ਮਹਿੰਗੇ ਸਟੀਲ ਦੀ ਨੀਂਹ ’ਤੇ ਕਿਵੇਂ ਖੜ੍ਹਾ ਹੋਵੇਗਾ ‘ਵਿਕਸਿਤ ਭਾਰਤ’
Wednesday, Nov 18, 2026 - 01:09 PM (IST)
ਜੇਕਰ ਸਟੀਲ ਖਪਾਉਣ ਵਾਲੇ ਉਦਯੋਗ ਕੀਮਤਾਂ ਦੀ ਮਾਰ ਨਾਲ ਕਾਰੋਬਾਰ ’ਚੋਂ ਹੀ ਬਾਹਰ ਹੋ ਗਏ ਤਾਂ ਕੀ ਭਾਰਤ ਵਿਕਸਿਤ ਭਾਰਤ ਬਣ ਸਕਦਾ ਹੈ? ਅੱਜ ਚੀਨੀ ਸਟੀਲ ਭਾਰਤ ਦੇ ਸਟੀਲ ਨਾਲੋਂ ਲੱਗਭਗ 43 ਫੀਸਦੀ ਸਸਤਾ ਹੈ, ਅਜਿਹੇ ’ਚ ਇੰਜੀਨੀਅਰਿੰਗ ਗੁਡਜ਼ ਕਾਰੋਬਾਰੀ ਅਤੇ ਹੋਰ ਸਬੰਧਤ ਉਦਯੋਗ ਚੀਨ ਦੀਆਂ ਕੰਪਨੀਆਂ ਦੇ ਮੁਕਾਬਲੇ ਕਿਵੇਂ ਟਿਕਣਗੇ? 12 ਨਵੰਬਰ ਨੂੰ ਸ਼ੰਘਾਈ ਮੈਟਲਸ ਮਾਰਕੀਟ ਅਤੇ ਸਨਸਰਸ ਚਾਈਨਾ ਦੇ ਘਰੇਲੂ ਹਾਜ਼ਰ ਭਾਅ ਮੁਤਾਬਕ ਭਾਰਤ ਦਾ ਹੌਟ-ਰੋਲਡ ਕੁਆਇਲ (ਐੱਚ. ਆਰ. ਸੀ.) 64,000 ਰੁਪਏ ਪ੍ਰਤੀ ਟਨ ਸੀ, ਜਦਕਿ ਚੀਨ ਦੇ ਬਰਾਮਦ ਸੌਦੇ 37,000 ਰੁਪਏ ਪ੍ਰਤੀ ਟਨ ਸਨ, ਜਦਕਿ ਭਾਰਤੀ ਕੋਲਡ-ਰੋਲਡ ਕੁਆਇਲ (ਸੀ. ਆਰ. ਸੀ.) 75,000 ਰੁਪਏ ਟਨ ਸੀ, ਉੱਥੇ ਹੀ ਚੀਨੀ ਸੀ. ਆਰ. ਸੀ. 43,000 ਰੁਪਏ ਟਨ। ਬਿਗਮਿੰਟ ਦੇ ਪੈਮਾਨੇ ਵੀ ਇਹੀ ਕਹਾਣੀ ਬਿਆਨ ਕਰਦੇ ਹਨ। ਮੁੰਬਈ ’ਚ ਐੱਚ. ਆਰ. ਸੀ. 63,900 ਅਤੇ ਸੀ. ਆਰ. ਸੀ. 75,200 ਰੁਪਏ ਪ੍ਰਤੀ ਟਨ ਚਾਰ ਸਾਲ ਦੇ ਉੱਚੇ ਪੱਧਰ ’ਤੇ ਹੈ ਅਤੇ ਮੁੱਠੀ ਭਰ ਵੱਡੇ ਸਟੀਲ ਉਤਪਾਦਕ 30 ਫੀਸਦੀ ਤੋਂ ਵੱਧ ਮੁਨਾਫ਼ਾ ਕਮਾ ਰਹੇ ਹਨ।
ਇਹ ਅੰਕੜੇ ਸਿਰਫ਼ ਸਟੀਲ ਉਦਯੋਗ ਦੇ ਨਹੀਂ, ਸਗੋਂ ਦੇਸ਼ ਦੀ ਹਰ ਇੰਜੀਨੀਅਰਿੰਗ ਵਰਕਸ਼ਾਪ, ਆਟੋ-ਪਾਰਟਸ, ਬਿਲਡਰ ਅਤੇ ਇਨਫਰਾਸਟ੍ਰੱਕਚਰ ਡਿਵੈਲਪਰ ਦੇ ਸਾਹਮਣੇ ਗੰਭੀਰ ਚੁਣੌਤੀ ਹਨ। ਮੈਨੂਫੈਕਚਰਿੰਗ ਸੈਕਟਰ ’ਚ ਐੱਮ. ਐੱਸ. ਐੱਮ. ਈ. ਅਤੇ ਵਿਆਪਕ ਰੋਜ਼ਗਾਰ ਤੋਂ ਬਿਨਾਂ 2047 ਦੇ ਵਿਕਸਿਤ ਭਾਰਤ ਦੀ ਉਮੀਦ ਬੇਮਾਨੀ ਹੈ। ਕੇਂਦਰੀ ਸਟੀਲ ਮੰਤਰਾਲੇ ਦੀ ਹਾਲ ਹੀ ’ਚ ਜਾਰੀ ਰਾਸ਼ਟਰੀ ਸਟੀਲ ਨੀਤੀ : ਵਿਜ਼ਨ 2047 ਦੇ ਖਰੜੇ ਨੂੰ ਮੁੱਠੀ ਭਰ ਵੱਡੇ ਉਤਪਾਦਕਾਂ ਦੀ ਹਿਫ਼ਾਜ਼ਤ ਤੋਂ ਅੱਗੇ ਵਧ ਕੇ ਪੂਰੇ ਸਟੀਲ ਈਕੋਸਿਸਟਮ ਦੀ ਮੁਕਾਬਲੇਬਾਜ਼ੀ ਮਜ਼ਬੂਤ ਕਰਨੀ ਹੋਵੇਗੀ।
ਸਟੀਲ ਭਾਰਤ ਦੀ ਹਰ ਇਮਾਰਤ ਦਾ ਪਹਿਲਾ ਕੱਚਾ ਮਾਲ ਹੈ। ਪੁਲ, ਬੰਨ੍ਹ, ਮੈਟਰੋ, ਮਕਾਨ, ਖੇਤੀ ਮਸ਼ੀਨਰੀ, ਭਵਨ ਨਿਰਮਾਣ, ਇਨਫਰਾਸਟ੍ਰੱਕਚਰ ਅਤੇ ਇੰਜੀਨੀਅਰਿੰਗ ਸਾਮਾਨ ਤੇ ਜੁੜੇ ਉਦਯੋਗ ਇਸ ਦੇ ਵੱਡੇ ਖਪਤਕਾਰ ਹਨ ਅਤੇ ਭਾਰਤ ’ਚ ਰੋਜ਼ਗਾਰ ਦੇ ਮੌਕੇ ਵੀ ਇਨ੍ਹਾਂ ਦੇ ਮੋਢਿਆਂ ’ਤੇ ਹਨ। ਜੇਕਰ ਸਟੀਲ ਕੀਮਤਾਂ ਕਾਰਨ ਇਹ ਮੁਕਾਬਲੇ ’ਚੋਂ ਬਾਹਰ ਹੋ ਗਏ ਤਾਂ ਜਿਸ ਵਿਕਸਿਤ ਭਾਰਤ ਨੂੰ ਇਨ੍ਹਾਂ ਨੇ ਘੜਨਾ ਸੀ, ਸਭ ਇਕ ਸੁਪਨਾ ਹੀ ਰਹਿ ਜਾਵੇਗਾ।
ਉੱਪਰ ਮੋਟਾ ਮੁਨਾਫ਼ਾ, ਹੇਠਾਂ ਦਬਾਅ : ਸਟੀਲ ਦੀਆਂ ਉੱਚੀਆਂ ਕੀਮਤਾਂ ਦੇ ਸੰਕਟ ਦਰਮਿਆਨ ਐੱਮ. ਐੱਸ. ਐੱਮ. ਈ. ਮਾਯੂਸ ਹਨ, ਉੱਥੇ ਹੀ ਸਟੀਲ ਦੇ ਪ੍ਰਮੁੱਖ ਉਤਪਾਦਕ ਕਾਰਟੇਲ ਮੋਨੋਪਲੀ ਦਾ ਮਜ਼ਾ ਲੈ ਰਹੇ ਹਨ, ਇਸ ਦੀ ਗਵਾਹ ਇਨ੍ਹਾਂ ਦੀਆਂ ਬੈਲੇਂਸ ਸ਼ੀਟਾਂ ਹਨ। ਟਾਟਾ ਸਟੀਲ ਦਾ ਮੁਨਾਫ਼ਾ ਅਪ੍ਰੈਲ ਤੋਂ ਸਤੰਬਰ ਛਿਮਾਹੀ ’ਚ 20,035 ਕਰੋੜ ਰੁਪਏ ਬੀਤੇ ਸਾਲ ਇਸੇ ਮਿਆਦ ਦੇ ਮੁਕਾਬਲੇ 21 ਫੀਸਦੀ ਵੱਧ ਰਿਹਾ। ਜੇ. ਐੱਸ. ਡਬਲਯੂ. ਸਟੀਲ ਨੇ 19,300 ਕਰੋੜ ਰੁਪਏ ਲਾਭ ਦੇ ਨਾਲ 36 ਫੀਸਦੀ ਵਾਧਾ ਦਰਜ ਕੀਤਾ। ਜਿੰਦਲ ਸਟੀਲ ਦਾ 5,171 ਕਰੋੜ ਰੁਪਏ ਮੁਨਾਫ਼ਾ 6 ਫੀਸਦੀ ਉਛਲਿਆ। ਸਟੀਲ ਅਥਾਰਟੀ ਆਫ ਇੰਡੀਆ (ਸੇਲ) ਦੇ 8,917 ਕਰੋੜ ਰੁਪਏ ਮੁਨਾਫ਼ੇ ’ਚ 55 ਫੀਸਦੀ ਦਾ ਵਾਧਾ ਮਿਲਾ ਲਈਏ ਤਾਂ ਇਨ੍ਹਾਂ ਚਾਰੋਂ ਪ੍ਰਮੁੱਖ ਸਟੀਲ ਨਿਰਮਾਤਾਵਾਂ ਨੇ ਇਸ ਵਿੱਤੀ ਸਾਲ ਅਪ੍ਰੈਲ ਤੋਂ ਸਤੰਬਰ ਦਰਮਿਆਨ 53,000 ਕਰੋੜ ਰੁਪਏ ਤੋਂ ਵੱਧ ਕਮਾਏ, ਜੋ ਬੀਤੇ ਸਾਲ ਦੀ ਪਹਿਲੀ ਛਿਮਾਹੀ ਨਾਲੋਂ 29 ਫੀਸਦੀ ਵੱਧ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਭੁਗਤ ਰਿਹਾ ਹੈ।
ਹਿਫ਼ਾਜ਼ਤ ਦਾ ਮਤਲਬ ਮੁਕਾਬਲਾ ਨਹੀਂ : ਚੀਨ ਦਾ ਸਰਪਲੱਸ ਸਟੀਲ ਏਸ਼ੀਆਈ ਬਾਜ਼ਾਰਾਂ ’ਚ ਵਿਕ ਰਿਹਾ ਹੈ, ਜਦਕਿ ਭਾਰਤ ਦਾ ਸਰਕਾਰੀ ਪੈਂਡੂਲਮ ਕੁਝ ਵੱਡੀਆਂ ਸਟੀਲ ਕੰਪਨੀਆਂ ਦੀ ਹਿਫ਼ਾਜ਼ਤ ਵੱਲ ਝੁਕਿਆ ਹੈ। ਕੇਂਦਰ ਸਰਕਾਰ ਨੇ ਅਪ੍ਰੈਲ 2027 ਤੱਕ 11.5 ਫੀਸਦੀ ਸੇਫਗਾਰਡ ਡਿਊਟੀ, ਚੀਨ, ਜਾਪਾਨ ਅਤੇ ਰੂਸ ਤੋਂ ਆਉਣ ਵਾਲੇ ਐੱਚ. ਆਰ. ਸੀ. ਦੀ ਐਂਟੀ-ਡੰਪਿੰਗ ਜਾਂਚ ਅਤੇ 228 ਸਟੀਲ ਉਤਪਾਦਾਂ ’ਤੇ ਕੁਆਲਿਟੀ ਕੰਟਰੋਲ ਆਰਡਰ ਲਾਗੂ ਕੀਤਾ। ਟੈਰਿਫ ਡਿਊਟੀ ਸਟੀਲ ਦੀ ਵਧਦੀ ਕੀਮਤ ਦੇ ਝਟਕੇ ਨੂੰ ਕੁਝ ਸਮੇਂ ਤੱਕ ਹਲਕਾ ਕਰ ਸਕਦੀ ਹੈ ਪਰ ਘਰੇਲੂ ਬਾਜ਼ਾਰ ’ਚ ਸਟੀਲ ਦੇ ਭਾਅ ’ਤੇ ਲਗਾਮ ਲਗਾਉਣ ਲਈ ਲੰਮੇ ਸਮੇਂ ਦੀ ਨੀਤੀ ਦੀ ਲੋੜ ਹੈ।
ਇਸ ਸਾਲ ਅਪ੍ਰੈਲ ਤੋਂ ਅਗਸਤ ਦਰਮਿਆਨ ਦੇਸ਼ ’ਚ ਸਟੀਲ ਅਤੇ ਇਸ ਤੋਂ ਤਿਆਰ ਉਤਪਾਦਾਂ ਦੀ ਦਰਾਮਦ 29.5 ਫੀਸਦੀ ਵਧਣ ਦਾ ਅਸਰ ਸਾਫ਼ ਦਿਸ ਰਿਹਾ ਹੈ ਕਿ ਦੇਸ਼ ’ਚ ਉਤਪਾਦਿਤ ਸਟੀਲ ਵਿਦੇਸ਼ ਤੋਂ ਦਰਾਮਦ ਕੀਤੇ ਸਟੀਲ ਦੇ ਮੁਕਾਬਲੇ ਮਹਿੰਗਾ ਹੈ। ਲੁਧਿਆਣਾ ਦੇ ਸਾਈਕਲ ਨਿਰਮਾਤਾ ਇੱਥੇ ਉਤਪਾਦਨ ਕਰਨ ਦੀ ਬਜਾਏ ਚੀਨ ਤੋਂ ਸਾਈਕਲ ਫਰੇਮ ਦਰਾਮਦ ਕਰ ਰਹੇ ਹਨ। ਹਾਲਾਤ ਇਹੀ ਰਹੇ ਤਾਂ ਇੰਜੀਨੀਅਰਿੰਗ ਗੁਡਜ਼ ਨਿਰਮਾਤਾ ਇੱਥੇ ਉਤਪਾਦਨ ਕਰਨ ਦੀ ਬਜਾਏ ਦਰਾਮਦ ਦੇ ਕਾਰੋਬਾਰ ’ਚ ਉਤਰ ਆਉਣਗੇ, ਜਿਸ ਨਾਲ ਕਾਮਿਆਂ ਦੇ ਵੱਡੇ ਪੈਮਾਨੇ ’ਤੇ ਬੇਰੋਜ਼ਗਾਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਗਲਾ ਰਾਹ : 2047 ਦੇ ਵਿਕਸਿਤ ਭਾਰਤ ’ਚ 60 ਕਰੋੜ ਟਨ ਤੋਂ ਜ਼ਿਆਦਾ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਹੈ। ਸਖ਼ਤ ਪਰਖ ਇਹ ਹੈ ਕਿ ਕੀ ਸਟੀਲ ਦੇ ਹਰ ਟਨ ਉਤਪਾਦਨ ’ਚ ਵਾਧੇ ਪਿੱਛੇ ਬਰਾਮਦ ਅਤੇ ਵੱਧ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਹੈ। ਵੱਡੇ ਸਟੀਲ ਉਤਪਾਦਕਾਂ ਦੀਆਂ ਆਪਣੀਆਂ ਖਾਨਾਂ ਦੇ ਆਇਰਨ ਓਰ (ਲੋਹਾ ਧਾਤ) ਦੀ ਲਾਗਤ ਸਾਲ-ਦਰ-ਸਾਲ ਸਿਰਫ਼ 4 ਫੀਸਦੀ ਵਧੀ ਹੈ, ਜਦਕਿ ਤਿਆਰ ਸਟੀਲ ਦੇ ਭਾਅ 24 ਫੀਸਦੀ ਤੱਕ ਚੜ੍ਹੇ ਹਨ। ਕੀ ਇਹ ਫ਼ਾਇਦੇ ਐੱਮ. ਐੱਸ. ਐੱਮ. ਈ. ਇੰਜੀਨੀਅਰਿੰਗ ਯੂਨਿਟ, ਆਟੋ-ਪਾਰਟਸ ਨਿਰਮਾਤਾ ਅਤੇ ਆਮ ਖਪਤਕਾਰ ਤੱਕ ਪਹੁੰਚਦੇ ਹਨ? ਇਸ ਦੇ ਲਈ ਪੰਜ ਸੁਧਾਰਾਂ ਦੀ ਲੋੜ ਹੈ। ਪਹਿਲਾ, ਲੋਹਾ ਧਾਤ ਦਾ ਵਾਜਿਬ ਭਾਅ ਤੈਅ ਹੋਵੇ ਅਤੇ ਇਨ੍ਹਾਂ ਦੀ ਵੰਡ ਦੀ ਪ੍ਰਕਿਰਿਆ ਵੀ ਪਾਰਦਰਸ਼ੀ ਹੋਵੇ। ਦੂਜਾ, ਢੁਆਈ ਅਤੇ ਬਿਜਲੀ ਦੀ ਲਾਗਤ ਘਟੇ। ਭਾੜਾ, ਬਿਜਲੀ, ਕੋਲਾ ਅਤੇ ਹੈਂਡਲਿੰਗ ਸਟੀਲ ’ਚ ਲਾਗਤ ਦੇ ਵੱਡੇ ਸਰੋਤ ਹਨ। ਖਾਨਾਂ ਤੋਂ ਪਲਾਂਟ ਤੱਕ ਬਿਹਤਰ ਰੇਲ ਸੰਪਰਕ, ਕੁਸ਼ਲ ਬੰਦਰਗਾਹਾਂ ਅਤੇ ਨਵਿਆਉਣਯੋਗ ਬਿਜਲੀ ਬਾਜ਼ਾਰ ਨੂੰ ਵਿਗਾੜੇ ਬਗੈਰ ਲਾਗਤ ਸਥਾਈ ਤੌਰ ’ਤੇ ਘਟਾ ਸਕਦੇ ਹਨ। ਤੀਜਾ, ਸਕ੍ਰੈਪ-ਆਧਾਰਿਤ ਸੈਕੰਡਰੀ ਸਟੀਲ ਅਰਥਵਿਵਸਥਾ ਬਣਾਈ ਜਾਵੇ। ਸਟੀਲ ਸਕ੍ਰੈਪ ਅਤੇ ਇਲੈਕਟ੍ਰਿਕ-ਆਰਕ-ਫਰਨੇਸ ਸਮਰੱਥਾ ਦਰਾਮਦ ਕੀਤੇ ਕੋਕਿੰਗ ਕੋਲੇ ’ਤੇ ਨਿਰਭਰਤਾ ਘਟਾਏਗੀ। ਇਸ ਨਾਲ ਪੰਜਾਬ ਦੀ ਮੰਡੀ ਗੋਬਿੰਦਗੜ੍ਹ, ਜੋ ਕਦੇ ‘ਸਟੀਲ ਨਗਰੀ’ ਸੀ, ਨੂੰ ਫਿਰ ਤੋਂ ਵਿਕਾਸ ਦੀ ਮੁੱਖ ਧਾਰਾ ’ਚ ਲਿਆਂਦਾ ਜਾ ਸਕਦਾ ਹੈ।
ਚੌਥਾ, ਕੁਝ ਵੱਡੀਆਂ ਸਟੀਲ ਮਿੱਲਾਂ ਦੀ ਹਿਫ਼ਾਜ਼ਤ ਨਪੀ-ਤੁਲੀ ਅਤੇ ਅਸਥਾਈ ਹੋਵੇ। ਸਟੀਲ ਦਰਾਮਦ ’ਤੇ ਡਿਊਟੀ ਟੈਰਿਫ ਖ਼ਤਮ ਹੋਵੇ ਅਤੇ ਕੁਆਲਿਟੀ ਕੰਟਰੋਲ ਆਰਡਰ ਵਾਪਸ ਲਏ ਜਾਣ, ਜੋ ਸੁਰੱਖਿਆ ਨਾਲ ਨਹੀਂ ਜੁੜੇ। ਅਜਿਹੇ 122 ਆਰਡਰ ਵਾਪਸ ਲੈਣ ਦੀ ਕਵਾਇਦ ’ਚ ਅਜੇ ਤੱਕ 59 ਮੁਅੱਤਲ ਹਨ। ਪੰਜਵਾਂ, ਕੁਝ ਕੰਪਨੀਆਂ ਦਾ ਮੋਟਾ ਮੁਨਾਫ਼ਾ ਜਨਤਕ ਕੀਤਾ ਜਾਵੇ। ਰਾਸ਼ਟਰੀ ਸਟੀਲ ਡਾਟਾ ਪਲੇਟਫਾਰਮ ’ਚ ਭਾਰਤ ਬਨਾਮ ਦੁਨੀਆ ਦਾ ਹਫ਼ਤਾਵਾਰੀ ਭਾਅ ਸੂਚਕ ਅੰਕ ਹੋਵੇ ਅਤੇ ਐੱਮ. ਐੱਸ. ਐੱਮ. ਈ. ਬਰਾਮਦਕਾਰਾਂ ਨੂੰ ਆਲਮੀ ਮੁਕਾਬਲੇ ਲਈ ਮਜ਼ਬੂਤ ਕੀਤਾ ਜਾਵੇ। ਇਨ੍ਹਾਂ ’ਚੋਂ ਕੁਝ ਵੀ ਪਹੁੰਚ ਤੋਂ ਬਾਹਰ ਨਹੀਂ। ਭਾਰਤ ਪਹਿਲਾਂ ਹੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਕ ਹੈ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਮੈਨੂਫੈਕਚਰਿੰਗ ਆਧਾਰ ਖੜ੍ਹਾ ਕੀਤਾ ਜਾ ਸਕਦਾ ਹੈ। ਵਿਕਸਿਤ ਭਾਰਤ 2047 ਉਦੋਂ ਹੀ ਸਾਕਾਰ ਹੋਵੇਗਾ, ਜਦੋਂ ਸਰਕਾਰ ਮੁੱਠੀ ਭਰ ਚੋਣਵੀਆਂ ਸਟੀਲ ਕੰਪਨੀਆਂ ਦੀ ਬਜਾਏ ਪੂਰੇ ਈਕੋਸਿਸਟਮ, ਭਾਵ ਬਣਾਉਣ ਵਾਲੇ ਤੋਂ ਲੈ ਕੇ ਆਖਰੀ ਖਪਤਕਾਰ ਅਤੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਲਈ 2047 ਦੇ ਵਿਕਸਿਤ ਭਾਰਤ ਦੀ ਸਟੀਲ ਨੀਤੀ ’ਚ ਸਾਰਿਆਂ ਨੂੰ ਸ਼ਾਮਲ ਕਰਨ ਲਈ ਤਿਆਰ ਹੋਵੇ, ਕਿਉਂਕਿ ਸਵਾਲ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਬਚਾਉਣ ਦਾ ਹੈ।
-ਡਾ. ਅੰਮ੍ਰਿਤ ਸਾਗਰ ਮਿੱਤਲ
(ਵਾਈਸ ਚੇਅਰਮੈਨ, ਸੋਨਾਲੀਕਾ)
