ਦਸ ਮਿੰਟ ਦੀ ਫੂਡ ਡਲਿਵਰੀ ਕਿੰਨੀ ਸਾਰਥਕ?

Friday, Apr 11, 2025 - 03:29 PM (IST)

ਦਸ ਮਿੰਟ ਦੀ ਫੂਡ ਡਲਿਵਰੀ ਕਿੰਨੀ ਸਾਰਥਕ?

ਅੱਜ ਦੀ ਤੇਜ਼ ਰਫ਼ਤਾਰ ਦੁਨੀਆ ਵਿਚ 10 ਮਿੰਟ ਵਿਚ ਫੂਡ (ਭੋਜਨ) ਡਲਿਵਰੀ ਸੇਵਾਵਾਂ ਇਕ ਕ੍ਰਾਂਤੀ ਵਜੋਂ ਉਭਰੀਆਂ ਹਨ। ਲੋਕ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਮਾਂ ਬਚਾਉਣ ਲਈ ਇਨ੍ਹਾਂ ਸੇਵਾਵਾਂ ’ਤੇ ਭਰੋਸਾ ਕਰ ਰਹੇ ਹਨ। ਸਵਿਗੀ, ਜ਼ੋਮੈਟੋ ਅਤੇ ਹੋਰ ਸਟਾਰਟਅੱਪਸ ਨੇ ‘ਹਾਈਪਰਲੋਕਲ ਡਲਿਵਰੀ’ ਦੇ ਨਾਂ ’ਤੇ ਗਾਹਕਾਂ ਨੂੰ ਰਿਕਾਰਡ ਸਮੇਂ ਵਿਚ ਭੋਜਨ ਪਹੁੰਚਾਉਣ ਦਾ ਵਾਅਦਾ ਕੀਤਾ ਹੈ।

ਪਰ ਕੀ ਇਹ ਵਿਸ਼ੇਸ਼ਤਾ ਸੱਚਮੁੱਚ ਓਨੀ ਹੀ ਲਾਭਦਾਇਕ ਹੈ ਜਿੰਨੀ ਇਹ ਜਾਪਦੀ ਹੈ? 10 ਮਿੰਟ ਦੀ ਭੋਜਨ ਡਲਿਵਰੀ ਕਿੰਨੀ ਕੁ ਲਾਭਦਾਇਕ ਹੈ? ਇਸ਼ਤਿਹਾਰਬਾਜ਼ੀ ਦੀ ਇਸ ਚਮਕਦਾਰ ਦੁਨੀਆ ਵਿਚ, ਇਸ ਸੇਵਾ ਦੇ ਉਹ ਕਿਹੜੇ ਪਹਿਲੂ ਹਨ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ?
ਜਦੋਂ ਵੀ ਕਿਸੇ ਰੈਸਟੋਰੈਂਟ ਨੂੰ ਦਸ ਮਿੰਟ ਦੀ ਡਲਿਵਰੀ ਦਾ ਆਰਡਰ ਮਿਲਦਾ ਹੈ, ਤਾਂ ਉਨ੍ਹਾਂ ’ਤੇ ਇੰਨਾ ਦਬਾਅ ਹੁੰਦਾ ਹੈ ਕਿ ਉਹ ਅਕਸਰ ਭੋਜਨ ਦੀ ਗੁਣਵੱਤਾ ਵੱਲ ਧਿਆਨ ਦੇਣ ਦੀ ਬਜਾਏ ਜਲਦੀ ਵਿਚ ਆਰਡਰ ਤਿਆਰ ਕਰ ਲੈਂਦੇ ਹਨ। ਤਾਜ਼ੀ ਸਮੱਗਰੀ ਦੀ ਵਰਤੋਂ, ਸਫਾਈ ਅਤੇ ਸੁਆਦ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਉਦਾਹਰਣ ਵਜੋਂ, ਇਕ ਬਰਗਰ ਜੋ ਆਮ ਤੌਰ ’ਤੇ 20 ਮਿੰਟਾਂ ਵਿਚ ਤਿਆਰ ਹੁੰਦਾ ਹੈ, ਉਸ ਨੂੰ 10 ਿਮੰਟ ’ਚ ਬਣਾਉਣ ਲਈ ਪਹਿਲਾਂ ਤੋਂ ਤਿਆਰ ਪੈਟੀਜ਼ ਜਾਂ ਘੱਟ ਗੁਣਵੱਤਾ ਵਾਲੀਆਂ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਸੁਆਦ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਪੌਸ਼ਟਿਕ ਮੁੱਲ ਨੂੰ ਵੀ ਘਟਾਉਂਦਾ ਹੈ। ਕਈ ਵਾਰ, ਜਲਦਬਾਜ਼ੀ ਵਿਚ ਤਿਆਰ ਕੀਤੇ ਭੋਜਨ ਵਿਚ ਸਫਾਈ ਦੇ ਮਿਆਰ ਵੀ ਨਜ਼ਰਅੰਦਾਜ਼ ਹੋ ਜਾਂਦੇ ਹਨ, ਜਿਸ ਨਾਲ ਭੋਜਨ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਦਸ ਮਿੰਟ ਦੀ ਡਲਿਵਰੀ ਦਾ ਸਭ ਤੋਂ ਵੱਡਾ ਨੁਕਸਾਨ ਡਲਿਵਰੀ ਵਰਕਰਾਂ ਦੇ ਮੋਢਿਆਂ ’ਤੇ ਵੀ ਪੈਂਦਾ ਹੈ। ਇਨ੍ਹਾਂ ਕਾਮਿਆਂ ਨੂੰ ਅਸੰਭਵ ਸਮਾਂ ਸੀਮਾ ਦੇ ਅੰਦਰ ਆਰਡਰ ਪਹੁੰਚਾਉਣ ਲਈ ਦਬਾਅ ਸਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।

ਇਕ ਅਧਿਐਨ ਅਨੁਸਾਰ, ਪਿਛਲੇ ਪੰਜ ਸਾਲਾਂ ਵਿਚ ਭਾਰਤ ਵਿਚ ਡਲਿਵਰੀ ਕਰਮਚਾਰੀਆਂ ਨਾਲ ਸਬੰਧਤ ਹਾਦਸਿਆਂ ਵਿਚ 30 ਫੀਸਦੀ ਤੱਕ ਵਾਧਾ ਹੋਇਆ ਹੈ ਅਤੇ ਇਸ ਦਾ ਇਕ ਵੱਡਾ ਕਾਰਨ ‘ਹਾਈਪਰ-ਫਾਸਟ ਡਲਿਵਰੀ’ ਮਾਡਲ ਹੈ। ਇਸ ਤੋਂ ਇਲਾਵਾ, ਇਹ ਕਾਮੇ ਅਕਸਰ ਘੱਟ ਤਨਖਾਹ ’ਤੇ, ਬਿਨਾਂ ਕਿਸੇ ਸਿਹਤ/ਦੁਰਘਟਨਾ ਬੀਮੇ ਦੇ ਅਤੇ ਅਨਿਸ਼ਚਿਤ ਨੌਕਰੀ ਦੀਆਂ ਸਥਿਤੀਆਂ ਵਿਚ ਕੰਮ ਕਰਦੇ ਹਨ। ਇਸ ਦਾ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਤੇਜ਼ ਡਲਿਵਰੀ ਦਾ ਵਾਤਾਵਰਣ ’ਤੇ ਵੀ ਗੰਭੀਰ ਪ੍ਰਭਾਵ ਪੈਂਦਾ ਹੈ। ਡਲਿਵਰੀ ਵਾਹਨਾਂ ਦੀ ਗਿਣਤੀ ਵਿਚ ਵਾਧਾ ਕਾਰਬਨ ਨਿਕਾਸ ਨੂੰ ਵਧਾ ਰਿਹਾ ਹੈ। ਇਸ ਤੋਂ ਇਲਾਵਾ, ਦਸ ਮਿੰਟ ਦੀ ਡਲਿਵਰੀ ਲਈ ਛੋਟੇ ਆਰਡਰ ਵੱਖ-ਵੱਖ ਵਾਹਨਾਂ ਦੁਆਰਾ ਭੇਜੇ ਜਾਂਦੇ ਹਨ, ਜਿਸ ਨਾਲ ਬਾਲਣ ਦੀ ਬਰਬਾਦੀ ਹੁੰਦੀ ਹੈ। ਪੈਕੇਜਿੰਗ ਵਿਚ ਵਰਤੇ ਜਾਣ ਵਾਲੇ ਪਲਾਸਟਿਕ ਅਤੇ ਡਿਸਪੋਜ਼ੇਬਲ ਕੰਟੇਨਰ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ ਭੋਜਨ ਡਲਿਵਰੀ ਉਦਯੋਗ ਹਰ ਸਾਲ ਲੱਖਾਂ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜਿਸ ਵਿਚੋਂ ਇਕ ਵੱਡਾ ਹਿੱਸਾ ਰੀਸਾਈਕਲ ਨਹੀਂ ਕੀਤਾ ਜਾਂਦਾ। ਦਸ ਮਿੰਟ ਦਾ ਡਲਿਵਰੀ ਮਾਡਲ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦਾ ਹੈ, ਕਿਉਂਕਿ ਜਲਦਬਾਜ਼ੀ ਵਿਚ, ਵਾਤਾਵਰਣ-ਅਨੁਕੂਲ ਪੈਕੇਜਿੰਗ ਨੂੰ ਧਿਆਨ ਵਿਚ ਨਹੀਂ ਰੱਖਿਆ ਜਾਂਦਾ।

ਦਸ ਮਿੰਟ ਦਾ ਡਲਿਵਰੀ ਮਾਡਲ ਵੱਡੇ ਡਲਿਵਰੀ ਪਲੇਟਫਾਰਮਾਂ ਵਲੋਂ ਚਲਾਇਆ ਜਾਂਦਾ ਹੈ, ਜੋ ਰੈਸਟੋਰੈਂਟਾਂ ਤੋਂ ਭਾਰੀ ਕਮਿਸ਼ਨ ਲੈਂਦੇ ਹਨ। ਛੋਟੇ ਅਤੇ ਸਥਾਨਕ ਰੈਸਟੋਰੈਂਟ, ਜੋ ਪਹਿਲਾਂ ਹੀ ਘੱਟ ਮਾਰਜਨ ’ਤੇ ਕੰਮ ਕਰਦੇ ਹਨ, ਇਸ ਦਬਾਅ ਨੂੰ ਨਹੀਂ ਝੱਲਦੇ। ਕਈ ਵਾਰ ਉਨ੍ਹਾਂ ਨੂੰ ਆਪਣੀਆਂ ਕੀਮਤਾਂ ਵਧਾਉਣੀਆਂ ਪੈਂਦੀਆਂ ਹਨ ਜਾਂ ਗੁਣਵੱਤਾ ਨਾਲ ਸਮਝੌਤਾ ਕਰਨਾ ਪੈਂਦਾ ਹੈ। ਨਤੀਜੇ ਵਜੋਂ, ਬਹੁਤ ਸਾਰੇ ਛੋਟੇ ਰੈਸਟੋਰੈਂਟ ਬੰਦ ਹੋ ਰਹੇ ਹਨ ਅਤੇ ਕੁਝ ਵੱਡੇ ਖਿਡਾਰੀਆਂ ਦਾ ਬਾਜ਼ਾਰ ’ਤੇ ਦਬਦਬਾ ਵਧ ਰਿਹਾ ਹੈ। ਇਹ ਨਾ ਸਿਰਫ਼ ਸਥਾਨਕ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਗਾਹਕਾਂ ਲਈ ਬਦਲਾਂ ਦੀ ਵਿਭਿੰਨਤਾ ਨੂੰ ਵੀ ਘਟਾਉਂਦਾ ਹੈ।

10 ਮਿੰਟ ਦੀ ਡਲਿਵਰੀ ਨੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਵੀ ਬਦਲ ਦਿੱਤਾ ਹੈ। ਲੋਕ ਹੁਣ ਘਰ ਖਾਣਾ ਬਣਾਉਣ ਜਾਂ ਬਾਹਰ ਖਾਣ ਦੀ ਬਜਾਏ ਤੁਰੰਤ ਡਲਿਵਰੀ ਦਾ ਬਦਲ ਚੁਣਦੇ ਹਨ। ਇਹ ਨਾ ਸਿਰਫ਼ ਰਵਾਇਤੀ ਖਾਣਾ ਪਕਾਉਣ ਦੀ ਕਲਾ ਨੂੰ ਖ਼ਤਰੇ ਵਿਚ ਪਾ ਰਿਹਾ ਹੈ, ਸਗੋਂ ਲੋਕ ਗੈਰ-ਸਿਹਤਮੰਦ ਭੋਜਨ ਵੱਲ ਵੀ ਵਧ ਰਹੇ ਹਨ। ਇਸ ਮਾਡਲ ਵਿਚ ਫਾਸਟ ਫੂਡ ਅਤੇ ਪ੍ਰੋਸੈੱਸਡ ਭੋਜਨ, ਜੋ ਜਲਦੀ ਤਿਆਰ ਕੀਤੇ ਜਾਂਦੇ ਹਨ, ਸਭ ਤੋਂ ਵੱਧ ਪ੍ਰਸਿੱਧ ਹਨ। ਇਸ ਦੇ ਲੋਕਾਂ ਦੀ ਸਿਹਤ ’ਤੇ ਲੰਬੇ ਸਮੇਂ ਦੇ ਪ੍ਰਭਾਵ ਪੈਂਦੇ ਹਨ, ਜਿਸ ਵਿਚ ਮੋਟਾਪਾ, ਸ਼ੂਗਰ ਅਤੇ ਦਿਲ ਦੀ ਬੀਮਾਰੀ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।

ਦਸ ਮਿੰਟ ਦੀ ਡਲਿਵਰੀ ਪੂਰੀ ਤਰ੍ਹਾਂ ਤਕਨਾਲੋਜੀ ’ਤੇ ਨਿਰਭਰ ਕਰਦੀ ਹੈ। ਗਾਹਕਾਂ ਨੂੰ ਐਪਸ ਦੀ ਵਾਰ-ਵਾਰ ਵਰਤੋਂ ਕਰਨੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਪਤਾ, ਫ਼ੋਨ ਨੰਬਰ ਅਤੇ ਭੁਗਤਾਨ ਵੇਰਵੇ ਇਨ੍ਹਾਂ ਪਲੇਟਫਾਰਮਾਂ ਵਿਚ ਸਟੋਰ ਹੋ ਜਾਂਦੇ ਹਨ। ਡਾਟਾ ਉਲੰਘਣਾਵਾਂ ਪਹਿਲਾਂ ਵੀ ਹੋਈਆਂ ਹਨ ਅਤੇ ਜੋਖਮ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਲੋਕ ਐਪ ਦੀ ਸਹੂਲਤ ਦੇ ਆਦੀ ਹੁੰਦੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਜ਼ਾਦੀ ਅਤੇ ਫੈਸਲਾ ਲੈਣ ਦੀ ਯੋਗਤਾ ਪ੍ਰਭਾਵਿਤ ਹੋ ਰਹੀ ਹੈ। ਭਾਰਤ ਵਿਚ ਖਾਣਾ ਸਿਰਫ਼ ਪੇਟ ਭਰਨ ਦਾ ਸਾਧਨ ਨਹੀਂ ਹੈ, ਇਹ ਇਕ ਸਮਾਜਿਕ ਅਤੇ ਸੱਭਿਆਚਾਰਕ ਅਨੁਭਵ ਵੀ ਹੈ। ਪਰਿਵਾਰਾਂ ਦਾ ਇਕੱਠੇ ਖਾਣਾ ਪਕਾਉਣਾ ਅਤੇ ਖਾਣਾ ਭਾਈਚਾਰੇ ਨੂੰ ਉਤਸ਼ਾਹਿਤ ਕਰਦਾ ਹੈ। ਦਸ ਮਿੰਟ ਦੀ ਡਲਿਵਰੀ ਇਸ ਤਜਰਬੇ/ਅਨੁਭਵ ਨੂੰ ਕਮਜ਼ੋਰ ਕਰ ਰਹੀ ਹੈ।

ਲੋਕ ਹੁਣ ਰੈਸਟੋਰੈਂਟਾਂ ਵਿਚ ਜਾਣ ਅਤੇ ਉੱਥੇ ਖਾਣ ਦੀ ਬਜਾਏ ਘਰ ਤੋਂ ਖਾਣਾ ਮੰਗਵਾਉਣਾ ਪਸੰਦ ਕਰਦੇ ਹਨ, ਜਿਸ ਨਾਲ ਸਮਾਜਿਕ ਮੇਲ-ਜੋਲ ਘਟ ਰਿਹਾ ਹੈ। ਇਸ ਤੋਂ ਇਲਾਵਾ, ਫਾਸਟ ਫੂਡ ਚੇਨ ਸਥਾਨਕ ਪਕਵਾਨਾਂ ’ਤੇ ਵੱਧ ਤੋਂ ਵੱਧ ਹਾਵੀ ਹੋ ਰਹੀਆਂ ਹਨ, ਜੋ ਕਿ ਸੱਭਿਆਚਾਰਕ ਵਿਭਿੰਨਤਾ ਲਈ ਨੁਕਸਾਨਦੇਹ ਹੈ। ਭਾਵੇਂ ਦਸ ਮਿੰਟ ਦੀ ਡਲਿਵਰੀ ਨੌਕਰੀਆਂ ਪੈਦਾ ਕਰਦੀ ਹੈ, ਪਰ ਇਹ ਆਰਥਿਕ ਅਸਮਾਨਤਾ ਨੂੰ ਵੀ ਉਤਸ਼ਾਹਿਤ ਕਰਦੀ ਹੈ। ਡਲਿਵਰੀ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਅਤੇ ਮਾੜੀਆਂ ਕੰਮ ਕਰਨ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਕਿ ਵੱਡੇ ਡਲਿਵਰੀ ਪਲੇਟਫਾਰਮ ਅਤੇ ਨਿਵੇਸ਼ਕ ਬਹੁਤ ਜ਼ਿਆਦਾ ਮੁਨਾਫ਼ਾ ਕਮਾਉਂਦੇ ਹਨ। ਇਹ ਮਾਡਲ ਕੁਝ ਲੋਕਾਂ ਨੂੰ ਬਹੁਤ ਸਹੂਲਤ ਪ੍ਰਦਾਨ ਕਰਦਾ ਹੈ, ਪਰ ਸਮਾਜ ਦੇ ਇਕ ਵੱਡੇ ਵਰਗ ਨੂੰ ਇਸ ਦਾ ਲਾਭ ਨਹੀਂ ਮਿਲਦਾ।

ਦਸ ਮਿੰਟ ਦੀ ਫੂਡ ਡਲਿਵਰੀ ਦੀ ਸਹੂਲਤ ਨੇ ਸਾਡੀ ਜ਼ਿੰਦਗੀ ਨੂੰ ਸੌਖੀ ਕਰ ਦਿੱਤਾ ਹੈ, ਪਰ ਇਸ ਦੇ ਨੁਕਸਾਨ ਵੀ ਘੱਟ ਨਹੀਂ ਹਨ। ਭੋਜਨ ਦੀ ਗੁਣਵੱਤਾ ਤੋਂ ਲੈ ਕੇ ਵਾਤਾਵਰਣ ਤੱਕ, ਡਲਿਵਰੀ ਕਰਮਚਾਰੀਆਂ ਦੀ ਸੁਰੱਖਿਆ ਤੋਂ ਲੈ ਕੇ ਸਥਾਨਕ ਆਰਥਿਕਤਾ ਤੱਕ, ਇਸ ਮਾਡਲ ਦਾ ਕਈ ਖੇਤਰਾਂ ਵਿਚ ਨਕਾਰਾਤਮਕ ਪ੍ਰਭਾਵ ਵੀ ਪੈ ਰਿਹਾ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਸਾਨੂੰ ਸੱਚਮੁੱਚ ਹਰ ਚੀਜ਼ ਦੀ ਇੰਨੀ ਜਲਦੀ ਲੋੜ ਹੈ, ਜਾਂ ਅਸੀਂ ਥੋੜ੍ਹਾ ਹੌਲੀ ਚੱਲ ਕੇ ਇਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਚੁਣ ਸਕਦੇ ਹਾਂ। ਇਸ ਮਾਡਲ ਨੂੰ ਹੋਰ ਜ਼ਿੰਮੇਵਾਰ ਬਣਾਉਣ ਲਈ ਸਰਕਾਰ, ਕੰਪਨੀਆਂ ਅਤੇ ਗਾਹਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਟਿਕਾਊ ਅਤੇ ਨੈਤਿਕ ਡਲਿਵਰੀ ਪ੍ਰਥਾਵਾਂ ਨੂੰ ਅਪਣਾ ਕੇ ਅਸੀਂ ਸਹੂਲਤ ਅਤੇ ਜ਼ਿੰਮੇਵਾਰੀ ਵਿਚਕਾਰ ਸੰਤੁਲਨ ਬਣਾ ਸਕਦੇ ਹਾਂ।

–ਰਜਨੀਸ਼ ਕਪੂਰ


author

Tanu

Content Editor

Related News