ਅਸੱਭਿਅਕ ਆਦਤ ਹੈ ਸਾਂਗ ਲਾਉਣਾ

04/07/2017 6:25:28 PM

ਬੰਦੇ ਦੀ ਆਦਤ ਉਨ੍ਹਾਂ ਦਾ ਚਰਿੱਤਰ ਨਿਰਮਾਣ ਕਰਦੀ ਹੈ ਕੰਮ ਕਰਨ ਵਾਲੇ ਸੋਹਣੇ ਬੰਦਿਆਂ ਦੀ ਘਾਟ ਹੁੰਦੀ ਹੈ ਪਰ ਉਂਝ ਰੰਗ ਦੇ ਸੋਹਣੇ ਲੋਕ ਬਥੇਰੇ ਮਿਲ ਜਾਂਦੇ ਹਨ। ਬੰਦੇ ਦੀ ਸ਼ਖਸੀਅਤ ਬਾਰੇ ਕਿਹਾ ਵੀ ਜਾਂਦਾ ਹੈ ਕਿ ''ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ'' ਇਨ੍ਹਾਂ ਸਤਰਾਂ ਨਾਲ ਬੰਦੇ ਦੀ ਸ਼ਖਸੀਅਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵੱਖ-ਵੱਖ ਆਦਤਾਂ ਬੰਦੇ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਨ੍ਹਾਂ ''ਚੋਂ ਸਾਂਗ ਲਾਉਣ ਦੀ ਆਦਤ ਵੀ ਇਕ ਹੈ। ਇਸ ਆਦਤ ਦੇ ਦੋ ਪਹਿਲੂ ਹੁੰਦੇ ਹਨ। ਸਾਂਗ ਲਾਉਣ ਦਾ ਨਾਂਹ ਪੱਖੀ ਪਹਿਲੂ ਬੰਦੇ ਦੇ ਈਰਖਾਲੂ ਸੁਭਾਅ ਨੂੰ ਪ੍ਰਗਟਾਉਂਦਾ ਹੈ ਅਤੇ ਉਸ ਦੀ ਸੌੜੀ ਸੋਚ ਨੂੰ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਦਾ ਹੈ। ਕਿਸੇ ਦੀ ਸਾਂਗ ਲਾਉਣਾ ਬਦਤਮੀਜ਼ੀ ਹੁੰਦੀ ਹੈ। 
ਸਮਾਜ ''ਚ ਈਰਖਾ, ਦਵੈਤ ਅਤੇ ਸੋੜੀ ਸੋਚ ''ਤੋਂ ਸਾਂਗ ਲਾਉਣ ਦਾ ਫੁਰਨਾ ਉਪਜਦਾ ਹੈ। ਅਜਿਹੇ ਵਿਅਕਤੀ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਪਰ ਸਮਾਜ ''ਚ ਥੋਥਾ ਚਨਾ ਹੀ ਹੁੰਦੇ ਹਨ। ਇਹ ਭਾਵਨਾ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਸੜਨ ਦੀ ਸੋਚ ਤੋਂ ਪੈਦਾ ਹੁੰਦੀ ਹੈ। ਸਾਂਗ ਲਾਉਣ ਦੀ ਆਦਤ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਆਦਤਾਂ ਖੂਸ਼ੀਆਂ ਨੂੰ ਤਣਾਅ ''ਚ ਬਦਲਦੀ ਹੈ। ਬੱਚਾ ਪਰਿਵਾਰ ''ਚੋਂ ਜੋ ਕੁੱਝ ਸਿੱਖਦਾ ਹੈ ਉਸ ਦੇ ਚਰਿੱਤਰ ਦਾ ਨਿਰਮਾਣ ਵੀ ਉਸੇ ਦੇ ਸਿਰ ''ਤੇ ਹੁੰਦਾ ਹੈ। ਇਸ ਲਈ ਇਹ ਆਦਤ ਮਾੜੀ ਹੁੰਦੀ ਹੈ। ਸਾਂਗ ਲਾਉਣ ਵਾਲਾ ਆਪਣੀ ਸ਼ਖਸੀਅਤ ਤੋਂ ਬੇਖਬਰ ਹੁੰਦਾ ਹੈ। ਉਸ ਦੀ ਇਹ ਆਦਤ ਬਹੁਤ ਵਾਰੀ ਉਸ ਦੇ ਗਲੇ ਦੀ ਹੱਡੀ ਬਣ ਜਾਂਦੀ ਹੈ। ਦੋ ਤਰਫੀ ਗੱਲ ਇਹ ਹੈ ਕਿ ਕਿਸੇ ਦੀ ਸਾਂਗ ਨਹੀਂ ਲਾਉਂਣੀ ਚਾਹੀਦੀ ਅਤੇ ਕਿਸੇ ਦੇ ਬਾਰੇ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ। ਸਾਂਗ ਲਾਉਣ ਨਾਲੋਂ ਉਨ੍ਹਾਂ ਦੀ ਬਰਾਬਰੀ ਕਰਕੇ ਉਨ੍ਹਾਂ ਦੇ ਬਰਾਬਰ ਬਣੋਂ ਅਤੇ ਸਮਾਜ ''ਚ ਖੁਸ਼ਹਾਲੀ ਦੇ ਨਾਲ-ਨਾਲ ਆਪਣੀ ਸ਼ਖਸੀਅਤ ''ਚ ਵੀ ਨਿਖਾਰ ਲਿਆਓ। 
                                                   ਸੁਖਪਾਲ ਸਿੰਘ ਗਿੱਲ,  (ਅਬਿਆਣਾ ਕਲਾ)
                                                                        98781-11445  


Related News