ਜ਼ੁਬਾਨੀ ਜੰਗ ਦੇ ਚੱਕਰਵਿਊ ’ਚ ਫਸੀਆਂ ਆਮ ਚੋਣਾਂ

Tuesday, May 21, 2024 - 07:45 PM (IST)

ਜ਼ੁਬਾਨੀ ਜੰਗ ਦੇ ਚੱਕਰਵਿਊ ’ਚ ਫਸੀਆਂ ਆਮ ਚੋਣਾਂ

ਮਜ਼ਬੂਤ ​​ਲੋਕਤੰਤਰ ਲਈ ਇਕ ਮਜ਼ਬੂਤ ​​ਵਿਰੋਧੀ ਧਿਰ ਦੀ ਓਨੀ ਹੀ ਲੋੜ ਹੁੰਦੀ ਹੈ ਜਿੰਨੀ ਸਰਕਾਰ ਚਲਾਉਣ ਲਈ ਬਹੁਮਤ ਦੀ ਲੋੜ ਹੁੰਦੀ ਹੈ। ਇਸ ਗੱਲ ਤੋਂ ਪਹਿਲਾਂ ਨਾ ਕਦੇ ਕਿਸੇ ਨੇ ਇਨਕਾਰ ਕੀਤਾ ਹੈ ਅਤੇ ਨਾ ਹੀ ਹੁਣ ਕੋਈ ਇਨਕਾਰ ਕਰ ਸਕਦਾ ਹੈ। ਹੁਣ ਤਾਂ ਉਹ ਮਿਸਾਲ ਵੀ ਇਤਿਹਾਸ ਬਣ ਗਈ ਹੈ ਜਦੋਂ ਲੋਕ ਸੱਤਾ ਵਿਚ ਆਉਣ ਲਈ ਨਹੀਂ ਸਗੋਂ ਮਜ਼ਬੂਤ ​​ਵਿਰੋਧੀ ਧਿਰ ਲਈ ਵੋਟਾਂ ਮੰਗਦੇ ਸਨ। ਭਾਰਤੀ ਲੋਕਤੰਤਰ ਨੇ ਉਹ ਦੌਰ ਵੀ ਦੇਖਿਆ ਹੈ ਜਦੋਂ 1957 ਵਿਚ ਅਟਲ ਜੀ ਵਰਗੀ ਸ਼ਖ਼ਸੀਅਤ ਆਪਣੇ ਵਿਰੋਧੀ ਨੂੰ ਹੀ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਏ ਸੀ।ਦੇਸ਼ ਦੀਆਂ ਦੂਜੀਆਂ ਆਮ ਚੋਣਾਂ ਵਿਚ, ਅਟਲ ਜੀ ਨੇ ਖੁਦ ਮਥੁਰਾ ਸੀਟ ਤੋਂ ਆਪਣੀ ਕਰਾਰੀ ਹਾਰ ਦਾ ਸੱਦਾ ਦਿੱਤਾ ਅਤੇ ਆਪਣੇ ਵਿਰੋਧੀ ਰਾਜਾ ਮਹਿੰਦਰ ਪ੍ਰਤਾਪ ਸਿੰਘ ਲਈ ਵੋਟਾਂ ਮੰਗੀਆਂ ਅਤੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲਈ। ਅਟਲ ਜੀ ਦੀ ਇਸ ਯੋਗਤਾ ਅਤੇ ਸਿਆਸੀ ਸ਼ੁੱਧਤਾ ਨੇ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ।

ਅਟਲ ਜੀ ਉਹ ਵਿਰਲੇ ਸਿਆਸਤਦਾਨ ਸਨ, ਜਿਨ੍ਹਾਂ ਨੂੰ ਆਪਣੇ ਸੰਸਦੀ ਜੀਵਨ ਦੀ ਸ਼ੁਰੂਆਤ ਵਿਚ ਹੀ ਕੱਟੜ ਵਿਰੋਧੀ ਧਿਰ ਵਿਚ ਹੋਣ ਦੇ ਬਾਵਜੂਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਸ਼ੰਸਾ ਮਿਲੀ ਸੀ। 1957 ਵਿਚ ਸੋਵੀਅਤ ਯੂਨੀਅਨ ਦੇ ਪ੍ਰਧਾਨ ਮੰਤਰੀ ਨਿਕਿਤਾ ਖਰੁਸ਼ਚੇਵ ਦੀ ਦਿੱਲੀ ਫੇਰੀ ਦੌਰਾਨ ਨਹਿਰੂ ਜੀ ਨੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਦੀ ਇਕ ਨੌਜਵਾਨ ਸੰਸਦ ਮੈਂਬਰ ਵਜੋਂ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਨੂੰ ਭਵਿੱਖ ਦੇ ਪ੍ਰਧਾਨ ਮੰਤਰੀਆਂ ਵਿਚੋਂ ਇਕ ਦੱਸਿਆ ਸੀ।

ਹੁਣ ਇਹ ਸਭ ਇਤਿਹਾਸ ਦੇ ਪੰਨਿਆਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਅੱਜ ਦੇਸ਼ ਵਿਚ ਕਦੇ ਕਾਂਗਰਸ ਮੁਕਤ ਭਾਰਤ ਦੀ ਗੱਲ ਹੁੰਦੀ ਹੈ ਅਤੇ ਕਦੇ ਕਾਂਗਰਸ ਰਲ਼ੀ ਭਾਜਪਾ ਦੀ। ਸ਼ਾਇਦ ਭਾਰਤ ਦੇ ਲੋਕਤੰਤਰ ਲਈ ਕੁਰਬਾਨੀਆਂ ਦੇਣ ਵਾਲੇ ਵੋਟਰਾਂ ਨੇ ਵੀ ਇਸੇ ਕਾਰਨ ਚੁੱਪ ਧਾਰੀ ਹੋਈ ਹੈ? ਯਕੀਨਨ ਇਹ ਆਮ ਚੋਣਾਂ ਵੋਟਰਾਂ ਦੀ ਚੁੱਪ ਨੂੰ ਲੈ ਕੇ ਇਕ ਵੱਖਰੀ ਤਰ੍ਹਾਂ ਦੀ ਚਰਚਾ ਵਿਚ ਹਨ। ਹੁਣ ਤੱਕ 5 ਗੇੜਾਂ ਦੀਆਂ ਚੋਣਾਂ ਤੋਂ ਬਾਅਦ ਇਹ ਸਮਝਿਆ ਗਿਆ ਹੈ ਕਿ ਭਾਰਤ ਦਾ ਸਿਆਣਾ ਅਤੇ ਸਮਝਦਾਰ ਵੋਟਰ ਦਲ-ਬਦਲੀ ਦੀ ਬਦਲੀ ਹੋਈ ਸਿਆਸਤ ਤੋਂ ਜ਼ਰੂਰ ਹੈਰਾਨ ਹੈ। ਕੀ ਇਹ ਹੋ ਸਕਦਾ ਹੈ ਕਿ ਵੋਟਰ ਇਸ ਭਰੋਸੇ ਦੀ ਗਾਰੰਟੀ ਬਾਰੇ ਚੁੱਪ ਧਾਰ ਰਿਹਾ ਹੋਵੇ ਕਿ ਉਸ ਦੀ ਵੋਟ ਉਸ ਪਾਰਟੀ ਵਿਚ ਤਬਦੀਲ ਨਹੀਂ ਹੋਵੇਗੀ ਜਿਸ ਨੂੰ ਉਹ ਨਹੀਂ ਚਾਹੁੰਦਾ ਸੀ? ਸ਼ਾਇਦ ਇਹ ਸੱਚ ਵੀ ਵੋਟਰਾਂ ਦੀ ਬੇਰੁਖ਼ੀ ਅਤੇ ਚੁੱਪ ਦਾ ਕਾਰਨ ਹੈ?

ਭਾਵੇਂ ਇਹ ਕਹਿ ਲਿਆ ਜਾਵੇ ਕਿ ਕੜਾਕੇ ਦੀ ਗਰਮੀ ਕਾਰਨ ਉਤਸ਼ਾਹ ਘਟ ਗਿਆ, ਜੋ ਕਿ ਅਰਥਹੀਣ ਹੈ। ਇਸ ਤੋਂ ਪਹਿਲਾਂ 2014 ਅਤੇ ਫਿਰ 2019 ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਵਿਚ ਚੋਣਾਂ ਹੋਈਆਂ ਸਨ। ਉਦੋਂ ਵੀ ਇਸ ਤਰ੍ਹਾਂ ਹੀ ਗਰਮੀ ਸੀ। ਮੌਜੂਦਾ ਸਮੇਂ ਵਿਚ 2024 ਦੀਆਂ ਆਮ ਚੋਣਾਂ ਦਰਮਿਆਨ ਹੁਣ ਤੱਕ ਦੇ ਪੜਾਵਾਂ ਵਿਚ ਬੱਦਲ, ਪਾਣੀ, ਤੂਫਾਨ, ਗੜਿਆਂ ਨੇ ਸਾਨੂੰ ਕੁਦਰਤ ਦੀ ਉਹ ਗਰਮੀ ਮਹਿਸੂਸ ਨਹੀਂ ਹੋਣ ਦਿੱਤੀ ਜੋ ਆਮ ਤੌਰ ’ਤੇ ਹੋਣੀ ਚਾਹੀਦੀ ਹੈ।

ਕੀ ਵੋਟਰਾਂ ਨੂੰ ਆਪਣੀ ਹਰ ਵੋਟ ਦੀ ਚਿੰਤਾ ਹੈ? ਕੀ ਅਜਿਹਾ ਤਾਂ ਨਹੀਂ ਕਿ ਪਹਿਲਾਂ ਹੀ ਦਿੱਤੀਆਂ ਗਈਆਂ ਵੋਟਾਂ ਨੂੰ ਕਨਵਰਟ ਕਰਨ ਵਾਲਾ ਦਲ-ਬਦਲੀ ਰੂਪੀ ਕਨਵਰਟਰ ਇਸ ਚੋਣ ’ਚ ਵੱਖਰਾ ਹੀ ਰੰਗ ਦਿਖਾ ਰਿਹਾ ਹੈ। ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਹੀ ਇਕੱਲੇ ਉਮੀਦਵਾਰ ਦਾ ਐਲਾਨ ਕਰਨ ਦੀ ਰਣਨੀਤੀ ਨੇ ਵੀ ਇਸ ਵਾਰ ਨਵੀਂ ਸਿਆਸਤ ਦਿਖਾਈ ਹੈ ਜੋ ਨਤੀਜਿਆਂ ਤੋਂ ਬਾਅਦ ਨੋਟਾ ਬਨਾਮ ਉਮੀਦਵਾਰ ਦੇ ਰੂਪ ਵਿਚ ਦੇਖਣ ਨੂੰ ਮਿਲੇਗੀ।

ਵੱਡੇ ਪੱਧਰ ’ਤੇ ਦਲ-ਬਦਲੀ ਨੂੰ ਸ਼ੁਰੂ ਵਿਚ ਵਿਰੋਧੀ ਧਿਰ ਲਈ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ ਪਰ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਅਤੇ ਪਹਿਲੇ ਪੜਾਅ ਵਿਚ ਵੋਟ ਪ੍ਰਤੀਸ਼ਤ ਵਿਚ ਗਿਰਾਵਟ ਆਉਣ ਤੋਂ ਬਾਅਦ, ਸ਼ਾਇਦ ਸਭ ਨੂੰ ਅਹਿਸਾਸ ਹੋ ਗਿਆ ਹੈ ਕਿ ਭਾਰਤ ਦੇ ਸੂਝਵਾਨ ਵੋਟਰ ਦੀ ਦੇਸ਼ ਦੇ ਲੋਕਤੰਤਰ ਪ੍ਰਤੀ ਕਿੰਨੀ ਡੂੰਘੀ ਸੋਚ ਅਤੇ ਸਮਝ ਹੈ।

ਮੈਂ ਆਮ ਚੋਣਾਂ 2024 ਦੇ ਪਹਿਲੇ ਪੜਾਅ ਤੋਂ ਦੋ ਦਿਨ ਪਹਿਲਾਂ 17 ਅਪ੍ਰੈਲ ਨੂੰ ਉਸੇ ਸੰਪਾਦਕੀ ਪੰਨੇ ’ਤੇ ਆਪਣੇ ਲੇਖ ਵਿਚ ਲਿਖਿਆ ਸੀ ਕਿ ‘‘ਸਿਆਸੀ ਪਾਰਟੀਆਂ ਵੀ ਹੈਰਾਨ ਹਨ ਕਿ ਵੋਟਰ ਚੁੱਪ ਕਿਉਂ ਹਨ?’’ ਕੀ ਇਹ ਚੁੱਪ ਕਿਸੇ ਅੰਡਰ ਕਰੰਟ ਕਾਰਨ ਨਹੀਂ ਹੈ? ਕੀ ਬੇਰੋਜ਼ਗਾਰੀ, ਮਹਿੰਗਾਈ, ਇਤਿਹਾਸਕ ਦਲ-ਬਦਲੀ, ਧਰਨੇ ਅਤੇ ਵੱਖ-ਵੱਖ ਅੰਦੋਲਨਾਂ ਨੇ ਵੋਟਰਾਂ ਦੇ ਮੂਡ ਨੂੰ ਕਿਰਕਿਰਾ ਕਰ ਦਿੱਤਾ ਹੈ। ਚਾਰ ਪੜਾਵਾਂ ਦੀਆਂ ਚੋਣਾਂ ਪਿੱਛੋਂ ਹੁਣ ਸ਼ਾਇਦ ਇਸ ’ਤੇ ਹੀ ਮੋਹਰ ਲੱਗਦੀ ਦਿਖਾਈ ਦੇ ਰਹੀ ਹੈ।

ਚਾਰ ਪੜਾਵਾਂ ਦੀ ਵੋਟਿੰਗ ਪਿੱਛੋਂ 543 ਸੀਟਾਂ ’ਚੋਂ 378 ਸੰਸਦੀ ਚੋਣ ਹਲਕਿਆਂ ਭਾਵ ਲਗਭਗ 70 ਫੀਸਦੀ ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ ਤਾਂ ਧੁੰੁਦ ਵੀ ਛਟਦੀ ਦਿਖਾਈ ਦੇ ਰਹੀ ਹੈ। ਇਹ ਸਹੀ ਹੈ ਕਿ ਇਸ ਵਾਰ ਦੀਆਂ ਚੋਣਾਂ ਮੁੱਦਿਆਂ ’ਤੇ ਨਹੀਂ ਸਗੋਂ ਆਪਸੀ ਹਮਲਾਵਰ ਸ਼ੈਲੀ ਅਤੇ ਦੋਸ਼-ਪ੍ਰਤੀਦੋਸ਼ ਦਰਮਿਆਨ ਸਿਮਟ ਗਈਆਂ ਹਨ।

ਯਕੀਨੀ ਤੌਰ ’ਤੇ ਵਿਕਾਸ ਅਤੇ ਗਾਰੰਟੀ ਦੇ ਨਾਲ ਸ਼ੁਰੂਆਤ ਹੋਈ, ਪਰ ਬਹੁਤ ਛੇਤੀ ਹੀ ਇਹ ਉਸ ਦਿਸ਼ਾ ਵੱਲ ਚਲਾ ਗਿਆ ਜਿੱਥੇ ਨਿੱਜੀ ਦੂਸ਼ਣਬਾਜ਼ੀ ਤੋਂ ਲੈ ਕੇ ਜਾਤ-ਪਾਤ, ਧਰਮ ਅਤੇ ਇੱਥੋਂ ਤੱਕ ਕਿ ਮੀਟ-ਮਟਨ ਅਤੇ ਮੰਗਲਸੂਤਰ ਤੱਕ ਆ ਗਿਆ ਜੋ ਕਿਸੇ ਨੇ ਸੋਚਿਆ ਨਹੀਂ ਸੀ। ਅਜਿਹਾ ਨਹੀਂ ਹੈ ਕਿ ਸੱਤਾਧਾਰੀ ਪਾਰਟੀ ਨੂੰ ਚੋਣਾਂ ਵਿਚ ਆਪਣੀਆਂ ਪ੍ਰਾਪਤੀਆਂ ਗਿਣਾਉਣ ਵਿਚ ਕੋਈ ਕਮੀ ਸੀ ਪਰ ਕੁਝ ਹੀ ਸਮੇਂ ਵਿਚ ਚੋਣਾਂ ਸ਼ਬਦੀ ਜੰਗ ਅਤੇ ਮੁਫਤ ਸਕੀਮਾਂ ਦੇ ਦੋਹਰੇ ਭਰੋਸੇ ਵਿਚ ਉਲਝ ਗਈਆਂ।

ਜਦ ਕਿ ਸਿੱਖਿਅਤਾਂ, ਬੇਰੋਜ਼ਗਾਰੀ, ਬਰੇਨ ਡਰੇਨ, ਖੇਤੀਬਾੜੀ, ਵਿਕਾਸ, ਭ੍ਰਿਸ਼ਟਾਚਾਰ, ਕੁਦਰਤ, ਵਾਤਾਵਰਣ ਬਾਰੇ ਕੀਤੇ ਵਾਅਦੇ ਅਤੇ ਦਾਅਵੇ ਪਛੜਦੇ ਗਏ। ਹੈਰਾਨੀ ਤਦ ਹੋਰ ਵੀ ਵਧੀ ਜਦੋਂ ਪ੍ਰਧਾਨ ਮੰਤਰੀ ਵਲੋਂ ਆਪਣੀ ਹੀ ਸੱਤਾਧਾਰੀ ਪਾਰਟੀ ਦੇ ਕੱਟੜ ਹਮਾਇਤੀ ਉਦਯੋਗਪਤੀਆਂ ਨੂੰ ਵਿਰੋਧੀ ਧਿਰ ਲਈ ਪੈਸਿਆਂ ਦਾ ਮਦਦਗਾਰ ਦੱਸਿਆ ਜਾਣ ਲੱਗਾ। ਹੁਣ ਜਦੋਂ ਸਿਰਫ ਤਿੰਨ ਪੜਾਅ ਬਾਕੀ ਹਨ ਅਤੇ ਸੱਤਾ ਤੱਕ ਪਹੁੰਚਣ ਲਈ ਇਕ ਵੱਡੀ ਪ੍ਰੀਖਿਆ ਨਿਸ਼ਚਿਤ ਹੈ, ਤਾਂ ਕੀ ਇਹ ਕਹਿਣਾ ਜਲਦਬਾਜ਼ੀ ਹੈ ਕਿ ਚੋਣਾਂ ਕਿਸ ਦਿਸ਼ਾ ਵੱਲ ਜਾਣਗੀਆਂ? ਇਹ ਸੱਚ ਹੈ ਕਿ ਦੁਨੀਆ ਸਾਡੇ ਸਭ ਤੋਂ ਵੱਡੇ ਲੋਕਤੰਤਰ ਨੂੰ ਆਦਰਸ਼ ਮੰਨਦੀ ਹੈ।

ਇਸ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਪਰ ਨਹਿਰੂ ਜੀ ਅਤੇ ਅਟਲ ਜੀ ਦਰਮਿਆਨ ਤਿੱਖੀ ਸਿਆਸੀ ਦੁਸ਼ਮਣੀ ਤੋਂ ਬਾਅਦ ਵੀ ਉਹੀ ਸ਼ਿਸ਼ਟਾਚਾਰ ਅਤੇ ਉਦਾਰਤਾ ਦੀ ਆਸ ਹਰ ਉਸ ਪਾਰਟੀ ਜਾਂ ਵਿਅਕਤੀ ਤੋਂ ਕੀਤੀ ਜਾ ਸਕਦੀ ਹੈ ਜੋ ਸੱਤਾ ਤੱਕ ਪਹੁੰਚਣ ਲਈ ਲੋਕਤੰਤਰ ਦਾ ਸੱਦਾ ਦਿੰਦੀ ਹੈ। ਕਿੰਨਾ ਚੰਗਾ ਹੁੰਦਾ ਕਿ ਨਵੀਂ ਪਾਰਲੀਮੈਂਟ ਵਿਚ ਨਵੀਂ ਸਰਕਾਰ ਜਿਸ ਦੀ ਵੀ ਬੈਠੇ ਉੱਥੇ ਅਜਿਹੀ ਹੀ ਮਿਸਾਲ ਕਾਇਮ ਕਰੇ। ਕਾਸ਼, ਇਹ ਆਮ ਚੋਣਾਂ ਵੀ ਇਸੇ ਨੇਕ ਇਰਾਦੇ ਨਾਲ ਲੜੀਆਂ ਜਾਂਦੀਆਂ ਅਤੇ ਨਿੱਜੀ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਨਾਲ ਭਰੀ ਸ਼ਬਦੀ ਜੰਗ ਦੀ ਥਾਂ ਇਹ ਚੋਣਾਂ ਭਾਰਤ ’ਚ, ਭਾਰਤ ਲਈ, ਭਾਰਤ ਦੀਆਂ ਚੋਣਾਂ ਬਣ ਸਕਦੀਆਂ।

ਰਿਤੂਪਰਣ ਦਵੇ


author

Rakesh

Content Editor

Related News