ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰੀਏ

Sunday, Feb 04, 2024 - 02:15 PM (IST)

ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰੀਏ

ਕੈਂਸਰ ਮੁਕਤ ਦੁਨੀਆ ਦੀ ਸੋਚ ਯਕੀਨੀ ਤੌਰ ’ਤੇ ਆਪਣੇ ਆਪ ’ਚ ਬੇਹੱਦ ਅਹਿਮ ਹੈ। ਵਿਸ਼ਵ ਕੈਂਸਰ ਦਿਵਸ ਮਨਾਏ ਜਾਣ ਦਾ ਮੂਲ ਕਾਰਨ ਇਹੀ ਹੈ। ਅਸਲ ’ਚ ਇਹ ਉਹ ਮੌਕਾ ਹੈ ਜਦੋਂ ਸਾਰੀ ਦੁਨੀਆ ਇਕ ਮੰਚ ਤੋਂ ਇਸ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਬਾਰੇ ਵਿਚਾਰ ਕਰਨ ਅਤੇ ਜਾਗਰੂਕਤਾ ਵਧਾਉਣ ਲਈ ਇਕੱਠੀ ਹੈ। ਇਹ ਕੋਸ਼ਿਸ਼ਾਂ ਉਨ੍ਹਾਂ ਲੋਕਾਂ ਲਈ ਵੱਡੀ ਮਦਦ ਹੁੰਦੀਆਂ ਹਨ ਜੋ ਇਸ ਖਤਰਨਾਕ ਬੀਮਾਰੀ ਤੋਂ ਪੀੜਤ ਹਨ। ਸਾਰਿਆਂ ਨੂੰ ਪਤਾ ਹੈ ਕਿ ਇਹ ਕਿੰਨੀ ਭਿਆਨਕ ਬੀਮਾਰੀ ਹੈ। ਇਸ ਨਾਲ ਹਰ ਸਾਲ ਲੱਖਾਂ ਲੋਕ ਬੇਮੌਤ ਮਰਦੇ ਹਨ। ਕੈਂਸਰ ਨੂੰ ਲੈ ਕੇ ਇੰਨੀ ਸਮਝ ਆ ਜਾਵੇ ਕਿ ਇਹ ਜਾਨਲੇਵਾ ਬੀਮਾਰੀ ਬੜੀ ਤਕਲੀਫ ਦਿੰਦੀ ਹੈ ਅਤੇ ਸਮਾਂ ਰਹਿੰਦੇ ਇਸ ਦੇ ਲੱਛਣ ਅਤੇ ਇਲਾਜ ਨਾਲ ਜੰਗ ਜਿੱਤੀ ਜਾ ਸਕਦੀ ਹੈ।

2050 ਤੱਕ ਇਸ ਬੀਮਾਰੀ ਦੇ 77 ਫੀਸਦੀ ਵਧ ਜਾਣ ਦਾ ਖਦਸ਼ਾ ਬੇਹੱਦ ਡਰਾਉਣਾ ਹੈ। ਇਹ ਮੈਡੀਕਲ ਜਗਤ ਲਈ ਬੇਚੈਨੀ ਵਾਲੀ ਗੱਲ ਹੈ। ਹਾਲਾਂਕਿ ਦੁਨੀਆ ਭਰ ’ਚ ਇਸ ਨਾਲ ਨਜਿੱਠਣ ਲਈ ਕਈ ਖੋਜਾਂ ਹੋਈਆਂ ਜੋ ਲਗਾਤਾਰ ਜਾਰੀ ਵੀ ਹਨ।

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਸ ਦੇ ਮਾਮਲਿਆਂ ’ਤੇ ਖੋਜ ਕਰਨ ਵਾਲੀ ਕੌਮਾਂਤਰੀ ਕੈਂਸਰ ਖੋਜ ਸੰਸਥਾ ਨਿਯਮਿਤ ਤੌਰ ’ਤੇ ਕਾਰਨਾਂ, ਪੀੜਤਾਂ ਦੀ ਗਿਣਤੀ ਦੇ ਨਾਲ ਰੋਕ ਨਿਗਰਾਨੀ ਡਾਟਾ ਪ੍ਰਕਾਸ਼ਿਤ ਕਰਦੀ ਹੈ ਜੋ ਬੇਹੱਦ ਮਦਦਗਾਰ ਵੀ ਹੈ ਪਰ ਇਹ ਸਭ ਉਦੋਂ ਫਾਇਦੇਮੰਦ ਹੋਵੇਗਾ ਜਦੋਂ ਲੋਕ ਕੈਂਸਰ ਦੀ ਭਿਆਨਕਤਾ ਨੂੰ ਸਮਝਣਗੇ।

ਸਾਲ 2022 ’ਚ 115 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ, ਕੈਂਸਰ ਦੀ ਦੇਖਭਾਲ ਅਤੇ ਵਿਸ਼ਵ ਪੱਧਰੀ ਸਿਹਤ ਕਵਰੇਜ ਦੀ ਜਾਣਕਾਰੀ ਦੱਸਦੀ ਹੈ ਕਿ ਆਰਥਿਕ ਤੰਗੀ ਅਤੇ ਨਾਬਰਾਬਰੀ ਦੇ ਕਾਰਨ ਅਸਰਦਾਇਕ ਕੰਟ੍ਰੋਲ ਨਹੀਂ ਹੋ ਰਿਹਾ। ਇਕੱਲੇ ਸਾਲ 2022 ’ਚ 2 ਕਰੋੜ ਨਵੇਂ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ ਅਤੇ 97 ਲੱਖ ਮੌਤਾਂ ਹੋਈਆਂ। ਮੌਤ ਦਾ ਅਨੁਪਾਤ ਮਰੀਜ਼ਾਂ ਦਾ ਲਗਭਗ ਅੱਧਾ ਹੈ ਜੋ ਬਹੁਤ ਚਿੰਤਾਜਨਕ ਹੈ।

ਸਿਰਫ 39 ਫੀਸਦੀ ਦੇਸ਼ਾਂ ’ਚ ਹੀ, ਕੈਂਸਰ ਮਰੀਜ਼ਾਂ ਦੀ ਦੇਖਭਾਲ ਉੱਥੋਂ ਦੀਆਂ ਸਿਹਤ ਸੇਵਾਵਾਂ ਦਾ ਹਿੱਸਾ ਹੈ। ਇਹ ਬੜਾ ਘੱਟ ਹੈ। ਚਿੰਤਾ ਇਸ ਗੱਲ ਦੀ ਵੀ ਹੈ ਕਿ 10 ਕਿਸਮ ਦੇ ਕੈਂਸਰ ਨਾਲ ਦੋ-ਤਿਹਾਈ ਮੌਤਾਂ ਹੋਈਆਂ ਜੋ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਹੈ। ਇਹ ਅੰਕੜਾ 185 ਦੇਸ਼ਾਂ ਦੇ ਡਾਟਾ ਤੋਂ ਨਿਕਲਿਆ ਜੋ ਕੈਂਸਰ ਦੀਆਂ 36 ਕਿਸਮਾਂ ’ਤੇ ਆਧਾਰਿਤ ਹੈ। ਪ੍ਰੇਸ਼ਾਨ ਕਰਨ ਵਾਲੀ ਗੱਲ ਇਸ ’ਚ ਤਿੰਨ ਕਿਸਮ ਦੇ ਕੈਂਸਰ ਰੋਗੀ ਸਭ ਤੋਂ ਵੱਧ ਸਨ ਜੋ ਫੇਫੜੇ, ਬ੍ਰੈਸਟ ਅਤੇ ਅੰਤੜੀਆਂ ਨਾਲ ਸਬੰਧਤ ਸਨ।

ਇਸ ਨੂੰ ਫੀਸਦੀ ਦੇ ਹਿਸਾਬ ਨਾਲ ਦੇਖੀਏ ਤਾਂ ਦੁਨੀਆ ’ਚ ਸਭ ਤੋਂ ਵੱਧ ਲਗਭਗ 25 ਲੱਖ ਫੇਫੜਿਆਂ ਨਾਲ ਸਬੰਧਤ ਮਾਮਲੇ ਆਏ ਜੋ ਕੁੱਲ ਮਰੀਜ਼ਾਂ ਦਾ 12.4 ਫੀਸਦੀ ਹੈ। ਇਸ ਦੇ ਬਾਅਦ ਔਰਤਾਂ ਦੇ ਬ੍ਰੈਸਟ ਕੈਂਸਰ ਦੀ ਗਿਣਤੀ ਰਹੀ ਜੋ 23 ਲੱਖ ਦੇ ਨਾਲ 11.6 ਫੀਸਦੀ ਹੈ। ਤੀਜੇ ਨੰਬਰ ’ਤੇ ਅੰਤੜੀਆਂ ਦਾ ਕੈਂਸਰ ਰਿਹਾ ਜਿਸ ਦੇ 19 ਲੱਖ ਮਾਮਲੇ ਦਰਜ ਹੋਏ ਜੋ 9.6 ਫੀਸਦੀ ਹੈ।

ਇਸੇ ਤਰ੍ਹਾਂ ਪ੍ਰੋਸਟੇਟ ਕੈਂਸਰ ਦੇ 7.3 ਫੀਸਦੀ ਮਾਮਲੇ ਦਰਜ ਹੋਏ ਜਿਸ ਨਾਲ 15 ਲੱਖ ਲੋਕ ਪ੍ਰਭਾਵਿਤ ਹੋਏ। ਓਧਰ ਪੇਟ ਦੇ ਕੈਂਸਰ ਦੇ ਸ਼ਿਕਾਰ ਲੋਕਾਂ ਦੀ ਗਿਣਤੀ 9.70 ਲੱਖ ਦੇ ਨਾਲ 4.9 ਫੀਸਦੀ ਰਹੀ। ਮਾਹਿਰਾਂ ਦਾ ਮੰਨਣਾ ਹੈ ਕਿ ਫੇਫੜਿਆਂ ਦਾ ਕੈਂਸਰ ਹੁਣ ਆਮ ਬੀਮਾਰੀ ਵਾਂਗ ਫੈਲ ਰਿਹਾ ਹੈ ਜਿਸ ਦਾ ਕਾਰਨ ਏਸ਼ੀਆਈ ਦੇਸ਼ਾਂ ’ਚ ਤੰਬਾਕੂ ਦੀ ਸਭ ਤੋਂ ਵੱਧ ਵਰਤੋਂ ਹੈ। ਯਕੀਨੀ ਤੌਰ ’ਤੇ ਕੈਂਸਰ ਦੁਨੀਆ ’ਚ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ।

ਸਵਾਲ ਇਹ ਹੈ ਕਿ ਇਸ ਨੂੰ ਪਛਾਣੀਏ ਕਿਵੇਂ? ਮੁੱਢਲੇ ਲੱਛਣ ਸਮਝਣਾ ਸੌਖਾ ਹੈ। ਅਚਾਨਕ ਥਕਾਵਟ, ਭਾਰ ਘਟਣਾ, ਚਮੜੀ ਦਾ ਰੰਗ ਬਦਲਣਾ ਜਾਂ ਬਦਰੰਗ ਹੋਣਾ, ਖਾਣਾ ਖਾਣ ’ਚ ਔਖ, ਬੇਵਜ੍ਹਾ ਖੂਨ ਦਾ ਵਹਾਅ, ਬੇਵਜ੍ਹਾ ਗੰਢਾਂ ਆਦਿ ਨੂੰ ਗੰਭੀਰਤਾ ਨਾਲ ਬਿਨਾਂ ਝਿਜਕ ਲੈ ਕੇ ਤੁਰੰਤ ਡਾਕਟਰੀ ਸਲਾਹ ਲੈਣ ਨਾਲ ਇਲਾਜ ਦਾ ਰਾਹ ਸੌਖਾ ਹੁੰਦਾ ਹੈ। ਅਕਸਰ ਸਰੀਰ ਦੇ ਕਿਸੇ ਹਿੱਸੇ ’ਚੋਂ ਆਮ ਕੋਸ਼ਿਕਾਵਾਂ ਦਾ ਵਧਣਾ ਅਤੇ ਇਸ ਦਾ ਬੇਕਾਬੂ ਢੰਗ ਨਾਲ ਵਧਣਾ ਜਾਂ ਵੰਡਿਆ ਜਾਣਾ ਕਾਰਨ ਹੋ ਸਕਦੇ ਹਨ।

ਕੋਈ ਵੀ ਡਾਕਟਰ ਕੈਂਸਰ ਦੇ ਲੱਛਣਾਂ ਨੂੰ ਤੁਰੰਤ ਸਮਝ ਜਾਂਦਾ ਹੈ ਜਿਸ ਨਾਲ ਬਿਨਾਂ ਘਬਰਾਏ ਸਹੀ ਇਲਾਜ ਨਾਲ ਨਜਿੱਠਿਆ ਜਾ ਸਕਦਾ ਹੈ। ਹੁਣ ਤਾਂ ਪੂਰੇ ਦੇਸ਼ ’ਚ ਮੁਫਤ ਇਲਾਜ ਦੇ ਕਈ ਪ੍ਰਬੰਧ ਹਨ। ਇਹ ਸਾਰਿਆਂ ਦੇ ਵੱਸ ’ਚ ਹੈ। ਸਰਕਾਰੀ ਹਸਪਤਾਲਾਂ ਸਮੇਤ ਕਈ ਯੋਜਨਾਵਾਂ ’ਚ ਬੀਮਾਰੀ ਕਵਰ ਹੈ ਤਾਂ ਹਰ ਕਿਤੇ ਸਵੈ-ਸੇਵੀ ਸੰਗਠਨ ਵੀ ਅੱਗੇ ਆ ਚੁੱਕੇ ਹਨ। ਬਸ ਲੋੜ ਹੈ ਤਾਂ ਖੁਦ ਦੇ ਜਾਗਰੂਕ ਹੋਣ ਦੀ। ਕਦੀ ਖ਼ਾਨਦਾਨੀ ਕਾਰਨ ਵੀ ਹੁੰਦਾ ਹੈ ਤਾਂ ਅਕਸਰ ਪ੍ਰਦੂਸ਼ਿਤ ਵਾਤਾਵਰਣ ਵੀ ਜ਼ਿੰਮੇਵਾਰ ਹੁੰਦਾ ਹੈ।

ਰਿਤੂਪਰਣ ਦਵੇ


author

Rakesh

Content Editor

Related News