ਜਦੋਂ ਮੈ ਪਹਿਲੀ ਵਾਰੀ ਸਕੂਲ ਗਿਆ...

11/30/2015 6:46:20 PM


ਅੱਜਕੱਲ੍ਹ ਪੜ੍ਹਾਈ ਦਾ ਯੁੱਗ ਹੈ ਅਤੇ ਪੜ੍ਹਾਈ ਜ਼ਿੰਦਗੀ ਦਾ ਇਕ ਨਾ ਖਤਮ ਹੋਣ ਵਾਲਾ ਪੜਾਅ ਹੈ। ਆਦਮੀ ਚਾਹੇ ਤਾਂ ਸਾਰੀ ਉਮਰ ਹੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਪੜ੍ਹਾਈ ਦੀ ਕੋਈ ਉਮਰ ਸੀਮਾਂ ਤਹਿ ਨਹੀ ਹੈ। ਬੱਸ ਪੜ੍ਹਣ ਦਾ ਜਜ੍ਹਬਾ ਹੋਣਾ ਚਾਹੀਦਾ ਹੈ। ਅਮੀਰੀ ਗਰੀਬੀ ਵੀ ਕੋਈ ਅੜਿੱਕਾ ਨਹੀਂ। ਲੋਕ ਦਿਨੇ ਮਜਦੂਰੀ ਕਰਕੇ ਰਾਤੀ ਪੜ੍ਹਦੇ ਹਨ। ਵਿਆਹ ਅਤੇ ਬਾਲ ਪਰਿਵਾਰ ਵੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀ ਪਾ ਸਕਦੇ। ਬਹੁਤੀਆਂ ਕੁੜੀਆਂ ਮੁੰਡੇ ਵਿਆਹ ਤੋ ਬਾਅਦ ਹੀ ਡਿਗਰੀਆਂ ਲੈਦੇ ਹਨ। ਨੋਕਰੀ ਤੇ ਲੱਗਦੇ ਹਨ। ਹਜਾਰਾਂ ਉਦਾਰਨਾ ਹਨ ਜਦੋ ਦਸ ਪੜ੍ਹੀਆਂ ਲੜਕੀਆਂ ਵਿਆਹ ਤੋਂ ਬਾਅਦ ਪੀ. ਐਚ. ਡੀ ਤੱਕ ਕਰ ਗਈਆਂ। ਸਿਰਫ ਜ਼ਰੂਰਤ ਲੱਗਣ ''ਤੇ ਮਿਹਨਤ ਦੀ ਹੀ ਲੋੜ ਹੁੰਦੀ ਹੈ। 
ਪਰ ਜਦੋ ਬੱਚਾ ਛੋਟਾ ਹੁੰਦਾ ਹੈ ਤੇ ਉਸ ਨੂੰ ਪਹਿਲੀ ਵਾਰੀ ਸਕੂਲ ਭੇਜਿਆ ਜਾਂਦਾ ਹੈ ਤਾਂ ਉਹ ਜ਼ਰੂਰ ਰੋਂਦਾ ਹੈ ਚਾਹੇ ਅੱਜਕੱਲ੍ਹ ਪ੍ਰੀ ਸਕੂਲਿੰਗ ਦਾ ਚਲਣ ਹੈ। ਸਕੂਲ ਤੋਂ ਪਹਿਲਾਂ ਬੱਚੇ ਨੂੰ ਕਰੈਚ ਵਗੈਰਾ ''ਚ ਭੇਜਿਆ ਜਾਂਦਾ ਹੈ। ਆਮ ਤੌਰ ''ਤੇ ਦੋ ਢਾਈ ਸਾਲ ਦੇ ਬੱਚੇ ਨੂੰ ਹੀ ਪੜ੍ਹਣ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ। ਸਾਡੇ ਵੇਲਿਆਂ ''ਚ ਇਹ ਉਮਰ ਛੇ ਸੱਤ ਸਾਲ ਹੁੰਦੀ ਸੀ। ਜਦੋਂ ਮਾਂ ਪਿਉ ਬੱਚੇ ਨੂੰ ਮਾਸਟਰਾਂ ਹਵਾਲੇ ਕਰ ਆਉਂਦੇ ਤੇ ਉਮਰ ਵਾਲਾ ਖਾਨਾ ਪੂਰਾ ਕਰਨ ਲਈ ਉਮਰ ਵੀ ਅੰਦਾਜੇ ਅਨੁਸਾਰ ਹੀ ਲਿਖਾ ਦਿੱਤੀ ਾਂਦੀ ਸੀ। ਅੱਜ ਕੱਲ ਵਾਂਗੂ ਜਨਮ ਸਰਟੀਫੀਕੇਟਾਂ ਦਾ ਕੋਈ ਝੰਜਟ ਨਹੀ ਸੀ ਹੁੰਦਾ।

ਗੱਲ ਕੋਈ 1965-66 ਦੇ ਨੇੜੇ ਤੇੜੇ ਦੀ ਹੈ । ਜਦੋਂ ਮੇਰੀ ਮਾਂ ਨੇ ਸੁਵੱਖਤੇ ਹੀ ਮੈਨੂੰ ਨਹਾ ਕੇ ਮੇਰੇ ਵਾਲ ਵਾਹ ਦਿੱਤੇ ਤੇ ਸੁਰਮੇਦਾਨੀ ਚੋ ਸਰਮੁਚੂ ਨਾਲ ਮੇਰੀਆਂ ਅੱਖਾਂ ਵਿਚ ਸੁਰਮਾਂ ਪਾ ਦਿੱਤਾ ਅਤੇ ਨਾਲ ਹੀ ਰੋਜ ਵਾਂਗੂ ਮੇਰੀ ਗਰਦਨ ਤੇ ਕਾਲਾ ਸੁਰਮੇ ਦਾ ਨਿਸ਼ਾਨ ਜਿਹਾ ਲਾ ਦਿੱਤਾ। ਜਿਸ ਨੂੰ ਉਹ ਕਾਲਾ ਟਿੱਕਾ ਆਖਦੀ ਹੁੰਦੀ ਸੀ। ਇਹ ਕਿਉਂ ਲਾਉਂਦੀ ਸੀ ਇਸ ਗੱਲ ਦਾ ਪਤਾ ਮੈਨੂੰ ਕਾਫੀ ਸਾਲਾਂ ਬਾਅਦ ਲੱਗਿਆ ਕਿ ਉਹ ਮੈਨੂੰ ਲੋਕਾਂ ਦੀਆਂ ਨਜਰਾਂ ਤੋਂ ਬਚਾਉਣਾ ਚਾਹੁੰਦੀ ਸੀ। ਉਸ ਦਿਨ ਮੇਰੇ ਬੋਸਕੀ ਦਾ ਫੱਟੇਦਾਰ ਪਜਾਮਾਂ ਤੇ ਚਿੱਟਾ ਕਮੀਜ ਪਾਇਆ ਸੀ। ਮੇਰੇ ਲਈ ਮੇਰੀ ਮਾਂ ਨੇ ਇੱਕ ਝੋਲਾ ਵੀ ਸਿਉਂਤਾਂ ਸੀ। ਇਕ ਕਾਇਦਾ, ਸਲੇਟ ਤੇ ਹੋਰ ਨਿੱਕ ਸੁੱਕ ਵੀ ਤਿਆਰ ਕੀਤਾ ਸੀ। ਮੈਨੂੰ ਮਾਂ ਦੀਆਂ ਗੱਲਾਂ ਤੋ ਪਤਾ ਲੱਗਿਆ ਕਿ ਉਹ ਮੈਨੂੰ ਸਕੂਲ ਛੱਡਣ ਜਾ ਰਹੀ ਸੀ।ਮੇਰੇ ਨਾਲ ਦੇ ਬੇਲੀਆਂ ਵਿਚੋਂ ਕੋਈ ਵੀ ਸਕੂਲ ਨਹੀ ਸੀ ਜਾਂਦਾ। ਅਸੀਂ ਸਾਰਾ ਦਿਨ ਗਲੀ ਵਿੱਚ ਖੇਡਦੇ ਤੇ ਇਕ ਦੂਜੇ ਨੂ ਮਾਂਵਾਂ ਭੈਣਾਂ ਦੀਆਂ ਗਾਲਾਂ ਦਿੰਦੇ। ਇਕ ਦੋ ਵਾਰੀ ਗਾਲਾਂ ਕੱਢਣ ਕਰਕੇ ਮੇਰੀ ਚੰਗੀ ਛਿਤਰੋਲ ਵੀ ਹੋਈ ਸੀ। ਇਹ ਗੰਦੇ ਮੁੰਡਿਆਂ ਨਾਲ ਰਹਿ ਕੇ ਵਿਗੜ ਰਿਹਾ ਹੈ। ਮੇਰੀ ਮਾਂ ਨੇ ਮੇਰੇ ਪਾਪਾ ਅੱਗੇ ਮੇਰੀ ਸ਼ਿਕਾਇਤ ਵੀ ਲਾਈ ਸੀ ਤੇ ਇਹ ਪਾਪਾ ਜੀ ਦਾ ਹੀ ਸੁਝਾਅ ਸੀ ਕਿ ਇਸ ਨੂੰ ਸਕੂਲ ਪੜ੍ਹਨੇ ਲਾ ਦਿੱਤਾ ਜਾਵੇ।

ਓਹੀ ਹੋਇਆ ਜਿਸ ਦਾ ਖਦਸ਼ਾ ਸੀ । ਮੇਰੀ ਮਾਂ ਨੇ ਮੇਰੀ ਉਂਗਲੀ ਫੜ੍ਹ ਲਈ ਤੇ ਮੈਨੂੰ ਸਕੂਲ ਦੇ ਰਾਹ ਪਾ ਲਿਆ। ਮੈ ਘਰੋ ਹੀ ਰੋਣਾ ਸੁਰੂ ਕਰ ਦਿੱਤਾ। ਮੇਰੀਆਂ ਚੀਕਾਂ  ਰਸਤੇ ਚ ਹੀ ਆਪਣੀ ਹੱਟੀ ਤੇ ਬੈਠੇ ਮੇਰੇ ਦਾਦਾ ਜੀ ਨੇ ਵੀ ਸੁਣੀਆਂ। ਕਰਤਾਰ ਕੁਰੇ ਕੀ ਗੱਲ ਹੈ ਜੁਆਕ ਕਿਉ ਰੋਂਦਾ ਹੈ।ਕਿੱਥੇ ਲਈ ਜਾਂਦੀ ਹੈ। ਆਦਿ ਕਈ ਸਵਾਲ ਮੇਰੀ ਮਾਂ ਨੂੰ ਪੁਛੇ। ਬਾਈ ਇਹਨੂੰ ਸਕੂਲ ਛੱਡਣ ਚੱਲੀ ਹਾਂ। ਘਰੇ ਇਹ ਵਿਗੜਦਾ ਜਾਂਦਾ ਹੈ।ਮੇਰੇ ਮਾਂ ਨੇ ਲੰਬੇ ਘੁੰਢ ਵਿਚੋ ਹੀ ਜਬਾਬ ਦਿੱਤਾ। ਕਿਉ ਰਵਾਉਂਦੀ ਹੈ ਜੁਆਕ ਨੂੰ। ਅੱਜ ਰਹਿਣ ਦੇ ਫਿਰ ਛੱਡ ਆਈ। ਕਲ੍ਹ ਨੂੰ। ਅੱਜ ਰਹਿਣ ਦੇ। ਮੇਰੇ ਦਾਦਾ ਜੀ ਨੇ ਮੇਰਾ ਪੱਖ ਲਿਆ ਤੇ ਮੈਨੂੰ ਵੀ ਕੁਝ ਹੌਂਸਲਾ ਜਿਹਾ ਹੋਇਆ।ਨਹੀ ਬਾਈ ਅੱਜ ਵੀਰਵਾਰ ਹੈ ਤੇ ਪੜ੍ਹਾਈ ਲਈ ਵੀਰਵਾਰ ਹੀ ਚੰਗਾ ਹੁੰਦਾ ਹੈ। ਕਹਿ ਕੇ ਮੇਰੀ ਮਾਂ ਬਿਨਾ ਰੁਕੇ ਹੀ ਅੱਗੇ ਨੂੰ ਤੁਰ ਪਈ।
ਸਕੂਲ ਜਾ ਕੇ ਮੇਰੀ ਮਾਂ ਨੇ ਮੈਨੂੰ ਸਕੂਲ ਵਾਲੀ  ਭੈਣ ਜੀ ਦੇ ਹਵਾਲੇ ਕਰ ਦਿੱਤਾ।ਉਸਦਾ ਨਾਮ ਸਾਇਦ ਜੀਤ ਭੈਣ ਜੀ ਸੀ। ਕੱਚੀ ਪੱਕੀ ਚ ਮੈਨੂੰ ਓਹੀ ਪੜਾਉਦੀ  ਸੀ।ਮੇਰੀ ਮਾਂ ਨੇ ਭੈਣ ਜੀ ਨੂੰ ਆਪਣੇ ਨਾਲ ਲਿਆਂਦਾ ਪਤਾਸਿਆਂ ਵਾਲਾ ਖਾਕੀ ਲਿਫਾਫਾ ਵੀ ਫੜ੍ਹਾ ਦਿੱਤਾ ਬੱਚਿਆਂ ''ਚ ਵੰਡਣ ਲਈ। ਭੈਣ ਜੀ ਨੇ ਦੋ ਦੋ ਪਤਾਸੇ ਸਾਰਿਆਂ ਚ ਵੰਡ ਦਿੱਤੇ ਤੇ ਮੈਨੂੰ ਵੀ ਦਿੱਤੇ। ਪਰ ਮੇਰਾ ਰੋਣਾ ਤਾਂ ਬਦਸਤੂਰ ਜਾਰੀ ਸੀ। ਮੇਰੀ ਮਾਂ ਦੇ ਸਕੂਲੋ ਆਉਣ ਤੋ ਬਾਅਦ ਵੀ ਕਿੰਨੀ ਦੇਰ ਮੈ ਰੋਂਦਾ ਰਿਹਾ। ਮੇਰੀਆਂ ਅੱਖਾਂ ਤੇ ਨੱਕ ਚੋ ਪਾਣੀ ਲਗਾਤਾਰ ਵਹਿ ਰਿਹਾ ਸੀ।ਕਮੀਜ ਦੀਆਂ ਕਫਾਂ ਤੋਂ ਮੈ ਰਮਾਲ ਦਾ ਕੰਮ ਲੈ ਰਿਹਾ ਸੀ। ਮੈ ਸਕੂਲੋ ਭੱਜਣ ਦੀ ਕੋਸਿਸ ਕੀਤੀ ਪਰ ਗੱਲ ਨਾ ਬਣੀ । ਕਿਉਂਕਿ ਭੈਣ ਜੀ ਦੀ ਟੇਡੀ ਅੱਖ ਮੇਰੇ ਤੇ ਹੀ  ਸੀ। ਮੇਰੀ ਹਾਲਤ ਪਿੰਜਰੇ ਚ ਫਸੇ ਪੰਛੀ ਵਰਗੀ ਸੀ। ਮੈ ਆਜਾਦ ਉਡਣਾ ਚਾਹੂੰਦਾ ਸੀ ਪਰ ਉੱਡ ਨਹੀ ਸੀ ਸਕਦਾ।

ਖੈਰ ਭੈਣ ਜੀ ਨੂੰ ਮੇਰੀ ਹਾਲਤ ਤੇ ਤਰਸ ਆ ਗਿਆ । ਲੱਗਦਾ ਉਹ ਵੀ ਹੰਭ ਹਾਰ ਗਈ ਸੀ ਇਸ ਲਈ ਉਸ ਨੇ ਮੈਨੂੰ ਅੱਧੀ ਛੁੱਟੀ ਵੇਲੇ ਜਾਣ ਦਾ ਇਸ਼ਾਰਾ ਕਰ ਦਿੱਤਾ। ਵੱਡੇ ਛੱਪੜ ਆਲੇ ਰਸਤੇ ਤੋ ਹੁੰਦਾ ਹੋਇਆ। ਮੈ ਗੋਲੀ ਤਰ੍ਹਾਂ ਮੇਰੇ ਦਾਦਾ ਜੀ ਦੀ ਹੱਟੀ ਤੇ ਜਾ ਵੜਿਆ। ਕਿਉਂਕਿ ਘਰੇ ਜਾਣਾ ਖਤਰੇ ਤੋ ਖਾਲੀ ਨਹੀ ਸੀ ਅਤੇ ਫਿਰ ਦਾਦਾ ਜੀ ਨੇ ਹੋਸਲਾ ਜਿਹਾ ਦੇ ਕੇ ਮੈਨੂੰ ਮੇਰੇ ਘਰੇ ਭੇਜ ਦਿੱਤਾ। ਅਗਲੇ ਦਿਨ ਵੀ ਫਿਰ ਓਹੀ ਮਸੀਬਤ ਮੂਹਰੇ ਤਿਆਰ ਖੜੀ ਸੀ ਪਰ ਪਤਾ ਨਹੀ ਕਿਵੇ ਮੇਰੀ ਮਾਂ ਨੇ ਮੈਨੂੰ ਵਲਚਾ ਕੇ ਸਕੂਲ ਤੋਰ ਦਿੱਤਾ । ਪਤਾ ਨਹੀ ਕੀ ਲਾਲਚ ਦਿੱਤਾ ਮੈ ਆਪੇ ਹੀ ਸਕੂਲ ਚਲਾ ਗਿਆ।ਮੇਰੇ ਦਾਦਾ ਜੀ ਦੀਆਂ ਸਮਝੋਤੀਆਂ ਦਾ ਵੀ ਅਸਰ ਸੀ ਮੇਰੇ ਤੇ । ਫਿਰ ਸਕੂਲ ਵਿੱਚ ਜੀਤ ਭੈਣ ਜੀ ਵੀ ਮੇਰੇ ਵੱਲ ਖਾਸ ਧਿਆਨ ਦਿੰਦੀ ਸੀ ਤੇ ਬੜੇ ਪਿਆਰ ਨਾਲ ਪੇਸ਼ ਆਉਂਦੀ ਸੀ। ਉਸ ਸਮੇ ਸਕੂਲਾਂ ਵਿੱਚ ਕੁੱਟ ਆਮ ਪੈਂਦੀ ਸੀ ਪਰ ਮੈਨੂੰ ਕੋਈ ਕੁਝ ਨਹੀ ਸੀ ਕਹਿੰਦਾ। ਉਸ ਸਮੇ ਦੇ ਹੈਡ ਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫਿਰ ਨਾਲ ਵੀ ਮੇਰੇ ਪਾਪਾ ਜੀ ਦੇ ਚੰਗੇ ਸੰਬੰਧ ਸਨ। ਫਿਰ ਹੌਲੀ-ਹੌਲੀ ਮੈ ਸਭ ਦਾ ਚਹੇਤਾ ਬਣ ਗਿਆ। ਮੌਕੇ  ਦੀ ਟੀਚਰ ਜੀਤ ਕੋਰ ਦੀ ਬਦੋਲਤ ਮੈ ਰਿੜਦਾ ਰਿੜਦਾ ਦਸਵੀ ਤੇ ਫਿਰ  ਬੀ ਕਾਮ ਕਰ ਗਿਆ। ਮੈ ਮੇਰੇ ਦਾਦਕਾ ਪਰਿਵਾਰ ਦਾ ਪਹਿਲਾ ਗਰੇਜੂਏਟ ਬਣਿਆ। ਉਹ ਵੀ ਕਾਮਰਸ ਵਿਸ਼ੇ ਵਿੱਚ। 
ਵੈਸੇ ਤਾਂ ਬੱਚੇ ਦੀ ਪਹਿਲੀ ਟੀਚਰ ਉਸ ਦੀ ਮਾਂ ਹੀ ਹੁੰਦੀ ਹੈ। ਪਰ ਉਸ ਦੀ ਸ਼ਖਸੀਅਤ ਦੇ ਨਿਖਾਰ ਵਿੱਚ ਉਸ ਦੀ ਸਕੂਲ ਵਾਲੀ ਮੁੱਢਲੀ ਟੀਚਰ ਦਾ ਵੀ ਮੁੱਖ ਰੋਲ ਹੁੰਦਾ ਹੈ । ਅੱਜਕੱਲ੍ਹ ਮਾਂ-ਪਿਉ ਬੱਚੇ ਦੀ ਪੜ੍ਹਾਈ ਵੱਲ ਜਿੰਨਾ ਧਿਆਨ ਦਿੰਦੇ ਹਨ ਪੁਰਾਣੇ ਵੇਲਿਆ ਵਿੱਚ ਇਹ ਗੱਲ ਨਹੀ ਸੀ। ਬੱਚੇ ਨੂੰ ਕੁੱਟਣ ਤੇ ਚੰਡਣ ਦਾ ਪੂਰਾ ਅਧਿਕਾਰ ਹੁੰਦਾ ਸੀ ਉਸ ਦੇ ਅਧਿਆਪਕ ਕੋਲ ਪਰ ਨਹੀਂ ਕਿਉ ਜਮਾਨੇ ਦੇ ਬਦਲਾਅ ਅਨੁਸਾਰ ਬੱਚਿਆਂ ਦੇ ਦਿਲ ਵਿੱਚ ਆਪਣੇ ਅਧਿਆਪਕਾਂ ਦਾ ਉਹ ਸਤਿਕਾਰ ਨਹੀ ਰਿਹਾ ਜੋ ਪਹਿਲਾਂ ਹੁੰਦਾ ਸੀ। ਸਾਇਦ ਆਧਿਆਪਕ ਵਰਗ ਵੀ ਆਪਣੇ ਇਸ ਕਿੱਤੇ ਨੂੰ ਸੇਵਾ ਨਹੀ ਸਿਰਫ ਰੋਜਗਾਰ ਦਾ ਜਰੀਆ ਸਮਝਣ ਲੱਗ ਪਿਆ ਹੈ। ਤੇ ਬੱਚੇ ਵੀ ਉਹਨਾ ਨੂੰ ਆਪਣਾ ਗੁਰੂ ਉਸਤਾਦ ਨਹੀ ਸਮਝਦੇ। ਇਹੀ ਕਾਰਣ ਹੈ ਅਧਿਆਪਕ ਦੇ ਰੁੱਤਬੇ ਦਾ ਉਹ ਸਨਮਾਣ ਨਹੀ ਹੈ।ਜੋ ਪਹਿਲਾ ਹੁੰਦਾ ਸੀ ਜਾ ਜੋ ਹੋਣਾ ਚਾਹੀਦਾ ਹੈ।ਮੇਰੀ ਪਹਿਲੀ ਸਕੂਲ ਯਾਤਰਾ ਮੇਰੀ ਜਿੰਦਗੀ ਦੀ ਅਭੁੱਲ ਯਾਦ ਬਣ ਗਈ। 

ਰਮੇਸ਼ ਸੇਠੀ ਬਾਦਲ


Related News