ਕੂੜ ਪ੍ਰਚਾਰ ਦੇ ਦੌਰ ’ਚ ਤੱਥਾਂ ਦੀ ਪਛਾਣ ਜ਼ਰੂਰੀ

Wednesday, Nov 18, 2026 - 03:01 PM (IST)

ਕੂੜ ਪ੍ਰਚਾਰ ਦੇ ਦੌਰ ’ਚ ਤੱਥਾਂ ਦੀ ਪਛਾਣ ਜ਼ਰੂਰੀ

ਡਿਜੀਟਲ ਯੁੱਗ ’ਚ ਫਰਜ਼ੀ ਖ਼ਬਰਾਂ, ਗੁੰਮਰਾਹਕੁੰਨ ਵੀਡੀਓ ਅਤੇ ਕੂੜ ਪ੍ਰਚਾਰ ਦੇ ਵਧਦੇ ਖ਼ਤਰੇ ਦਰਮਿਆਨ ਨੌਜਵਾਨਾਂ ਲਈ ਤੱਥਾਂ ਦੀ ਪਛਾਣ ਅਤੇ ਸੂਚਨਾਵਾਂ ਦੀ ਤਸਦੀਕ ਬੇਹੱਦ ਜ਼ਰੂਰੀ ਹੋ ਗਈ ਹੈ। ਭਾਵਨਾਤਮਕ ਸੰਦੇਸ਼ਾਂ ਅਤੇ ਅਧੂਰੀਆਂ ਜਾਣਕਾਰੀਆਂ ਦੇ ਜਾਲ ਤੋਂ ਬਚਣ ਲਈ ਆਲੋਚਨਾਤਮਕ ਸੋਚ, ਮੀਡੀਆ ਸਾਖਰਤਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ’ਚ ਭਰੋਸਾ ਜ਼ਰੂਰੀ ਹੈ। ਬਨਾਵਟੀ ਬੁੱਧੀਮਤਾ (ਏ. ਆਈ.) ਰਾਹੀਂ ਤਿਆਰ ਕੀਤੇ ਵੀਡੀਓ, ਤਸਵੀਰਾਂ ਅਤੇ ਆਡੀਓ ਰਿਕਾਰਡਿੰਗ ਇੰਨੇ ਯਥਾਰਥਵਾਦੀ ਜਾਪਦੇ ਹਨ ਕਿ ਅਸਲੀ ਅਤੇ ਨਕਲੀ ’ਚ ਫਰਕ ਕਰਨਾ ਔਖਾ ਹੋ ਜਾਂਦਾ ਹੈ।

ਅਜਿਹੇ ਮਾਹੌਲ ’ਚ ਤੱਥਾਂ ਅਤੇ ਕੂੜ ਪ੍ਰਚਾਰ ਦਰਮਿਆਨ ਫਰਕ ਕਰਨਾ ਹਰੇਕ ਨਾਗਰਿਕ, ਖ਼ਾਸ ਕਰ ਕੇ ਨੌਜਵਾਨਾਂ ਲਈ ਇਕ ਜ਼ਰੂਰੀ ਹੁਨਰ ਬਣ ਗਿਆ ਹੈ। ਅੱਜ ਦੇ ਨੌਜਵਾਨ ਰੋਜ਼ਾਨਾ ਧਰਮ, ਪਛਾਣ, ਸਿਆਸਤ, ਕੌਮੀ ਮਾਮਲਿਆਂ ਅਤੇ ਕੌਮਾਂਤਰੀ ਘਟਨਾਵਾਂ ਨਾਲ ਸਬੰਧਤ ਅਣਗਿਣਤ ਜਾਣਕਾਰੀਆਂ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਜਾਣਕਾਰੀ ਲਾਹੇਵੰਦ ਅਤੇ ਉਸਾਰੂ ਹੁੰਦੀ ਹੈ ਪਰ ਕੁਝ ਸਮੱਗਰੀ ਜਾਣਬੁੱਝ ਕੇ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ’ਚ ਅਸਲੀਅਤ ਨੂੰ ਸਮਝਣ ’ਚ ਮਦਦ ਕਰਨ ਦੀ ਬਜਾਏ ਗੁੱਸਾ, ਡਰ, ਨਿਰਾਸ਼ਾ ਜਾਂ ਘਾਟ ਦੀ ਭਾਵਨਾ ਪੈਦਾ ਹੋਵੇ। ਇਕ ਜ਼ਿੰਮੇਵਾਰ ਨਾਗਰਿਕ ਦੀ ਪਛਾਣ ਸਿਰਫ਼ ਜਾਣਕਾਰੀ ਹਾਸਲ ਕਰਨਾ ਹੀ ਨਹੀਂ, ਸਗੋਂ ਉਸ ਨੂੰ ਸਵੀਕਾਰ ਕਰਨ ਜਾਂ ਦੂਜਿਆਂ ਤੱਕ ਪਹੁੰਚਾਉਣ ਤੋਂ ਪਹਿਲਾਂ ਉਸ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਨਾ ਵੀ ਹੈ।

ਪ੍ਰਚਾਰ-ਪਸਾਰ ਆਮ ਰਾਏ ਜਾਂ ਮਤਭੇਦ ਨਾਲੋਂ ਵੱਖਰਾ ਹੁੰਦਾ ਹੈ। ਇਸ ਦਾ ਮਕਸਦ ਸੰਤੁਲਿਤ ਜਾਣਕਾਰੀ ਮੁਹੱਈਆ ਕਰਵਾਉਣਾ ਨਹੀਂ ਹੁੰਦਾ, ਸਗੋਂ ਖ਼ਾਸ ਭਾਵਨਾਵਾਂ ਨੂੰ ਭੜਕਾ ਕੇ ਅਤੇ ਅਧੂਰੀ ਸੱਚਾਈ ਜਾਂ ਚੋਣਵੇਂ ਤੱਥਾਂ ਨੂੰ ਪੇਸ਼ ਕਰ ਕੇ ਲੋਕਾਂ ਨੂੰ ਇਕ ਖ਼ਾਸ ਦਿਸ਼ਾ ’ਚ ਪ੍ਰਭਾਵਿਤ ਕਰਨਾ ਹੁੰਦਾ ਹੈ। ਪ੍ਰਚਾਰ-ਪਸਾਰ ਅਕਸਰ ਕਿਸੇ ਗੁੰਝਲਦਾਰ ਮੁੱਦੇ ਦਾ ਸਿਰਫ਼ ਇਕ ਪੱਖ ਪੇਸ਼ ਕਰਦਾ ਹੈ, ਉਲਟ ਸਬੂਤਾਂ ਨੂੰ ਅਣਗੌਲਿਆ ਕਰਦਾ ਹੈ ਅਤੇ ਲੋਕਾਂ ਨੂੰ ਆਲੋਚਨਾਤਮਕ ਚਿੰਤਨ ਦੀ ਬਜਾਏ ਭਾਵਨਾਤਮਕ ਤੌਰ ’ਤੇ ਤੁਰੰਤ ਪ੍ਰਤੀਕਿਰਿਆ ਦੇਣ ਲਈ ਉਤਸ਼ਾਹਿਤ ਕਰਦਾ ਹੈ। ਇਹ ਵਿਚਾਰਧਾਰਕ, ਸਿਆਸੀ, ਆਰਥਿਕ ਜਾਂ ਹੋਰ ਹਿੱਤਾਂ ਤੋਂ ਪ੍ਰੇਰਿਤ ਹੋ ਸਕਦਾ ਹੈ। ਇਸ ਲਈ ਹਰੇਕ ਦਾਅਵੇ ਦਾ ਮੁਲਾਂਕਣ ਉਸ ਦੇ ਸਰੋਤ ਅਤੇ ਸਹਾਇਕ ਸਬੂਤਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਸਿਰਫ਼ ਇਸ ਲਈ ਕਿ ਉਹ ਸਾਡੇ ਪਹਿਲਾਂ ਤੋਂ ਸਥਾਪਤ ਵਿਚਾਰਾਂ ਦੇ ਅਨੁਕੂਲ ਹੈ।

ਕੂੜ ਪ੍ਰਚਾਰ ਤੋਂ ਖ਼ੁਦ ਨੂੰ ਬਚਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੈ ਆਲੋਚਨਾਤਮਕ ਸੋਚ। ਆਲੋਚਨਾਤਮਕ ਸੋਚ ਦਾ ਮਤਲਬ ਹੈ ਕਿਸੇ ਵੀ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਸਵਾਲ ਪੁੱਛਣਾ। ਇਹ ਜਾਣਕਾਰੀ ਕਿਸ ਨੇ ਦਿੱਤੀ? ਇਸ ਦੇ ਸਮਰਥਨ ’ਚ ਕੀ ਸਬੂਤ ਹਨ? ਕੀ ਭਰੋਸੇਯੋਗ ਸਰੋਤ ਵੀ ਇਹੀ ਗੱਲ ਕਹਿੰਦੇ ਹਨ? ਕੀ ਸਬੰਧਤ ਖੇਤਰ ਦੇ ਮਾਹਿਰ, ਖੋਜਕਾਰ ਜਾਂ ਜਾਣਕਾਰ ਲੋਕ ਵੀ ਇਹੀ ਰਾਏ ਰੱਖਦੇ ਹਨ? ਕੀ ਇਹ ਜਾਣਕਾਰੀ ਮੁੱਦੇ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ, ਜਾਂ ਇਹ ਸਿਰਫ਼ ਨਾਅਰਿਆਂ ਅਤੇ ਭਾਵਨਾਵਾਂ ’ਤੇ ਆਧਾਰਿਤ ਹੈ? ਅਜਿਹੇ ਸਵਾਲ ਵਿਅਕਤੀ ਨੂੰ ਭਾਵਨਾਤਮਕ ਪ੍ਰਤੀਕਿਰਿਆਵਾਂ ਦੀ ਬਜਾਏ ਸਬੂਤਾਂ ਦੇ ਆਧਾਰ ’ਤੇ ਰਾਏ ਬਣਾਉਣ ’ਚ ਮਦਦ ਕਰਦੇ ਹਨ।

ਕਈ ਗੁੰਮਰਾਹਕੁੰਨ ਮੁਹਿੰਮਾਂ ਇਸ ਲਈ ਸਫਲ ਹੋ ਜਾਂਦੀਆਂ ਹਨ ਕਿਉਂਕਿ ਉਹ ਤੱਥਾਂ ਦੀ ਬਜਾਏ ਭਾਵਨਾਵਾਂ ਨੂੰ ਅਪੀਲ ਕਰਦੀਆਂ ਹਨ। ਸੋਸ਼ਲ ਮੀਡੀਆ ’ਤੇ ਪੋਸਟਾਂ ਅਤੇ ਵੀਡੀਓ ਵੀ ਇਸੇ ਦੀ ਮਿਸਾਲ ਹਨ। ਕਈ ਵਾਰ ਜਾਣਬੁੱਝ ਕੇ ਅਜਿਹੀ ਸਮੱਗਰੀ ਤਿਆਰ ਕੀਤੀ ਜਾਂਦੀ ਹੈ ਜੋ ਗੁੱਸਾ, ਡਰ, ਬੇਵੱਸੀ ਜਾਂ ਨਫ਼ਰਤ ਪੈਦਾ ਕਰਦੀ ਹੈ, ਕਿਉਂਕਿ ਭਾਵਨਾਤਮਕ ਸਮੱਗਰੀ ਤੇਜ਼ੀ ਨਾਲ ਫੈਲਦੀ ਹੈ। ਕਈ ਵਾਰ, ਕੁਝ ਘਟਨਾਵਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਉਹ ਪੂਰੇ ਸਮਾਜ ਦੀ ਮੁਕੰਮਲ ਤਸਵੀਰ ਪੇਸ਼ ਕਰਦੀਆਂ ਹੋਣ, ਜਾਂ ਹਰ ਅਸਹਿਮਤੀ ਨੂੰ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਲਗਾਤਾਰ ਅਜਿਹੀ ਸਮੱਗਰੀ ਦੇ ਸੰਪਰਕ ’ਚ ਰਹਿੰਦਾ ਹੈ, ਤਾਂ ਇਸ ਨਾਲ ਅਸਲੀਅਤ ਬਾਰੇ ਉਸ ਦੀ ਧਾਰਨਾ ਅਸਲ ਤੱਥਾਂ ਨਾਲੋਂ ਵੱਖਰੀ ਹੋ ਸਕਦੀ ਹੈ।

ਸਾਜ਼ਿਸ਼ ਦੇ ਸਿਧਾਂਤ ਇਕ ਹੋਰ ਵੱਡੀ ਚੁਣੌਤੀ ਹਨ। ਇਨ੍ਹਾਂ ’ਚ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਦੁਨੀਆ ਦੀ ਹਰ ਵੱਡੀ ਘਟਨਾ ਪਿੱਛੇ ਕੋਈ ਗੁਪਤ ਸ਼ਕਤੀ ਹੈ ਅਤੇ ਸਾਰੇ ਅਧਿਕਾਰਤ ਜਾਂ ਭਰੋਸੇਯੋਗ ਸਪੱਸ਼ਟੀਕਰਨ ਲਾਜ਼ਮੀ ਤੌਰ ’ਤੇ ਝੂਠੇ ਹਨ। ਹਾਲਾਂਕਿ ਕਿਸੇ ਵੀ ਸਮਾਜ ’ਚ ਅਸਲ ਬੇਇਨਸਾਫ਼ੀ ਜਾਂ ਗਲਤੀਆਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਅਤੇ ਸੰਵਿਧਾਨਕ ਤਰੀਕਿਆਂ ਨਾਲ ਪਛਾਣਿਆ ਅਤੇ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਬਿਨਾਂ ਸਬੂਤ ਦੇ ਇਹ ਮੰਨ ਲੈਣਾ ਕਿ ਹਰ ਘਟਨਾ ਇਕ ਆਲਮੀ ਸਾਜ਼ਿਸ਼ ਦਾ ਹਿੱਸਾ ਹੈ, ਵਿਅਕਤੀ ਨੂੰ ਅਸਲੀਅਤ ਤੋਂ ਦੂਰ ਲਿਜਾ ਸਕਦਾ ਹੈ। ਉਸਾਰੂ ਸਵਾਲ ਪੁੱਛਣਾ ਇਕ ਚੰਗੀ ਆਦਤ ਹੈ ਪਰ ਹਰ ਸੰਸਥਾ, ਹਰ ਖ਼ਬਰ, ਰਿਪੋਰਟ ਅਤੇ ਹਰ ਮਾਹਿਰ ’ਤੇ ਬੇਵਜ੍ਹਾ ਅਵਿਸ਼ਵਾਸ ਕਰਨਾ ਸਿਆਣਪ ਨਹੀਂ ਹੈ।

ਇਕ ਹੋਰ ਅਹਿਮ ਪਹਿਲੂ ਬੋਧਾਤਮਕ ਪੱਖਪਾਤ ਹੈ। ਮਨੁੱਖੀ ਮਨ ਸੁਭਾਵਿਕ ਤੌਰ ’ਤੇ ਉਨ੍ਹਾਂ ਸੂਚਨਾਵਾਂ ਨੂੰ ਸਵੀਕਾਰ ਕਰਦਾ ਹੈ, ਜੋ ਉਸ ਦੀਆਂ ਮੌਜੂਦਾ ਮਾਨਤਾਵਾਂ ਦਾ ਸਮਰਥਨ ਕਰਦੀਆਂ ਹਨ, ਜਦਕਿ ਉਨ੍ਹਾਂ ਦਾ ਖੰਡਨ ਕਰਨ ਵਾਲੇ ਸਬੂਤਾਂ ਨੂੰ ਅਣਗੌਲਿਆ ਕਰ ਦਿੰਦਾ ਹੈ। ਸੋਸ਼ਲ ਮੀਡੀਆ ਐਲਗੋਰਿਦਮ ਵੀ ਅਕਸਰ ਵਰਤੋਂਕਾਰਾਂ ਨੂੰ ਪਹਿਲਾਂ ਦੇਖੀ ਗਈ ਸਮੱਗਰੀ ਵਰਗੀ ਹੀ ਸਮੱਗਰੀ ਦਿਖਾਉਂਦੇ ਰਹਿੰਦੇ ਹਨ। ਇਸ ਤਰ੍ਹਾਂ, ਇਕ ਵਿਅਕਤੀ ਗੂੰਜ ਕਮਰੇ ’ਚ ਫਸ ਸਕਦਾ ਹੈ, ਜਿੱਥੇ ਉਸ ਨੂੰ ਸਿਰਫ਼ ਇਕ ਹੀ ਦ੍ਰਿਸ਼ਟੀਕੋਣ ਮਿਲਦਾ ਹੈ।

ਇਹ ਆਦਤਾਂ ਮੁਸਲਿਮ ਨੌਜਵਾਨਾਂ ਲਈ ਖ਼ਾਸ ਤੌਰ ’ਤੇ ਅਹਿਮ ਹਨ ਕਿਉਂਕਿ ਪਛਾਣ ਅਤੇ ਧਰਮ ਨਾਲ ਸਬੰਧਤ ਮੁੱਦਿਆਂ ’ਤੇ ਭਾਵਨਾਤਮਕ ਤੌਰ ’ਤੇ ਭੜਕਾਊ ਸਮੱਗਰੀ ਵੱਡੇ ਪੱਧਰ ’ਤੇ ਪ੍ਰਸਾਰਿਤ ਹੁੰਦੀ ਹੈ। ਅਸਲ ਅਤੇ ਸਥਾਪਤ ਬੇਇਨਸਾਫ਼ੀ, ਜਿਸ ਲਈ ਕਾਨੂੰਨੀ ਉਪਾਅ ਅਪਣਾਏ ਜਾਣੇ ਚਾਹੀਦੇ ਹਨ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਜਾਂ ਮਨਘੜਤ ਦਾਅਵਿਆਂ ਦਰਮਿਆਨ ਫਰਕ ਕਰਨਾ ਜ਼ਰੂਰੀ ਹੈ। ਘਾਟ ਦੀ ਹਰ ਭਾਵਨਾ ਅਸਲੀਅਤ ’ਤੇ ਆਧਾਰਿਤ ਨਹੀਂ ਹੁੰਦੀ, ਇਸ ਲਈ ਜ਼ਮੀਨੀ ਹਕੀਕਤ, ਭਰੋਸੇਯੋਗ ਸਬੂਤਾਂ ਅਤੇ ਭਰੋਸੇਯੋਗ ਸਰੋਤਾਂ ਦੇ ਆਧਾਰ ’ਤੇ ਪੁਸ਼ਟੀ ਕੀਤੇ ਬਿਨਾਂ ਕਿਸੇ ਸਿੱਟੇ ’ਤੇ ਨਹੀਂ ਪਹੁੰਚਣਾ ਚਾਹੀਦਾ।

ਇਸੇ ਕਾਰਨ ਅੱਜ ਮੀਡੀਆ ਸਾਖਰਤਾ ਇਕ ਬੁਨਿਆਦੀ ਨਾਗਰਿਕ ਹੁਨਰ ਬਣ ਗਈ ਹੈ। ਖ਼ਬਰ ਰਿਪੋਰਟ ਨੂੰ ਸਿਰਫ਼ ਸੁਰਖੀ ਪੜ੍ਹਨ ਦੀ ਬਜਾਏ ਪੂਰਾ ਪੜ੍ਹਨਾ, ਵੱਖ-ਵੱਖ ਭਰੋਸੇਯੋਗ ਸਰੋਤਾਂ ਤੋਂ ਮਿਲੀ ਜਾਣਕਾਰੀ ਨਾਲ ਉਸ ਦੀ ਤੁਲਨਾ ਕਰਨਾ, ਪ੍ਰਕਾਸ਼ਨ ਦੀ ਤਰੀਕ ਦੀ ਜਾਂਚ ਕਰਨਾ, ਮੂਲ ਸਰੋਤ ਦਾ ਪਤਾ ਲਾਉਣਾ, ਬਨਾਵਟੀ ਜਾਂ ਹੇਰਫੇਰ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਦੀ ਪਛਾਣ ਕਰਨ ਦਾ ਯਤਨ ਕਰਨਾ ਅਤੇ ਖ਼ਬਰ ਤੇ ਨਿੱਜੀ ਰਾਏ ਦਰਮਿਆਨ ਫਰਕ ਸਮਝਣਾ, ਇਹ ਸਾਰੇ ਇਕ ਜਾਗਰੂਕ ਨਾਗਰਿਕ ਦੀ ਪਛਾਣ ਹਨ।

ਸਿਹਤਮੰਦ ਲੋਕਤੰਤਰੀ ਸਮਾਜ ’ਚ ਮਤਭੇਦ ਹੋਣਾ ਵੀ ਇਕ ਲਾਜ਼ਮੀ ਤੱਤ ਹੈ। ਸਿਆਸੀ, ਕਾਨੂੰਨੀ ਜਾਂ ਧਾਰਮਿਕ ਮਾਮਲਿਆਂ ’ਤੇ ਵੱਖ-ਵੱਖ ਵਿਚਾਰ ਰੱਖਣਾ ਸੁਭਾਵਿਕ ਹੈ ਪਰ ਮਤਭੇਦ ਦੁਸ਼ਮਣੀ ’ਚ ਨਹੀਂ ਬਦਲਣਾ ਚਾਹੀਦਾ। ਦੂਜਿਆਂ ਦੀ ਗੱਲ ਸੁਣਨਾ, ਨਿਮਰਤਾਪੂਰਵਕ ਸੰਵਾਦ ਕਰਨਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਘੇਰੇ ’ਚ ਰਹਿ ਕੇ ਆਪਣੇ ਵਿਚਾਰ ਪ੍ਰਗਟਾਉਣਾ ਇਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ ਹਨ।

ਪਰਿਵਾਰ, ਵਿੱਦਿਅਕ ਅਦਾਰੇ, ਧਾਰਮਿਕ ਵਿਦਵਾਨ, ਅਧਿਆਪਕ ਅਤੇ ਸਮਾਜਿਕ ਜਥੇਬੰਦੀਆਂ ਨੌਜਵਾਨਾਂ ’ਚ ਆਲੋਚਨਾਤਮਕ ਸੋਚ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਨੌਜਵਾਨਾਂ ਨੂੰ ਸਵਾਲ ਪੁੱਛਣ, ਸਬੂਤ ਇਕੱਠੇ ਕਰਨ, ਜਾਣਕਾਰ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਔਖੇ ਵਿਸ਼ਿਆਂ ’ਤੇ ਖੁੱਲ੍ਹੇ ਮਨ ਨਾਲ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸਲਾਮ ਇਮਾਨਦਾਰੀ, ਇਨਸਾਫ਼, ਜਾਣਕਾਰੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸ ਦੀ ਜਾਂਚ-ਪੜਤਾਲ ਅਤੇ ਤਸਦੀਕ ਕਰਨਾ ਸਿਖਾਉਂਦਾ ਹੈ, ਇਹ ਸਿਧਾਂਤ ਇਕ ਜ਼ਿੰਮੇਵਾਰ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਦੇ ਪੂਰੀ ਤਰ੍ਹਾਂ ਅਨੁਕੂਲ ਹਨ।

ਦਰਅਸਲ, ਕੂੜ ਪ੍ਰਚਾਰ ਵਿਰੁੱਧ ਸਭ ਤੋਂ ਮਜ਼ਬੂਤ ਬਚਾਅ ਪਾਬੰਦੀ ਨਹੀਂ, ਸਗੋਂ ਸਿਆਣਪ ਹੈ। ਜੋ ਲੋਕ ਆਲੋਚਨਾਤਮਕ ਤੌਰ ’ਤੇ ਸੋਚਦੇ ਹਨ, ਜਾਣਕਾਰੀ ਦੀ ਪੁਸ਼ਟੀ ਕਰਦੇ ਹਨ, ਭਾਵਨਾਤਮਕ ਹੇਰਫੇਰ ਨੂੰ ਪਛਾਣਦੇ ਹਨ ਅਤੇ ਭਰੋਸੇਯੋਗ ਸਬੂਤਾਂ ਦੇ ਆਧਾਰ ’ਤੇ ਆਪਣੀ ਰਾਏ ਬਣਾਉਂਦੇ ਹਨ, ਉਹ ਗੁੰਮਰਾਹਕੁੰਨ ਮੁਹਿੰਮਾਂ ਜਾਂ ਕੱਟੜਪੰਥੀ ਬਿਰਤਾਂਤਾਂ ਦਾ ਆਸਾਨ ਨਿਸ਼ਾਨਾ ਨਹੀਂ ਬਣਦੇ।

ਅੱਜ ਹਰ ਸਮਾਰਟਫੋਨ ਗਿਆਨ ਦਾ ਭੰਡਾਰ ਹੋਣ ਦੇ ਨਾਲ-ਨਾਲ ਗੁੰਮਰਾਹਕੁੰਨ ਜਾਣਕਾਰੀ ਦਾ ਸਰੋਤ ਵੀ ਹੋ ਸਕਦਾ ਹੈ। ਚੋਣ ਹਰ ਵਿਅਕਤੀ ਦੇ ਹੱਥ ’ਚ ਹੈ। ਜੇਕਰ ਭਾਰਤ ਦੇ ਨੌਜਵਾਨ ਆਲੋਚਨਾਤਮਕ ਸੋਚ ਅਤੇ ਮੀਡੀਆ ਸਾਖਰਤਾ ਨੂੰ ਹੱਲਾਸ਼ੇਰੀ ਦੇਣ, ਬੌਧਿਕ ਇਮਾਨਦਾਰੀ, ਜ਼ਮੀਨੀ ਹਕੀਕਤਾਂ ਦੀ ਤਸਦੀਕ ਅਤੇ ਸੰਵਿਧਾਨਕ ਪ੍ਰਕਿਰਿਆਵਾਂ ’ਚ ਭਰੋਸੇ ਨੂੰ ਆਪਣੀਆਂ ਰੋਜ਼ਮੱਰਾ ਦੀਆਂ ਆਦਤਾਂ ਦਾ ਹਿੱਸਾ ਬਣਾ ਕੇ, ਉਹ ਨਾ ਸਿਰਫ਼ ਕੂੜ ਪ੍ਰਚਾਰ ਅਤੇ ਕੱਟੜਪੰਥੀ ਵਿਚਾਰਾਂ ਤੋਂ ਖ਼ੁਦ ਨੂੰ ਬਚਾ ਸਕਣਗੇ, ਸਗੋਂ ਆਪਣੇ ਪਰਿਵਾਰਾਂ, ਆਪਣੇ ਭਾਈਚਾਰਿਆਂ ਅਤੇ ਪੂਰੇ ਦੇਸ਼ ਲਈ ਵਧੇਰੇ ਜਾਣਕਾਰੀ ਭਰਪੂਰ, ਸ਼ਾਂਤੀਪੂਰਨ ਅਤੇ ਮਜ਼ਬੂਤ ਭਵਿੱਖ ਦੀ ਉਸਾਰੀ ’ਚ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਸਕਣਗੇ।

-ਇੰਸ਼ਾ ਵਾਰਸੀ


author

Harpreet SIngh

Content Editor

Related News