ਅਗਸਤ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ’ਚੋਂ 50 ਅਰਬ ਡਾਲਰ ਕੱਢੇ

Wednesday, Sep 27, 2023 - 02:12 PM (IST)

ਚੀਨ ਨੂੰ ਲੱਗਦਾ ਹੈ ਬੁਰੇ ਦਿਨ ਅਜੇ ਹੋਰ ਲੰਬੇ ਸਮੇਂ ਤੱਕ ਚੱਲਣਗੇ। ਇਕ ਪਾਸੇ ਚੀਨ ਦਾ ਵਪਾਰਕ ਘਾਟਾ ਵਧਦਾ ਜਾ ਰਿਹਾ ਹੈ, ਬਰਾਮਦ ਹੇਠਲੇ ਪੱਧਰ ’ਤੇ ਡਿੱਗ ਗਈ ਹੈ। ਚੀਨ ਤੋਂ ਅਮੀਰ ਲੋਕ ਆਪਣਾ ਪੈਸਾ-ਰੁਪਏ ਲੈ ਕੇ ਹਮੇਸ਼ਾ ਲਈ ਦੇਸ਼ ਛੱਡ ਕੇ ਬਾਹਰ ਜਾ ਰਹੇ ਹਨ। ਚੀਨ ਦੀ ਗਰੀਬ ਫੈਕਟਰੀ ਮੁਲਾਜ਼ਮ ਵੀ ਦੱਖਣੀ ਚੀਨ ਦੇ ਰਸਤੇ ਵੀਅਤਨਾਮ ਭੱਜ ਰਹੇ ਹਨ ਜਿੱਥੇ ਉਹ ਚੀਨ ਤੋਂ ਵੀਅਤਨਾਮ ਆਉਣ ਵਾਲੀਆਂ ਫੈਕਟਰੀਆਂ ’ਚ ਕੰਮ ਕਰ ਰਹੇ ਹਨ। ਫਿਰ ਉੱਥੇ ਵਸਣ ਦੀ ਆਸ ਕਰ ਰਿਹਾ ਹੈ।

ਇਸ ਤੋਂ ਇਲਾਵਾ ਵੀ ਚੀਨ ’ਚ ਹਰ ਪਾਸੇ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਚੀਨ ਤੋਂ ਇਕ ਹੋਰ ਨਿਰਾਸ਼ਾਜਨਕ ਖਬਰ ਆਈ ਹੈ। ਇਸ ਸਾਲ ਅਗਸਤ ਦੇ ਮਹੀਨੇ ’ਚ ਚੀਨ ਤੋਂ ਵੱਡੀ ਮਾਤਰਾ ’ਚ ਡਾਲਰ ਚੀਨ ਤੋਂ ਬਾਹਰ ਭੇਜਿਆ ਗਿਆ। 50 ਅਰਬ ਡਾਲਰ ਸਿਰਫ ਇਕ ਮਹੀਨੇ ’ਚ ਚੀਨ ਤੋਂ ਬਾਹਰ ਭੇਜਿਆ ਗਿਆ ਜੋ ਚੀਨ ਦੀ ਅਰਥਵਿਵਸਥਾ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

ਹਾਲਾਂਕਿ ਇਸ ਨੂੰ ਰੋਕਣ ਲਈ ਚੀਨ ਸਰਕਾਰ ਨੇ ਕੁਝ ਠੋਸ ਕਦਮ ਚੁੱਕੇ ਹਨ ਤਾਂ ਜੋ ਚੀਨ ਦੀ ਕਰੰਸੀ ਯੂਆਨ ਨੂੰ ਹੋਰ ਕਮਜ਼ੋਰ ਹੋਣ ਤੋਂ ਰੋਕਿਆ ਜਾ ਸਕੇ। ਬਾਵਜੂਦ ਇਸ ਦੇ ਜਿਸ ਤੇਜ਼ੀ ਨਾਲ ਚੀਨ ’ਚੋਂ ਪੈਸਾ ਬਾਹਰ ਜਾ ਰਿਹਾ ਹੈ, ਹਾਲਾਤ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਇਕ ਵਾਰ ਚੀਨ ਤੋਂ ਬਾਹਰ ਗਈ ਕਰੰਸੀ ਵਾਪਸ ਆਵੇਗੀ।

ਚੀਨ ਦੀ ਇਕੋ ਇਕ ਪਾਰਟੀ ਸੀ. ਪੀ. ਸੀ. ਦੇ ਅਧਿਕਾਰਤ ਅੰਕੜੇ ਵੀ ਇਹ ਦੱਸਦੇ ਹਨ ਕਿ ਅਗਸਤ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ਦੇ ਸ਼ੇਅਰ ਬਾਜ਼ਾਰ ’ਚ ਆਪਣੇ 12 ਅਰਬ ਡਾਲਰ ਦੇ ਸਟਾਕ ਵੇਚੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਇਹ ਵਿਦੇਸ਼ੀ ਨਿਵੇਸ਼ਕ ਹੁਣ ਚੀਨ ਤੋਂ ਆਪਣੇ ਪੈਸੇ ਕਢਵਾ ਕੇ ਬਾਹਰ ਜਾ ਰਹੇ ਹਨ।

ਇਸ ਕਾਰਨ ਪਿਛਲੇ 4 ਸਾਲਾਂ ’ਚ ਵਿਦੇਸ਼ੀਆਂ ਵੱਲੋਂ ਖਰੀਦੇ ਗਏ ਚੀਨੀ ਬਾਂਡ ਸਭ ਤੋਂ ਹੇਠਲੇ ਪੱਧਰ ’ਤੇ ਆ ਗਏ ਹਨ। ਇਸ ਦੌਰਾਨ ਚੀਨ ’ਚ ਸਿੱਧਾ ਨਿਵੇਸ਼ ਘਾਟਾ 16.8 ਅਰਬ ਡਾਲਰ ਦਾ ਦਰਜ ਕੀਤਾ ਗਿਆ ਹੈ ਜੋ ਚੀਨ ਦੇ ਅੰਦਰ ਨਿਵੇਸ਼ ਦੇ ਖੇਤਰ ’ਚ ਸਾਲ 2016 ਤੋਂ ਬਾਅਦ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਬਲੂਮਬਰਗ ਅਨੁਸਾਰ ਚੀਨ ’ਚ ਸਿੱਧਾ ਵਿਦੇਸ਼ੀ ਨਿਵੇਸ਼ ਮੱਧ 2022 ਤੋਂ ਨਾਂਹਪੱਖੀ ਵੱਲ ਜਾ ਰਿਹਾ ਹੈ।

ਇਸ ਦੇ ਪਿੱਛੇ ਚੀਨ ’ਚ 3 ਸਾਲ ਫੈਲੀ ਕੋਵਿਡ-19 ਮਹਾਮਾਰੀ ਅਤੇ ਉਸ ਤੋਂ ਬਾਅਦ ਚੀਨ ’ਚ ਨਿੱਜੀ ਖੇਤਰਾਂ ’ਚ ਚੀਨੀ ਪ੍ਰਸ਼ਾਸਨ ਵੱਲੋਂ ਸਖਤ ਵਤੀਰਾ ਅਪਣਾਇਆ ਜਾਣਾ ਹੈ। ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਚੀਨ ’ਚ ਬਹੁਤ ਵਧੇਰੇ ਘਾਟਾ ਉਠਾਉਣਾ ਪਿਆ।

ਇਸ ਤੋਂ ਇਲਾਵਾ ਇਸ ਸਾਲ ਅਗਸਤ ਮਹੀਨੇ ’ਚ ਚੀਨ ਦੇ ਕੈਪੀਟਲ ਅਕਾਊਂਟ ’ਚੋਂ 49 ਅਰਬ ਡਾਲਰ ਦੇਸ਼ ਤੋਂ ਬਾਹਰ ਗਏ।

ਇਹ ਇੰਨੀ ਵੱਡੀ ਰਕਮ ਹੈ ਜੋ ਦਸੰਬਰ 2015 ਪਿੱਛੋਂ ਪਹਿਲੀ ਵਾਰ ਚੀਨ ’ਚ ਦੇਖੀ ਗਈ ਹੈ। ਚੀਨ ’ਚ ਅਜੇ ਤਕ ਕੈਪੀਟਲ ਇਨਫਲੋ ਭਾਵ ਠੋਸ ਮੁਦਰਾ ਦੀ ਚੀਨ ’ਚ ਆਮਦ ਹੁੰਦੀ ਸੀ ਪਰ ਹੁਣ ਚੀਨ ਦੇ ਕੈਪੀਟਲ ਅਕਾਊਂਟ ਤੋਂ ਹੁਣ ਪੈਸੇ ਬਾਹਰ ਜਾ ਰਹੇ ਹਨ ਉਹ ਵੀ ਇੰਨੀ ਵੱਡੀ ਗਿਣਤੀ ’ਚ ਜੋ ਬੇਮਿਸਾਲ ਹੈ।

ਅਗਸਤ 2023 ’ਚ ਜਾਰੀ ਸੀ. ਪੀ. ਸੀ. ਦੀ ਐਡਮਿਨਿਸਟ੍ਰੇਸ਼ਨ ਆਫ ਫਾਰੇਨ ਐਕਸਚੇਂਜ ਨੇ ਇਹ ਦਿਖਾਇਆ ਕਿ ਇਸ ਸਮੇਂ ਚੀਨ ਦੇ ਕੋਲ ਵਿਦੇਸ਼ੀ ਮੁਦਰਾ ਭੰਡਾਰ ਸਿਰਫ 3 ਖਰਬ 16 ਅਰਬ ਅਮਰੀਕੀ ਡਾਲਰ ਦਾ ਬਚਿਆ ਹੈ ਜੋ ਇਸ ਸਾਲ ਜੁਲਾਈ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਮੁਕਾਬਲੇ 44.2 ਅਰਬ ਡਾਲਰ ਘੱਟ ਹੈ, ਇਹ 1.38 ਫੀਸਦੀ ਘੱਟ ਹੈ। ਚੀਨ ਦੇ ਤੇਜ਼ੀ ਨਾਲ ਘੱਟ ਹੁੰਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਵਿਦੇਸ਼ੀ ਮੀਡੀਆ ਦਾ ਧਿਆਨ ਵੀ ਗਿਆ ਜਿਸ ਪਿੱਛੋਂ ਸਮੁੱਚੀ ਦੁਨੀਆ ’ਚ ਇਹ ਖਬਰ ਫੈਲ ਗਈ ਕਿ ਚੀਨ ਇਸ ਸਮੇਂ ਵੱਡੀ ਤੇਜ਼ੀ ਨਾਲ ਵਿਦੇਸ਼ੀ ਮੁਦਰਾ ਦੇ ਦੇਸ਼ ਤੋਂ ਬਾਹਰ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਇਸ ਕਾਰਨ ਚੀਨ ਦੀ ਕਰੰਸੀ ਰਨਮਿਨਬੀ ਭਾਵ ਯੂਆਨ ’ਤੇ ਵਿਮੂਲਨ ਭਾਵ ਕੀਮਤ ਘੱਟ ਹੋਣ ਦਾ ਭਾਰੀ ਦਬਾਅ ਬਣ ਗਿਆ ਹੈ। ਇਸ ਨਾਲ ਯੂਆਨ ਦੀ ਅਹਿਮੀਅਤ ਨਾ ਸਿਰਫ ਵਿਦੇਸ਼ ’ਚ ਸਗੋਂ ਦੇਸ਼ ਦੇ ਅੰਦਰ ਵੀ ਤੇਜ਼ੀ ਨਾਲ ਘੱਟ ਹੋਵੇਗੀ। ਇਸ ਦਾ ਅਸਰ ਚੀਨ ਦੀ ਅਰਥਵਿਵਸਥਾ ’ਤੇ ਉਲਟ ਪਵੇਗਾ। ਬਲੂਮਬਰਗ ’ਚ ਛਪੀ 19 ਸਤੰਬਰ ਦੀ ਖਬਰ ਅਨੁਸਾਰ ਇਹ ਚਿੰਤਾਜਨਕ ਰੁਝਾਨ ਇਸ ਵਾਰ ਦੇ ਚੀਨੀ ਅਧਿਕਾਰਤ ਅੰਕੜਿਆਂ ’ਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ।

ਚੀਨ ਦੇ ਵਿੱਤ ਬਾਜ਼ਾਰ ਤੋਂ ਵਿਦੇਸ਼ੀ ਨਿਵੇਸ਼ ਦੇ ਬਾਹਰ ਜਾਣ ਦਾ ਇਕ ਹੋਰ ਵੱਡਾ ਕਾਰਨ ਹੈ, ਉਹ ਇਹ ਕਿ ਹੁਣ ਇਹ ਇਕ ਕੌਮਾਂਤਰੀ ਰਵਾਇਤ ਬਣ ਗਈ ਹੈ। ਵੱਖ-ਵੱਖ ਖੇਤਰਾਂ ਦੀਆਂ ਵਿਦੇਸ਼ੀ ਕੰਪਨੀਆਂ ਹੁਣ ਚੀਨ ਤੋਂ ਬਾਹਰ ਇਸ ਲਈ ਵੀ ਜਾ ਰਹੀਆਂ ਹਨ ਕਿਉਂਕਿ ਉਹ ਆਪਣੀ ਸਪਲਾਈ ਲੜੀ ਨੂੰ ਇਕ ਦੇਸ਼ ’ਚ ਸਮੇਟ ਕੇ ਨਹੀਂ ਰੱਖਣਾ ਚਾਹੁੰਦੀਆਂ ਸਗੋਂ ਉਹ ਕਈ ਦੂਸਰੇ ਦੇਸ਼ਾਂ ’ਚ ਵੀ ਨਿਵੇਸ਼ ਕਰਨਾ ਚਾਹੁੰਦੀਆਂ ਹਨ ਤਾਂ ਜੋ ਭਵਿੱਖ ’ਚ ਕੋਰੋਨਾ ਮਹਾਮਾਰੀ ਵਰਗੀ ਕਿਸੇ ਵੀ ਆਫਤ ਦੇ ਸਮੇਂ ਉਨ੍ਹਾਂ ਦੇ ਕੰਮ ’ਤੇ ਕੋਈ ਬੁਰਾ ਅਸਰ ਨਾ ਪਵੇ। ਉਹ ਕੰਪਨੀਆਂ ਚੀਨ ’ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦੀਆਂ ਹਨ।

ਇਸ ਦੇ ਨਾਲ ਹੀ ਕੌਮਾਂਤਰੀ ਸੈਰ-ਸਪਾਟੇ ਤੋਂ ਆਸ ਸੀ ਕਿ ਉਹ ਜਲਦੀ ਹੀ ਲੀਹ ’ਤੇ ਪਰਤੇਗੀ ਪਰ ਅਜਿਹਾ ਹੋਇਆ ਨਹੀਂ। ਇਹ ਸੈਕਟਰ ਅਜੇ ਤੱਕ ਕੋਵਿਡ ਦੇ ਮਾੜੇ ਅਸਰ ’ਚ ਜੀਅ ਰਿਹਾ ਹੈ। ਇਸ ਦੇ ਨਾਲ ਹੀ ਸੇਵਾ ਉਦਯੋਗ ਅਤੇ ਵਪਾਰ ਖੇਤਰ ’ਚ ਵੀ ਰਿਕਵਰੀ ਨਹੀਂ ਹੋਈ। ਇਨ੍ਹਾਂ ਸਭ ਦਾ ਰਲਿਆ-ਮਿਲਿਆ ਅਸਰ ਚੀਨ ਦੀ ਕਰੰਸੀ ’ਤੇ ਬਹੁਤ ਬੁਰਾ ਪੈ ਰਿਹਾ ਹੈ।

ਚੀਨ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਗਸਤ ਮਹੀਨੇ ’ਚ ਜੋ 49 ਅਰਬ ਡਾਲਰ ਚੀਨ ਤੋਂ ਬਾਹਰ ਗਏ ਹਨ, ਉਨ੍ਹਾਂ ’ਚੋਂ 29 ਅਰਬ ਡਾਲਰ ਸਿਰਫ ਸ਼ੇਅਰ ਬਾਜ਼ਾਰਾਂ ’ਚ ਲਾਏ ਜਾਣੇ ਸੀ। ਇਸ ਸਮੇਂ ਚੀਨ ਅੰਦਰ ਮੁਦਰਾ ਦੀ ਆਮਦ ਵੀ ਰਹੀ ਪਰ ਉਸ ਤੋਂ ਕਿਤੇ ਵੱਧ ਕਰੰਸੀ ਚੀਨ ਤੋਂ ਬਾਹਰ ਚਲੀ ਗਈ।

ਬਲੂਮਬਰਗ ਅਨੁਸਾਰ ਚੀਨ ਤੋਂ ਵੱਡੀ ਮਾਤਰਾ ’ਚ ਮੁਦਰਾ ਦੇ ਬਾਹਰ ਜਾਣ ਪਿੱਛੇ ਕੁਝ ਕਾਰਨ ਸਨ, ਜਿਨ੍ਹਾਂ ’ਚ ਚੀਨ ਦੀ ਸੁਸਤ ਅਰਥਵਿਵਸਥਾ ਇਕ ਹੈ। ਇਸ ਤੋਂ ਇਲਾਵਾ ਚੀਨ ਅਤੇ ਅਮਰੀਕਾ ਦੀਆਂ ਵਿਆਜ ਦਰਾਂ ’ਚ ਬਹੁਤ ਵੱਧ ਫਰਕ ਆਉਣ ਲੱਗਾ। ਇਸ ਕਾਰਨ ਚੀਨ ਦੀ ਕਰੰਸੀ ਯੂਆਨ ਪਿਛਲੇ 16 ਸਾਲਾਂ ’ਚ ਆਪਣੇ ਸਭ ਤੋਂ ਹੇਠਲੇ ਵਟਾਂਦਰਾ ਪੱਧਰ ਵੱਲ ਚਲੀ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਮਜ਼ੋਰ ਯੂਆਨ ਬਾਜ਼ਾਰ ’ਤੇ ਭਰੋਸਾ ਅਤੇ ਖਿੱਚ ਨੂੰ ਹੋਰ ਵੀ ਘੱਟ ਕਰ ਰਿਹਾ ਹੈ। ਇਸ ਦਾ ਨੁਕਸਾਨ ਚੀਨ ਦੀ ਅਰਥਵਿਵਸਥਾ ਨੂੰ ਚਾਰੇ ਪਾਸਿਓਂ ਹੋ ਰਿਹਾ ਹੈ।


Rakesh

Content Editor

Related News