ਕੈਨੇਡਾ ਗਏ ਭਾਰਤੀ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ, ਵਤਨ ਵਾਪਸੀ ਦਾ ਰੁਝਾਨ ਪੈਦਾ ਹੋਣ ਲੱਗਾ !

Wednesday, Jul 24, 2024 - 02:58 AM (IST)

ਕੈਨੇਡਾ ਗਏ ਭਾਰਤੀ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ, ਵਤਨ ਵਾਪਸੀ ਦਾ ਰੁਝਾਨ ਪੈਦਾ ਹੋਣ ਲੱਗਾ !

ਦੇਸ਼ ’ਚ ਰੋਜ਼ਗਾਰ ਦੇ ਮੌਕਿਆਂ ਦੀ ਭਾਰੀ ਕਮੀ ਦੇ ਕਾਰਨ ਵੱਡੀ ਗਿਣਤੀ ’ਚ ਨੌਜਵਾਨ ਸਿੱਖਿਆ, ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੀਆਂ ਬਿਹਤਰ ਸਹੂਲਤਾਂ ਲਈ ਹੋਰਨਾਂ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਜਾ ਰਹੇ ਹਨ ਪਰ ਹੁਣ ਕੈਨੇਡਾ ’ਚ ਭਾਰਤੀ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਨੇਡਾ ਗਏ ਭਾਰਤੀ ਨੌਜਵਾਨਾਂ, ਜਿਨ੍ਹਾਂ ’ਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ, ਨੂੰ ਬੇਹੱਦ ਖਰਾਬ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਉੱਥੇ ਰਹਿਣ ਲਈ ਮਕਾਨਾਂ ਤੋਂ ਲੈ ਕੇ ਸਿੱਖਿਆ ਸੰਸਥਾਨਾਂ ਅਤੇ ਕੰਮ ਵਾਲੇ ਸਥਾਨਾਂ ’ਤੇ ਮੁਸ਼ਕਲਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਮੰਨਿਆ ਹੈ ਕਿ ‘‘ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਧੋਖਾਦੇਹੀ ਦਾ ਸ਼ਿਕਾਰ ਹੋਏ ਹਨ।’’ ਕੈਨੇਡਾ ’ਚ ਮਕਾਨਾਂ ਦੀ ਵੱਡੀ ਸਮੱਸਿਆ ਹੈ। ਬੇਸਮੈਂਟਾਂ ’ਚ 20-20, 25-25 ਲੜਕੇ-ਲੜਕੀਆਂ ਇਕੱਠੇ ਰਹਿਣ ਲਈ ਮਜਬੂਰ ਹੋ ਰਹੇ ਹਨ ਜਿੱਥੇ ਕੋਈ ਨਿੱਜਤਾ ਨਹੀਂ ਹੈ।

ਹਾਲਾਤ ਇਹ ਹਨ ਕਿ ਭਾਰਤ ’ਚ ਆਪਣੇ ਮਾਤਾ-ਪਿਤਾ ਨੂੰ ਰੁਪਏ ਕਮਾ ਕੇ ਭੇਜਣ ਦੀ ਬਜਾਏ ਉਹ ਖੁਦ ਉਨ੍ਹਾਂ ਤੋਂ ਪੈਸੇ ਮੰਗਵਾ ਕੇ ਗੁਜ਼ਾਰਾ ਕਰ ਰਹੇ ਹਨ। ਅਸਲ ’ਚ ਕੈਨੇਡਾ ’ਚ ਲੋਕਾਂ ਦੀ ਆਬਾਦੀ ਵਧ ਗਈ ਹੈ ਤੇ ਕੰਮ ਘੱਟ ਗਿਆ ਹੈ।

ਇਸੇ ਕਾਰਨ ਡਿਪ੍ਰੈਸ਼ਨ ਅਤੇ ਹੋਰ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਭਾਰਤੀ ਨੌਜਵਾਨ ਨਸ਼ਿਆਂ ਦੀ ਸ਼ਰਨ ’ਚ ਵੀ ਜਾ ਰਹੇ ਹਨ ਅਤੇ ਹਾਲਾਤ ਇੰਨੇ ਖਰਾਬ ਹਨ ਕਿ ਲੜਕੀਆਂ ਨੂੰ ਆਪਣਾ ਖਰਚਾ ਚਲਾਉਣ ਲਈ ਵੇਸਵਾਪੁਣਾ ਤੱਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਕੋਲੋਂ ਜਬਰੀ ਵਸੂਲੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ ਅਤੇ ਸੰਗਠਿਤ ਅਪਰਾਧੀ ਗਿਰੋਹਾਂ ਵੱਲੋਂ ਦੱਖਣੀ ਏਸ਼ੀਆਈ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਧਮਕਾਉਣ ਅਤੇ ਉਨ੍ਹਾਂ ਤੋਂ ਪ੍ਰੋਟੈਕਸ਼ਨ ਮਨੀ ਤੱਕ ਦੀ ਮੰਗ ਕੀਤੀ ਜਾਣ ਲੱਗੀ ਹੈ।

ਉੱਥੇ ਜਬਰੀ ਵਸੂਲੀ ਦੇ ਸ਼ਿਕਾਰ ਪਰਮਿੰਦਰ ਸਿੰਘ ਸੰਘੇੜਾ ਦਾ ਇਕ ਵੀਡੀਓ ਹਾਲ ਹੀ ’ਚ ਸਾਹਮਣੇ ਆਇਆ, ਜਿਸ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ‘‘ਇੱਥੋਂ ਦੇ ਸਿਆਸੀ ਨੇਤਾਵਾਂ ਨੇ ਕੈਨੇਡਾ ਨੂੰ ਇਕ ਤੀਜੇ ਦਰਜੇ ਦਾ ਦੇਸ਼ ਬਣਾ ਦਿੱਤਾ ਹੈ। ਲੋਕਾਂ ਦਾ ਕੰਮ-ਧੰਦਾ ਠੱਪ ਹੋ ਜਾਣ ਕਾਰਨ ਬੇਰੋਜ਼ਗਾਰੀ ਵਧ ਗਈ ਹੈ।’’

ਸਰਦੀਆਂ ਦੇ ਦਿਨਾਂ ’ਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ’ਚ ਵਿਦਿਆਰਥੀਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗਦੀਆਂ ਹਨ, ਜਿਨ੍ਹਾਂ ’ਚੋਂ ਕੁਝ ਕੁ ਨੂੰ ਹੀ ਨੌਕਰੀ ਮਿਲ ਪਾਉਂਦੀ ਹੈ। ਰੋਜ਼ੀ-ਰੋਟੀ ਦੇ ਖਰਚੇ, ਕਾਲਜ ਦੀ ਫੀਸ ਅਤੇ ਨੌਕਰੀ ਦਾ ਕੋਈ ਭਰੋਸਾ ਨਾ ਹੋਣ ਦੇ ਕਾਰਨ ਖਾਸ ਤੌਰ ’ਤੇ ਕੈਨੇਡਾ ਗਏ ਨਵੇਂ ਵਿਦਿਆਰਥੀਆਂ ਦੇ ਮਨ ’ਚ ਹਮੇਸ਼ਾ ਚਿੰਤਾ ਬਣੀ ਰਹਿੰਦੀ ਹੈ।

ਬ੍ਰੈਂਪਟਨ ’ਚ ਇਕ ਨਿੱਜੀ ‘ਫਿਊਨਰਲ ਹੋਮ’ ਦਾ ਕੰਮਕਾਜ ਦੇਖਣ ਵਾਲੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਇੱਥੇ ਕੌਮਾਂਤਰੀ ਵਿਦਿਆਰਥੀਆਂ ਦੀ ਮੌਤ ਦਰ ’ਚ ਕਾਫੀ ਵਾਧਾ ਹੋਇਆ ਹੈ। ਕੁਦਰਤੀ ਮੌਤਾਂ ਅਤੇ ਹਾਦਸਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਇਲਾਵਾ ਕੁਝ ਮੌਤਾਂ ਦਾ ਕਾਰਨ ਆਤਮਹੱਤਿਆ ਅਤੇ ਨਸ਼ਿਆਂ ਦੀ ਓਵਰਡੋਜ਼ ਅਤੇ ਨਸ਼ੇ ’ਚ ਵਾਹਨ ਚਲਾਉਣਾ ਵੀ ਹੈ।

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਜਿੱਥੇ ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਦੇਸ਼ ’ਚ ਵਿਦੇਸ਼ੀਆਂ ਦੀ ਗਿਣਤੀ ਘੱਟ ਕਰਨ ਦੇ ਯਤਨਾਂ ’ਚ ਲੱਗੀ ਹੈ, ਉੱਥੇ ਹੀ ਕੈਨੇਡਾ ਗਏ ਪ੍ਰਵਾਸੀਆਂ ਨੂੰ ਬੇਰੋਜ਼ਗਾਰੀ ਦੀ ਮਾਰ ਝੱਲਣੀ ਪੈ ਰਹੀ ਹੈ।

ਕੈਨੇਡਾ ’ਚ ਕੰਪਨੀਆਂ ਉੱਚ ਵਿਆਜ ਦਰਾਂ ਨਾਲ ਜੂਝ ਰਹੀਆਂ ਹਨ। ਇਸੇ ਕਾਰਨ ਉਹ ਪਿਛਲੇ 2 ਸਾਲਾਂ ਤੋਂ ਨੌਕਰੀਆਂ ਦੇਣ ’ਚ ਝਿਜਕ ਰਹੀਆਂ ਹਨ। ਪ੍ਰਵਾਸੀਆਂ ਦੀ ਭਾਰੀ ਆਮਦ ਦੇ ਕਾਰਨ 1957 ਤੋਂ ਬਾਅਦ ਪਿਛਲੇ 67 ਸਾਲਾਂ ’ਚ ਕੈਨੇਡਾ ਦੀ ਆਬਾਦੀ ’ਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਸਮਾਂ ਪਹਿਲਾਂ ਇਕ ਭਾਸ਼ਣ ਦੌਰਾਨ ਕਿਹਾ ਸੀ ਕਿ ‘‘ਅਸੀਂ ਇਸ ’ਚ ਕਮੀ ਲਿਆਉਣਾ ਚਾਹੁੰਦੇ ਹਾਂ।’’

ਕਿਉਂਕਿ ਕੈਨੇਡਾ ’ਚ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ’ਚ ਸਭ ਤੋਂ ਵੱਧ ਲੋਕ ਭਾਰਤੀ ਹਨ, ਇਸ ਲਈ ਉਨ੍ਹਾਂ ’ਤੇ ਬੇਰੋਜ਼ਗਾਰੀ ਦੀ ਸਭ ਤੋਂ ਵੱਧ ਮਾਰ ਪੈਣ ਦਾ ਖਦਸ਼ਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚਾਲੇ ਕੈਨੇਡਾ ’ਚ ਰਹਿਣ ਵਾਲੇ ਕਈ ਨੌਜਵਾਨ ਵਾਪਸ ਦੇਸ਼ ਪਰਤਣ ਤੱਕ ਦੇ ਵਿਸ਼ੇ ’ਚ ਸੋਚਣ ਲੱਗੇ ਹਨ। ਇਸ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੇ ਇੱਥੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਤਾਂ ਕਿ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਰੁਝਾਨ ਰੁਕ ਸਕੇ। 

-ਵਿਜੇ ਕੁਮਾਰ


author

Harpreet SIngh

Content Editor

Related News