ਬੰਗਲਾਦੇਸ਼ੀ ਘੁਸਪੈਠੀਏ : ਸੁਰੱਖਿਆ ’ਤੇ ਭਾਰੀ ਪਈ ਉਦਾਰਤਾ

Saturday, Jul 05, 2025 - 05:08 PM (IST)

ਬੰਗਲਾਦੇਸ਼ੀ ਘੁਸਪੈਠੀਏ : ਸੁਰੱਖਿਆ ’ਤੇ ਭਾਰੀ ਪਈ ਉਦਾਰਤਾ

ਸ਼ੇਖ ਹਸੀਨਾ ਦੇ ਦੌਰ ’ਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਬੰਧ ਦੋਸਤਾਨਾ ਰਹੇ। ਸਾਡੀ ਸਰਕਾਰ ਨੇ ਇਕ ਗੁਆਂਢੀ ਧਰਮ ਨਿਭਾਉਂਦੇ ਹੋਏ ਬੰਗਲਾਦੇਸ਼ੀ ਨਾਗਰਿਕਾਂ ਲਈ ਵੀਜ਼ਾ ਨਿਯਮਾਂ ਵਿਚ ਕਾਫੀ ਢਿੱਲ ਦਿੱਤੀ, ਖਾਸ ਕਰ ਕੇ ਮੈਡੀਕਲ ਅਤੇ ਸੈਲਾਨੀ ਵੀਜ਼ਾ ਦੇ ਮਾਮਲਿਆਂ ਵਿਚ।

ਪਰ ਕੀ ਸਾਡੀ ਇਹ ਉਦਾਰਤਾ ਹੁਣ ਸਾਡੀ ਆਪਣੀ ਸੁਰੱਖਿਆ ਲਈ ਖ਼ਤਰਾ ਬਣੀ ? ਜੋ ਅੰਕੜੇ ਸਾਹਮਣੇ ਆ ਰਹੇ ਹਨ ਉਹ ਯਕੀਨੀ ਤੌਰ ’ਤੇ ਚਿੰਤਾਜਨਕ ਹਨ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਦੇ ਮੱਥੇ ’ਤੇ ਬਲ ਪਾ ਰਹੇ ਹਨ। ਪਿਛਲੇ ਕੁਝ ਸਾਲਾਂ ’ਚ ਲੱਖਾਂ ਦੀ ਸੰਖਿਆ ’ਚ ਬੰਗਲਾਦੇਸ਼ੀ ਨਾਗਰਿਕ ਵੀਜ਼ਾ ਲੈ ਕੇ ਭਾਰਤ ਆਏ।

2014 ਵਿਚ 9.4 ਲੱਖ ਬੰਗਲਾਦੇਸ਼ੀ ਸੈਲਾਨੀ ਵੀਜ਼ਾ ’ਤੇ ਭਾਰਤ ਆਏ ਸਨ, ਜਦੋਂ ਕਿ 2017 ਤੱਕ ਇਹ ਅੰਕੜਾ ਵਧ ਕੇ 21 ਲੱਖ ਹੋ ਗਿਆ। ਭਾਵ ਚਾਰ ਸਾਲਾਂ ਵਿਚ ਇਹ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। 2023 ਵਿਚ ਵੀ 16 ਲੱਖ ਬੰਗਲਾਦੇਸ਼ੀ ਵੀਜ਼ਾ ਲੈ ਕੇ ਭਾਰਤ ਆਏ ਸਨ। ਇਹ ਅੰਕੜੇ ਸਿਰਫ਼ ਅੰਕੜੇ ਨਹੀਂ ਹਨ, ਸਗੋਂ ਇਕ ਗੰਭੀਰ ਸੁਰੱਖਿਆ ਚੁਣੌਤੀ ਵੱਲ ਇਸ਼ਾਰਾ ਕਰਦੇ ਹਨ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਾਰੇ ਬੰਗਲਾਦੇਸ਼ੀ ਨਾਗਰਿਕ ਵੀਜ਼ਾ ਖਤਮ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਪਰਤਦੇ ਹਨ। ਜੇਕਰ ਅਸੀਂ ਰਿਪੋਰਟਾਂ ਅਤੇ ਸੁਰੱਖਿਆ ਏਜੰਸੀਆਂ ਦੀਆਂ ਚਿੰਤਾਵਾਂ ’ਤੇ ਨਜ਼ਰ ਮਾਰੀਏ ਤਾਂ ਅਜਿਹਾ ਨਹੀਂ ਲੱਗਦਾ ਹੈ। ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਬੰਗਲਾਦੇਸ਼ੀ ਨਾਗਰਿਕ ਮੈਡੀਕਲ ਵੀਜ਼ਾ ’ਤੇ ਭਾਰਤ ਆਏ ਸਨ ਪਰ ਕੋਈ ਇਲਾਜ ਨਹੀਂ ਕਰਵਾਇਆ ਅਤੇ ਫਿਰ ਗਾਇਬ ਹੋ ਗਏ। ਬਹੁਤ ਸਾਰੇ ਲੋਕ ਟੂਰਿਸਟ ਵੀਜ਼ਾ ’ਤੇ ਆਉਂਦੇ ਹਨ ਪਰ ਵਾਪਸ ਜਾਣ ਬਾਰੇ ਸੋਚਦੇ ਵੀ ਨਹੀਂ।

ਸੋਚਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਕਿੱਥੇ ਗਾਇਬ ਹੋ ਜਾਂਦੇ ਹਨ? ਅਕਸਰ ਦੇਖਿਆ ਗਿਆ ਹੈ ਕਿ ਇਹ ਬੰਗਲਾਦੇਸ਼ੀ ਭਾਰਤ ਆਉਣ ਤੋਂ ਬਾਅਦ ਆਪਣੇ ਪਾਸਪੋਰਟ ਪਾੜ ਦਿੰਦੇ ਹਨ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤੀ ਪਛਾਣ ਪੱਤਰ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਆਧਾਰ ਕਾਰਡ, ਪੈਨ ਕਾਰਡ ਅਤੇ ਇੱਥੋਂ ਤੱਕ ਕਿ ਭਾਰਤੀ ਪਾਸਪੋਰਟ ਵੀ ਮਿਲ ਜਾਂਦਾ ਹੈ! ਇਕ ਵਾਰ ਜਦੋਂ ਉਨ੍ਹਾਂ ਨੂੰ ਭਾਰਤੀ ਪਛਾਣ ਪੱਤਰ ਮਿਲ ਜਾਂਦਾ ਹੈ, ਤਾਂ ਉਹ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਚਲੇ ਜਾਂਦੇ ਹਨ। ਉਹ ਕੋਨੇ-ਕੋਨੇ ਵਿਚ ਫੈਲ ਜਾਂਦੇ ਹਨ ਅਤੇ ਆਮ ਨਾਗਰਿਕਾਂ ਨਾਲ ਰਲ ਜਾਂਦੇ ਹਨ। ਫਿਰ ਉਨ੍ਹਾਂ ਨੂੰ ਲੱਭਣਾ ਇਕ ਚੁਣੌਤੀ ਬਣ ਜਾਂਦਾ ਹੈ।

ਸਾਡੀਆਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਇਸ ਖ਼ਤਰੇ ਬਾਰੇ ਲਗਾਤਾਰ ਚਿਤਾਵਨੀ ਦਿੰਦੀਆਂ ਰਹੀਆਂ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਇਹ ਲੋਕ, ਜੋ ਲੱਖਾਂ ਦੀ ਗਿਣਤੀ ਵਿਚ ਆਏ ਹਨ, ਗੈਰ-ਕਾਨੂੰਨੀ ਤੌਰ ’ਤੇ ਭਾਰਤ ਵਿਚ ਵਸ ਗਏ ਹਨ, ਤਾਂ ਉਨ੍ਹਾਂ ਨੂੰ ਲੱਭਣਾ ਪਵੇਗਾ। ਕਿੰਨੇ ਲੋਕਾਂ ਨੇ ਜਾਅਲੀ ਪਛਾਣ ਪੱਤਰ ਬਣਾਏ ਹਨ? ਕਿੰਨੇ ਬੰਗਲਾਦੇਸ਼ੀਆਂ ਨੇ ਭਾਰਤੀ ਪਾਸਪੋਰਟ ਪ੍ਰਾਪਤ ਕੀਤੇ ਹਨ ਅਤੇ ਭਾਰਤੀ ਹੋਣ ਦਾ ਦਿਖਾਵਾ ਕਰ ਕੇ ਵਿਦੇਸ਼ਾਂ ਵਿਚ ਘੁੰਮ ਰਹੇ ਹਨ? ਇਹ ਨਾ ਸਿਰਫ਼ ਸਾਡੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਹੈ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਵੀ ਢਾਅ ਲਗਾ ਰਿਹਾ ਹੈ। ਜੇਕਰ ਕੋਈ ਬੰਗਲਾਦੇਸ਼ੀ ਜਾਅਲੀ ਭਾਰਤੀ ਪਾਸਪੋਰਟ ’ਤੇ ਵਿਦੇਸ਼ ਵਿਚ ਮਿਆਦ ਪੂਰੀ ਕਰਦਾ ਹੈ ਜਾਂ ਕਿਸੇ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਦੂਜੇ ਦੇਸ਼ ਉਸ ਨੂੰ ਭਾਰਤੀ ਨਾਗਰਿਕ ਮੰਨਦੇ ਹਨ ਅਤੇ ਭਾਰਤ ’ਤੇ ਸਵਾਲ ਉਠਾਉਂਦੇ ਹਨ। ਇਸ ਨਾਲ ਭਾਰਤੀ ਪਾਸਪੋਰਟ ਦੀ ਸਾਖ ਖਰਾਬ ਹੁੰਦੀ ਹੈ।

ਹੈਰਾਨੀ ਦੀ ਗੱਲ ਹੈ ਕਿ ਇਥੇ 12 ਫੀਸਦੀ ਬੰਗਲਾਦੇਸ਼ੀ ਹਵਾਈ ਰਸਤੇ ਭਾਰਤ ਆਉਂਦੇ ਹਨ, ਬਾਕੀ ਰੇਲ ਅਤੇ ਸੜਕ ਰਾਹੀਂ ਆਉਂਦੇ ਹਨ, ਜੋ ਸਰਹੱਦ ’ਤੇ ਨਿਗਰਾਨੀ ਦੇ ਬਾਵਜੂਦ ਘੁਸਪੈਠ ਦਾ ਇਕ ਆਸਾਨ ਸਾਧਨ ਬਣ ਜਾਂਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਭਾਰਤ ਦੀ ਉਦਾਰਤਾ ਦੀ ਦੁਰਵਰਤੋਂ ਹੁਣ ਇਕ ਗੰਭੀਰ ਸਮੱਸਿਆ ਬਣ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਵੀਜ਼ਾ ਨੀਤੀਆਂ ਦੀ ਸਮੀਖਿਆ ਕਰੀਏ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖ਼ਤ ਕਦਮ ਚੁੱਕੀਏ। ਇਨ੍ਹਾਂ ‘‘ਗੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠੀਆਂ’’ ਨੂੰ ਲੱਭਣਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਸਾਡੀ ਉਦਾਰਤਾ ਦਾ ਫਾਇਦਾ ਉਠਾਇਆ ਹੈ ਅਤੇ ਸਾਡੇ ਲੋਕਤੰਤਰ ਨੂੰ ਚੁਣੌਤੀ ਦਿੱਤੀ ਹੈ, ਕਿਉਂਕਿ ਇਹੀ ਬੰਗਲਾਦੇਸ਼ੀ ਫਿਰ ਦੇਸ਼ ਭਰ ਵਿਚ ਨਕਲੀ ਵੋਟਰ ਬਣ ਜਾਂਦੇ ਹਨ। ਇਹ ਸਿਰਫ਼ ਸੁਰੱਖਿਆ ਮੁੱਦਾ ਨਹੀਂ ਹੈ, ਇਹ ਸਾਡੀ ਪ੍ਰਭੂਸੱਤਾ ਅਤੇ ਸਾਡੇ ਨਾਗਰਿਕਾਂ ਦੇ ਅਧਿਕਾਰਾਂ ਦਾ ਵੀ ਮਾਮਲਾ ਹੈ।

ਤੁਹਾਡਾ ਕੀ ਖਿਆਲ ਹੈ, ਭਾਰਤ ਨੂੰ ਆਪਣੀਆਂ ਵੀਜ਼ਾ ਨੀਤੀਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ ?

-ਪੂਰਨਿਮਾ ਸ਼ਰਮਾ


author

Harpreet SIngh

Content Editor

Related News