਾਲੇ ਪਾਸਿਓਂ ਊਧਵ ਦੇ ਚਚੇਰੇ ਭਰਾ ਨਹੀਂ ਸਨ। ਉਨ੍ਹਾਂ ਦੀਆਂ ਮਾਵਾਂ ਵੀ ਭੈਣਾਂ ਸਨ-ਦੋ ਭਰਾਵਾਂ ਨੇ ਦੋ ਭੈਣਾਂ ਨਾਲ ਵਿਆਹ ਕੀਤਾ ਸੀ। ਊਧਵ ਦੇ ਆਪਣੇ ਬੇਟੇ ਆਦਿੱਤਿਆ ਨੇ ਸੂਬੇ ਦੀ ਸਿਆਸਤ ਵਿਚ ਆਪਣੇ ਆਪ ਨੂੰ ਇਕ ਨੌਜਵਾਨ, ਭਵਿੱਖ ਦੇ ਹੋਣਹਾਰ ਆਗੂ ਦੇ ਰੂਪ ਵਿਚ ਸਥਾਪਿਤ ਕੀਤਾ ਹੈ, ਜਿਸ ਲਈ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੂਜੇ ਸਿਆਸਤਦਾਨਾਂ ਨਾਲੋਂ ਵੱਧ ਮਾਅਨੇ ਰੱਖਦਾ ਹੈ।

ਸ਼ਿਵ ਸੈਨਾ ਦੇ ਦੋਵੇਂ ਧੜੇ, ਊਧਵ ਅਤੇ ਮੁੱਖ ਮੰਤਰੀ ਸ਼ਿੰਦੇ, ਇਸ ਸਮੇਂ ਇਕ-ਦੂਜੇ ਦੇ ਬਰਾਬਰ ਦੇ ਵਿਰੋਧੀ ਹਨ। ਮੁੰਬਈ ਸ਼ਹਿਰ ਵਿਚ ਊਧਵ ਦੇ ਜ਼ਿਆਦਾ ਵਫ਼ਾਦਾਰ ਹਮਾਇਤੀ ਹਨ। ਸ਼ਿੰਦੇ ਗੁਆਂਢੀ ਠਾਣੇ ਵਿਚ ਪ੍ਰਸਿੱਧ ਹਨ। ਸਿਰਫ਼ ਇਕ ਹੀ ਨਤੀਜਾ ਪੱਕਾ ਹੈ। ਸ਼ਿਵ ਸੈਨਾ ’ਚ ਫੁੱਟ ਤੋਂ ਬਾਅਦ ‘ਮਰਾਠੀ ਮਾਨਸ’ ਵੋਟਾਂ ’ਚ ਵੰਡ ਹੋਣ ਜਾ ਰਿਹਾ ਹੈ।

ਪਿੱਛੇ ਮੁੜ ਕੇ ਦੇਖੀਏ ਤਾਂ ਮੈਂ ਇਹ ਕਹਿਣ ਦੀ ਹਿੰਮਤ ਕਰਦਾ ਹਾਂ ਕਿ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ’ਚ ਦੇਵੇਂਦਰ ਫੜਨਵੀਸ ਵੱਲੋਂ ਪਾਈ ਫੁੱਟ ਫੇਲ੍ਹ ਹੋ ਗਈ ਹੈ। ਇਸ ਨਾਲ ਭਾਜਪਾ ਸੂਬੇ ’ਚ ਮੁੜ ਸੱਤਾ ’ਚ ਤਾਂ ਆਈ, ਪਰ ਜੇਕਰ ‘ਲਾਡਕੀ ਬਹਿਨ’ ਦੀ ਪਹਿਲਕਦਮੀ ਦੀ ਕਲਪਨਾ ਨਾ ਕੀਤੀ ਗਈ ਹੁੰਦੀ ਤਾਂ ਇਹ ਪਾੜਾ ਸਿਰਫ਼ 2 ਸਾਲਾਂ ਤੱਕ ਹੀ ਸੀਮਤ ਹੁੰਦਾ।

‘ਲਾਡਕੀ ਬਹਿਨ’ ਨਾਲ ਮੁਕਾਬਲਾ ਹੋਰ ਵੀ ਦਿਲਚਸਪ ਹੋ ਜਾਵੇਗਾ। ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿੰਨੀਆਂ ਭੈਣਾਂ ਆਪਣੀ ਵੋਟ ਪਾਉਣ ਵੇਲੇ ਮਹਾਯੁਤੀ ਨੂੰ ਆਸ਼ੀਰਵਾਦ ਦਿੰਦੀਆਂ ਹਨ। ਇਹ 64 ਡਾਲਰ ਦਾ ਸਵਾਲ ਹੈ। ਮਹਾਰਾਸ਼ਟਰ ਵਿਚ ਮੋਦੀ ਨੂੰ ਅਜੇ ਵੀ ਉਹੀ ਡਰ ਅਤੇ ਸਤਿਕਾਰ ਨਹੀਂ ਮਿਲ ਰਿਹਾ ਜੋ ਉਨ੍ਹਾਂ ਨੂੰ ਉੱਤਰ ਦੇ ਹਿੰਦੀ ਭਾਸ਼ੀ ਰਾਜਾਂ ਵਿਚ ਅਤੇ ਯਕੀਨਨ ਗੁਜਰਾਤ ਵਿਚ ਮਿਲ ਰਿਹਾ ਹੈ।

ਸ਼ਿਵ ਸੈਨਾ ਦੇ ਦੋਵੇਂ ਧੜੇ ਬਾਲਾ ਸਾਹਿਬ ਠਾਕਰੇ ਨੂੰ ਆਪਣਾ ਹੋਣ ਦਾ ਦਾਅਵਾ ਕਰਨ ਲਈ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। ਐੱਨ. ਸੀ. ਪੀ. (ਅਜੀਤ ਪਵਾਰ) ਦੇ ਪੋਸਟਰ ਵਿਰੋਧੀ ਧਿਰ ਦੇ ਸ਼ਰਦ ਪਵਾਰ ਨੂੰ ਆਪਣਾ ਸ਼ੁਭੰਕਰ ਦਿਖਾਉਂਦੇ ਹਨ! ਉਨ੍ਹਾਂ ਪੋਸਟਰਾਂ ਨੂੰ ਹਟਾਉਣ ਲਈ ਸ਼ਰਦ ਦੇ ਗਰੁੱਪ ਨੂੰ ਚੋਣ ਕਮਿਸ਼ਨ ਕੋਲ ਪਹੁੰਚ ਕਰਨੀ ਪਈ। ਜੇਕਰ ਤੁਸੀਂ ‘ਪ੍ਰਾਰਥਨਾ’ ਕਰਨ ਜਾ ਰਹੇ ਹੋ ਤਾਂ ਅਰਦਾਸ ਕਰੋ ਕਿ ਛੋਟੀਆਂ ਪਾਰਟੀਆਂ, ਬਾਗੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਫੈਸਲੇ ਲੈਣ ਦਾ ਮੌਕਾ ਨਾ ਮਿਲੇ। ਲੋਕਤੰਤਰ ਵਿਚ ਹਾਰਸ ਟ੍ਰੇਡਿੰਗ ਇਕ ਅਜਿਹਾ ਦ੍ਰਿਸ਼ ਹੈ ਜਿਸ ਤੋਂ ਹਰ ਕੀਮਤ ’ਤੇ ਬਚਣਾ ਚਾਹੀਦਾ ਹੈ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News