ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਹੁਣ ਕਿੰਨੇ ਰਹਿ ਗਏ ਬਾਕੀ?

07/29/2020 3:38:18 AM

ਦਿਵਿਆ ਗੋਇਲ

ਜਿਸ ਦਿਨ ਤੋਂ ਕਾਬੁਲ ’ਚ 25 ਮਾਰਚ ਨੂੰ ਗੁਰਦੁਆਰਾ ਹਰਿਰਾਏ ਸਾਹਿਬ ’ਚ ਇਕ ਅੱਤਵਾਦੀ ਹਮਲੇ ’ਚ ਆਈ. ਐੱਸ. ਦੇ ਬੰਦੂਕਧਾਰੀਅਾਂ ਨੇ 25 ਸਿੱਖਾਂ ਦੀ ਜ਼ਾਲਿਮਾਨਾ ਹੱਤਿਆ ਕੀਤੀ ਸੀ, ਉਸੇ ਦਿਨ ਤੋਂ ਘੱਟਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਅਫਗਾਨਿਸਤਾਨ ਤੋਂ ਬਚਾਉਣ ਲਈ ਕਈ ਵਾਰ ਅਪੀਲ ਕੀਤੀ ਹੈ। ਸਾਨੂੰ ਇਨ੍ਹਾਂ ਦੋਵਾਂ ਭਾਈਚਾਰਿਅਾਂ ਦੇ ਇਤਿਹਾਸ ’ਤੇ ਨਜ਼ਰ ਮਾਰਨੀ ਪਵੇਗੀ।

ਅਫਗਾਨਿਸਤਾਨ ’ਚ ਹਿੰਦੂ ਧਰਮ ਕਦੋਂ ਪਹੁੰਚਿਆ

ਇਤਿਹਾਸਕਾਰ ਇੰਦਰਜੀਤ ਸਿੰਘ, ਜਿਨ੍ਹਾਂ ਨੇ ‘ਅਫਗਾਨ ਹਿੰਦੂਜ਼ ਐਂਡ ਸਿੱਖਸ : ਏ ਹਿਸਟਰੀ ਆਫ ਏ ਥਾਊਜ਼ੈਂਡ ਯੀਅਰ’ ਨਾਂ ਦੀ ਕਿਤਾਬ ਵੀ ਲਿਖੀ ਹੈ, ਉਨ੍ਹਾਂ ਅਨੁਸਾਰ ਹਿੰਦੂ ਰਾਜਿਅਾਂ ਨੇ ਇਕ ਵਾਰ ਕਾਬੁਲ ਸਮੇਤ ਪੂਰਬੀ ਅਫਗਾਨਿਸਤਾਨ ’ਤੇ ਰਾਜ ਕੀਤਾ ਸੀ। ਅਫਗਾਨਿਸਤਾਨ ’ਚ ਇਸਲਾਮ ਸੱਤਵੀਂ ਸਦੀ ’ਚ ਆਇਆ। ਅਜਿਹਾ ਮੰਨਿਆ ਜਾਂਦਾ ਹੈ ਕਿ ਜੁਨਬਿਲ ਵੰਸ਼ ਪਹਿਲੇ ਹਿੰਦੂ ਸਨ, ਜਿਨ੍ਹਾਂ ਨੇ ਕੰਧਾਰ ਤੋਂ ਲੈ ਕੇ ਗਜ਼ਨੀ ਤਕ 600 ਤੋਂ 780 ਈ. ਤਕ ਰਾਜ ਕੀਤਾ। ਇਸ ਤੋਂ ਬਾਅਦ ਹਿੰਦੂ ਸ਼ਾਹੀ ਸ਼ਾਸਕਾਂ ਨੇ ਇਥੇ ਰਾਜ ਕੀਤਾ। ਦਸਵੀਂ ਸਦੀ ਦੀ ਸਮਾਪਤੀ ’ਤੇ ਇਨ੍ਹਾਂ ਸ਼ਾਸਕਾਂ ਨੂੰ ਗਜ਼ਨ ਵਿਦਜ਼ ਵਲੋਂ ਬਦਲਿਆ ਗਿਆ, ਜਿਨ੍ਹਾਂ ਨੇ ਹਿੰਦੂ ਬਲਾਂ ਨੂੰ ਸਥਾਪਿਤ ਕੀਤਾ। ਇੰਦਰਜੀਤ ਸਿੰਘ ਦੇ ਅਨੁਸਾਰ 1504 ’ਚ ਮੁਗਲ ਸਮਰਾਟ ਬਾਬਰ ਨੇ ਕਾਬੁਲ ’ਤੇ ਕਬਜ਼ਾ ਕੀਤਾ। ਬਾਬਰ ਨੇ ਕਾਬੁਲ ਨੂੰ ‘ਹਿੰਦੋਸਤਾਨ ਦਾ ਆਪਣਾ ਬਾਜ਼ਾਰ’ ਕਹਿ ਕੇ ਸੰਬੋਧਿਤ ਕੀਤਾ ਅਤੇ ਕਾਬੁਲ ਸੂਬਾ 1738 ਤਕ ਹਿੰਦੋਸਤਾਨ ਦੇ ਨਾਲ ਰਿਹਾ ਹੈ।

ਅਫਗਾਨਿਸਤਾਨ ’ਚ ਸਿੱਖ ਧਰਮ ਕਦੋਂ ਪਹੁੰਚਿਆ

ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਦੇ ਸ਼ੁਰੂ ’ਚ ਅਫਗਾਨਿਸਤਾਨ ਦੀ ਯਾਤਰਾ ਕੀਤੀ। ਉਨ੍ਹਾਂ ਦੀਅਾਂ ਜਨਮ ਸਾਖੀਅਾਂ ’ਚ ਦਰਜ ਇਤਿਹਾਸ ਅਨੁਸਾਰ ਆਪਣੀ ਚੌਥੀ ਉਦਾਸੀ ਦੌਰਾਨ (1519-21) ਉਨ੍ਹਾਂ ਨੇ ਭਾਈ ਮਰਦਾਨੇ ਨਾਲ ਅਫਗਾਨਿਸਤਾਨ ਦੀ ਯਾਤਰਾ ਕੀਤੀ, ਜਿਸ ’ਚ ਮੌਜੂਦਾ ਕਾਬੁਲ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਧਾਰ, ਜਲਾਲਾਬਾਦ ਅਤੇ ਸੁਲਤਾਨਪੁਰ ਦੀਅਾਂ ਯਾਤਰਾਵਾਂ ਵੀ ਕੀਤੀਅਾਂ। ਇਨ੍ਹਾਂ ਸਾਰੇ ਸਥਾਨਾਂ ’ਤੇ ਅੱਜ ਗੁਰਦੁਆਰੇ ਬਣੇ ਹੋਏ ਹਨ। ਸਿੱਖਾਂ ਦੇ ਸੱਤਵੇਂ ਗੁਰੂ ਹਰਿਰਾਏ ਜੀ ਨੇ ਵੀ ਕਾਬੁਲ ’ਚ ਸਿੱਖ ਪ੍ਰਚਾਰਕਾਂ ਨੂੰ ਭੇਜਣ ਦੀ ਮਹੱਤਵਪੂਰਨ ਭੂਮਿਕਾ ਨਿਭਾਈ।

ਅਫਗਾਨ ਸਮਾਜ ’ਚ ਹਿੰਦੂਅਾਂ ਤੇ ਸਿੱਖਾਂ ਵਲੋਂ ਅਫਗਾਨਿਸਤਾਨ ’ਚ ਵਪਾਰ ਕਰਨ ਦੇ ਕਈ ਦਸਤਾਵੇਜ਼ ਰਿਕਾਰਡ ਕੀਤੇ ਗਏ ਹਨ ਪਰ ਅੱਜ 99 ਫੀਸਦੀ ਹਿੰਦੂਆਂ ਅਤੇ ਸਿੱਖਾਂ ਨੇ ਅਫਗਾਨਿਸਤਾਨ ਨੂੰ ਛੱਡ ਦਿੱਤਾ। ਅਫਗਾਨਿਸਤਾਨ ਨੇ ਅਜਿਹੇ ਲੋਕਾਂ ਨੂੰ ਆਪਣਾ ਨਾਗਰਿਕ ਮੰਨਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਹਿੰਦੂਅਾਂ ਅਤੇ ਸਿੱਖਾਂ ਨੇ ਆਪਣੀ ਮਾਤਭੂਮੀ ਲਈ ਇਕ ਵੱਡਾ ਯੋਗਦਾਨ ਦਿੱਤਾ ਹੈ, ਇਸ ਲਈ ਉਨ੍ਹਾਂ ਨੇ ਅਸ਼ਾਂਤ ਯਾਤਰਾ ਨੂੰ ਝੱਲਿਆ ਹੈ। ਕੀ ਇਕ ਹਿੰਦੂ ਜਾਂ ਫਿਰ ਸਿੱਖ ਅਫਗਾਨੀ ਹੋ ਸਕਦਾ ਹੈ ਪਰ ਇਤਿਹਾਸ ਕਹਿੰਦਾ ਹੈ ਕਿ ਹਾਂ। ਇਸ ਗੱਲ ਦਾ ਜ਼ਿਕਰ ਸਿੰਘ ਆਪਣੀ ਕਿਤਾਬ ’ਚ ਕਰਦੇ ਹਨ।

ਹਿੰਦੂਅਾਂ ਅਤੇ ਸਿੱਖਾਂ ਨੇ ਅਫਗਾਨਿਸਤਾਨ ਨੂੰ ਕਦੋਂ ਅਤੇ ਕਿਉਂ ਛੱਡਿਆ?

ਸਿੰਘ ਦਾ ਕਹਿਣਾ ਹੈ ਕਿ ਅਫਗਾਨਿਸਤਾਨ ’ਚ 1970 ਤਕ 3 ਲੱਖ ਦੇ ਲੱਗਭਗ ਹਿੰਦੂ ਅਤੇ ਸਿੱਖ ਸਨ। 1983 ’ਚ ਏ. ਕੇ. 47 ਦੇ ਨਾਲ ਇਕ ਵਿਅਕਤੀ ਨੇ ਜਲਾਲਬਾਦ ਦੇ ਗੁਰਦੁਆਰੇ ’ਚ ਹਮਲਾ ਬੋਲਿਆ ਅਤੇ 13 ਸਿੱਖਾਂ ਤੇ 4 ਅਫਗਾਨੀ ਫੌਜੀਅਾਂ ਨੂੰ ਮਾਰ ਦਿੱਤਾ। 1989 ’ਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ (ਜਲਾਲਾਬਾਦ) ’ਤੇ ਮੁਜਾਹਿਦੀਨਾਂ ਨੇ ਰਾਕੇਟਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ 17 ਸਿੱਖਾਂ ਦੀ ਮੌਤ ਹੋ ਗਈ। 1992 ’ਚ ਉਸ ਸਮੇਂ ਹਿਜਰਤ ਸ਼ੁਰੂ ਹੋਈ, ਜਦੋਂ ਮੁਜਾਹਿਦੀਨਾਂ ਨੇ ਉਥੋਂ ਦੀ ਕਮਾਨ ਸੰਭਾਲੀ। 1979 ’ਚ ਸੋਵੀਅਤ ਦਖਲਅੰਦਾਜ਼ੀ ਸ਼ੁਰੂ ਹੋਈ, ਜੋ ਅਫਗਾਨਿਸਤਾਨ ’ਚ ਇਕ ਦਹਾਕੇ ਤਕ ਰਹੀ ਹੈ ਅਤੇ ਇਥੇ ਗ੍ਰਹਿ ਯੁੱਧ ਚਲਦਾ ਰਿਹਾ ਹੈ।

ਅਮਰੀਕਾ ਤੇ ਉਸ ਦੇ ਸਹਿਯੋਗੀਅਾਂ ਨੇ ਮੁਜਾਹਿਦੀਨਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਤਾਂ ਕਿ ਉਹ ਸੋਵੀਅਤ ਕਬਜ਼ੇ ਨੂੰ ਲੈ ਕੇ ਜੰਗ ਜਾਰੀ ਰੱਖਣ। ਸੋਵੀਅਤ ਨੇ 1989 ’ਚ ਵਾਪਸੀ ਕੀਤੀ। ਮੁਜਾਹਿਦੀਨਾਂ ਨੇ 1992 ’ਚ ਕਾਬੁਲ ’ਤੇ ਕਬਜ਼ਾ ਕੀਤਾ ਅਤੇ ਰਾਸ਼ਟਰਪਤੀ ਨਜੀਦਬੁੱਲਾ ਨੂੰ ਹਟਾ ਦਿੱਤਾ। ਵੱਡੀ ਗਿਣਤੀ ’ਚ ਅਫਗਾਨੀ ਸਿੱਖਾਂ ਅਤੇ ਹਿੰਦੂਅਾਂ ਦੀ ਹਿਜਰਤ ਸ਼ੁਰੂ ਹੋਈ ਅਤੇ ਉਨ੍ਹਾਂ ਨੇ ਅਫਗਾਿਨਸਤਾਨ ਨੂੰ ਛੱਡਣਾ ਸ਼ੁਰੂ ਕੀਤਾ।

ਮੁਜਾਹਿਦੀਨਾਂ ਦੇ ਅਧੀਨ ਵੱਡੇ ਪੱਧਰ ’ਤੇ ਅਗਵਾ, ਜਬਰਨ ਵਸੂਲੀ, ਜਾਇਦਾਦਾਂ ਦੀ ਲੁੱਟ-ਖੋਹ, ਧਾਰਮਿਕ ਸ਼ੋਸ਼ਣ ਸ਼ੁਰੂ ਹੋਇਆ, ਜੋ ਅਫਗਾਨਿਸਤਾਨ ਤੋਂ ਨਿਕਲਣ ਦਾ ਇਕ ਵੱਡਾ ਕਾਰਨ ਬਣਿਆ। ਤਾਲਿਬਾਨ ਦੇ ਆਉਣ ਤੋਂ ਬਾਅਦ ਵੀ ਹਿੰਦੂਅਾਂ ਅਤੇ ਸਿੱਖਾਂ ਦਾ ਸ਼ੋਸ਼ਣ ਜਾਰੀ ਰਿਹਾ।

ਅਫਗਾਨ ਸਰਕਾਰ (ਮੁਜਾਹਿਦੀਨ ਵਲੋਂ ਪੂਰੇ ਕਾਬੁਲ ਨੂੰ ਆਪਣੇ ਅਧਿਕਾਰ ਖੇਤਰ ’ਚ ਲੈਣ ਤੋਂ ਪਹਿਲਾਂ) ਨੇ ਆਬ ਗੈਂਗ ਯਾਤਰੀ ਪਾਸਪੋਰਟ ਨਾਂ ਦੀ ਇਕ ਸਕੀਮ ਦੇ ਤਹਿਤ ਤੇਜ਼ੀ ਨਾਲ ਪਾਸਪੋਰਟ ਜਾਰੀ ਕੀਤੇ। ਭਾਰਤੀ ਦੂਤਘਰ ਦੇ ਵੀਜ਼ਾ ਵਿਭਾਗ ਨੂੰ ਸਥਾਪਿਤ ਕੀਤਾ। 50 ਹਜ਼ਾਰ ਲੋਕਾਂ ਨੇ ਅਫਗਾਨਿਸਤਾਨ ਨੂੰ ਇਸ ਸਕੀਮ ਦੇ ਤਹਿਤ ਛੱਡ ਦਿੱਤਾ ਅਤੇ ਇਹ ਲੋਕ ਭਾਰਤ ਆ ਪਹੁੰਚੇ।

ਇਤਿਹਾਸਕਾਰ ਇੰਦਰਜੀਤ ਸਿੰਘ ਦੇ ਅਨੁਸਾਰ ਭਾਰਤ ਤੋਂ ਇਹ ਲੋਕ ਕਈ ਦੂਜੇ ਦੇਸ਼ਾਂ ਵੱਲ ਚਲੇ ਗਏ। ਅਫਗਾਨ ਹਿੰਦੂ ਸਮਾਜ ਦੇ ਜ਼ਿਆਦਾਤਰ ਲੋਕ ਹੁਣ ਜਰਮਨੀ ’ਚ ਸਥਾਪਿਤ ਹੋ ਚੁੱਕੇ ਹਨ ਅਤੇ ਸਿੱਖ ਯੂ. ਕੇ. ’ਚ ਰਹਿ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਭਾਈਚਾਰਿਅਾਂ ਦੇ ਹੋਰ ਲੋਕ ਆਸਟ੍ਰੀਅਾ, ਬੈਲਜੀਅਮ, ਹਾਲੈਂਡ, ਫਰਾਂਸ, ਕੈਨੇਡਾ ਅਤੇ ਅਮਰੀਕਾ ’ਚ ਰਹਿ ਰਹੇ ਹਨ।

ਭਾਰਤ ’ਚ ਕਿੰਨੇ ਅਫਗਾਨੀ ਸਿੱਖ ਰਹਿ ਰਹੇ ਹਨ

ਦਿੱਲੀ ’ਚ ਅਫਗਾਨ ਹਿੰਦੂ-ਸਿੱਖ ਵੈੱਲਫੇਅਰ ਸੁਸਾਇਟੀ ਦੇ ਮੁਖੀ ਖਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ’ਚ ਲੱਗਭਗ 18 ਹਜ਼ਾਰ ਅਫਗਾਨੀ ਸਿੱਖ ਰਹਿ ਰਹੇ ਹਨ, ਜਿਨ੍ਹਾਂ ’ਚੋਂ 50-60 ਫੀਸਦੀ ਨੇ ਭਾਰਤੀ ਨਾਗਰਿਕਤਾ ਲੈ ਲਈ ਹੈ ਅਤੇ ਬਾਕੀ ਦੇ ਜਾਂ ਤਾਂ ਸ਼ਰਨਾਰਥੀ ਦੇ ਤੌਰ ’ਤੇ ਰਹਿ ਰਹੇ ਹਨ ਜਾਂ ਫਿਰ ਲੰਬੇ ਸਮੇਂ ਦੇ ਵੀਜ਼ੇ ’ਤੇ ਭਾਰਤ ’ਚ ਹਨ। ਜ਼ਿਆਦਾਤਰ ਅਫਗਾਨੀ ਸਿੱਖ ਦਿੱਲੀ ’ਚ ਅਤੇ ਬਾਕੀ ਦੇ ਪੰਜਾਬ ਅਤੇ ਹਰਿਆਣਾ ’ਚ ਰਹਿ ਰਹੇ ਹਨ।

ਅਫਗਾਨਿਸਤਾਨ ’ਚ ਕਿੰਨੇ ਬਚੇ ਬਾਕੀ

ਕਾਬੁਲ ’ਚ ਛੱਬਲ ਸਿੰਘ, ਜੋ ਕਿ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘ ਸਭਾ ਪ੍ਰਬੰਧਨ ਕਮੇਟੀ ਦੇ ਮੈਂਬਰ ਹਨ, ਦਾ ਕਹਿਣਾ ਹੈ ਕਿ ਅਫਗਾਨਿਸਤਾਨ ’ਚ ਇਸ ਸਮੇਂ ਲੱਗਭਗ 650 ਸਿੱਖ ਹਨ। (90 ਤੋਂ 100 ਪਰਿਵਾਰ) ਅਤੇ ਲੱਗਭਗ 50 ਹਿੰਦੂ ਬਾਕੀ ਬਚੇ ਹਨ। ਜਦ ਤੋਂ 25 ਮਾਰਚ ਨੂੰ ਕਾਬੁਲ ’ਚ ਗੁਰਦੁਆਰੇ ’ਤੇ ਹਮਲਾ ਹੋਇਆ ਹੈ, ਉਦੋਂ ਤੋਂ ਹੁਣ ਇਥੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ।

ਇਹ ਹਮਲਾ ਤਾਬੂਤ ’ਚ ਆਖਰੀ ਕਿੱਲ ਸੀ। ਅਫਗਾਨਿਸਤਾਨ ’ਚ ਗੁਰਦੁਆਰੇ ਸਿੱਖਾਂ ਦੀ ਪਨਾਹਗਾਹ ਵੀ ਹਨ ਕਿਉਂਕਿ ਜ਼ਿਆਦਾਤਰ ਸਿੱਖਾਂ ਦੇ ਉਥੇ ਆਪਣੇ ਘਰ ਨਹੀਂ ਹਨ। ਭਾਰਤ ’ਚ ਨਾਗਰਿਕਤਾ ਸੋਧ ਐਕਟ ਨਾਲ ਅਫਗਾਨਿਸਤਾਨ ’ਚ ਰਹਿ ਰਹੇ ਸਿੱਖਾਂ ਨੂੰ ਚੈਨ ਮਿਲਿਆ ਹੈ। ਹੁਣ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਐਕਟ ਰਾਹੀਂ ਭਾਰਤੀ ਨਾਗਰਿਕਤਾ ਪਾਉਣਾ ਆਸਾਨ ਹੋ ਜਾਵੇਗਾ।

ਕੀ ਨਾਗਰਿਕਤਾ ਸੋਧ ਐਕਟ ਉਨ੍ਹਾਂ ਦੀ ਮਦਦ ਕਰੇਗਾ

ਨਾਗਰਿਕਤਾ ਸੋਧ ਐਕਟ 2019, ਜੋ ਭਾਰਤ ’ਚ ਰਹਿਣ ਦੀ ਮਿਆਦ ਨੂੰ 11 ਸਾਲਾਂ ਤੋਂ ਘਟਾ ਕੇ 5 ਸਾਲ ਕਰ ਦਿੰਦਾ ਹੈ, ਇਨ੍ਹਾਂ ਅਫਗਾਨ ਸਿੱਖਾਂ ਅਤੇ ਹਿੰਦੂਅਾਂ, ਜੋ 31 ਦਸੰਬਰ 2014 ਤੋਂ ਪਹਿਲਾਂ ਆਏ ਹਨ, ਦੀ ਮਦਦ ਕਰੇਗਾ। ਹਾਲਾਂਕਿ ਨਾਗਰਿਕਤਾ ਸੋਧ ਐਕਟ ਦੇ ਨਿਯਮ ਗ੍ਰਹਿ ਮੰਤਰਾਲਾ ਵਲੋਂ ਅਜੇ ਬਣਾਏ ਜਾਣੇ ਬਾਕੀ ਹਨ।


Bharat Thapa

Content Editor

Related News