ਇਮਰਾਨ ''ਤੇ ਕਾਨੂੰਨੀ ਸੰਕਟ ਦਾ ਅਸਰ ਪਾਕਿਸਤਾਨ ਦੀਆਂ ਚੋਣਾਂ ’ਤੇ ਪੈ ਰਿਹਾ

Wednesday, Feb 07, 2024 - 05:14 PM (IST)

ਇਮਰਾਨ ''ਤੇ ਕਾਨੂੰਨੀ ਸੰਕਟ ਦਾ ਅਸਰ ਪਾਕਿਸਤਾਨ ਦੀਆਂ ਚੋਣਾਂ ’ਤੇ ਪੈ ਰਿਹਾ

ਜਿਵੇਂ ਕਿ ਪਾਕਿਸਤਾਨ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਤਿਆਰ ਹੈ, ਸਿਆਸੀ ਦ੍ਰਿਸ਼ ਅਹਿਮ ਉਥਲ-ਪੁਥਲ ’ਚੋਂ ਲੰਘ ਰਿਹਾ ਹੈ। ਹਾਲਾਤ ਗੁੰਝਲਦਾਰ ਅਤੇ ਤਰਲ ਹਨ। ਚੋਣਾਂ ਤੋਂ ਪਹਿਲਾਂ ਦੇ ਦਿਨਾਂ ’ਚ ਨਵੇਂ ਘਟਨਾਚੱਕਰ ਵਾਪਰ ਸਕਦੇ ਹਨ। ਇਨ੍ਹਾਂ ਚੋਣਾਂ ’ਚ ਸਭ ਤੋਂ ਚਰਚਿਤ ਸ਼ਖਸੀਅਤਾਂ ’ਚੋਂ ਇਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਮੁੜ ਸੁਰਖੀਆਂ ’ਚ ਹਨ। ਉਨ੍ਹਾਂ ਨੂੰ ਇਸ ਹਫਤੇ 2 ਵੱਖ-ਵੱਖ ਮਾਮਲਿਆਂ ’ਚ ਜੇਲ ਦੀ ਸਜ਼ਾ ਮਿਲੀ ਹੈ।

ਪਹਿਲੇ ਮਾਮਲੇ ’ਚ ਪ੍ਰਧਾਨ ਮੰਤਰੀ ਵਜੋਂ ਖਾਨ ਦੇ ਸਮੇਂ ਦੌਰਾਨ ਵਾਸ਼ਿੰਗਟਨ ’ਚ ਪਾਕਿਸਤਾਨ ਦੇ ਰਾਜਦੂਤ ਕੋਲੋਂ ਇਸਲਾਮਾਬਾਦ ’ਚ ਗੁਪਤ ਡਿਪਲੋਮੈਟਿਕ ਸੰਦੇਸ਼ਾਂ ਨੂੰ ਕਥਿਤ ਤੌਰ ’ਤੇ ਜਾਰੀ ਕਰਨਾ ਸ਼ਾਮਲ ਹੈ। ਮੁਕੱਦਮਾ ਅਚਾਨਕ ਅਤੇ ਅਵਿਵਸਥਾ ਭਰੇ ਢੰਗ ਨਾਲ ਖਤਮ ਹੋ ਗਿਆ, ਜਿਸ ’ਚ ਖਾਨ ਦੇ ਵਕੀਲਾਂ ਨੂੰ ਤੁਰੰਤ ਸਰਕਾਰੀ ਵਕੀਲ ਨਾਲ ਬਦਲ ਦਿੱਤਾ ਗਿਆ। ਬਚਾਅ ਪੱਖ ਨੇ 29 ਜਨਵਰੀ ਦੀ ਰਾਤ ਤੱਕ ਆਪਣਾ ਮਾਮਲਾ ਪੂਰਾ ਕਰ ਲਿਆ ਸੀ, ਜਿਸ ਪਿੱਛੋਂ ਅਗਲੇ ਦਿਨ ਫੈਸਲਾ ਸੁਣਾਇਆ ਗਿਆ। ਹੁਣ ਇਮਰਾਨ ਨੂੰ 10 ਸਾਲ ਦੀ ਜੇਲ ਦਾ ਸਾਹਮਣਾ ਕਰਨਾ ਪਵੇਗਾ।

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਅਧਿਕਾਰੀ ਸਈਅਦ ਜ਼ੁਲਫਿਕਾਰ ਬੁਖਾਰੀ ਨੇ ਕਿਹਾ, ‘‘ਸਟਾਰ ਗਵਾਹਾਂ ਨੂੰ ਬਦਲ ਦਿੱਤਾ ਗਿਆ, ਕੋਈ ਬਹਿਸ ਨਹੀਂ ਕੀਤੀ ਗਈ, ਕੋਈ ਆਖਰੀ ਬਹਿਸ ਵੀ ਨਹੀਂ ਹੋਈ ਅਤੇ ਫੈਸਲਾ ਇਕ ਪਹਿਲਾਂ ਤੋਂ ਨਿਰਧਾਰਿਤ ਪ੍ਰਕਿਰਿਆ ਵਾਂਗ ਸਾਹਮਣੇ ਆਇਆ ਹੈ। ਇਸ ਹਾਸੋਹੀਣੇ ਫੈਸਲੇ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ।’’

ਖਾਨ ਨੇ ਫੌਜ ’ਤੇ ਅਮਰੀਕੀ ਸਹਿਯੋਗ ਨਾਲ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਫੌਜ ਨਾਰਾਜ਼ ਹੋ ਗਈ। ਉਨ੍ਹਾਂ ਵਾਸ਼ਿੰਗਟਨ ’ਚ ਪਾਕਿਸਤਾਨ ਦੇ ਰਾਜਦੂਤ ਦੇ ਇਕ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਅਪ੍ਰੈਲ 2022 ’ਚ ਉਨ੍ਹਾਂ ਨੂੰ ਹਟਾਉਣਾ ਸੰਯੁਕਤ ਰਾਜ ਅਮਰੀਕਾ ਅਤੇ ਪਾਕਿਸਤਾਨ ਦੀ ਫੌਜ ਦੀ ਸਾਜ਼ਿਸ਼ ਸੀ। ਅਦਾਲਤ ਨੇ ਉਨ੍ਹਾਂ ਨੂੰ ਉਸ ਕੇਬਲ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ।

ਅਦਾਲਤ ਦੇ ਫੈਸਲੇ ਤੋਂ ਕੁਝ ਹੀ ਦੇਰ ਬਾਅਦ ਬਲੋਚਿਸਤਾਨ ਸੂਬੇ ’ਚ ਇਕ ਸਿਆਸੀ ਰੈਲੀ ’ਚ ਧਮਾਕਾ ਹੋਣ ਦੀ ਦੁਖਦਾਈ ਘਟਨਾ ਵਾਪਰੀ। ਇਹ ਮੰਦਭਾਗੀ ਘਟਨਾ ਇਮਰਾਨ ਖਾਨ ਨੂੰ ਸਜ਼ਾ ਮਿਲਣ ਤੋਂ ਕੁਝ ਹੀ ਘੰਟਿਆਂ ਬਾਅਦ ਸਾਹਮਣੇ ਆਈ। ਇਸ ’ਚ ਪੀ. ਟੀ. ਆਈ. ਦੇ 3 ਮੈਂਬਰਾਂ ਸਮੇਤ 4 ਦੀ ਮੌਤ ਹੋ ਗਈ ਸੀ।

ਇਸ ਪਹਿਲਾਂ ਤੋਂ ਹੀ ਚੁਣੌਤੀ ਭਰੀ ਸਥਿਤੀ ’ਚ ਕਥਿਤ ਤੌਰ ’ਤੇ ਸਰਕਾਰ ਦੇ ਭੇਤਾਂ ਨੂੰ ਖਤਰੇ ’ਚ ਪਾਉਣ ਲਈ 10 ਸਾਲ ਦੀ ਜੇਲ ਦੀ ਸਜ਼ਾ ਤੋਂ ਇਕ ਦਿਨ ਬਾਅਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫੇ ਵੇਚਣ ਲਈ ਦੋਸ਼ੀ ਠਹਿਰਾਇਆ ਗਿਆ। ਲਾਏ ਗਏ ਜੁਰਮਾਨੇ ’ਚ 14 ਸਾਲ ਦੀ ਕੈਦ ਦੇ ਨਾਲ-ਨਾਲ 5.3 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਸ਼ਾਮਲ ਹੈ।

ਦੱਸਣਯੋਗ ਹੈ ਕਿ ਪੀ. ਟੀ. ਆਈ. ਦੇ ਇਮਰਾਨ ਖਾਨ ਮੌਜੂਦਾ ਸਮੇਂ ’ਚ ਭ੍ਰਿਸ਼ਟਾਚਾਰ ਦੇ ਇਕ ਵੱਖਰੇ ਦੋਸ਼ ਨਾਲ ਸਬੰਧਤ 3 ਸਾਲ ਦੀ ਸਜ਼ਾ ਕੱਟ ਰਹੇ ਹਨ। ਮਈ 2023 ’ਚ ਆਪਣੀ ਗ੍ਰਿਫਤਾਰੀ ਪਿੱਛੋਂ ਖਾਨ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਕੇ ਮੁਸੀਬਤ ’ਚ ਹਨ। ਉਹ ਪਿਛਲੇ ਸਾਲ ਅਗਸਤ ਤੋਂ ਹੀ ਜੇਲ ’ਚ ਬੰਦ ਹਨ।

ਖਾਨ ਦੀ ਸਜ਼ਾ ਦਾ ਮਤਲਬ ਇਹ ਹੈ ਕਿ ਉਹ ਆਉਂਦੇ 10 ਸਾਲ ਤੱਕ ਚੋਣਾਂ ’ਚ ਹਿੱਸਾ ਨਹੀਂ ਲੈ ਸਕਦੇ। ਇਸ ਦੇ ਨਾਲ ਹੀ ਪੀ. ਟੀ. ਆਈ. ਸਰਕਾਰੀ ਫੌਜੀ ਕਾਰਵਾਈ ਅਧੀਨ ਹੈ, ਜਿਸ ਨਾਲ ਉਸ ਦੀ ਆਜ਼ਾਦਾਨਾ ਢੰਗ ਨਾਲ ਪ੍ਰਚਾਰ ਕਰਨ ਦੀ ਸਮਰੱਥਾ ’ਚ ਵਿਘਨ ਪੈ ਰਿਹਾ ਹੈ। ਪਾਰਟੀ ਨੂੰ ਗ੍ਰਿਫਤਾਰੀਆਂ, ਪਾਬੰਦੀਸ਼ੁਦਾ ਰੈਲੀਆਂ ਅਤੇ ਮੀਡੀਆ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪਾਰਟੀ ਦਾ ਚੋਣ ਨਿਸ਼ਾਨ ਇਕ ਕ੍ਰਿਕਟ ਬੱਲਾ ਵੀ ਖੋਹ ਲਿਆ ਹੈ ਜੋ ਖਾਨ ਦੀ ਪ੍ਰਸਿੱਧ ਖੇਡ ਦੇ ਇਤਿਹਾਸ ਨਾਲ ਸਬੰਧਤ ਸੀ। ਵੋਟਰਾਂ ਨੂੰ ਉਮੀਦਵਾਰਾਂ ਦੀ ਪਛਾਣ ਕਰਨ ’ਚ ਚੋਣ ਚਿੰਨ੍ਹ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਕਟੋਰੇ, ਜੁੱਤੀਆਂ ਅਤੇ ਚਿਮਟੇ ਦੇ ਜੋੜੇ ਸਮੇਤ ਬਦਲਵੇਂ ਚੋਣ ਨਿਸ਼ਾਨਾਂ ਨੂੰ ਅਪਮਾਨਜਨਕ ਮੰਨਿਆ ਜਾਂਦਾ ਹੈ।

ਇਨ੍ਹਾਂ ਰੁਕਾਵਟਾਂ ਅਤੇ ਜੇਲ ਦੀ ਕੈਦ ਦੇ ਬਾਵਜੂਦ ਇਮਰਾਨ ਖਾਨ ਆਪਣੇ ਹਮਾਇਤੀਆਂ ’ਚ ਜੋਸ਼ ਭਰਨ ਅਤੇ ਸਿਆਸੀ ਮੌਜੂਦਗੀ ਬਣਾਈ ਰੱਖਣ ਲਈ ਕੰਮ ਕਰ ਰਹੇ ਹਨ। ਪਿਛਲੇ ਸਾਲ ਦਸੰਬਰ ’ਚ ਪੀ. ਟੀ. ਆਈ. ਨੇ ਖਾਨ ਦੀ ਆਵਾਜ਼ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਪੈਦਾ ਸੰਸਕਰਨ ਦੀ ਖੂਬੀ ਵਾਲੀ ਇਕ ਵਰਚੁਅਲ ਰੈਲੀ ਦਾ ਆਯੋਜਨ ਕੀਤਾ ਸੀ, ਜਿਸ ’ਚ ਉਨ੍ਹਾਂ ਦੇ ਜੇਲ ਦੇ ਨੋਟਸ ਦੇ ਆਧਾਰ ’ਤੇ ਭਾਸ਼ਣ ਦਿੱਤਾ ਗਿਆ। ਦੇਸ਼ ਦੇ ਕੁਝ ਹਿੱਸਿਆਂ ’ਚ ਇੰਟਰਨੈੱਟ ਬੰਦ ਹੋਣ ਦੀ ਸੂਚਨਾ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਇਸ ਨੂੰ 5 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ।

ਚੋਣਾਂ ’ਚ ਹੋਰ ਪ੍ਰਮੁੱਖ ਖਿਡਾਰੀਆਂ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.), ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਅਤੇ ਜਮਾਤ-ਏ-ਇਸਲਾਮੀ (ਜੇ. ਆਈ.) ਸ਼ਾਮਲ ਹਨ। ਇਹ ਸਭ ਪਾਰਟੀਆਂ ਸੱਤਾ ਲਈ ਯਤਨਸ਼ੀਲ ਹਨ। ਹਾਲਾਂਕਿ ਤਾਜ਼ਾ ਘਟਨਾਵਾਂ ਰਾਹੀਂ ਸਭ ਤੋਂ ਵੱਡੇ ਲਾਭ ਹਾਸਲ ਕਰਨ ਵਾਲੇ ਨਵਾਜ਼ ਸ਼ਰੀਫ ਹਨ ਜੋ ਸ਼ਾਇਦ ਚੋਣ ਜਿੱਤਣਗੇ। ਫੌਜ ਪਹਿਲਾਂ ਹੀ ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੀ ਹਮਾਇਤ ਕਰ ਰਹੀ ਹੈ। ਪਿਛਲੇ ਸਾਲ ਫੌਜ ਨਾਲ ਤਾਲਮੇਲ ਬਿਠਾਉਣ ਪਿੱਛੋਂ ਨਵਾਜ਼ ਜਲਾਵਤਨੀ ਤੋਂ ਪਰਤੇ ਅਤੇ ਆਪਣੇ ਆਰਥਿਕ ਰਿਕਾਰਡ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਵਧੇਰੇ ਸੰਜਮ ਵਾਲਾ ਰੁਖ ਅਪਣਾਇਆ ਹੈ। ਹਾਲਾਂਕਿ ਆਰਥਿਕ ਤਬਦੀਲੀ ਲਿਆਉਣ ’ਚ ਸ਼ਰੀਫ ਦੀ ਸਮਰੱਥਾ ’ਤੇ ਸ਼ੱਕ ਬਣਿਆ ਹੋਇਆ ਹੈ।

ਪਾਕਿਸਤਾਨ ਦੀਆਂ ਚੋਣਾਂ ਦੀ ਪ੍ਰਕਿਰਿਆ ਗੈਰ-ਯਕੀਨੀ ਨਾਲ ਘਿਰੀ ਹੋਈ ਹੈ। ਆਮ ਚਿੰਤਾ ਇਹ ਹੈ ਕਿ ਚੋਣਾਂ ’ਚ ਧਾਂਦਲੀ ਹੋ ਸਕਦੀ ਹੈ। ਖਾਨ ਦੀ ਦੋਸ਼ ਸਿੱਧੀ ਅਤੇ ਸਜ਼ਾ ਨੇ ਪਾਕਿਸਤਾਨ ’ਚ ਪਹਿਲਾਂ ਤੋਂ ਹੀ ਡਾਵਾਂਡੋਲ ਸਿਆਸੀ ਮਾਹੌਲ ਨੂੰ ਹੋਰ ਖਰਾਬ ਕਰ ਦਿੱਤਾ ਹੈ। ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਸਿਆਸੀ ਜਾਦੂ-ਟੂਣੇ ਦੇ ਸ਼ਿਕਾਰ ਵਜੋਂ ਵੇਖਦੇ ਹਨ ਜਦੋਂਕਿ ਉਨ੍ਹਾਂ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਅਖੀਰ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ। ਸਪੱਸ਼ਟ ਰੂਪ ਨਾਲ ਫੌਜ ਦਾ ਨਿਸ਼ਾਨਾ ਜੋ ਚੋਣਾਂ ਤੋਂ ਪਹਿਲਾਂ ਖਾਨ ਅਤੇ ਉਨ੍ਹਾਂ ਦੀ ਪਾਰਟੀ ਲਈ ਸਿਆਸੀ ਥਾਂ ਨੂੰ ਸੀਮਤ ਕਰਨਾ ਹੈ, ਹਾਸਲ ਕਰ ਲਿਆ ਗਿਆ ਹੈ।

ਦੋਵੇਂ ਫੈਸਲੇ ਪਾਕਿਸਤਾਨੀ ਫੌਜ ਵੱਲੋਂ ਵੋਟਰਾਂ ਨੂੰ ਇਕ ਜ਼ੋਰਦਾਰ ਅਤੇ ਸਪੱਸ਼ਟ ਸੰਦੇਸ਼ ਦਿੰਦੇ ਹਨ। ਇਮਰਾਨ ਖਾਨ ਨੂੰ ਕੈਦ ਕਰਨ ਨਾਲ ਬਿਨਾਂ ਸ਼ੱਕ ਹਾਲਾਤ ’ਚ ਗੁੰਝਲਤਾ ਦੀ ਇਕ ਹੋਰ ਵਾਧੂ ਪਰਤ ਆ ਗਈ ਹੈ ਅਤੇ ਚੋਣ ਨਤੀਜਿਆਂ ’ਤੇ ਆਖਰੀ ਪ੍ਰਭਾਵ ਅਜੇ ਸਾਹਮਣੇ ਆਉਣਾ ਬਾਕੀ ਹੈ। ਹਾਲਾਂਕਿ ਇਕ ਗੈਰ-ਯਕੀਨੀ ਕਾਇਮ ਹੈ। ਇਸ ਸੰਦਰਭ ’ਚ ਅੰਤਿਮ ਨੁਕਸਾਨ ਗਰੀਬ ਪਾਕਿਸਤਾਨੀ ਵੋਟਰਾਂ ਦਾ ਹੈ।

ਹਰੀ ਜੈਸਿੰਘ


author

Rakesh

Content Editor

Related News