ਕਾਂਗਰਸ ਸੁਧਰੇ ਤਾਂ ਦੇਸ਼ ਸੁਧਰੇ

02/28/2021 6:08:51 AM

ਡਾ. ਵੇਦਪ੍ਰਤਾਪ ਵੈਦਿਕ
ਪੰਜ ਸੂਬਿਆਂ ’ਚ ਚੋਣਾਂ ਦਾ ਐਲਾਨ ਅਤੇ ਕਾਂਗਰਸ ਦੇ ਬਾਗੀ ਨੇਤਾਵਾਂ ਦੇ ਨਵੇਂ ਤੇਵਰ ਕਾਂਗਰਸ ਪਾਰਟੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ। ਪੱਛਮੀ ਬੰਗਾਲ, ਅਸਾਮ, ਪੁੱਡੂਚੇਰੀ, ਤਾਮਿਲਨਾਡੂ, ਕੇਰਲ ਇਨ੍ਹਾਂ ਪੰਜ ਸੂਬਿਆਂ ’ਚੋਂ ਜੇਕਰ ਕਿਸੇ ਇਕ ਸੂਬੇ ’ਚ ਵੀ ਕਾਂਗਰਸ ਜਿੱਤ ਜਾਵੇ ਤਾਂ ਉਸ ਨੂੰ ਮਾਂ-ਪੁੱਤ ਲੀਡਰਸ਼ਿਪ ਦੀ ਵੱਡੀ ਪ੍ਰਾਪਤੀ ਮੰਨੀ ਜਾਵੇਗੀ।

ਕੇਰਲ ਅਤੇ ਪੁੱਡੂਚੇਰੀ ’ਚ ਕਾਂਗਰਸ ਆਪਣੇ ਵਿਰੋਧੀਆਂ ਨੂੰ ਤਕੜੀ ਟੱਕਰ ਦੇ ਸਕਦੀ ਹੈ, ਇਸ ’ਚ ਸ਼ੱਕ ਨਹੀਂ ਹੈ।

ਉਹ ਵੀ ਇਸ ਲਈ ਕਿ ਇਨ੍ਹਾਂ ਦੋਵਾਂ ਸੂਬਿਆਂ ’ਚ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਕਾਫੀ ਪ੍ਰਭਾਵਸ਼ਾਲੀ ਹੈ। ਪ੍ਰਭਾਵ ਉਨ੍ਹਾਂ ਦਾ ਹੀ ਹੋਵੇਗਾ ਪਰ ਉਸ ਦਾ ਸਿਹਰਾ ਮਾਂ-ਪੁੱਤ ਦੀ ਲੀਡਰਸ਼ਿਪ ਨੂੰ ਹੀ ਮਿਲੇਗਾ ਅਤੇ ਜੇਕਰ ਪੰਜਾਂ ਸੂਬਿਆਂ ’ਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਤਾਂ ਮਾਂ-ਪੁੱਤ ਲੀਡਰਸ਼ਿਪ ਦੇ ਵਿਰੁੱਧ ਕਾਂਗਰਸ ’ਚ ਜ਼ਬਰਦਸਤ ਲਹਿਰ ਖੜ੍ਹੀ ਹੋਵੇਗੀ।

ਉਸ ਦੇ ਸੰਕੇਤ ਹੁਣੇ ਤੋਂ ਮਿਲਣ ਲੱਗ ਪਏ ਹਨ। ਜਿਹੜੇ 23 ਸੀਨੀਅਰ ਨੇਤਾਵਾਂ ਨੇ ਕਾਂਗਰਸ ਦੀ ਦੁਰਦਸ਼ਾ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਪਹਿਲਾਂ ਕੀਤੀ ਸੀ, ਉਹ ਹੁਣ ਪਹਿਲਾਂ ਜੰਮੂ ’ਚ ਅਤੇ ਫਿਰ ਕੁਰੂਕਸ਼ੇਤਰ ’ਚ ਵੱਡੇ ਆਯੋਜਨ ਕਰਨ ਵਾਲੇ ਹਨ। ਜੰਮੂ ਦਾ ਆਯੋਜਨ ਗੁਲਾਮ ਨਬੀ ਆਜ਼ਾਦ ਦੇ ਸਨਮਾਨ ਵਿਚ ਕੀਤਾ ਜਾ ਰਿਹਾ ਹੈ ਕਿਉਂਕਿ ਮਾਂ-ਪੁੱਤ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਪਾਰਟੀ-ਅਗਵਾਈ ਤੋਂ ਵਿਦਾ ਕਰ ਦਿੱਤਾ ਹੈ। ਗੁਲਾਮ ਨਬੀ ਦੀ ਸ਼ਲਾਘਾ ’ਚ ਭਾਜਪਾ ਨੇ ਸਿਫਤਾਂ ਦੇ ਪੁਲ ਬੰਨ੍ਹੇ ਹੋਏ ਹਨ ਪਰ ਅਜਿਹਾ ਲੱਗਦਾ ਹੈ ਕਿ ਉਸ ਦੇ ਬਾਵਜੂਦ ਉਹ ਭਾਜਪਾ ’ਚ ਜਾਣ ਵਾਲੇ ਨਹੀਂ ਹਨ। ਕਾਂਗਰਸ ਦੇ ‘ਚਿੰਤਿਤ ਨੇਤਾਵਾਂ’ ਨੂੰ ਨਾਲ ਜੋੜ ਕੇ ਹੁਣ ਉਹ ਕਾਂਗਰਸ ਘੜਣ ’ਚ ਲੱਗੇ ਹਨ।

ਉਨ੍ਹਾਂ ਦੇ ਨਾਲ ਜੋ ਸੀਨੀਅਰ ਨੇਤਾ ਜੁੜੇ ਹੋਏ ਹਨ, ਉਨ੍ਹਾਂ ’ਚ ਕੋਈ ਬਹੁਤ ਹੀ ਗੁਣੀ, ਤਜਰਬੇਕਾਰ ਅਤੇ ਯੋਗ ਵੀ ਹਨ ਪਰ ਉਨ੍ਹਾਂ ’ਚ ਦਲੇਰੀ ਕਿੰਨੀ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਉਨ੍ਹਾਂ ਦੀ ਪੂਰੀ ਜ਼ਿੰਦਗੀ ਜੀ-ਹਜ਼ੂਰੀ ’ਚ ਲੰਘੀ ਹੈ। ਹੁਣ ਉਹ ਬਗਾਵਤ ਦਾ ਝੰਡਾ ਕਿਵੇਂ ਚੁੱਕਣਗੇ, ਇਹ ਦੇਖਣਾ ਹੈ। ਉਨ੍ਹਾਂ ਦੀ ਦੁਚਿੱਤੀ ਇਸ ਸ਼ੇਅਰ ’ਚ ਵਰਨਣ ਕੀਤੀ ਗਈ ਹੈ।

ਇਸ਼ਕੇ-ਬੁਤਾਂ ’ਚ ਜ਼ਿੰਦਗੀ ਗੁਜ਼ਰ ਗਈ ‘ਮੋਮਿਨ’ ਆਖਿਰੀ ਵਕਤ ਕਯਾ ਖਾਕ ਮੁਸਲਮਾਂ ਹੋਂਗੇ?

ਮੈਨੂੰ ਨਰਸਿਮ੍ਹਾ ਰਾਓ ਜੀ ਦੇ ਪ੍ਰਧਾਨ ਮੰਤਰੀ ਕਾਲ ਦੇ ਉਹ ਤਜਰਬੇ ਯਾਦ ਆ ਰਹੇ ਹਨ, ਜਦੋਂ ਮੇਰੇ ਪਿਤਾ ਦੀ ਉਮਰ ਦੇ ਕਾਂਗਰਸੀ ਨੇਤਾ ਮੇਰੇ ਸਨਮਾਨ ’ਚ ਤਦ ਤੱਕ ਖੜ੍ਹੇ ਰਹਿੰਦੇ ਸਨ, ਜਦ ਤੱਕ ਮੈਂ ਕੁਰਸੀ ’ਤੇ ਨਹੀਂ ਬੈਠ ਜਾਂਦਾ ਸੀ ਕਿਉਂਕਿ ਨਰਸਿਮ੍ਹਾ ਰਾਓ ਜੀ ਮੇਰੇ ਗੂੜ੍ਹੇ ਮਿੱਤਰ ਸਨ। ਹੁਣ ਉਹ ਦਿਨ ਗਏ ਜਦੋਂ ਪੁਰਸ਼ੋਤਮ ਦਾਸ ਟੰਡਨ, ਅਚਾਰੀਆ ਕਿਰਪਲਾਨੀ, ਰਾਮ ਮਨੋਹਰ ਲੋਹੀਆ, ਜੈਪ੍ਰਕਾਸ਼, ਮਹਾਵੀਰ ਤਿਆਗੀ ਵਰਗੇ ਸੁਤੰਤਰਤਾ ਸੈਨਾਨੀ ਲੋਕ ਕਾਂਗਰਸ ’ਚ ਸਰਗਰਮ ਸਨ ਪਰ ਫਿਰ ਵੀ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ।

ਕਾਂਗਰਸ ਤਾਂ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀਆਂ ਪਾਰਟੀਆਂ ’ਚ ਰਹੀ ਹੈ ਅਤੇ ਆਜ਼ਾਦੀ ਸੰਗਰਾਮ ’ਚ ਇਸ ਨੇ ਵਿਲੱਖਣ ਭੂਮਿਕਾ ਨਿਭਾਈ ਹੈ। ਭਾਰਤੀ ਲੋਕਤੰਤਰ ਦੀ ਉੱਤਮ ਸਿਹਤ ਲਈ ਇਸ ਦਾ ਦਨਦਨਾਉਂਦੇ ਰਹਿਣਾ ਜ਼ਰੂਰੀ ਹੈ। ਮਾਰਚ-ਅਪ੍ਰੈਲ ’ਚ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਦਾ ਜੋ ਵੀ ਨਤੀਜਾ ਹੋਵੇ, ਜੇਕਰ ਕਾਂਗਰਸ ’ਚ ਅੰਦਰੂਨੀ ਲੋਕਤੰਤਰ ਕਿਸੇ ਤਰ੍ਹਾਂ ਸਥਾਪਿਤ ਹੋ ਜਾਵੇ ਤਾਂ ਕਾਂਗਰਸ ਨੂੰ ਨਵਾਂ ਜੀਵਨਦਾਨ ਮਿਲ ਸਕਦਾ ਹੈ।

ਜੇਕਰ ਕਾਂਗਰਸ ’ਚ ਅੰਦਰੂਨੀ ਲੋਕਤੰਤਰ ਮਜ਼ਬੂਤ ਹੋਵੇਗਾ ਤਾਂ ਭਾਜਪਾ ਵੀ ਭਾਈ-ਭਾਈ ਪਾਰਟੀ ਬਣਨ ਤੋਂ ਬਚੇਗੀ। ਕਈ ਸੂਬਾਈ ਪਾਰਟੀਆਂ ਜੋ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਗਈਆਂ ਹਨ, ਉਨ੍ਹਾਂ ’ਚ ਵੀ ਕੁਝ ਖੁੱਲ੍ਹਾਪਨ ਆਵੇਗਾ ਅਤੇ ਉਨ੍ਹਾਂ ’ਚ ਨਵੇਂ ਖੂਨ ਦਾ ਸੰਚਾਰ ਹੋਵੇਗਾ। ਸਾਡੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਆਪਣਾ ਸਬਕ ਕਾਂਗਰਸ ਤੋਂ ਸਿੱਖਦੀਆਂ ਹਨ। ਕਾਂਗਰਸ ਦੇ ਸਾਰੇ ਔਗੁਣ ਸਾਡੀਆਂ ਹੋਰਨਾਂ ਪਾਰਟੀਆਂ ’ਚ ਵੀ ਹੌਲੀ-ਹੌਲੀ ਵਧਦੇ ਜਾ ਰਹੇ ਹਨ। ਜੇਕਰ ਕਾਂਗਰਸ ਸੁਧਰੀ ਤਾਂ ਦੇਸ਼ ਦੀ ਪੂਰੀ ਸਿਆਸਤ ਸੁਧਰ ਜਾਵੇਗੀ।


Bharat Thapa

Content Editor

Related News