ਆਸ ਹੈ, ਟਰੰਪ ਆਪਣੇ ਪਹਿਲੇ ਕਾਰਜਕਾਲ ਦੀਆਂ ਨੀਤੀਆਂ ਦਾ ਹੀ ਵਿਸਥਾਰ ਕਰਨਗੇ

Thursday, Nov 07, 2024 - 12:32 PM (IST)

ਆਸ ਹੈ, ਟਰੰਪ ਆਪਣੇ ਪਹਿਲੇ ਕਾਰਜਕਾਲ ਦੀਆਂ ਨੀਤੀਆਂ ਦਾ ਹੀ ਵਿਸਥਾਰ ਕਰਨਗੇ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਹੋਣਗੇ। ਰਣਨੀਤਕ-ਆਰਥਿਕ ਤੌਰ ’ਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ’ਚੋਂ ਇਕ ਹੋਣ ਕਾਰਨ ਅਮਰੀਕਾ ਦੀਆਂ ਚੋਣਾਂ ਨੂੰ ਲੈ ਕੇ ਬਾਕੀ ਦੁਨੀਆ ’ਚ ਚਰਚਾ ਹੋਣੀ ਸੁਭਾਵਿਕ ਹੀ ਸੀ। ਭਾਰਤ ਵਿਚ ਵੀ ਦੋ ਕਾਰਨਾਂ ਕਰ ਕੇ ਇਸ ਨੂੰ ਲੈ ਕੇ ਉਤਸ਼ਾਹ ਸੀ। ਪਹਿਲਾ- ਕਮਲਾ ਦੇਵੀ ਹੈਰਿਸ ਦਾ ਭਾਰਤ ਨਾਲ ਅਖੌਤੀ ‘ਕੁਨੈਕਸ਼ਨ’। ਇਹ ਵੱਖਰੀ ਗੱਲ ਹੈ ਕਿ ਹੈਰਿਸ ਘੱਟ ਜਾਂ ਵੱਧ ਭਾਰਤ-ਹਿੰਦੂ ਵਿਰੋਧੀ ਰਹੀ ਹੈ।

ਦੂਜਾ - ਡੋਨਾਲਡ ਟਰੰਪ, ਜੋ ਪਹਿਲਾਂ ਵੀ (2017-21) ਰਾਸ਼ਟਰਪਤੀ ਰਹਿ ਚੁੱਕੇ ਹਨ, ਨੇ ਹਿੰਦੂ ਹਿੱਤਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਬੰਗਲਾਦੇਸ਼ ਵਿਚ ਹਿੰਦੂਆਂ ਉੱਤੇ ਧਾਰਮਿਕ ਹਮਲਿਆਂ ਦਾ ਨੋਟਿਸ ਲਿਆ ਪਰ ਇਸ ਸੱਚਾਈ ਦਾ ਇਕ ਵੱਖਰਾ ਪਹਿਲੂ ਵੀ ਹੈ।

ਇਹ ਸੱਚ ਹੈ ਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਤੁਲਨਾਤਮਕ ਤੌਰ ’ਤੇ ਘੱਟ ਦਖਲਅੰਦਾਜ਼ੀ ਕੀਤੀ ਸੀ। 2019 ਵਿਚ, ਟਰੰਪ ਪ੍ਰਸ਼ਾਸਨ ਨੇ ਧਾਰਾ 370-35ਏ ਦੇ ਸੰਵਿਧਾਨਕ ਖਾਤਮੇ ਅਤੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਦਲੇ ਵਿਚ ਪਾਕਿਸਤਾਨ ਦੇ ਅੰਦਰ ਭਾਰਤੀ ਸਰਜੀਕਲ ਸਟ੍ਰਾਈਕ ਦਾ ਸਮਰਥਨ ਕੀਤਾ। ਇਸ ਵਾਰ ਵੀ ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ।

ਦੀਵਾਲੀ ਦੇ ਮੌਕੇ ’ਤੇ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਪੋਸਟ ਕਰਦੇ ਹੋਏ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਕਿਹਾ ਸੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਦੋਵਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਟਰੰਪ ਨੇ ਬੰਗਲਾਦੇਸ਼ ਵਿਚ ਤਖਤਾਪਲਟ ਤੋਂ ਬਾਅਦ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀ ਵੀ ਸਖ਼ਤ ਨਿੰਦਾ ਕੀਤੀ ਸੀ। ਹੁਣ ਤੱਕ ਸਾਹਮਣੇ ਆਈਆਂ ਕਈ ਰਿਪੋਰਟਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਬੰਗਲਾਦੇਸ਼ ਵਿਚ ਅਣਗਿਣਤ ਹਿੰਦੂ ਧਰਮ ਦੇ ਨਾਂ ’ਤੇ ਜਾਨਲੇਵਾ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਕੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਜਿੱਤ ਵਿਸ਼ਵੀਕਰਨ ਦੇ ਤਾਬੂਤ ਵਿਚ ਆਖਰੀ ਕਿੱਲ ਹੋਵੇਗੀ? ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਵਿਚ ਲਏ ਗਏ ਫੈਸਲਿਆਂ ਵਿਚ, ਜਿਨ੍ਹਾਂ ਵਿਚ ਸੱਤ ਇਸਲਾਮੀ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲੇ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਸ਼ਾਮਲ ਸੀ, ਉਸ ’ਚ ਉਨ੍ਹਾਂ ਦੀ ਸਭ ਤੋਂ ਪ੍ਰਮੁੱਖ ਨੀਤੀ ‘ਅਮਰੀਕਾ ਫਸਟ’ ਸੀ, ਜਿਸ ਨੂੰ ਟਰੰਪ ਨੇ ਇਸ ਵਾਰ ਵੀ ਦੁਹਰਾਇਆ ਹੈ।

ਆਪਣੇ ਪਹਿਲੇ ਕਾਰਜਕਾਲ ’ਚ ਟਰੰਪ ਨੇ ਟੈਰਿਫ ਦੇ ਜ਼ਰੀਏ ਭਾਰਤ ਅਤੇ ਚੀਨ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਨਾਲ ਯੂਰਪੀ ਸਹਿਯੋਗੀਆਂ ’ਤੇ ਵੀ ਨਿਸ਼ਾਨਾ ਸਾਧਿਆ ਸੀ। ਮਈ 2019 ਵਿਚ, ਟਰੰਪ ਨੇ ਨਾ ਸਿਰਫ ਭਾਰਤ ਨੂੰ ‘ਟੈਰਿਫ ਕਿੰਗ’ ਕਿਹਾ, ਬਲਕਿ ਅਮਰੀਕੀ ਬਾਜ਼ਾਰ ਵਿਚ ਭਾਰਤ ਨੂੰ ਦਿੱਤੀ ਗਈ ਵਿਸ਼ੇਸ਼ ਵਪਾਰ ਸਹੂਲਤ (ਅਮਰੀਕਨ ਵਪਾਰ ਤਰਜੀਹ ਪ੍ਰੋਗਰਾਮ) ਨੂੰ ਵੀ ਖਤਮ ਕਰ ਦਿੱਤਾ ਸੀ। ਉਦੋਂ ਟਰੰਪ ਨੇ ਕਿਹਾ ਸੀ, ‘‘ਭਾਰਤ ਉੱਚ ਟੈਰਿਫ ਵਾਲਾ ਦੇਸ਼ ਹੈ ਜਦੋਂ ਅਸੀਂ ਭਾਰਤ ਨੂੰ ਮੋਟਰਸਾਈਕਲ ਭੇਜਦੇ ਹਾਂ ਤਾਂ ਇਸ ’ਤੇ 100 ਫੀਸਦੀ ਡਿਊਟੀ ਲੱਗਦੀ ਹੈ। ਜਦੋਂ ਭਾਰਤ ਸਾਡੇ ਕੋਲ ਮੋਟਰਸਾਈਕਲ ਭੇਜਦਾ ਹੈ, ਅਸੀਂ ਉਨ੍ਹਾਂ ਕੋਲੋਂ ਕੁਝ ਵੀ ਚਾਰਜ ਨਹੀਂ ਕਰਦੇ। ਉਹ ਸਾਡੇ ਤੋਂ 100 ਫੀਸਦੀ ਵਸੂਲੀ ਕਰ ਰਹੇ ਹਨ। ਬਿਲਕੁਲ ਉਸੇ ਉਤਪਾਦ ਲਈ, ਮੈਂ ਉਨ੍ਹਾਂ ਤੋਂ 25 ਫੀਸਦੀ ਵਸੂਲਣਾ ਚਾਹੁੰਦਾ ਹਾਂ।''

ਇਸ ਵਾਰ ਟਰੰਪ ਨੇ ਅਮਰੀਕਾ ’ਚ ਹੋਣ ਵਾਲੀ ਸਾਰੀ ਦਰਾਮਦ ’ਤੇ 10 ਫੀਸਦੀ ਅਤੇ ਚੀਨ ਤੋਂ ਦਰਾਮਦ ’ਤੇ 60 ਫੀਸਦੀ ਤੱਕ ਡਿਊਟੀ ਲਗਾਉਣ ਦੀ ਗੱਲ ਕੀਤੀ ਹੈ। ਦਰਅਸਲ, ਟਰੰਪ ਦੀ ਇਹ ਨੀਤੀ ਸੁਰੱਖਿਆਵਾਦ ਤੋਂ ਪ੍ਰੇਰਿਤ ਹੈ, ਜੋ ਵਿਸ਼ਵੀਕਰਨ ਲਈ ਖ਼ਤਰਾ ਹੈ। ਇਹ ਘਟਨਾਕ੍ਰਮ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਅਮਰੀਕਾ ਅਤੇ ਵਿਸ਼ਵੀਕਰਨ ਦਹਾਕਿਆਂ ਤੋਂ ਇਕ ਦੂਜੇ ਦੇ ਸਮਾਨਾਰਥੀ ਰਹੇ ਹਨ।

ਇਹ ਸੱਚ ਹੈ ਕਿ ਸਾਮਰਾਜਵਾਦੀ ਚੀਨ ਦੇ ਵਧ ਰਹੇ ਦਬਦਬੇ ਵਿਰੁੱਧ ਦਹਾਕਿਆਂ ਤੱਕ ਅਸਪਸ਼ਟ ਸਥਿਤੀ ਅਪਣਾਉਣ ਤੋਂ ਬਾਅਦ ਅਮਰੀਕਾ ਨੇ ਆਪਣੀ ਰਣਨੀਤੀ ਬਦਲ ਲਈ ਹੈ। 2016 ਤੋਂ ਬਾਅਦ ਪਹਿਲੀ ਵਾਰ ਟਰੰਪ ਪ੍ਰਸ਼ਾਸਨ ਨੇ ਚੀਨ ਨੂੰ ‘ਖ਼ਤਰੇ’ ਅਤੇ ‘ਰਣਨੀਤਕ ਵਿਰੋਧੀ’ ਵਜੋਂ ਪੇਸ਼ ਕੀਤਾ ਸੀ। ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਚੀਨ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਸੀ। ਭਾਰਤ, ਜਿਸ ਦੀ ਚੀਨ ਨਾਲ ਲਗਭਗ 3,488 ਕਿਲੋਮੀਟਰ ਲੰਬੀ ਝਗੜੇ ਵਾਲੀ ਸਰਹੱਦ ਸਾਂਝੀ ਹੈ, 1962 ਦੀ ਜੰਗ ਅਤੇ ਹਾਲ ਦੇ ਸਾਲਾਂ ਵਿਚ ਡੋਕਲਾਮ-ਗਲਵਾਨ-ਤਵਾਂਗ ਸਮੇਤ ਹੋਰ ਫੌਜੀ ਟਕਰਾਅ ਹਨ, ਪਿਛਲੇ ਛੇ ਦਹਾਕਿਆਂ ਤੋਂ ਚੀਨ ਦੀ ਹਮਲਾਵਰ ਨੀਤੀ ਦਾ ਸਾਹਮਣਾ ਕਰ ਰਿਹਾ ਹੈ।

ਇਸ ਸੰਦਰਭ ਵਿਚ ਟਰੰਪ ਤੋਂ ਆਪਣੇ ਪਹਿਲੇ ਕਾਰਜਕਾਲ ਦੀਆਂ ਨੀਤੀਆਂ ਦਾ ਵਿਸਥਾਰ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਵਿਚ ਚੀਨ ਦੇ ਸਾਮਰਾਜਵਾਦੀ ਰਵੱਈਏ ਵਿਰੁੱਧ ਆਵਾਜ਼ ਉਠਾਉਂਦੇ ਹੋਏ ਕਵਾਡ ਸਮੂਹ (ਭਾਰਤ ਸਮੇਤ) ਨੂੰ ਅਮਲੀ ਰੂਪ ਦਿੱਤਾ ਗਿਆ ਸੀ।

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਇਮੀਗ੍ਰੇਸ਼ਨ ਇਕ ਸੰਵੇਦਨਸ਼ੀਲ ਸਿਆਸੀ ਮੁੱਦਾ ਰਿਹਾ। ਟਰੰਪ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਇਸ ’ਤੇ ਹਮਲਾਵਰ ਰਹੇ ਹਨ ਅਤੇ ਉਹ ਦੂਜੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ’ਤੇ ਰੋਕ ਲਗਾਉਣ ਦੇ ਆਪਣੇ ਵਾਅਦੇ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਇਕ ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ’ਚ ਬਾਈਡੇਨ ਪ੍ਰਸ਼ਾਸਨ ਦੀ ਅਗਵਾਈ ’ਚ ਅਮਰੀਕਾ ਨੇ ਕਰੀਬ 1100 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ। ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਪ੍ਰਵਾਸ ਦਾ ਸਮਰਥਨ ਨਹੀਂ ਕਰਦਾ ਪਰ ਜੇਕਰ ਟਰੰਪ ਇਮੀਗ੍ਰੇਸ਼ਨ ਦੇ ਮਾਮਲੇ ’ਚ ਹੋਰ ਸਖਤੀ ਦਿਖਾਉਂਦੇ ਹਨ ਤਾਂ ਇਹ ਬਿਨਾਂ ਸ਼ੱਕ ਭਾਰਤ ਲਈ ਚੁਣੌਤੀ ਬਣ ਸਕਦਾ ਹੈ।

ਟਰੰਪ ਅਤੇ ਹੈਰਿਸ ਨੇ ਆਪਣੇ ਚੋਣ ਭਾਸ਼ਣਾਂ (ਦੀਵਾਲੀ ਦੀਆਂ ਸ਼ੁਭਕਾਮਨਾਵਾਂ ਸਮੇਤ) ਵਿਚ ਭਾਰਤੀ-ਅਮਰੀਕੀ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਿੱਥੇ ਕਮਲਾ ਨੂੰ ਆਪਣੀ ਭਾਰਤੀ ਪਛਾਣ ਸਥਾਪਤ ਕਰਨ ਲਈ ਮਸ਼ਹੂਰ ਭਾਰਤੀ ਪਕਵਾਨ ‘ਇਡਲੀ-ਸਾਂਭਰ’ ਦੀ ਵਰਤੋਂ ਕਰਦਿਆਂ ਦੇਖਿਆ ਗਿਆ, ਉਥੇ ਟਰੰਪ ਨੇ ਆਪਣੇ ਪ੍ਰਤੀਨਿਧੀ ਵਿਵੇਕ ਰਾਮਾਸਵਾਮੀ ਅਤੇ ਉਪ-ਰਾਸ਼ਟਰਪਤੀ ਉਮੀਦਵਾਰ ਜੇਡੀ ਵਾਂਸ ਦੀ ਪਤਨੀ ਊਸ਼ਾ ਵਾਂਸ ਨੂੰ ਚੋਣ ਮੁਹਿੰਮ ਵਿਚ ਸ਼ਾਮਲ ਕੀਤਾ। ਸੱਚਾਈ ਇਹ ਹੈ ਕਿ ਟਰੰਪ-ਹੈਰਿਸ ਅਭਿਆਸ ਪੂਰੀ ਤਰ੍ਹਾਂ ਸਿਆਸੀ ਸੀ।

ਭਾਰਤੀ ਸੰਸਕ੍ਰਿਤੀ, ਪਰਿਵਾਰਕ ਮਾਨਤਾਵਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜੇ ਹੋਣ ਕਾਰਨ, ਜ਼ਿਆਦਾਤਰ ਹਿੰਦੂ ਅਤੇ ਸਿੱਖ ਅਮਰੀਕਾ ਦੇ ਸਭ ਤੋਂ ਅਮੀਰ, ਖੁਸ਼ਹਾਲ ਅਤੇ ਪੜ੍ਹੇ-ਲਿਖੇ ਵਰਗ ਵਿਚ ਗਿਣੇ ਜਾਂਦੇ ਹਨ। ਅਮਰੀਕੀ ਭਾਰਤੀ ਕੁੱਲ ਅਮਰੀਕਾ ਦੀ ਆਬਾਦੀ ਦਾ 2 ਫੀਸਦੀ ਤੋਂ ਵੀ ਘੱਟ ਹਨ ਪਰ ਉਨ੍ਹਾਂ ਦੀ ਔਸਤ ਸਾਲਾਨਾ ਘਰੇਲੂ ਆਮਦਨ 1,53,000 ਡਾਲਰ (ਲਗਭਗ 1.3 ਕਰੋੜ ਰੁਪਏ) ਹੈ, ਜੋ ਕਿ ਅਮਰੀਕਾ ਦੀ ਰਾਸ਼ਟਰੀ ਔਸਤ ਤੋਂ ਦੁੱਗਣੀ ਤੋਂ ਵੱਧ ਹੈ। ਇੰਨਾ ਹੀ ਨਹੀਂ, ਅਮਰੀਕਾ ਵਿਚ 34 ਫੀਸਦੀ ਰਾਸ਼ਟਰੀ ਔਸਤ ਦੇ ਮੁਕਾਬਲੇ 79 ਫੀਸਦੀ ਭਾਰਤੀ ਗ੍ਰੈਜੂਏਟ ਹਨ।

ਅੱਤਵਾਦ ਵਿਸ਼ਵ ਦੇ ਸਾਹਮਣੇ ਇਕ ਵੱਡੀ ਸਮੱਸਿਆ ਹੈ ਅਤੇ ਭਾਰਤ ਸਦੀਆਂ ਤੋਂ ਇਸ ਦਾ ਸ਼ਿਕਾਰ ਰਿਹਾ ਹੈ। ਧਾਰਮਿਕ ਅੱਤਵਾਦ ਵਿਰੋਧੀ ਮੁਹਿੰਮ ਵਿਚ ਅਮਰੀਕਾ ਦਾ ਦੋਹਰਾ ਮਾਪਦੰਡ ਕਿਸੇ ਤੋਂ ਲੁਕਿਆ ਨਹੀਂ ਹੈ। ‘ਗੁੱਡ ਤਾਲਿਬਾਨ, ਬੈਡ ਤਾਲਿਬਾਨ’ ਇਸ ਦਾ ਤਾਜ਼ਾ ਸਬੂਤ ਹੈ। ਕੀ ਟਰੰਪ ਤੋਂ ਇਸ ਸਬੰਧ ਵਿਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ?

-ਬਲਬੀਰ ਪੁੰਜ


author

Tanu

Content Editor

Related News