ਲੋਕਤੰਤਰ ਨੂੰ ਖ਼ਤਰਾ ਸਰਕਾਰ ਤੋਂ ਹੈ ਜਾਂ ਵਿਰੋਧੀ ਧਿਰ ਤੋਂ?
Wednesday, Nov 25, 2026 - 05:01 PM (IST)
ਲੋਕਤੰਤਰ ਨੂੰ ਲੈ ਕੇ ਜਦੋਂ ਵੀ ਚਰਚਾ ਹੁੰਦੀ ਹੈ, ਤਾਂ ਖ਼ਤਰਾ ਹਮੇਸ਼ਾ ਸਰਕਾਰ ਵਲੋਂ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਰਕਾਰ ਤਾਨਾਸ਼ਾਹ ਹੋ ਜਾਵੇਗੀ, ਸੰਸਥਾਵਾਂ ਨੂੰ ਕਮਜ਼ੋਰ ਕਰ ਦੇਵੇਗੀ, ਵਿਰੋਧੀ ਧਿਰ ਦੀ ਆਵਾਜ਼ ਦਬਾਅ ਦੇਵੇਗੀ। ਇਹ ਚਿੰਤਾ ਆਪਣੀ ਜਗ੍ਹਾ ਵਾਜਿਬ ਹੈ। ਮੈਂ ਦੇਸ਼ਹਿਤ ਲਈ ਵਿਰੋਧੀ ਧਿਰ ਦਾ ਸ਼ੁੱਭਚਿੰਤਕ ਹਾਂ, ਲੋਕਤੰਤਰ ਦਾ ਸ਼ੁੱਭਚਿੰਤਕ ਹਾਂ ਅਤੇ ਭਾਰਤ ਦਾ ਸ਼ੁੱਭਚਿੰਤਕ ਹਾਂ। ਮੇਰੀ ਚਿੰਤਾ ਇਹ ਹੈ ਕਿ ਜੇਕਰ ਵਿਰੋਧੀ ਧਿਰ ਹੀ ਕਮਜ਼ੋਰ ਅਤੇ ਦਿਸ਼ਾਹੀਣ ਹੋ ਗਈ, ਤਾਂ ਲੋਕਤੰਤਰ ਨੂੰ ਕੌਣ ਬਚਾਵੇਗਾ? ਮੈਂ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਮਜ਼ਬੂਤ ਹੋਵੇ, ਹਾਂਪੱਖੀ ਹੋਵੇ ਅਤੇ ਜਨਤਾ ਦਰਮਿਆਨ ਖੜ੍ਹੀ ਹੋਵੇ। ਲੋਕਤੰਤਰ ’ਚ ਸਰਕਾਰ ਜੇਕਰ ਇੰਜਣ ਹੈ, ਤਾਂ ਵਿਰੋਧੀ ਧਿਰ ਉਸ ਦੀ ਬ੍ਰੇਕ ਹੈ। ਬ੍ਰੇਕ ਠੀਕ ਨਾ ਹੋਵੇ, ਤਾਂ ਗੱਡੀ ਚਾਹੇ ਕਿੰਨੀ ਵੀ ਸੰਭਲ ਕੇ ਚੱਲੇ, ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਅੱਜ ਸੰਸਦ ’ਚ ਚਰਚਾ ਘੱਟ ਅਤੇ ਰੌਲਾ-ਰੱਪਾ ਜ਼ਿਆਦਾ ਹੈ। ਜੇਕਰ ਵਿਰੋਧੀ ਧਿਰ ਹੀ ਚਰਚਾ ਤੋਂ ਭੱਜੇਗੀ, ਤਾਂ ਮਹਿੰਗਾਈ, ਬੇਰੋਜ਼ਗਾਰੀ, ਕਿਸਾਨ ਦੀ ਪੀੜਾ, ਸਿੱਖਿਆ ਅਤੇ ਸਿਹਤ ਵਰਗੇ ਮੁੱਦੇ ਸਦਨ ’ਚ ਕਿਵੇਂ ਉੱਠਣਗੇ?
ਦੂਜਾ, ਵੋਟ ਚੋਰੀ ਦਾ ਮੁੱਦਾ ਵਿਚਾਰਨਯੋਗ ਹੈ। ਵਿਰੋਧੀ ਧਿਰ ਦਾ ਇਕ ਵਫ਼ਦ 9 ਅਕਤੂਬਰ ਨੂੰ ਰਾਸ਼ਟਰਪਤੀ ਨੂੰ ਮਿਲਿਆ ਅਤੇ ਮੰਗ-ਪੱਤਰ ’ਚ ਪੱਕੇ ਸਬੂਤ ਹੋਣ ਦਾ ਦਾਅਵਾ ਕੀਤਾ। ਰਾਸ਼ਟਰਪਤੀ ਨੇ ਸਬੂਤ ਮੰਗੇ ਅਤੇ ਵਿਰੋਧੀ ਧਿਰ ਨੇ ਜਲਦ ਸਬੂਤ ਸੌਂਪਣ ਦਾ ਭਰੋਸਾ ਦਿੱਤਾ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਨਤਕ ਤੌਰ ’ਤੇ ਉਹ ਸਬੂਤ ਸਾਹਮਣੇ ਨਹੀਂ ਆਇਆ। ਦੋਸ਼ ਲਾਉਣ ਤੋਂ ਪਹਿਲਾਂ ਸਬੂਤ ਜੁਟਾਉਣਾ ਹੀ ਲੋਕਤੰਤਰਿਕ ਮਰਿਆਦਾ ਹੈ।
ਤੀਜਾ, ਵਿਰੋਧੀ ਧਿਰ ਦੀ ਸਭ ਤੋਂ ਵੱਡੀ ਕਮੀ ਸਮੇਂ ’ਤੇ ਕੰਮ ਨਾ ਕਰਨਾ ਹੈ। ਉੱਤਰ ਪ੍ਰਦੇਸ਼ ਦੀ ਉਦਾਹਰਣ ਸਾਹਮਣੇ ਹੈ। ਵਿਧਾਨ ਸਭਾ ਦਾ ਕਾਰਜਕਾਲ 22 ਮਈ, 2027 ਨੂੰ ਸਮਾਪਤ ਹੋਵੇਗਾ ਪਰ ਚੋਣਾਂ ਫਰਵਰੀ-ਮਾਰਚ 2027 ’ਚ ਹੀ ਹੋਣ ਦੀ ਸੰਭਾਵਨਾ ਹੈ। ਇਸ ਦਾ ਅਰਥ ਹੈ ਕਿ ਗੱਠਜੋੜ ਕੋਲ ਹੁਣ ਸਿਰਫ਼ ਦਸੰਬਰ ਅਤੇ ਜਨਵਰੀ ਦੇ 2 ਮਹੀਨੇ ਬਚੇ ਹਨ।
ਗੱਠਜੋੜ ਕਾਗਜ਼ ’ਤੇ ਨਹੀਂ, ਮਨ ਨਾਲ ਬਣਦਾ ਹੈ। ਪਹਿਲਾਂ ਕੇਂਦਰ ਦੇ ਨੇਤਾਵਾਂ ਦੇ ਮਨ ਮਿਲਣੇ ਚਾਹੀਦੇ ਹਨ, ਫਿਰ ਪ੍ਰਦੇਸ਼ ਦੇ ਨੇਤਾਵਾਂ ਦੇ, ਫਿਰ ਵਿਧਾਨ ਸਭਾ ਅਤੇ ਬੂਥ ਪੱਧਰ ਦੇ ਵਰਕਰਾਂ ਦੇ। ਬੂਥ ’ਤੇ ਜਦੋਂ ਵਰਕਰਾਂ ਦੇ ਮਨ ਮਿਲਦੇ ਹਨ, ਤਦ ਹੀ ਇਕ ਪਾਰਟੀ ਦੀ ਵੋਟ ਦੂਜੀ ਪਾਰਟੀ ਨੂੰ ਟਰਾਂਸਫਰ ਹੁੰਦੀ ਹੈ। ਇਸ ਪ੍ਰਕਿਰਿਆ ਲਈ ਘੱਟੋ-ਘੱਟ 3-4 ਮਹੀਨੇ ਦਾ ਸਮਾਂ ਚਾਹੀਦਾ ਹੈ। 2 ਮਹੀਨੇ ’ਚ ਇਹ ਸੰਭਵ ਨਹੀਂ।
ਅੱਜ 5 ਵਿਧਾਨ ਸਭਾਵਾਂ ਦੀਆਂ ਚੋਣਾਂ ਸਿਰ ’ਤੇ ਹਨ-ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ। ਅਜਿਹੇ ਸਮੇਂ ’ਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਉਨ੍ਹਾਂ ਰਾਜਾਂ ’ਚ ਜਾ ਕੇ ਵਰਕਰਾਂ ਤੋਂ ਫੀਡਬੈਕ ਲੈਣਾ ਚਾਹੀਦਾ ਹੈ, ਗੱਠਜੋੜ ਨੂੰ ਜਲਦੀ ਅੰਤਿਮ ਰੂਪ ਦੇਣਾ ਚਾਹੀਦਾ ਹੈ। ਸਪਾ, ਏ. ਆਈ. ਐੱਮ. ਆਈ. ਐੱਮ. ਅਤੇ ਹੋਰ ਖੇਤਰੀ ਪਾਰਟੀਆਂ ਆਪਣੇ-ਆਪਣੇ ਰਾਜਾਂ ’ਚ ਸਰਗਰਮ ਹਨ, ਪਰ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਮੈਦਾਨ ’ਚ ਨਹੀਂ ਦਿਸ ਰਹੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਨੂੰ ਚੋਣਾਂ ਵਾਲੇ ਰਾਜਾਂ ’ਚ ਵਰਕਰਾਂ ਦਰਮਿਅਾਨ ਹੋਣਾ ਚਾਹੀਦਾ ਸੀ, ਪਰ ਉਹ ਜਨਤਾ ਤੋਂ ਕੱਟੇ ਹੋਏ ਮੁੱਦਿਆਂ ’ਤੇ ਵਧੇਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ ਅਤੇ ਕਈ ਵਾਰ ਚੋਣਾਂ ਵਾਲੇ ਰਾਜਾਂ ਦੀ ਬਜਾਏ ਵਿਦੇਸ਼ ਯਾਤਰਾਵਾਂ ’ਚ ਵੱਧ ਦਿਖਾਈ ਦੇ ਰਹੇ ਹਨ। ਵਿਦੇਸ਼ ’ਚ ਬੈਠ ਕੇ ਭਾਸ਼ਣ ਦੇਣ ਨਾਲ ਬੂਥ ਦੇ ਵਰਕਰ ਨੂੰ ਹਿੰਮਤ ਨਹੀਂ ਮਿਲਦੀ।
ਕਾਂਗਰਸ ਵਰਕਰ ਅਤੇ ਸ਼ੁੱਭਚਿੰਤਕ ਵੀ ਆਪਣੀ ਪਾਰਟੀ ਨੂੰ ਲੈ ਕੇ ਚਿੰਤਤ ਦਿਖਾਈ ਦਿੰਦੇ ਹਨ। ਉਹ ਆਪਣੇ ਨੇਤਾਵਾਂ ਤੋਂ ਨਾਰਾਜ਼ ਨਹੀਂ, ਆਪਣੀ ਪਾਰਟੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਜਿਵੇਂ ਪਿਤਾ ਆਪਣੇ ਬੇਟੇ ਨੂੰ ਸੁਧਾਰਨ ਲਈ, ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਸੁਧਾਰਨ ਲਈ ਕੌੜੇ ਸ਼ਬਦ ਕਹਿੰਦਾ ਹੈ, ਪਰ ਮਨ ’ਚ ਉਸ ਲਈ ਭਲਾਈ ਹੀ ਹੁੰਦੀ ਹੈ, ਉਵੇਂ ਹੀ ਇਹ ਗੱਲਾਂ ਵਿਰੋਧੀ ਧਿਰ ਦੀ ਭਲਾਈ ਲਈ ਕਹੀਆਂ ਜਾ ਰਹੀਆਂ ਹਨ।
2024 ਦੀਆਂ ਲੋਕ ਸਭਾ ਚੋਣਾਂ ਨੇ ਸਿੱਧ ਕਰ ਦਿੱਤਾ ਕਿ ਵੋਟ ਫੀਸਦੀ ਤੋਂ ਵੱਧ ਮਹੱਤਵਪੂਰਨ ਵੋਟ ਦਾ ਖਿੰਡਾਅ ਰੋਕਣਾ ਹੈ। 2014 ’ਚ ਭਾਜਪਾ ਨੂੰ 31 ਫੀਸਦੀ ਵੋਟ ’ਤੇ 282 ਸੀਟਾਂ ਮਿਲੀਆਂ, ਕਿਉਂਕਿ ਵਿਰੋਧੀ ਧਿਰ ਦੀ ਵੋਟ ਵੰਡੀ ਹੋਈ ਸੀ। 2024 ’ਚ ਭਾਜਪਾ ਨੂੰ ਲੱਗਭਗ 37 ਫੀਸਦੀ ਵੋਟਾਂ ਮਿਲਣ ਦੇ ਬਾਅਦ ਵੀ ਸੀਟਾਂ 240 ਰਹਿ ਗਈਆਂ, ਕਿਉਂਕਿ ਵਿਰੋਧੀ ਧਿਰ ਨੇ ਇਕਜੁੱਟ ਹੋ ਕੇ ਵੋਟ ਖਿੰਡਾਅ ਨੂੰ ਰੋਕਿਆ। ਜੇਕਰ 2027 ’ਚ ਗੱਠਜੋੜ ਸਮੇਂ ’ਤੇ ਨਹੀਂ ਹੋਇਆ, ਤਾਂ 2024 ਵਾਲਾ ਲਾਭ ਖੁੱਸ ਜਾਵੇਗਾ।
ਵਰਕਰ ਨੂੰ ਚੋਣਾਂ ਦੇ ਸਮੇਂ ਹੀ ਨਹੀਂ, ਪੂਰੇ 5 ਸਾਲ ਜਨਤਾ ਦਰਮਿਅਾਨ ਰਹਿਣਾ ਚਾਹੀਦਾ ਹੈ। ਅੰਦੋਲਨ ਦੌਰਾਨ ਬੱਸਾਂ ਸਾੜਨਾ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਪੱਥਰਬਾਜ਼ੀ ਕਰਨਾ-ਇਸ ਨਾਲ ਵਰਕਰ ਨੂੰ ਇਕ ਦਿਨ ਦੀ ਫੋਟੋ ਤਾਂ ਮਿਲ ਜਾਂਦੀ ਹੈ, ਪਰ ਜਨਤਾ ਦਾ ਭਰੋਸਾ ਨਹੀਂ ਮਿਲਦਾ। ਭਰੋਸਾ ਤਦ ਮਿਲਦਾ ਹੈ, ਜਦੋਂ ਵਰਕਰ ਪਿੰਡ ’ਚ, ਮੁਹੱਲੇ ’ਚ, ਹਰ ਸਮੇਂ ਜਨਤਾ ਦੇ ਕੰਮ ਆਉਂਦਾ ਹੈ।
ਅਖੀਰ ’ਚ, ਸਵਾਲ ਲੀਡਰਸ਼ਿਪ ਦਾ ਵੀ ਹੈ। ਜੇਕਰ ਵਾਰ-ਵਾਰ ਭੋਜਨ ਖ਼ਰਾਬ ਬਣੇ, ਤਾਂ ਵਾਰ-ਵਾਰ ਮਸਾਲੇ ਬਦਲਣ ਨਾਲ ਕੰਮ ਨਹੀਂ ਚੱਲਦਾ, ਇਕ ਵਾਰ ਰਸੋਈਆ ਵੀ ਬਦਲ ਕੇ ਦੇਖਣਾ ਚਾਹੀਦਾ ਹੈ। ਕਾਂਗਰਸ ’ਚ ਵਾਰ-ਵਾਰ ਪ੍ਰਦੇਸ਼ ਪ੍ਰਧਾਨ, ਇੰਚਾਰਜ ਅਤੇ ਰਣਨੀਤੀਕਾਰ ਬਦਲੇ ਗਏ, ਪਰ ਫ਼ੈਸਲਾ ਲੈਣ ਦਾ ਤਰੀਕਾ ਉਹੀ ਰਿਹਾ।
ਲੋਕਤੰਤਰ ਨੂੰ ਖ਼ਤਰਾ ਸਿਰਫ ਸਰਕਾਰ ਦੀ ਮਨਮਰਜ਼ੀ ਤੋਂ ਨਹੀਂ, ਵਿਰੋਧੀ ਧਿਰ ਦੀ ਕਮਜ਼ੋਰੀ ਤੋਂ ਵੀ ਹੈ। ਇਸ ਲਈ ਵਿਰੋਧੀ ਧਿਰ ਨੂੰ 2 ਕੰਮ ਤੁਰੰਤ ਕਰਨੇ ਚਾਹੀਦੇ ਹਨ, ਪਹਿਲਾ, ਸੰਸਦ ’ਚ ਰੌਲੇ ਦੀ ਬਜਾਏ ਠੋਸ ਏਜੰਡੇ ਦੇ ਨਾਲ ਚਰਚਾ ਕਰੇ। ਦੂਜਾ, ਚੋਣਾਂ ਤੋਂ ਘੱਟੋ-ਘੱਟ 6 ਮਹੀਨੇ ਪਹਿਲਾਂ ਗੱਠਜੋੜ ਅਤੇ ਸੀਟ ਵੰਡ ਤੈਅ ਕਰੇ। ਮੇਰਾ ਉਦੇਸ਼ ਵਿਰੋਧੀ ਧਿਰ ਨੂੰ ਕਮਜ਼ੋਰ ਦੱਸਣਾ ਨਹੀਂ ਹੈ, ਬਲਕਿ ਇਹ ਹੈ ਕਿ ਵਿਰੋਧੀ ਧਿਰ ਮਜ਼ਬੂਤ ਬਣੇ, ਹਾਂਪੱਖੀ ਬਣੇ ਅਤੇ ਜਨਤਾ ਦਾ ਭਰੋਸਾ ਜਿੱਤੇ, ਕਿਉਂਕਿ ਮਜ਼ਬੂਤ ਵਿਰੋਧੀ ਧਿਰ ਹੀ ਲੋਕਤੰਤਰ ਦੀ ਸਭ ਤੋਂ ਵੱਡੀ ਰੱਖਿਆ ਹੈ।
ਰਾਜੇਸ਼ ਕੁਮਾਰ
