‘ਅਮਰ ਪ੍ਰੇਮ’ ਤੋਂ ‘ਕਟੀ ਪਤੰਗ’ ਤਕ ਪਾਖੰਡ ਅਚਾਨਕ ਫੈਸ਼ਨ ਬਣ ਗਿਆ ਹੈ

12/03/2019 1:26:41 AM

ਪੂਨਮ

ਇਸ ਸਿਆਸੀ ਮੌਸਮ ਵਿਚ ਪਾਖੰਡ ਅਚਾਨਕ ਫੈਸ਼ਨ ਬਣ ਗਿਆ ਹੈ। ਵਿਚਾਰਧਾਰਾ ਅਤੇ ਭ੍ਰਿਸ਼ਟਾਚਾਰ ਦੇ ਦਾਗ਼ ਛੱਡੋ। ਪਿਛਲੇ ਮਹੀਨੇ ਵਿਚ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿ ਅਜਿਹੇ ਪ੍ਰਬਲ ਵਿਰੋਧੀ, ਜੋ ਇਕ-ਦੂਜੇ ’ਤੇ ਜ਼ਰਾ ਵੀ ਵਿਸ਼ਵਾਸ ਨਹੀਂ ਕਰਦੇ, ਗੱਠਜੋੜ ਕਰ ਲੈਣਗੇ ਅਤੇ ਅੱਜ ਦੋਸਤ ਤੇ ਦੁਸ਼ਮਣ ਸਾਰੇ ਇਕ ਰੰਗ ਵਿਚ ਰੰਗੇ ਗਏ ਹਨ। ਪਹਿਲਾਂ ਭਾਜਪਾ-ਸ਼ਿਵ ਸੈਨਾ ਦਾ ਅਮਰ ਪ੍ਰੇਮ ਟੁੱਟ ਕੇ ਕਟੀ ਪਤੰਗ ਬਣ ਗਿਆ ਤਾਂ ਫਿਰ ਭਾਜਪਾ-ਰਾਕਾਂਪਾ ਦਾ 80 ਘੰਟਿਆਂ ਤਕ ਚੱਲਿਆ ਪ੍ਰੇਮ ਦੇਖਣ ਨੂੰ ਮਿਲਿਆ ਅਤੇ ਹੁਣ ਸ਼ਿਵ ਸੈਨਾ-ਰਾਕਾਂਪਾ-ਕਾਂਗਰਸ ਗੁਣਗੁਣਾ ਰਹੇ ਹਨ ਕਿ ਅਸੀਂ ਨਾਲ-ਨਾਲ ਹਾਂ।

ਸਵਾਲ ਉੱਠਦਾ ਹੈ ਕਿ ਕੀ ਕੋਈ ਵੀ ਆਸ਼ਾਵਾਦੀ ਇਸ ਗੱਲ ਦੀ ਕਲਪਨਾ ਕਰ ਸਕਦਾ ਹੈ ਕਿ ਧਰਮ ਨਿਰਪੱਖ ਰਾਕਾਂਪਾ-ਕਾਂਗਰਸ ਅਤੇ ਫਿਰਕਾਪ੍ਰਸਤ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਸਰਕਾਰ ਬਣਾ ਦੇਣਗੀਆਂ? ਇਸ ਗੱਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ ਪਰ ਘੋਰ ਮੌਕਾਪ੍ਰਸਤੀ ਅਤੇ ਸੱਤਾ ਦੇ ਲਾਲਚ ਕਾਰਣ ਅਜਿਹਾ ਹੋ ਗਿਆ ਹੈ ਅਤੇ ਜੇਕਰ ਇਸ ਕੰਮ ਵਿਚ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗਿਆ ਗਿਆ, ਲੋਕ-ਫਤਵੇ ਦਾ ਅਪਮਾਨ ਕੀਤਾ ਗਿਆ ਅਤੇ ਵੋਟਰਾਂ ਨਾਲ ਧੋਖਾ ਕੀਤਾ ਗਿਆ ਤਾਂ ਕਿਸੇ ਨੂੰ ਪਰਵਾਹ ਨਹੀਂ ਹੈੈ।

ਇਸ ਖਿਚੜੀ ਵਿਚ ਕੀ ਸਰਕਾਰ ਇਕ ਸੰਗਠਿਤ ਸਰਕਾਰ ਦੀ ਦਿੱਖ ਪੇਸ਼ ਕਰ ਸਕੇਗੀ, ਜਦਕਿ ਗੱਠਜੋੜ ਦੇ ਸਹਿਯੋਗੀ ਦਲਾਂ ਵਿਚ ਅਨੇਕ ਵਾਦ-ਵਿਵਾਦ ਵਾਲੇ ਮੁੱਦੇ ਹਨ ਅਤੇ ਵਿਚਾਰਕ ਤੌਰ ’ਤੇ ਉਹ ਇਕ-ਦੂਜੇ ਦੇ ਧੁਰ ਵਿਰੋਧੀ ਹਨ। ਜ਼ਰਾ ਦੇਖੋ, ਧਰਮ ਨਿਰਪੱਖ ਕਾਂਗਰਸ ਨੂੰ ਘੋਰ ਫਿਰਕਾਪ੍ਰਸਤ ਸ਼ਿਵ ਸੈੈਨਾ ਦੇ ਨਾਲ ਗੱਠਜੋੜ ਕਰਨਾ ਪਿਆ ਹੈ। ਦੋਵੇਂ ਵਿਚਾਰਕ ਤੌਰ ’ਤੇ ਇਕ-ਦੂਜੇ ਦੀਆਂ ਘੋਰ ਵਿਰੋਧੀ ਹਨ ਅਤੇ ਉਨ੍ਹਾਂ ਨੂੰ ਅਨੇਕ ਸਿਧਾਂਤਾਂ ਨੂੰ ਤਿਆਗਣਾ ਪਵੇਗਾ। ਇਹ ਸੱਚ ਹੈ ਕਿ ਅਤੀਤ ਵਿਚ ਕਾਂਗਰਸ ਨੇ ਧਰਮ ਨਿਰਪੱਖ ਗੌੜਾ, ਗੁਜਰਾਲ ਦੇ ਰਾਸ਼ਟਰੀ ਮੋਰਚਾ, ਪੱਛਮੀ ਬੰਗਾਲ ਵਿਚ ਮਮਤਾ ਦੀ ਤ੍ਰਿਣਮੂਲ, ਬਿਹਾਰ ਵਿਚ ਜਦ (ਯੂ) ਦੇ ਨਿਤੀਸ਼ ਨਾਲ ਗੱਠਜੋੜ ਕੀਤਾ ਅਤੇ ਇਨ੍ਹਾਂ ਦਾ ਉਦੇਸ਼ ਫਿਰਕੂ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਸੀ ਪਰ ਅੱਜ ਕਾਂਗਰਸ ਹਿੰਦੂਤਵ ਸੰਗਠਨ ਸ਼ਿਵ ਸੈਨਾ ਨਾਲ ਗੱਠਜੋੜ ਕਰ ਚੁੱਕੀ ਹੈ ਅਤੇ ਇਸ ਦਾ ਉਦੇਸ਼ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ। ਜਦੋਂ ਧਰਮ ਨਿਰਪੱਖ ਮਿੱਤਰ ਭਾਜਪਾ ਦਾ ਸਾਥ ਦਿੰਦੇ ਹਨ ਤਾਂ ਉਹ ਫਿਰਕੂ ਦੁਸ਼ਮਣ ਬਣ ਜਾਂਦੇ ਹਨ ਅਤੇ ਜਦੋਂ ਫਿਰਕੂ ਦੁਸ਼ਮਣ ਭਾਜਪਾ ਦਾ ਸਾਥ ਦਿੰਦੇ ਹਨ ਤਾਂ ਉਹ ਧਰਮ ਨਿਰਪੱਖ ਮਿੱਤਰ ਬਣ ਜਾਂਦੇ ਹਨ।

ਕਾਂਗਰਸ ਦੇ ਇਸ ਕਦਮ ਨਾਲ ਉਸ ਦੇ ਜਨ-ਆਧਾਰ ਦਾ ਇਕ ਮੁੱਖ ਹਿੱਸਾ ਮੁਸਲਿਮ ਭਾਈਚਾਰਾ ਉਸ ਤੋਂ ਦੂਰ ਹੋ ਸਕਦਾ ਹੈ। ਕਾਂਗਰਸ ਨੇ ਪਹਿਲਾਂ ਹੀ ਕੇਰਲ ਵਿਚ ਆਈ. ਯੂ. ਐੱਮ. ਐੱਲ. ਨਾਲ ਗੱਠਜੋੜ ਕੀਤਾ ਹੋਇਆ ਹੈ ਅਤੇ ਉਸ ਨੇ ਸੈਨਾ ਨਾਲ ਗੱਠਜੋੜ ਦਾ ਵਿਰੋਧ ਕੀਤਾ ਹੈ। ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਸੱਜੇਪੱਖੀ ਸ਼ਿਵ ਸੈਨਾ ਨਾਲ ਉਸ ਦਾ ਗੱਠਜੋੜ ਕਦੋਂ ਤਕ ਚੱਲੇਗਾ ਪਰ ਲੋਕ ਸਭਾ ਵਿਚ 42 ਤਕ ਪਹੁੰਚਣ ਅਤੇ ਮਹਾਰਾਸ਼ਟਰ ਵਿਚ 44 ਤਕ ਪਹੁੰਚਣ ਤੋਂ ਬਾਅਦ ਕਾਂਗਰਸ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ। ਮਹਾਰਾਸ਼ਟਰ ਵਿਚ ਸੱਤਾ ’ਚ ਹਿੱਸੇਦਾਰ ਬਣਨ ਨਾਲ ਉਸ ਦੀ ਇਹ ਆਸ ਜਾਗੀ ਹੈ ਕਿ ਪਾਰਟੀ ਨੇ ਅਜੇ ਸਭ ਕੁਝ ਗੁਆਇਆ ਨਹੀਂ ਹੈ ਅਤੇ ਝਾਰਖੰਡ ਤੇ ਦਿੱਲੀ ਵਿਚ ਉਸ ਦੇ ਵਰਕਰਾਂ ਦਾ ਮਨੋਬਲ ਵਧ ਸਕਦਾ ਹੈ।

ਕਾਂਗਰਸ ਅਤੇ ਰਾਕਾਂਪਾ ਵਲੋਂ ਸ਼ਿਵ ਸੈਨਾ ਸਰਕਾਰ ਨੂੰ ਸਮਰਥਨ ਦੇਣਾ ਇਕ ਵਿਚਾਰਕ ਵਿਰੋਧਾਭਾਸ ਹੈ, ਤਾਂ ਇਸ ਵਿਚ ਜੋੜਨ ਦਾ ਕੰਮ ਤਿੰਨਾਂ ਦਲਾਂ ਦਾ ਇਹ ਡਰ ਹੈ ਕਿ ਭਾਜਪਾ ਉਨ੍ਹਾਂ ਨੂੰ ਖਤਮ ਕਰ ਦੇਵੇਗੀ। ਭਾਜਪਾ ਦਾ ਵਿਰੋਧ ਇਕ ਨਵਾਂ ਸਿਧਾਂਤ ਬਣ ਗਿਆ ਹੈ ਅਤੇ ਇਸ ਦੇ ਕਾਰਣ ਗੈਰ-ਭਾਜਪਾ ਪਾਰਟੀਆਂ ਇਕਜੁੱਟ ਹੋ ਰਹੀਆਂ ਹਨ ਕਿਉਂਕਿ ਮਿੱਤਰ ਅਤੇ ਦੁਸ਼ਮਣ ਦੋਵੇਂ ਹੀ ਮੋਦੀ ਅਤੇ ਸ਼ਾਹ ’ਤੇ ਵਿਸ਼ਵਾਸ ਨਹੀਂ ਕਰ ਰਹੇ। ਇਸ ਲਈ ਨਵਾਂ ਧਰੁਵੀਕਰਨ ਹਿੰਦੂਤਵ ਬਨਾਮ ਧਰਮ ਨਿਰਪੱਖ ਨਹੀਂ ਹੈ ਕਿਉਂਕਿ ਕਾਂਗਰਸ, ਰਾਕਾਂਪਾ ਅਤੇ ਜਦ (ਯੂ) ਨੇ ਭਗਵਾ ਨਾਲ ਗੱਠਜੋੜ ਕੀਤਾ ਹੈ। ਅੱਜ ਰਾਜਨੀਤੀ ਮੋਦੀ-ਸ਼ਾਹ ਦੇ ਵਿਰੁੱਧ ਸਮਰਪਣ ਕਰਨ ਵਾਲਿਆਂ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਾਲਿਆਂ ਵਿਚਾਲੇ ਵੰਡੀ ਗਈ ਹੈ।

ਭਾਰਤੀ ਰਾਜਨੀਤੀ ਵਿਚ ਕਾਂਗਰਸ ਦੀ ਗੈਰ-ਪ੍ਰਸੰਗਿਕਤਾ ਕਾਰਣ ਉਸ ਦੀ ਹੋਂਦ ਹੀ ਖਤਰੇ ਵਿਚ ਆ ਗਈ ਹੈ, ਇਸ ਲਈ ਉਸ ਕੋਲ ਪਵਾਰ ’ਤੇ ਵਿਸ਼ਵਾਸ ਕਰਨ ਅਤੇ ਸੈਨਾ ਦਾ ਸਾਥ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਅਜਿਹੇ ਸਮੇਂ ਵਿਚ ਜਦੋਂ ਮੋਦੀ ਸਰਕਾਰ ਉਸ ਦੇ ਨੇਤਾਵਾਂ ਨੂੰ ਜੇਲ ਵਿਚ ਸੁੱਟ ਰਹੀ ਹੋਵੇ ਤਾਂ ਕਾਂਗਰਸ ਨੂੰ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਬਣਨ ਤੋਂ ਰੋਕਣ ਲਈ ਆਪਣੇ ਧਰਮ ਨਿਰਪੱਖ ਮਾਣ ਦਾ ਘੁੱਟ ਪੀਣਾ ਪਿਆ ਅਤੇ ਇਸ ਦੇ ਲਈ ਉਸ ਨੇ ਸ਼ਿਵ ਸੈਨਾ ਦੇ ਨਾਲ ਹੀ ਦੋਸਤੀ ਕਰ ਲਈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਕੀ ਸੱਜੇਪੱਖੀ ਹਿੰਸਕ ਫਿਰਕੂ ਪਾਰਟੀ ਦੇ ਨਾਲ ਗੱਠਜੋੜ ਨਾਲ ਉਸ ਦਾ ਭਲਾ ਹੋਵੇਗਾ ਜਾਂ ਬੁਰਾ ਹੋਵੇਗਾ?

ਤ੍ਰਾਸਦੀ ਦੇਖੋ, ਅੱਜ ਸ਼ਿਵ ਸੈਨਾ ਉਦਾਰਵਾਦੀਆਂ ਦੀ ਪਿਆਰੀ ਬਣ ਗਈ ਹੈ। ਅੱਜ ਵਿਰੋਧੀਆਂ ਦੇ ਨਾਲ ਪ੍ਰੇਮ ਕਰਨਾ ਸਿਆਸੀ ਕਾਰਜਸਾਧਕਤਾ ਬਣ ਗਿਆ ਹੈ। ਇਹ ਕਾਂਗਰਸ ਦੀ ਹੀ ਦੇਣ ਹੈ, ਜਿਸ ਨੇ ਖੱਬੇਪੱਖੀਆਂ ਦਾ ਵਿਰੋਧ ਕਰਨ ਲਈ ਸ਼ਿਵ ਸੈਨਾ ਦੇ ਬੀਜ ਬੀਜੇ ਸਨ। ਸਭ ਤੋਂ ਪਹਿਲਾਂ ਉਸ ਨੇ ਦੱਖਣ ਭਾਰਤੀਆਂ ਨੂੰ ਮਰਾਠੀ ਮਾਨੁਸ਼ ਦੇ ਦੁਸ਼ਮਣ ਦੇ ਰੂਪ ਵਿਚ ਦੇਖਿਆ, ਫਿਰ ਖੱਬੇਪੱਖੀਆਂ, ਬਿਹਾਰੀਆਂ, ਮੁਸਲਮਾਨਾਂ ਆਦਿ ਦਾ ਨੰਬਰ ਆਇਆ। ਉਦਾਰਵਾਦੀਆਂ ਦਾ ਕਹਿਣਾ ਹੈ ਕਿ ਸੱਤਾ ਵਿਚ ਬਣੇ ਰਹਿਣ ਲਈ ਸੈਨਾ ਗਿਰਗਿਟ ਵਾਂਗ ਰੰਗ ਬਦਲ ਲਵੇਗੀ ਪਰ ਇਹ ਇੰਨਾ ਆਸਾਨ ਨਹੀਂ ਹੈ।

ਸੈਨਾ ਕਾਂਗਰਸ ਅਤੇ ਰਾਕਾਂਪਾ ਵਲੋਂ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਸੰਸਥਾਵਾਂ ਵਿਚ 5 ਫੀਸਦੀ ਰਿਜ਼ਰਵੇਸ਼ਨ ਦੇਣ ਦੇ ਪ੍ਰਸਤਾਵ ਤੋਂ ਖੁਸ਼ ਨਹੀਂ ਹੈ। ਸ਼ਿਵ ਸੈਨਾ ਨੇ ਰਾਮ ਮੰਦਰ, ਰਾਸ਼ਟਰੀ ਨਾਗਰਿਕਤਾ ਰਜਿਸਟਰ ਅਤੇ ਹਿੰਦੂ ਮਹਾਸਭਾ ਦੇ ਸੰਸਥਾਪਕ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਮੁੱਦੇ ’ਤੇ ਭਾਜਪਾ ਤੋਂ ਜ਼ਿਆਦਾ ਕਾਹਲ ਦਿਖਾਈ ਹੈ ਪਰ ਹੁਣ ਸੈਨਾ ਧਰਮ ਨਿਰਪੱਖਤਾ ਪ੍ਰਤੀ ਵਚਨਬੱਧ ਹੋ ਗਈ ਹੈ। ਹੁਣ ਉਸ ਨੂੰ ਸਿਰਫ 17 ਮਿੰਟ ਵਿਚ ਬਾਬਰੀ ਮਸਜਿਦ ਤਬਾਹ ਕਰਨ ਦੀਆਂ ਗੱਲਾਂ ਭੁੱਲਣੀਆਂ ਹੋਣਗੀਆਂ, ਬਿਹਾਰੀਆਂ ਦਾ ਮੁੰਬਈ ਵਿਚ ਸਵਾਗਤ ਕਰਨਾ ਹੋਵੇਗਾ। ਹੁਣ ਉਹ ਗੋਡਸੇ ਨੂੰ ਦੇਸ਼ਭਗਤ ਨਹੀਂ ਕਹਿ ਸਕਦੀ। ਇਸ ਦਿਸ਼ਾ ਵਿਚ ਠਾਕਰੇ ਨੇ ਪਹਿਲਾਂ ਹੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣਾ ਅਯੁੱਧਿਆ ਦੌਰਾ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਨਾਗਰਿਕਤਾ ਬਿੱਲ ਦਾ ਵਿਰੋਧ ਵੀ ਕਰ ਸਕਦੀ ਹੈ।

ਐਮਰਜੈਂਸੀ ਵਿਚ ਉਸ ਦੇ ਲਈ ਲਾਭਦਾਇਕ ਸਥਿਤੀ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਪੁਰਾਣੇ ਸਹਿਯੋਗੀ ਭਾਜਪਾ ਤੋਂ ਵੱਖ ਹੋਈ ਹੈ ਅਤੇ ਉਸ ਨੇ ਭਾਜਪਾ ਤੋਂ ਮੁੰਬਈ ਵਿਚ ਆਪਣੇ ਇਕ ਨੰਬਰ ਦਾ ਦਰਜਾ ਖੋਹਣ ਦਾ ਬਦਲਾ ਲੈ ਲਿਆ ਹੈ। ਮੁੱਢਲੇ ਸਾਲਾਂ ਵਿਚ ਭਾਜਪਾ ਸ਼ਿਵ ਸੈਨਾ ਦੀ ਜੂਨੀਅਰ ਬਣ ਕੇ ਰਹੀ ਪਰ ਬਾਅਦ ਵਿਚ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਗੱਠਜੋੜ ਕਾਰਜਸਾਧਕਤਾ ’ਤੇ ਆਧਾਰਿਤ ਹੋਵੇਗਾ ਅਤੇ ਹੁਣ ਸ਼ਿਵ ਸੈਨਿਕ ਭਾਜਪਾ ਤੋਂ ਬਦਲਾ ਲੈਣ ’ਤੇ ਖੁਸ਼ ਹਨ ਪਰ ਲੰਮੇ ਸਮੇਂ ਵਿਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਭਾਜਪਾ ਨੂੰ ਰੋਕਣ ਲਈ ਮੁੱਖ ਧਾਰਾ ਵਿਚ ਆਉਣ ਦਾ ਯਤਨ ਕਰਨ ਨਾਲ ਇਹ ਦੁਬਿਧਾ ਦੀ ਸਥਿਤੀ ਵਿਚ ਫਸ ਸਕਦੀ ਹੈ।

ਭਾਜਪਾ ਆਪਣੇ ਮਿੱਤਰ ਤੋਂ ਦੁਸ਼ਮਣ ਬਣੀ ਸ਼ਿਵ ਸੈਨਾ ਨੂੰ ਸਬਕ ਸਿਖਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਅਤੇ ਉਹ ਹਿੰਦੂਤਵ ਦਾ ਪੱਖ ਲਵੇਗੀ ਅਤੇ ਸੈਨਾ ਵਿਰੁੱਧ ਮਨਸੇ ਦੀ ਵਰਤੋਂ ਕਰ ਸਕਦੀ ਹੈ। ਇਸ ਖੇਡ ਵਿਚ ਮੈਨ ਆਫ ਦਿ ਮੈਚ ਰਾਕਾਂਪਾ ਦੇ ਪਵਾਰ ਰਹੇ ਹਨ ਪਰ ਉਹ ਵੀ ਮੁਕੰਮਲ ਤੌਰ ’ਤੇ ਸਫਲ ਨਹੀਂ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ ਪਾਰਟੀ ਤੋਂ ਵੱਖ ਹੋਣ ਦਾ ਕਦਮ ਚੁੱਕਿਆ ਸੀ ਪਰ ਯੂ. ਪੀ. ਏ.-1 ਅਤੇ 2 ਵਿਚ ਉਹ ਕਾਂਗਰਸ ਗੱਠਜੋੜ ਦੇ ਸਹਿਯੋਗੀ ਰਹੇ ਅਤੇ ਮਹਾਰਾਸ਼ਟਰ ਵਿਚ ਵੀ ਦੋਹਾਂ ਪਾਰਟੀਆਂ ਨੇ ਸੱਤਾ ਵਿਚ ਹਿੱਸੇਦਾਰੀ ਕੀਤੀ। ਉਨ੍ਹਾਂ ਨੇ ਭਾਜਪਾ ਅਤੇ ਸ਼ਿਵ ਸੈਨਾ ਦਾ ਮੁਕਾਬਲਾ ਕੀਤਾ ਅਤੇ ਇਹ ਸਭ ਦੂਸਰੇ ਨੂੰ ਬੇਈਮਾਨ ਕਹਿੰਦੇ ਰਹੇ ਪਰ ਉਹ ਮੋਦੀ ਨੂੰ ਆਪਣਾ ਮਿੱਤਰ ਦੱਸਦੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਮੋਦੀ ਨਾਲ ਮੁਲਾਕਾਤ ਵੀ ਕੀਤੀ।

ਉਪਰੀ ਤੌਰ ’ਤੇ ਇਹ ਮੁਲਾਕਾਤ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸੀ ਪਰ ਚੋਣਾਂ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਇਕ ਘਪਲੇ ਵਿਚ ਨਾਮਜ਼ਦ ਕਰ ਦਿੱਤਾ ਸੀ। ਭਰਮ ਦੀ ਸਥਿਤੀ ਇਸ ਲਈ ਵੀ ਵਧੀ ਕਿ ਕੁਝ ਸਮਾਂ ਪਹਿਲਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ। ਠਾਕਰੇ ਅਤੇ ਪਵਾਰ ਵਿਚਾਲੇ ਸਿਆਸੀ ਅਤੇ ਪਰਿਵਾਰਕ ਸਬੰਧ ਕਾਰੋਬਾਰੀ ਸਬੰਧਾਂ ਵਾਂਗ ਹਨ। ਇਹ ਮੰਨਣਾ ਉਚਿਤ ਨਹੀਂ ਹੋਵੇਗਾ ਕਿ ਮੋਦੀ ਅਤੇ ਸ਼ਾਹ ਨੇ ਹਾਰ ਮੰਨ ਲਈ ਹੈ। ਉਹ ਇਸ ਦਾ ਬਦਲਾ ਲੈਣਗੇ। ਇਕ ਸੰਭਾਵਨਾ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਬੇਮੇਲ ਸਰਕਾਰ ਜ਼ਿਆਦਾ ਦਿਨ ਨਹੀਂ ਚੱਲੇਗੀ। ਦੂਸਰਾ, ਉਹ ਹਿੰਦੂਤਵ ਵਿਚਾਰਧਾਰਾ ਤਿਆਗਣ ਅਤੇ ਹਿੰਦੂ ਵਿਰੋਧੀ ਦਲਾਂ ਦੇ ਨਾਲ ਸਹਿਯੋਗ ਕਰਨ ਲਈ ਸ਼ਿਵ ਸੈਨਾ ਨੂੰ ਬਦਨਾਮ ਕਰ ਸਕਦੀ ਹੈ, ਜਿਸ ਨਾਲ ਉਹ ਹਿੰਦੂਤਵ ਦੇ ਇਕੋ-ਇਕ ਰੱਖਿਅਕ ਦੇ ਰੂਪ ਵਿਚ ਉੱਭਰੇਗੀ ਅਤੇ ਉਸ ਨੂੰ ਲਾਭ ਮਿਲੇਗਾ।

ਦੂਸਰੇ ਪਾਸੇ ਮਹਾਰਾਸ਼ਟਰ ਵਿਚ ਸੱਤਾ ਗੁਆਉਣਾ ਨਾ ਸਿਰਫ ਭਾਜਪਾ ਲਈ ਇਕ ਵੱਡਾ ਝਟਕਾ ਹੈ, ਸਗੋਂ ਲੋਕ ਸਭਾ ਚੋਣਾਂ ਦੇ 6 ਮਹੀਨਿਆਂ ਬਾਅਦ ਇਹ ਉਸ ਦੀ ਹਾਰ ’ਤੇ ਵੀ ਇਕ ਸਵਾਲੀਆ ਨਿਸ਼ਾਨ ਲਾ ਦਿੰਦਾ ਹੈ। ਹਰਿਆਣਾ ਵਾਂਗ ਮਹਾਰਾਸ਼ਟਰ ਵਿਚ ਵੀ ਪਾਰਟੀ ਮੁਕੰਮਲ ਬਹੁਮਤ ਨਹੀਂ ਹਾਸਿਲ ਕਰ ਸਕੀ। ਇਹ ਪਾਰਟੀ ਦੇ ਪ੍ਰਸਾਰ ਦੀ ਹੌਲੀ ਰਫਤਾਰ ਦਾ ਸੂਚਕ ਹੈ। ਹੁਣ ਸਭ ਦੀਆਂ ਨਜ਼ਰਾਂ ਝਾਰਖੰਡ ’ਤੇ ਲੱਗੀਆਂ ਹੋਈਆਂ ਹਨ, ਜਿਥੇ ਭਾਜਪਾ ਲਈ ਜਿੱਤ ਜ਼ਰੂਰੀ ਬਣ ਗਈ ਹੈ।

ਮਹਾਰਾਸ਼ਟਰ ਦੇ ਸਬਕ ਕੀ ਹਨ? ਪਾਰਟੀਆਂ ਨੂੰ ਸੱਤਾ ਨਾਲ ਚਿੰਬੜੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਅਜਿਹੇ ਵਿਅਕਤੀ ਨੂੰ ਧੱਕਾ ਦਿਓਗੇ, ਜਿਸ ਕੋਲ ਗੁਆਉਣ ਲਈ ਕੁਝ ਨਹੀਂ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਹੋਂਦ ਲਈ ਖਤਰਾ ਹੋਵੇਗਾ। ਜਿੱਤ ਦਾ ਸਿਹਰਾ ਲੈਣ ਵਾਲੇ ਕਈ ਲੋਕ ਹੁੰਦੇ ਹਨ ਪਰ ਹਾਰ ਅਨਾਥ ਜਿਹੀ ਹੁੰਦੀ ਹੈ। ਦੇਖਣਾ ਇਹ ਵੀ ਹੈ ਕਿ ਕੀ ਸੁਆਰਥੀ, ਬੇਮੇਲ ਪਾਰਟੀਆਂ ਦੀ ਸੱਤਾ ਹਾਸਿਲ ਕਰਨ ਦੀ ਇੱਛਾ ਦੀ ਏਕਤਾ ਬਣੀ ਰਹਿੰਦੀ ਹੈ ਜਾਂ ਨਹੀਂ। ਸਾਡੇ ਰਾਜਨੇਤਾਵਾਂ ਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਸਿਆਸੀ ਫੈਵੀਕੋਲ ਰਾਸ਼ਟਰ ਦੇ ਨੈਤਿਕ ਅਤੇ ਵਿਚਾਰਕ ਤਾਣੇ-ਬਾਣੇ ਨੂੰ ਨਹੀਂ ਜੋੜ ਸਕਦਾ ਅਤੇ ਨਾ ਹੀ ਤੁਰਤ-ਫੁਰਤ ਉਪਾਵਾਂ ਨਾਲ ਕੋਈ ਰਾਹਤ ਮਿਲਦੀ ਹੈ।

(pk@infapublications.com)


Bharat Thapa

Content Editor

Related News