ਸੋਨੀਆ ਗਾਂਧੀ ਨੇ ਆਪਣੇ ਜੀਵਨ ਅੰਦਰ ਇਕ ਖਿੜਕੀ ਖੋਲ੍ਹੀ ਹੈ

Tuesday, Nov 17, 2026 - 05:15 PM (IST)

ਸੋਨੀਆ ਗਾਂਧੀ ਨੇ ਆਪਣੇ ਜੀਵਨ ਅੰਦਰ ਇਕ ਖਿੜਕੀ ਖੋਲ੍ਹੀ ਹੈ

ਕਾਂਗਰਸ ਦੀ ਆਗੂ ਸੋਨੀਆ ਗਾਂਧੀ ਦੇ ਆਲੇ-ਦੁਆਲੇ ਕੀ ਭੇਤ ਹੈ? ਉਹ 1968 ’ਚ ਇਕ ਨੌਜਵਾਨ ਲਾੜੀ ਦੇ ਰੂਪ ’ਚ ਭਾਰਤ ਆਈ ਸੀ ਅਤੇ ਜਨਤਕ ਜੀਵਨ ’ਚ ਕਈ ਸਾਲਾਂ ਦੇ ਬਾਅਦ ਵੀ ਬਹੁਤ ਘੱਟ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ। ਉਹ ਇਕ ਨਿੱਜੀ ਜੀਵਨ ਬਣਾਈ ਰੱਖਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਤਰਜੀਹਾਂ, ਭਾਰਤ ਲਈ ਦ੍ਰਿਸ਼ਟੀਕੋਣ ਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਬਾਰੇ ਕਈ ਸਵਾਲ ਅਣਸੁਲਝੇ ਰਹਿ ਜਾਂਦੇ ਹਨ।

ਕੁਝ ਲੋਕ ਉਨ੍ਹਾਂ ਨੂੰ ਇਕ ਬੁਝਾਰਤ ਦੇ ਰੂਪ ’ਚ ਵੇਖਦੇ ਹਨ, ਜਦਕਿ ਹੋਰ ਉਨ੍ਹਾਂ ਨੂੰ ਹੰਕਾਰੀ ਮੰਨਦੇ ਹਨ। ਧਾਰਨਾਵਾਂ ਜੋ ਵੀ ਹੋਣ, ਉਹ ਇਕ ਬੇਮਿਸਾਲ ਔਰਤ ਸਾਬਤ ਹੋਈ ਹੈ, ਜਿਸ ਦਾ ਬਹੁਤ ਸਾਰਾ ਸਿਹਰਾ ਭਾਰਤ ’ਚ ਆਪਣੇ ਦੋਵਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਦਿੱਤਾ ਜਾਂਦਾ ਹੈ।

ਸੋਨੀਆ ਗਾਂਧੀ ਦੀ ਸਿਆਸੀ ਮੌਜੂਦਗੀ ਤੇ ਨਿੱਜੀ ਕਹਾਣੀ ਲੋਕਾਂ ਦੇ ਧਿਆਨ ਨੂੰ ਖਿਚਦੀ ਹੈ। ਅਮਰੀਕੀ ਦੂਤਘਰ ਦੇ ਇਕ ਟੈਲੀਗ੍ਰਾਮ ਨੇ ਉਨ੍ਹਾਂ ਦੇ ਭਾਰਤੀ ਅਕਸ ਤੇ ਉਨ੍ਹਾਂ ਦੀ ਮੂਲ ਇਤਾਲਵੀ ਸ਼ਖ਼ਸੀਅਤ ਦੇ ਅਨੋਖੇ ਮਿਸ਼ਰਣ ’ਤੇ ਚਾਨਣਾ ਪਾਇਆ ਸੀ, ਜੋ ਉਨ੍ਹਾਂ ਦੇ ਗਰਮਜੋਸ਼ੀ ਨਾਲ ਭਰੇ ਤੇ ਨਿੱਜੀ ਸੁਭਾਅ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਹਾਲੀਆ ਕਿਤਾਬ ਇਸ ਦੇ ਪ੍ਰਕਾਸ਼ਕ ਪੈਂਗੁਇਨ ਵੱਲੋਂ ਇਸ ਨੂੰ ਵਾਪਸ ਲੈਣ ਦੇ ਵਿਵਾਦ ਤੋਂ ਬਾਅਦ ਜਾਰੀ ਕੀਤੀ ਗਈ, ਜਿਸ ਤੋਂ ਬਾਅਦ ਹਾਰਪਰਕੋਲਿਨਜ਼ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ।

ਇਹ ਪੁਸਤਕ ਸਵੈ-ਜੀਵਨੀ ਅਤੇ ਸਿਆਸੀ ਟਿੱਪਣੀ ਦਾ ਮਿਸ਼ਰਣ ਪੇਸ਼ ਕਰਦੀ ਹੈ, ਜੋ ਇਟਲੀ ’ਚ ਇਕ ਨੌਜਵਾਨ ਕੁੜੀ ਦੇ ਰੂਪ ’ਚ ਤੇ ਬਾਅਦ ’ਚ ਗਾਂਧੀ ਪਰਿਵਾਰ ਅੰਦਰ ਉਨ੍ਹਾਂ ਦੇ ਜੀਵਨ ਬਾਰੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਇਹ ਉਨ੍ਹਾਂ ਦੀ ਭਰਜਾਈ ਮੇਨਕਾ ਗਾਂਧੀ ਦੇ ਤਜਰਬਿਆਂ, ਸੰਜੇ ਗਾਂਧੀ, ਇੰਦਰਾ ਗਾਂਧੀ, ਨਰਿੰਦਰ ਮੋਦੀ, ਆਰ. ਐੱਸ. ਐੱਸ. ਅਤੇ ਵੱਖ-ਵੱਖ ਸਿਆਸੀ ਘਟਨਾਚੱਕਰਾਂ ’ਤੇ ਉਨ੍ਹਾਂ ਦੇ ਵਿਚਾਰਾਂ ਦੀ ਪੜਚੋਲ ਕਰਦੀ ਹੈ।

ਸੋਨੀਆ ਕਹਿੰਦੀ ਹੈ ਕਿ ਕਈ ਅਰਥਾਂ ’ਚ ਇਹ ਕਿਤਾਬ ਉਨ੍ਹਾਂ ਦੀ ਮਨੁਖਤਾ ਪ੍ਰਤੀ ਇਕ ਸ਼ਰਧਾਂਜਲੀ ਹੈ। ਮੇਰੀ ਕਹਾਣੀ ਪਾਠਕਾਂ ਨੂੰ ਇਕ ਅਨੋਖਾ ਦ੍ਰਿਸ਼ਟੀਕੋਣ ਵੀ ਪ੍ਰਦਾਨ ਕਰਦੀ ਹੈ। ਉਹ ਉਸ ਖ਼ੂਬਸੂਰਤ ਦੇਸ਼ ’ਚ 6 ਦਹਾਕਿਆਂ ਦੌਰਾਨ ਵੇਖੀਆਂ ਗਈਆਂ ਸਮਾਜਿਕ ਅਤੇ ਸਿਆਸੀ ਤਬਦੀਲੀਆਂ ਦਾ ਵਰਣਨ ਕਰਦੀ ਹੈ, ਜਿਸ ਨਾਲ ਉਹ ਜੁੜੀ ਹੋਈ ਹੈ।

10 ਨਵੰਬਰ ਨੂੰ ਜਾਰੀ 544 ਪੰਨਿਆਂ ਦੀ ਇਹ ਕਿਤਾਬ ਜੰਗ ਤੋਂ ਬਾਅਦ ਦੇ ਇਟਲੀ ਅਤੇ ਕੈਂਬ੍ਰਿਜ ਤੋਂ ਭਾਰਤੀ ਸਿਆਸਤ ਤੱਕ ਸੋਨੀਆ ਗਾਂਧੀ ਦੇ ਸਫਰ ਦਾ ਵੇਰਵਾ ਦਿੰਦੀ ਹੈ। ਇਹ 1984 ’ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਰਾਜੀਵ ਗਾਂਧੀ ਦੀ ਸ਼ੁਰੂਆਤੀ ਅਣਇੱਛਾ ਨੂੰ ਰੇਖਾਂਕਿਤ ਕਰਦੀ ਹੈ।

1946 ’ਚ ਇਟਲੀ ਦੇ ਮਿਲਾਨ ’ਚ ਇਕ ਸਾਧਾਰਨ ਪਰਿਵਾਰ ’ਚ ਪੈਦਾ ਹੋਈ ਸੋਨੀਆ ਦਾ ਸ਼ੁਰੂਆਤੀ ਜੀਵਨ ਉਮੀਦਾਂ ਅਤੇ ਇੱਛਾਵਾਂ ਨਾਲ ਭਰਿਆ ਸੀ, ਜੋ ਉਸ ਸਿਆਸੀ ਉਥਲ-ਪੁਥਲ ਦੇ ਬਿਲਕੁਲ ਉਲਟ ਸੀ ਜਿਸ ਦਾ ਉਨ੍ਹਾਂ ਨੂੰ ਬਾਅਦ ’ਚ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਹ ਦਿਲ- ਚੀਰਵਾਂ ਦੁੱਖ ਹੀ ਸੀ ਜਿਸ ਨੇ ਮੈਨੂੰ ਸਿਆਸਤ ਦੇ ਜਨਤਕ ਖੇਤਰ ’ਚ ਲਿਆਂਦਾ। ਉਸ ਸਮੇਂ ਤੱਕ ਮੈਂ ਆਪਣੀ ਨਿੱਜਤਾ ਦੀ ਸਖ਼ਤੀ ਨਾਲ ਰੱਖਿਆ ਕੀਤੀ ਸੀ।

ਉਨ੍ਹਾਂ ਦੀ ਕਥਾ ਉਨ੍ਹਾਂ ਦੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਕਿਵੇਂ ਉਨ੍ਹਾਂ ਦੇ ਪਾਲਣ-ਪੋਸ਼ਣ ਨੇ ਉਨ੍ਹਾਂ ’ਚ ਇਕ ਮਜ਼ਬੂਤ ਕੰਮ ਪ੍ਰਤੀ ਨੈਤਿਕਤਾ ਦੀ ਨੀਂਹ ਰੱਖੀ। ਕੈਂਬ੍ਰਿਜ ਯੂਨੀਵਰਸਿਟੀ ’ਚ ਉਹ ਰਾਜੀਵ ਗਾਂਧੀ ਨੂੰ ਮਿਲੀ। ਇਹ ਇਕ ਅਜਿਹੀ ਮੁਲਾਕਾਤ ਸੀ ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਹ ਪੁਸਤਕ ਇਕ ਵਿਦੇਸ਼ੀ ਦੇਸ਼ ਦੀ ਇਕ ਨੌਜਵਾਨ ਕੁੜੀ ਤੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜੀ ਦੇਸ਼ ’ਚੋਂ ਇਕ ਦੀ ਨੇਤਾ ਬਣਨ ਤੱਕ ਦੀ ਉਨ੍ਹਾਂ ਦੀ ਕ੍ਰਾਂਤੀਕਾਰੀ ਯਾਤਰਾ ਦੀ ਰੂਪ-ਰੇਖਾ ਤਿਆਰ ਕਰਦੀ ਹੈ।

ਸੋਨੀਆ ਦੇ 1968 ’ਚ ਹੋਏ ਵਿਆਹ ਨੇ ਭਾਰਤੀ ਸਿਆਸਤ ’ਚ ਉਨ੍ਹਾਂ ਦੇ ਦਾਖਲੇ ਨੂੰ ਪਛਾਣਿਆ। ਉਨ੍ਹਾਂ ਦੀ ਸ਼ੁਰੂਆਤੀ ਅਣਇੱਛਾ ਅਤੇ ਸੱਭਿਆਚਾਰਕ ਮੱਤਭੇਦਾਂ ਨਾਲ ਸੰਘਰਸ਼ ਉਨ੍ਹਾਂ ਦੀ ਕਹਾਣੀ ’ਚ ਸਪੱਸ਼ਟ ਹਨ। ਉਹ ਇੰਦਰਾ ਗਾਂਧੀ ਦੇ ਘਰ ’ਚ ਬਿਤਾਏ ਜੀਵਨ ਅਤੇ ਭਾਰਤੀ ਪਰਿਵਾਰਕ ਜੀਵਨ ’ਚ ਢਲਣ ਦੇ ਆਪਣੇ ਯਤਨਾਂ ਨੂੰ ਯਾਦ ਕਰਦੀ ਹੈ, ਜਿਸ ’ਚ ਮਸਾਲੇਦਾਰ ਭੋਜਨ ਸੰਭਾਲਣਾ ਵੀ ਸ਼ਾਮਲ ਹੈ। ਉਹ ਵਿਸ਼ੇਸ਼ ਪਕਵਾਨਾਂ ਦਾ ਜ਼ਿਕਰ ਕਰਦੀ ਹੈ, ਜਿਵੇਂ ਕੂਰਗ ਦੀ ਐਵੋਕੈਡੋ ਕੜ੍ਹੀ ਅਤੇ ਵੱਖ-ਵੱਖ ਮਸਾਲੇਦਾਰ ਸਬਜ਼ੀਆਂ।

1991 ’ਚ ਰਾਜੀਵ ਗਾਂਧੀ ਦੀ ਹੱਤਿਆ ’ਤੇ ਉਨ੍ਹਾਂ ਦੇ ਵਿਚਾਰ ਇਕ ਅਹਿਮ ਮੋੜ ਨੂੰ ਦਰਸਾਉਂਦੇ ਹਨ। ਉਨ੍ਹਾਂ ਦੇ ਅਚਾਨਕ ਹੋਏ ਘਾਟੇ ਨੇ ਉਨ੍ਹਾਂ ਨੂੰ ਲੋਕਾਂ ਦੀਅਾਂ ਨਜ਼ਰਾਂ ’ਚ ਲਿਆ ਖੜ੍ਹਾ ਕੀਤਾ ਤੇ ਉਨ੍ਹਾਂ ਨੂੰ ਆਪਣੇ ਡਰ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ। ਉਹ ਕਹਿੰਦੀ ਹੈ ਕਿ ਰਾਜੀਵ ਇਕ ਚੁੱਭਦੀ ਹੋਈ ਗ਼ੈਰ-ਹਾਜ਼ਰੀ ਦੀ ਬਜਾਏ ਮੇਰੇ ਅੰਦਰ ਇਕ ਮੌਜੂਦਗੀ ਬਣ ਗਏ।

ਇਹ ਪੁਸਤਕ ਉਨ੍ਹਾਂ ਦੇ ਡੂੰਘੇ ਸੋਗ ਅਤੇ ਉਸ ਸਹਿਣਸ਼ਕਤੀ ਨੂੰ ਚਿਤਰਿਤ ਕਰਦੀ ਹੈ ਜੋ ਉਨ੍ਹਾਂ ਨੇ ਆਪਣੇ ਲਈ, ਆਪਣੇ ਬੱਚਿਆਂ ਲਈ ਤੇ ਆਪਣੀ ਪਾਰਟੀ ਲਈ ਅੱਗੇ ਵਧਣ ਲਈ ਹਾਸਲ ਕੀਤਾ। ਉਨ੍ਹਾਂ ਦੁੱਖ ਨੂੰ ਤਾਕਤ ’ਚ ਬਦਲਿਆ ਅਤੇ ਇਕ ਨੇਤਾ ਦੇ ਰੂਪ ’ਚ ਉੱਭਰੀ। ਸੋਨੀਆ ਨੂੰ ਆਪਣੇ ਕਈ ਸਵਾਲਾਂ ਦੇ ਜਵਾਬ ਭਗਵਦ ਗੀਤਾ ’ਚ ਮਿਲੇ। ਹਾਲਾਂਕਿ ਜਵਾਨੀ ’ਚ ਉਹ ਧਾਰਮਿਕ ਨਹੀਂ ਸੀ, ਫਿਰ ਵੀ ਉਨ੍ਹਾਂ ਇਸ ਗ੍ਰੰਥ ਦਾ ਅਧਿਐਨ ਕਰਨ ਲਈ 1997 ’ਚ ਇਕ ਸੰਸਕ੍ਰਿਤ ਵਿਦਵਾਨ ਤੋਂ ਨਿੱਜੀ ਸਿੱਖਿਆ ਲਈ।

ਵੱਖ-ਵੱਖ ਭਾਈਚਾਰਿਆਂ ਨਾਲ ਸੋਨੀਆ ਦੇ ਸਿੱਧੇ ਤਜਰਬੇ ਸ਼ਾਸਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਉਹ ਜ਼ਮੀਨੀ ਪੱਧਰ ਦੀ ਸਿਆਸਤ ਪ੍ਰਤੀ ਵਚਨਬੱਧ ਹੈ, ਜਿਸ ’ਚ ਕਈ ਕਹਾਣੀਆਂ ਆਮ ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਇਹ ਪੁਸਤਕ ਭਾਰਤੀ ਸਿਆਸਤ ਦੀਆਂ ਗੁੰਝਲਾਂ ਦੀ ਛਾਣਬੀਣ ਕਰਦੀ ਹੈ, ਜੋ ਬਦਲਦੇ ਗੱਠਜੋੜਾਂ ਤੇ ਵਿਰੋਧਾਭਾਸਾਂ ਦੀ ਵਿਸ਼ੇਸ਼ਤਾ ਹੈ।

ਕਾਂਗਰਸ ਪਾਰਟੀ ਦੇ ਇਤਿਹਾਸ ਅਤੇ ਭਵਿੱਖ ’ਤੇ ਆਪਣੇ ਵਿਚਾਰਾਂ ’ਚ ਸੋਨੀਆ ਸਮਕਾਲੀ ਮੁੱਦਿਆਂ ਦਾ ਇਕ ਸਮੇਂ ਸਿਰ ਸਿਆਸੀ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ। ਹਾਲਾਂਕਿ, ਉਹ ਭੋਪਾਲ ਗੈਸ ਕਾਂਡ ਅਤੇ ਵਾਰਨ ਐਂਡਰਸਨ ਦੇ ਭੱਜਣ ਦੇ ਸਬੰਧ ’ਚ ਚੁੱਪ ਰਹਿੰਦੀ ਹੈ। ਉਹ ਸ਼ਾਹਬਾਨੋ ਮਾਮਲੇ ’ਤੇ ਚਰਚਾ ਕਰਦੀ ਹੈ, ਜਿਸ ’ਚ ਰਾਜੀਵ ਵੱਲੋਂ ਮੁਸਲਿਮ ਪਰਸਨਲ ਲਾਅ ਨੂੰ ਚੁਣੌਤੀ ਦਿੱਤੇ ਬਿਨਾਂ ਉਨ੍ਹਾਂ ਦੀ ਅਤੇ ਅਜਿਹੀਆਂ ਹੀ ਔਰਤਾਂ ਦੀ ਮਦਦ ਕਰਨ ਦੇ ਇਰਾਦੇ ’ਤੇ ਚਾਨਣਾ ਪਾਇਆ ਗਿਆ ਹੈ। ਸੋਨੀਆ ਕਵਾਤਰੋਚੀ ਦਾ ਜ਼ਿਕਰ ਕਰਨ ਤੋਂ ਵੀ ਬਚਦੀ ਹੈ ਅਤੇ ਰਾਜੀਵ ਦੇ ਖ਼ਿਲਾਫ਼ ਰਿਸ਼ਵਤਖੋਰੀ ਦੇ ਦੋਸ਼ਾਂ ’ਤੇ ਧਿਆਨ ਕੇਂਦਰਿਤ ਕਰਦੀ ਹੈ, ਜਿਸ ’ਚ 2004 ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਨੇ ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਸੀ।

ਸੋਨੀਆ ਭਾਰਤੀ ਸਿਆਸਤ ਦੇ ਵਿਕਸਿਤ ਹੋ ਰਹੇ ਦ੍ਰਿਸ਼ ਅਤੇ ਲੀਡਰਸ਼ਿਪ ’ਚ ਤਰਸ ਅਤੇ ਸਹਿਣਸ਼ਕਤੀ ਦੀ ਲੋੜ ’ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਦੀ ਕਹਾਣੀ ਨਾ ਸਿਰਫ਼ ਉਨ੍ਹਾਂ ਦੇ ਨਿੱਜੀ ਤਜਰਬਿਆਂ ਬਾਰੇ ਹੈ, ਸਗੋਂ ਭਾਰਤ ਦੇ ਵਿਆਪਕ ਸਿਆਸੀ ਦ੍ਰਿਸ਼ ਬਾਰੇ ਵੀ ਹੈ ਜੋ ਚੁਣੌਤੀਆਂ ਦਰਮਿਆਨ ਸਾਰਥਕ ਯੋਗਦਾਨ ਦੇਣ ਦੇ ਉਨ੍ਹਾਂ ਦੇ ਸੰਕਲਪ ਤੋਂ ਪਛਾਣੀ ਜਾਂਦੀ ਹੈ।

ਕਿਤਾਬ ਰਾਹੀਂ ਸੋਨੀਆ ਗਾਂਧੀ ਨੇ ਆਪਣੇ ਜੀਵਨ ’ਚ ਇਕ ਖਿੜਕੀ ਖੋਲ੍ਹੀ ਹੈ, ਆਪਣੇ ਸੰਘਰਸ਼ਾਂ, ਜਿੱਤਾਂ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਸਾਂਝਾ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਸਫਰ ਨੂੰ ਸੇਧ ਦਿੱਤੀ, ਜਿਸ ਨਾਲ ਇਹ ਆਧੁਨਿਕ ਭਾਰਤੀ ਸਿਆਸਤ ਦੇ ਬਿਰਤਾਂਤ ’ਚ ਇਕ ਅਹਿਮ ਜੋੜ ਬਣ ਗਿਆ ਹੈ।

—ਕਲਿਆਣੀ ਸ਼ੰਕਰ


author

Harpreet SIngh

Content Editor

Related News