ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ
Thursday, Jun 27, 2024 - 05:15 PM (IST)
ਦਿਲਜੀਤ ਦੋਸਾਂਝ ਦੀ ਕੌਮਾਂਤਰੀ ਮੰਚ ’ਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮੈਨੂੰ ਇਕ ਵਾਰ ਇਕ ਕੌਮਾਂਤਰੀ ਮੈਗਜ਼ੀਨ ਲਈ ‘ਈਸ਼ਵਰ ਦੇ ਸਵਰੂਪ’ ਬਾਰੇ ਲਿਖੇ ਗਏ ਇਕ ਲੇਖ ਦੀ ਯਾਦ ਆਉਂਦੀ ਹੈ। ਮੈਂ ਜਿੰਨੇ ਲੋਕਾਂ ਦੀ ਇੰਟਰਵਿਊ ਲਈ, ਉਨ੍ਹਾਂ ’ਚੋਂ ਕੁਝ ਨੇ ਕਿਹਾ ਕਿ ਉਨ੍ਹਾਂ ਦਾ ਈਸ਼ਵਰ ਮਰਦ ਹੈ, ਹੋਰਨਾਂ ਨੇ ਕਿਹਾ ਔਰਤ ਜਦਕਿ ਮੈਂ, ਇਕ ਹੋਂਦ ਅਤੇ ਅਦਵੈਤ ਦਰਸ਼ਨ ਦੀ ਅਭਿਆਸੀ, ਇਸ ਸਿੱਟੇ ’ਤੇ ਪਹੁੰਚੀ ਕਿ ਮੈਂ ਖੁਦ ਆਪਣੀ ਈਸ਼ਵਰ ਹਾਂ।
ਇਹ ਹੰਕਾਰ ਦਾ ਬਿਆਨ ਨਹੀਂ ਹੈ, ਸਗੋਂ ਇਹ ਸਮਝ ਹੈ ਕਿ ਜਿਸ ਊਰਜਾ ਨੂੰ ਅਸੀਂ ਈਸ਼ਵਰ ਕਹਿੰਦੇ ਹਾਂ, ਉਹ ਮੇਰੇ ’ਚ, ਤੁਹਾਡੇ ’ਚ ਅਤੇ ਬ੍ਰਹਿਮੰਡ ਦੇ ਹਰ ਹਿੱਸੇ ’ਚ ਹੈ। ਇਕ ਤਾਲਮੇਲ ਬਣਾਉਣਾ, ਜੋ ਤੁਹਾਡੀ ਜ਼ਿੰਦਗੀ ਭਰ ਅਗਵਾਈ ਕਰਦਾ ਹੈ। ਜੇਕਰ ਤੁਸੀਂ ਸਰੋਤ ਨਾਲ ਜੁੜੇ ਹੋ, ਤਾਂ ਤੁਹਾਡੀ ਜੀਵਨ ਯਾਤਰਾ ਜਾਦੂਈ ਹੋ ਸਕਦੀ ਹੈ, ਇੱਥੋਂ ਤੱਕ ਕਿ ਖੁਦ ਨੂੰ ਵੀ ਹੈਰਾਨ ਕਰ ਸਕਦੀ ਹੈ।
ਜਲੰਧਰ ਜ਼ਿਲੇ ਦੇ ਦੋਸਾਂਝ ਕਲਾਂ ਤੋਂ ਲੈ ਕੇ ਸੰਯੁਕਤ ਰਾਜ ਅਮਰੀਕਾ ਦੇ ਜਿਮੀ ਫਾਲਨ ਸਟੂਡੀਓ ਤੱਕ ਦਿਲਜੀਤ ਦੋਸਾਂਝ ਦੀ ਯਾਤਰਾ ਕਦਮ ਦਰ ਕਦਮ ਲਗਭਗ ਜਾਦੂਈ ਯਾਤਰਾ ਹੈ।
ਜਦੋਂ 11 ਸਾਲ ਦੇ ਦਿਲਜੀਤ ਨੂੰ ਉਸ ਦੇ ਪਿੰਡ ਵਾਲੇ ਘਰੋਂ ਲੁਧਿਆਣਾ ’ਚ ਮਾਮੇ ਦੇ ਘਰ ਰਹਿਣ ਲਈ ਭੇਜਿਆ ਗਿਆ, ਉਸ ਦੇ ਮਾਤਾ-ਪਿਤਾ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਵਖਰੇਵੇਂ ਦਾ ਸਦਮਾ ਅਤੇ ਉਸ ਦੇ ਬਾਅਦ ਆਉਣ ਵਾਲੇ ਸਾਲਾਂ ਤੱਕ ਇਕ ਕਮਰੇ ’ਚ ਇਕੱਲਿਆਂ ਰਹਿਣਾ ਉਸ ਦੇ ਸੰਵੇਦਨਸ਼ੀਲ, ਨਿਰਪੱਖ ਪੁੱਤ ਨੂੰ ਇਕ ਗਹਿਰੀ ਸੋਚ ਵਾਲੇ ਕਲਾਕਾਰ ’ਚ ਬਦਲ ਦੇਵੇਗਾ।
ਉਹ ਸੰਗੀਤ ਵੱਲ ਮੁੜ ਗਿਆ, ਗੁਰਦੁਆਰਾ ਸਾਹਿਬ ’ਚ ਸ਼ਬਦ-ਕੀਰਤਨ ਕੀਤਾ ਅਤੇ ਗਾਣੇ ਲਿਖੇ। 18 ਸਾਲ ਦੀ ਉਮਰ ’ਚ ਜਦ ਉਹ ਕਾਨਟ੍ਰੈਕਟ ਸਾਈਨ ਕਰਨ ਲਾਇਕ ਹੋਇਆ ਤਾਂ ਉਸ ਨੇ ਆਪਣੀ ਪਹਿਲੀ ਐਲਬਮ ਬਣਾਈ, ਉੱਥੋਂ ਸ਼ੋਹਰਤ ਅਤੇ ਦੌਲਤ ਦੀ ਭਾਲ ਦਾ ਸਫਰ ਸ਼ੁਰੂ ਹੋਇਆ।
18 ਸਾਲ ਦੀ ਲਗਾਤਾਰ ਕੋਸ਼ਿਸ਼ ਨੇ ਉਸ ਨੂੰ ਪੈਸੇ ਅਤੇ ਚੰਗੀ ਮੋਟੀ ਸ਼ੋਹਰਤ ਦਿਵਾਈ। ਗਾਣਿਆਂ ਤੋਂ ਲੈ ਕੇ ਪੰਜਾਬੀ ਫਿਲਮਾਂ ਅਤੇ ਹਿੰਦੀ ਸਿਨੇਮਾ ਤੱਕ, ਦਿਲਜੀਤ ਦੇ ਅਭਿਨੈ ’ਚ ਇਕ ਖਾਸ ਮਾਸੂਮੀਅਤ ਅਤੇ ਪੰਜਾਬੀਪਨ ਝਲਕਦਾ ਸੀ। ਭੌਤਿਕ ਸਫਲਤਾਵਾਂ, ਹਾਲਾਂਕਿ ਬਹੁਤ ਸਨ ਪਰ ਸ਼ਾਨਦਾਰ ਨਹੀਂ ਸਨ।
ਅਤੇ ਫਿਰ 2020 ’ਚ ਦੁਨੀਆ ਬੰਦ ਹੋ ਗਈ ਤੇ ਮੌਤ ਸਾਡੇ ਸਾਹਮਣੇ ਖੜ੍ਹੀ ਹੋ ਗਈ। ਇਸ ਹਾਲਾਤ ਨੇ ਇਸ ਕਲਾਕਾਰ ਦੇ ਦਿਮਾਗ ’ਤੇ ਅਸਰ ਪਾਇਆ ਜਿਸ ਨਾਲ ਉਹ ਆਪਣੀ ਹੋਂਦ ਕਾਰਨ ਅਤੇ ਧਰਤੀ ’ਤੇ ਆਪਣੇ ਮਕਸਦ ’ਤੇ ਸਵਾਲ ਉਠਾਉਣ ਲੱਗਾ। ਜਿੰਨਾ ਵੱਧ ਉਹ ਆਪਣੇ ਅੰਦਰ ਦੀ ਜ਼ਿੰਦਗੀ ਦੇ ਸਰੋਤ ਨਾਲ ਜੁੜਦਾ ਗਿਆ, ਓਨਾ ਹੀ ਵੱਧ ਉਹ ਆਪਣੇ ਨੇੜੇ-ਤੇੜੇ ਦੀ ਭੌਤਿਕ ਦੁਨੀਆ ਬਾਰੇ ਨਿਡਰ ਹੁੰਦਾ ਗਿਆ। ਸਥਿਰਤਾ ਦੀ ਲੋੜ ਨੇ ਉਸ ਦੀਆਂ ਮੂਲ ਕਦਰਾਂ-ਕੀਮਤਾਂ ਲਈ ਪ੍ਰਾਸੰਗਿਕ ਹੋਣ ਦੀ ਇੱਛਾ ਨੂੰ ਜਨਮ ਦਿੱਤਾ।
ਉਹ ਆਪਣੀ ਹੋਂਦ ’ਚ ਡੁੱਬ ਗਿਆ ਤੇ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ ’ਚ ਇਸ ਦਾ ਜਸ਼ਨ ਮਨਾਉਣ ਲੱਗਾ। ਗਾਣੇ ਵੱਡੇ ਹੁੰਦੇ ਗਏ, ਸ਼ੋਅ ਹੋਰ ਵੀ ਵੱਡੇ ਅਤੇ ਫਿਰ ਉਹ ਆਪਣੇ ਦਰਸ਼ਕਾਂ ਦੀਆਂ ਆਤਮਾਵਾਂ ’ਚ ਇਸ ਤਰ੍ਹਾਂ ਉਤਰਦਾ ਹੋਇਆ ਦਿਖਾਈ ਦਿੱਤਾ ਜਿਸ ਦਾ ਸਿਰਫ ਦੂਜੀ ਦੁਨੀਆ ਦੇ ਰੂਪ ’ਚ ਹੀ ਵਰਣਨ ਕੀਤਾ ਜਾ ਸਕਦਾ ਹੈ।
ਇਕ ਲਗਭਗ ਅਦ੍ਰਿਸ਼ ਅਧਿਆਤਮਕ ਜੁੜਾਅ ਨੇ ਉਸ ਦੇ ਪ੍ਰਦਰਸ਼ਨਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਜਿਸ ਨੇ ਉਸ ਦੇ ਦਰਸ਼ਕਾਂ ਨੂੰ ਬੜੀ ਡੂੰਘਾਈ ਤਕ ਪ੍ਰਭਾਵਿਤ ਕੀਤਾ। ਇੱਥੋਂ ਤੱਕ ਕਿ ਉਸ ਨੇ ਵੀ ਉਸ ਤਰ੍ਹਾਂ ਦੀ ਸਫਲਤਾ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਜੋ ਉਸ ਦਾ ਪਿੱਛਾ ਕਰਨ ਲੱਗੀ।
2023 ’ਚ ਉਸ ਨੇ ਯੂ. ਐੱਸ. ਏ. ਦੇ ਸਭ ਤੋਂ ਪ੍ਰਸਿੱਧ ਸੰਗੀਤ ਸਮਾਗਮ ਕੋਚੇਲਾ ’ਚ ਆਪਣੀ ਪੰਜਾਬੀਅਤ ਦਾ ਜਸ਼ਨ ਬੇਬਾਕੀ ਨਾਲ ਮਨਾਇਆ। 2024 ਦੀ ਸ਼ੁਰੂਆਤ ਧਮਾਕੇਦਾਰ ਰਹੀ, ਜਦੋਂ ਉਸ ਨੇ ਇਮਤੀਆਜ਼ ਅਲੀ ਵੱਲੋਂ ਨਿਰਦੇਸ਼ਿਤ ਇਕ ਫਿਲਮ ’ਚ ਪੰਜਾਬੀ ਗਾਇਕ ਚਮਕੀਲਾ ਦੀ ਆਤਮਾ ਨੂੰ ਜਿਊਂਦਿਆਂ ਕੀਤਾ, ਜਿਸ ਨੇ ਉਸ ਨੂੰ ਇਕ ਫਿਲਮ ਸਟਾਰ ਬਣਾ ਦਿੱਤਾ।
2020 ’ਚ ਆਪਣੀ ਐਲਬਮ G.O.A.T ਦੇ ਇਕ ਗਾਣੇ ’ਚ ਉਸ ਨੇ ਬਾਲੀਵੁੱਡ ਦੇ ਗਾਣਿਆਂ ਦਰਮਿਆਨ ਜੋ ਥਾਂ ਬਣਾਈ ਸੀ, ਉਹ ਉਨ੍ਹਾਂ ਦੀ ਹੋ ਗਈ ਅਤੇ ਕਿਵੇਂ! ਉਦੋਂ ਤੋਂ, ਉਹ ਭਾਰਤ, ਕੈਨੇਡਾ ਤੇ ਅਮਰੀਕਾ ਦੇ ਖਚਾਖਚ ਭਰੇ ਸਟੇਡੀਅਮਾਂ ’ਚ ਪਰਫਾਰਮ ਕਰ ਰਹੇ ਹਨ ਅਤੇ ਆਪਣੀ ਸਥਿਤੀ ਨੂੰ ਇਕ ਪਸੰਦੀਦਾ ਕਲਾਕਾਰ ਤੋਂ ਇਕ ਸਨਮਾਨਿਤ ਕਲਾਕਾਰ ’ਚ ਬਦਲ ਰਹੇ ਹਨ।
ਜਦੋਂ ਉਹ ਆਪਣੀ ਹਿਟ ਫਿਲਮ ਚਮਕੀਲਾ ਦਾ ਗਾਣਾ ‘ਮੈਂ ਹਾਂ ਪੰਜਾਬ’ ਗਾਉਂਦੇ ਹਨ ਤਾਂ ਤੁਸੀਂ ਇਸ ਨੂੰ ਹੰਕਾਰ ਦੇ ਰੂਪ ’ਚ ਨਹੀਂ, ਸਗੋਂ ਕਿਤੇ ਡੂੰਘੇ ਅੰਦਰੋਂ ਜਸ਼ਨ ਦੀ ਆਵਾਜ਼ ’ਚ ਦੇਖਦੇ ਹੋ। ਇਹ ਨਾ ਸਿਰਫ ਦਰਸ਼ਕਾਂ ’ਚ ਮੌਜੂਦ ਭਾਰਤੀ ਪੰਜਾਬੀਆਂ ਦੇ ਨਾਲ, ਸਗੋਂ ਸਰਹੱਦ ਪਾਰਲੇ ਪੰਜਾਬੀਆਂ, ਗੈਰ-ਪੰਜਾਬੀਆਂ ਅਤੇ ਇੱਥੋਂ ਤੱਕ ਕਿ ਗੈਰ-ਭਾਰਤੀਆਂ ਨਾਲ ਵੀ ਗੂੰਜਦਾ ਹੈ।
ਇਸ ਲਈ, ਜਦੋਂ ਜਿਮੀ ਫਾਲਨ ਆਪਣੇ ਸ਼ੋਅ ’ਚ ਕਹਿੰਦੇ ਹਨ, ‘ਪੰਜਾਬੀ ਆ ਗਏ ਓਏ’, ਤਾਂ ਤੁਸੀਂ ਜਾਣਦੇ ਹੋ ਕਿ ਦਿਲਜੀਤ ਨੇ ਸੰਗੀਤ ਰਾਹੀਂ ਦੁਨੀਆ ਭਰ ਦੀਆਂ ਆਤਮਾਵਾਂ ਨੂੰ ਛੂਹਣ ਲਈ ਸਾਰੀਆਂ ਸਰਹੱਦਾਂ ਨੂੰ ਪਾਰ ਕਰ ਲਿਆ ਹੈ।
ਮੀਨੂੰ