ਸਵਾਮੀ ਵਿਵੇਕਾਨੰਦ ਵਿਚ ਸਭ ਕੁਝ ਸਕਾਰਾਤਮਕ, ਕੁਝ ਵੀ ਨਕਾਰਾਤਮਕ ਨਹੀਂ

Wednesday, Sep 11, 2024 - 05:10 PM (IST)

ਸਵਾਮੀ ਵਿਵੇਕਾਨੰਦ ਵਿਚ ਸਭ ਕੁਝ ਸਕਾਰਾਤਮਕ, ਕੁਝ ਵੀ ਨਕਾਰਾਤਮਕ ਨਹੀਂ

ਦੁਨੀਆ ਦੇ ਸਭ ਤੋਂ ਵਧੀਆ ਭਾਸ਼ਣਾਂ ਵਿਚੋਂ ਇਕ, ਸਵਾਮੀ ਵਿਵੇਕਾਨੰਦ ਜੀ ਦੇ ਭਾਸ਼ਣ ਦੀ ਮਿਤੀ 11 ਸਤੰਬਰ, 1893। ਕੀ ਸੀ ਉਹ ਭਾਸ਼ਣ ਜਿਸ ਨੇ ਨਾ ਸਿਰਫ਼ ਅਮਰੀਕਾ ਸਗੋਂ ਪੂਰੇ ਪੱਛਮ ਨੂੰ ਭਾਰਤ ਦਾ ਮੁਰੀਦ ਬਣਾ ਦਿੱਤਾ ਸੀ? ਨਰਿੰਦਰ ਨਾਥ ਦੱਤ, ਜਿਨ੍ਹਾਂ ਨੂੰ ਪੂਰੀ ਦੁਨੀਆ ਵਿਵੇਕਾਨੰਦ ਦੇ ਨਾਂ ਨਾਲ ਯਾਦ ਕਰਦੀ ਹੈ।

ਉਸ ਦਿਨ ਵਿਸ਼ਵ ਮੰਚ ’ਤੇ ਸਨਾਤਨ ਸੱਭਿਆਚਾਰ ਦੀ ਸਥਾਪਨਾ ਹੋਈ ਸੀ। 11 ਸਤੰਬਰ ਨੂੰ ਸ਼ਿਕਾਗੋ ਲਈ ਯਾਦ ਕੀਤਾ ਜਾਣਾ ਚਾਹੀਦਾ ਹੈ, ਨਿਊਯਾਰਕ ਲਈ ਨਹੀਂ। ਤਬਾਹੀ ਲਈ ਨਹੀਂ, ਵਿਸ਼ਵ ਸ਼ਾਂਤੀ ਲਈ ਯਾਦ ਕੀਤਾ ਜਾਣਾ ਚਾਹੀਦਾ ਹੈ। ਅੱਤਵਾਦ ਲਈ ਨਹੀਂ, ਸਨਾਤਨ ਸੰਵਾਦ ਲਈ ਯਾਦ ਕੀਤਾ ਜਾਣਾ ਚਾਹੀਦਾ ਹੈ। ਲਾਦੇਨ ਲਈ ਨਹੀਂ, ਨਰਿੰਦਰ ਲਈ ਯਾਦ ਕੀਤਾ ਜਾਣਾ ਚਾਹੀਦਾ ਹੈ।

ਸ਼ਬਦਾਂ ਦੇ ਜਾਦੂਗਰ : ਵਿਵੇਕਾਨੰਦ ਦੇ ਸੰਵਾਦ ਦਾ ਇਹ ਜਾਦੂ ਪੁਰਾਤਨ ਭਾਰਤੀ ਸੱਭਿਆਚਾਰ, ਸੱਭਿਅਤਾ, ਅਧਿਆਤਮਿਕਤਾ ਅਤੇ ਸ਼ਬਦਾਂ ਦੇ ਪਿੱਛੇ ਲੁਕੇ ਉਸ ਨੌਜਵਾਨ ਦੇ ਕੁਰਬਾਨੀ ਭਰੇ ਜੀਵਨ ਬਾਰੇ ਸੀ, ਜੋ ਸ਼ਿਕਾਗੋ ਤੋਂ ਉੱਭਰ ਕੇ ਪੂਰੀ ਦੁਨੀਆ ਵਿਚ ਫੈਲ ਗਿਆ ਸੀ। ਸਵਾਮੀ ਵਿਵੇਕਾਨੰਦ ਦੇ ਇਸ ਭਾਸ਼ਣ ਤੋਂ ਬਾਅਦ ਭਾਰਤ ਨੂੰ ਇਕ ਵਿਲੱਖਣ ਸੱਭਿਆਚਾਰ ਵਾਲੇ ਦੇਸ਼ ਵਜੋਂ ਦੇਖਿਆ ਜਾਣ ਲੱਗਾ। ਅਮਰੀਕੀ ਪ੍ਰੈੱਸ ਨੇ ਵਿਵੇਕਾਨੰਦ ਨੂੰ ਉਸ ਧਰਮ ਸੰਸਦ ਦੀ ਸਭ ਤੋਂ ਮਹਾਨ ਸ਼ਖ਼ਸੀਅਤ ਦੱਸਿਆ ਸੀ ਅਤੇ ਸਵਾਮੀ ਵਿਵੇਕਾਨੰਦ ਬਾਰੇ ਲਿਖਿਆ ਸੀ-ਉਨ੍ਹਾਂ ਦੀ ਗੱਲ ਸੁਣ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਭਾਰਤ ਵਰਗੇ ਗਿਆਨਵਾਨ ਦੇਸ਼ ਵਿਚ ਮਿਸ਼ਨਰੀ ਭੇਜ ਕੇ ਅਸੀਂ ਕਿੰਨੀ ਵੱਡੀ ਮੂਰਖਤਾ ਕਰ ਰਹੇ ਸੀ।

ਯੁੱਗ-ਪੁਰਾਣੇ, ਸਦਾ-ਨਵੇਂ ਦੇ ਧਾਰਨੀ : ਵਿਵੇਕਾਨੰਦ ਜੀ ਦਾ ਮੂਲ ਸੰਦੇਸ਼ ਸੀ, ‘ਅਤੀਤ ਨੂੰ ਪੜ੍ਹੋ, ਵਰਤਮਾਨ ਨੂੰ ਆਕਾਰ ਦਿਓ ਅਤੇ ਅੱਗੇ ਵਧੋ’। ਜਿਹੜਾ ਸਮਾਜ ਆਪਣੇ ਇਤਿਹਾਸ ਅਤੇ ਸਾਹਿਤ ਦੀਆਂ ਵਡਮੁੱਲੀਆਂ ਵਸਤੂਆਂ ਨੂੰ ਨਸ਼ਟ ਕਰ ਦਿੰਦਾ ਹੈ, ਉਹ ਬੇਜਾਨ ਹੋ ਜਾਂਦਾ ਹੈ ਅਤੇ ਇਹ ਵੀ ਸੱਚ ਹੈ ਕਿ ਜੋ ਸਮਾਜ ਇਤਿਹਾਸ ਵਿਚ ਹੀ ਡੁੱਬੇ ਰਹਿੰਦੇ ਹਨ, ਉਹ ਵੀ ਬੇਜਾਨ ਹੋ ਜਾਂਦੇ ਹਨ। ਅਜੋਕੇ ਸਮੇਂ ਵਿਚ ਤਰਕ ਅਤੇ ਤੱਥਾਂ ਤੋਂ ਬਿਨਾਂ ਵਿਸ਼ਵਾਸ ਦੇ ਨਾਂ ’ਤੇ ਅੱਜ ਦੀ ਪੀੜ੍ਹੀ ਨੂੰ ਕੁਝ ਵੀ ਸਵੀਕਾਰ ਨਹੀਂ ਕਰਵਾਇਆ ਜਾ ਸਕਦਾ। ਅੱਜ ਜਦੋਂ ਭਾਰਤੀ ਗਿਆਨ ਨੂੰ ਤਰਕ ਨਾਲ ਪੇਸ਼ ਕੀਤਾ ਜਾਂਦਾ ਹੈ ਤਾਂ ਪੂਰੀ ਦੁਨੀਆ ਇਸ ਨੂੰ ਸਵੀਕਾਰ ਕਰਦੀ ਨਜ਼ਰ ਆ ਰਹੀ ਹੈ। ਵਿਵੇਕਾਨੰਦ ਨੇ 11 ਸਤੰਬਰ, 1893 ਨੂੰ ਸ਼ਿਕਾਗੋ ਵਿਚ ਆਪਣੇ ਭਾਸ਼ਣ ਵਿਚ ਵੀ ਇਸ ਦਾ ਪ੍ਰਦਰਸ਼ਨ ਕੀਤਾ ਸੀ, ਜਿੱਥੇ ਵਿਸ਼ਵ ਦੀਆਂ ਸਾਰੀਆਂ ਜਾਤਾਂ ਦੇ ਮਹਾਨ ਵਿਦਵਾਨ ਮੰਚ ’ਤੇ ਮੌਜੂਦ ਸਨ।

ਡਾ. ਬਰੋਜ਼ ਦੇ ਸੱਦੇ ’ਤੇ ਇਕ 30 ਸਾਲ ਦਾ ਤੇਜਸਵੀ ਨੌਜਵਾਨ ਸਟੇਜ ’ਤੇ ਪਹੁੰਚਿਆ। ਭਾਸ਼ਣ ਦੇ ਪਹਿਲੇ ਚਾਰ ਸ਼ਬਦ ‘ਅਮਰੀਕੀ ਭਰਾਵੋ ਅਤੇ ਭੈਣੋ’ ਸੁਣਦਿਆਂ ਹੀ ਸਭਾ ’ਚ ਉਤਸ਼ਾਹ ਦਾ ਤੂਫ਼ਾਨ ਆ ਗਿਆ ਅਤੇ 7000 ਲੋਕ 2 ਮਿੰਟ ਖੜ੍ਹੇ ਹੋ ਕੇ ਉਨ੍ਹਾਂ ਲਈ ਤਾੜੀਆਂ ਵਜਾਉਂਦੇ ਰਹੇ, ਜਿਸ ਨਾਲ ਸਾਰਾ ਆਡੀਟੋਰੀਅਮ ਗੂੰਜ ਉੱਠਿਆ।

ਨੌਜਵਾਨ ਦਿਲਾਂ ਦੀ ਧੜਕਣ : ਉਮਰ ਸਿਰਫ 39 ਸਾਲ, ਆਪਣੀ ਬੁੱਧੀ ਨਾਲ ਦੁਨੀਆ ਨੂੰ ਜਿੱਤਣ ਵਾਲੇ, ਨੌਜਵਾਨਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦੇਣ ਵਾਲੇ, ਆਪਣੇ ਸੱਭਿਆਚਾਰ ਅਤੇ ਸਵੈ-ਮਾਣ ਨੂੰ ਵਿਸ਼ਵ ਮੰਚ ’ਤੇ ਪ੍ਰਦਰਸ਼ਿਤ ਕਰਨ ਵਾਲੇ ਸਵਾਮੀ ਵਿਵੇਕਾਨੰਦ, ਜਿਨ੍ਹਾਂ ਵਿਚ ਸਭ ਕੁਝ ਸਕਾਰਾਤਮਕ ਹੈ, ਕੁਝ ਵੀ ਨਕਾਰਾਤਮਕ ਨਹੀਂ। ਉਸ ਨੌਜਵਾਨ ਦੀ ਵਿਵੇਕਾਨੰਦ ਦੇ ਰੂਪ ਵਿਚ ਕਲਪਨਾ ਕਰੋ। ਨਾ ਉਸ ਦੇ ਵਿਚਾਰਾਂ ਵਿਚ ਗੁਲਾਮੀ ਦਾ ਪਰਛਾਵਾਂ ਸੀ, ਨਾ ਉਸ ਦੇ ਵਿਹਾਰ ਵਿਚ ਅਤੇ ਨਾ ਹੀ ਉਸ ਦੀਆਂ ਗੱਲਾਂ ਵਿਚ, ਜਿਸ ਨੇ ਭਾਰਤ ਮਾਤਾ ਦੀ ਜਾਗ੍ਰਿਤ ਅਵਸਥਾ ਨੂੰ ਆਪਣੇ ਅੰਦਰ ਪਾਇਆ ਸੀ।

ਇਕ ਮਹਾਪੁਰਖ ਜੋ ਇਕ-ਦੋ ਪਲਾਂ ਵਿਚ ਸੰਸਾਰ ਨੂੰ ਆਪਣਾ ਬਣਾ ਲੈਂਦਾ ਹੈ, ਜੋ ਸਾਰੇ ਸੰਸਾਰ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ, ਜੋ ਸੰਸਾਰ ਨੂੰ ਅਪਣੱਤ ਦੀ ਪਛਾਣ ਦਿਵਾਉਂਦਾ ਹੈ ਅਤੇ ਇਸ ਨੂੰ ਜਿੱਤ ਲੈਂਦਾ ਹੈ। ਵੇਦਾਂ ਤੋਂ ਲੈ ਕੇ ਵਿਵੇਕਾਨੰਦ ਤੱਕ, ਉਪਨਿਸ਼ਦਾਂ ਤੋਂ ਲੈ ਕੇ ਉਪਗ੍ਰਹਿ ਤੱਕ, ਅਸੀਂ ਇਸ ਪਰੰਪਰਾ ਵਿਚ ਵੱਡੇ ਹੋਏ ਹਾਂ।

ਬਹੁਪੱਖੀ ਵਿਅਕਤੀਤਵ ਦੇ ਧਨੀ : ਵਿਵੇਕਾਨੰਦ ਦੇ ਜੀਵਨ ਨੂੰ ਪੜ੍ਹਨ ਨਾਲ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਕਿਵੇਂ ਇਕ ਬੱਚਾ ਵਿਵੇਕਾਨੰਦ, ਯੋਧਾ ਸੰਨਿਆਸੀ ਵਿਵੇਕਾਨੰਦ ਦੇ ਰੂਪ ਵਿਚ ਪੂਰੀ ਦੁਨੀਆ ਲਈ ਪ੍ਰੇਰਣਾ ਬਣ ਗਿਆ। ਸਵਾਮੀ ਵਿਵੇਕਾਨੰਦ ਦਾ ਸਮੁੱਚਾ ਜੀਵਨ ਬਹੁਪੱਖੀ ਸ਼ਖਸੀਅਤ ਅਤੇ ਰਚਨਾਤਮਕਤਾ ਨਾਲ ਭਰਪੂਰ ਸੀ। ਸਾਡੇ ਮੌਜੂਦਾ ਸਰੋਕਾਰਾਂ ਵਿਚ ਸਿੱਖਿਆ, ਭਾਰਤੀ ਸੱਭਿਅਾਚਾਰ ਦਾ ਅਸਲੀ ਰੂਪ, ਵਿਆਪਕ ਸਮਾਜਿਕ ਸੁਧਾਰ, ਔਰਤਾਂ ਦੀ ਉੱਨਤੀ, ਦਲਿਤਾਂ ਅਤੇ ਪੱਛੜੇ ਵਰਗਾਂ ਦੀ ਉੱਨਤੀ, ਵਿਕਾਸ ਲਈ ਵਿਗਿਆਨ ਦੀ ਲੋੜ, ਜਨਤਕ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਲੋੜ, ਨੌਜਵਾਨਾਂ ਦੀਆਂ ਜ਼ਿੰਮੇਵਾਰੀਆਂ, ਸਵੈ-ਨਿਰਭਰਤਾ, ਸਵਦੇਸ਼ੀ ਦੀ ਭਾਵਨਾ, ਭਾਰਤ ਦਾ ਭਵਿੱਖ ਆਦਿ ਸ਼ਾਮਲ ਹੈ।

ਭਾਰਤ ਬੋਧ ਦੀ ਪ੍ਰੇਰਣਾ : ਦੁਨੀਆ ਦੇ ਲੱਖਾਂ-ਕਰੋੜਾਂ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਅੱਜ ਵੀ ਉਨ੍ਹਾਂ ਤੋਂ ਪ੍ਰੇਰਣਾ ਲੈ ਰਹੇ ਹਨ। ਸੀ. ਰਾਜਗੋਪਾਲਾਚਾਰੀ ਦੇ ਅਨੁਸਾਰ, ‘ਸਵਾਮੀ ਵਿਵੇਕਾਨੰਦ ਨੇ ਹਿੰਦੂ ਧਰਮ ਅਤੇ ਭਾਰਤ ਦੀ ਰੱਖਿਆ ਕੀਤੀ’। ਸੁਭਾਸ਼ ਚੰਦਰ ਬੋਸ ਨੇ ਕਿਹਾ ਕਿ ‘ਵਿਵੇਕਾਨੰਦ ਆਧੁਨਿਕ ਭਾਰਤ ਦੇ ਨਿਰਮਾਤਾ ਹਨ।’ ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ‘ਵਿਵੇਕਾਨੰਦ ਨੇ ਉਨ੍ਹਾਂ ਦੇ ਦੇਸ਼ ਪ੍ਰੇਮ ਨੂੰ ਹਜ਼ਾਰ ਗੁਣਾ ਕਰ ਦਿੱਤਾ।

ਸਵਾਮੀ ਵਿਵੇਕਾਨੰਦ ਨੇ ਆਪਣੇ ਆਪ ਨੂੰ ਭਾਰਤ ਲਈ ਇਕ ਕੀਮਤੀ ਅਤੇ ਚਮਕਦਾ ਹੀਰਾ ਸਾਬਤ ਕੀਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਯੁਗਾਂ ਅਤੇ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ।’ ਜਵਾਹਰ ਲਾਲ ਨਹਿਰੂ ਨੇ ‘ਡਿਸਕਵਰੀ ਆਫ ਇੰਡੀਆ’ ਵਿਚ ਲਿਖਿਆ ਹੈ- ‘ਵਿਵੇਕਾਨੰਦ ਦੱਬੇ ਹੋਏ ਅਤੇ ਉਤਸ਼ਾਹਹੀਣ ਹਿੰਦੂ ਲੋਕਾਂ ਲਈ ਇਕ ਟੌਨਿਕ ਬਣ ਕੇ ਆਏ ਸਨ ਅਤੇ ਇਸ ਦੇ ਭੂਤਕਾਲ ’ਚੋਂ ਇਸ ਨੂੰ ਅਾਪਣੀਅਾਂ ਜੜ੍ਹਾਂ ਅਤੇ ਸਵੈ-ਮਾਣ ਦਾ ਬੋਧ ਕਰਵਾਇਆ।’

ਜੇਕਰ ਇਹ ਕਿਹਾ ਜਾਵੇ ਕਿ ਸਵਾਮੀ ਵਿਵੇਕਾਨੰਦ ਆਧੁਨਿਕ ਭਾਰਤ ਦੇ ਨਿਰਮਾਤਾ ਸਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸਵਾਮੀ ਜੀ ਨੇ ਭਾਰਤ ਦੀ ਆਜ਼ਾਦੀ ਲਈ ਭਾਰਤੀਆਂ ਦੇ ਮਨਾਂ ਵਿਚ ਸਵੈ-ਮਾਣ ਦਾ ਮਾਹੌਲ ਪੈਦਾ ਕੀਤਾ। ਅਜੋਕੇ ਸਮੇਂ ਵਿਚ ਵਿਵੇਕਾਨੰਦ ਦੇ ਮਾਨਵਵਾਦ ਦੇ ਮਾਰਗ ’ਤੇ ਚੱਲ ਕੇ ਹੀ ਭਾਰਤ ਅਤੇ ਵਿਸ਼ਵ ਦਾ ਭਲਾ ਹੋ ਸਕਦਾ ਹੈ। ਉਹ ਅਕਸਰ ਨੌਜਵਾਨਾਂ ਨੂੰ ਕਿਹਾ ਕਰਦੇ ਸਨ ਕਿ ਸਾਨੂੰ ਅਜਿਹੇ ਨੌਜਵਾਨ ਮਰਦ-ਔਰਤਾਂ ਦੀ ਲੋੜ ਹੈ, ਜਿਨ੍ਹਾਂ ਕੋਲ ਬ੍ਰਾਹਮਣਾਂ ਦਾ ਤੇਜ ਅਤੇ ਖੱਤਰੀਆਂ ਦਾ ਵੀਰਜ ਹੋਵੇ।

ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਇਕ ਮਹਾਨ ਵਿਰਸਾ ਹੈ। ਉਸ ਮਹਾਨ ਵਿਰਸੇ ਦੇ ਮਾਣ ’ਤੇ ਆਧਾਰਿਤ ਨੌਜਵਾਨ ਮਨ ਨਾਲ ਦ੍ਰਿੜ੍ਹ ਇਰਾਦਾ ਕਰ ਕੇ ਅੱਗੇ ਵਧਣ। ਅੱਜ ਚਾਰੇ ਪਾਸੇ ਜਿਸ ਤਰ੍ਹਾਂ ਦੀ ਬੌਧਿਕ ਚਰਚਾ ਦੇਖਣ ਨੂੰ ਮਿਲ ਰਹੀ ਹੈ, ਉਸ ਵਿਚ ਨੌਜਵਾਨ ਹੋਣ ਕਰ ਕੇ ਸਾਨੂੰ ਆਪਣੀ ਸੂਝ-ਬੂਝ ਅਤੇ ਬੌਧਿਕ ਸਮਰੱਥਾ ਦੀ ਜਾਣ-ਪਛਾਣ ਕਰਵਾਉਣੀ ਹੀ ਪਵੇਗੀ। ਇਹ ਹੀ ਅਸਲ ’ਚ ਅੱਜ ਸਾਡੀ ਤਰਫੋਂ ਸੱਚਾ ਯੋਗਦਾਨ ਹੋਵੇਗਾ।

ਡਾ. ਪਵਨ ਸਿੰਘ


author

Rakesh

Content Editor

Related News