ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਅਤੇ ਆਜ਼ਾਦੀ ਸੰਗ੍ਰਾਮ

08/13/2022 12:27:28 PM

ਨਵੀਂ ਦਿੱਲੀ- ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੇ 75 ਸਾਲ ਪੂਰੇ ਹੋਣ ਵਾਲੇ ਹਨ। ਸਾਲ 2025 ’ਚ ਸੰਘ ਦੀ ਸਥਾਪਨਾ ਦੇ 100 ਸਾਲ ਪੂਰੇ ਹੋ ਜਾਣਗੇ। ਗਾਂਧੀ ਜੀ ਨੇ ਸੱਤਿਆਗ੍ਰਹਿ ਰਾਹੀਂ, ਚਰਖਾ ਅਤੇ ਖਾਦੀ ਦੇ ਰਾਹੀਂ ਸਾਰੀ ਜਨਤਾ ਨੂੰ ਆਜ਼ਾਦੀ ਅੰਦੋਲਨ ’ਚ ਭਾਈਵਾਲ ਹੋਣ ਦਾ ਇਕ ਸੌਖਾ ਅਤੇ ਸਹਿਜ ਤਰੀਕਾ, ਸਾਧਨ ਮੁਹੱਈਆ ਕਰਵਾਇਆ ਅਤੇ ਲੱਖਾਂ ਦੀ ਗਿਣਤੀ ’ਚ ਲੋਕ ਆਜ਼ਾਦੀ ਅੰਦੋਲਨ ਨਾਲ ਜੁੜ ਸਕੇ ਪਰ ਸਿਹਰਾ ਇਕ ਹੀ ਅੰਦੋਲਨ ਜਾਂ ਪਾਰਟੀ ਨੂੰ ਦੇਣਾ ਇਹ ਇਤਿਹਾਸ ਨਾਲ ਖਿਲਵਾੜ ਹੈ ਅਤੇ ਹੋਰਨਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਦਾ ਨਿਰਾਦਰ ਹੈ। ਇਤਿਹਾਸ ਤੋਂ ਭਵਿੱਖ ਲਈ ਢੁੱਕਵੇਂ ਨਜ਼ਰੀਏ ਦਾ ਨਿਰਮਾਣ ਸੰਭਵ ਹੁੰਦਾ ਹੈ। ਕਿਸੇ ਵੀ ਸਮਾਜ ਲਈ ਆਪਣੇ ਇਤਿਹਾਸ ਦਾ ਯਥਾਰਥ ਮੁਲਾਂਕਣ ਜ਼ਰੂਰੀ ਹੈ। ਆਰ. ਐੱਸ. ਐੱਸ. ਦੇ ਸਹਿ-ਸਰਕਾਰਯਵਾਹਕ ਡਾ. ਮਨਮੋਹਨ ਵੈਦਿਆ ਦੇ ਅਨੁਸਾਰ, ‘‘ਇਕ ਯੋਜਨਾਬੱਧ ਢੰਗ ਨਾਲ ਦੇਸ਼ ਨੂੰ ਅੱਧਾ ਇਤਿਹਾਸ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਆਜ਼ਾਦੀ ਸਿਰਫ ਕਾਂਗਰਸ ਦੇ ਕਾਰਨ ਮਿਲੀ। ਹੋਰ ਕਿਸੇ ਨੇ ਕੁਝ ਨਹੀਂ ਕੀਤਾ। ਸਾਰਾ ਸਿਹਰਾ ਇਕ ਪਾਰਟੀ ਨੂੰ ਦੇਣਾ, ਇਤਿਹਾਸ ਨਾਲ ਖਿਲਵਾੜ ਹੈ।’’

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸੰਘ ਦੇ ਸੰਸਥਾਪਕ ਡਾ. ਕੇਸ਼ਵਰਾਮ ਬਲਿਰਾਮ ਹੇਡਗੇਵਾਰ ਖੁਦ ਇਕ ਆਜ਼ਾਦੀ ਘੁਲਾਟੀਏ ਸਨ। ਉਹ ਅਜਿਹੇ ਕੁਝ ਕੁ ਅੰਦੋਲਨਕਾਰੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਭਾਰਤੀ ਆਜ਼ਾਦੀ ਸੰਘਰਸ਼ ਦੇ ਤਿੰਨੇ ਪ੍ਰਮੁੱਖ ਅੰਦੋਲਨਾਂ (ਅਸਹਿਯੋਗ ਅੰਦੋਲਨ, ਸਵਿਨਯ ਅਵੱਗਿਆ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ) ’ਚ ਹਿੱਸਾ ਲਿਆ ਸੀ। ਹੇਡਗੇਵਾਰ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸਨ ਅਤੇ 1920 ਦੇ ਨਾਗਪੁਰ ਇਜਲਾਸ ’ਚ ਇਕ ਸੂਬਾਈ ਨੇਤਾ ਦੇ ਤੌਰ ’ਤੇ ਉਨ੍ਹਾਂ ਨੇ ਮੁਕੰਮਲ ਆਜ਼ਾਦੀ ਦਾ ਮਤਾ ਦਿੱਤਾ ਸੀ, ਜਿਸ ਨੂੰ ਕਾਂਗਰਸ ਨੇ ਨਕਾਰ ਦਿੱਤਾ ਸੀ। ਆਰ. ਐੱਸ. ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਦੇ ਅਨੁਸਾਰ, ‘‘ਸੰਘ ਸਥਾਪਨਾ ਦੇ 5 ਸਾਲ ਪਹਿਲਾਂ ਡਾ. ਹੇਡਗੇਵਾਰ ਨਾਗਪੁਰ ਇਜਲਾਸ ਦੇ ਪ੍ਰਬੰਧਕ ਸਨ। ਗਾਂਧੀ ਜੀ ਉਸ ਇਜਲਾਸ ਦੇ ਮੁਖੀ ਸਨ। ਪਹਿਲਾ ਮਤਾ ਸੀ ਗਊ ਹੱਤਿਆ ਬੰਦੀ ਅਤੇ ਦੂਜਾ ਮਤਾ ਸੀ ਕਾਂਗਰਸ ਆਪਣਾ ਇਰਾਦਾ ਐਲਾਨੇ ਕਿ ਭਾਰਤ ਦੀ ਮੁਕੰਮਲ ਆਜ਼ਾਦੀ ਸਾਡਾ ਟੀਚਾ ਹੈ।’’

ਸੰਘ ਦੇ ਸਰਸੰਘਸੰਚਾਲਕ ਮੋਹਨ ਭਾਗਵਤ ਕਹਿੰਦੇ ਹਨ ਕਿ ‘‘1921 ’ਚ ਸੂਬਾਈ ਕਾਂਗਰਸ ਦੀ ਬੈਠਕ ’ਚ ਕ੍ਰਾਂਤੀਕਾਰੀਆਂ ਦੀ ਨਿੰਦਾ ਕਰਨ ਵਾਲਾ ਮਤਾ ਰੱਖਿਆ ਗਿਆ ਸੀ। ਉਦੋਂ ਡਾ. ਹੇਡਗੇਵਾਰ ਦੇ ਜ਼ਬਰਦਸਤ ਵਿਰੋਧ ਦੇ ਕਾਰਨ ਮਤਾ ਵਾਪਸ ਲੈਣਾ ਪਿਆ ਸੀ। 1921 ’ਚ ਮਹਾਤਮਾ ਗਾਂਧੀ ਦੀ ਅਗਵਾਈ ’ਚ ਚੱਲੇ ਅਸਹਿਯੋਗ ਅੰਦੋਲਨ ’ਚ ਡਾ. ਹੇਡਗੇਵਾਰ ਨੇ ਚੰਗੀ ਭੂਮਿਕਾ ਨਿਭਾਈ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੋਰਨਾਂ ਕ੍ਰਾਂਤੀਕਾਰੀਆਂ ਵਾਂਗ ਉਹ ਜੇਲ ਜਾਣ ਤੋਂ ਵੀ ਨਹੀਂ ਖੁੰਝੇ। 19 ਅਗਸਤ 1921 ਤੋਂ 11 ਜੁਲਾਈ 1922 ਤੱਕ ਜੇਲ ’ਚ ਰਹੇ। ਜੇਲ ਤੋਂ ਬਾਹਰ ਆਉਣ ਤੋਂ ਬਾਅਦ 12 ਜੁਲਾਈ ਨੂੰ ਨਾਗਪੁਰ ’ਚ ਉਨ੍ਹਾਂ ਦੇ ਸਨਮਾਨ ’ਚ ਆਯੋਜਿਤ ਜਨਤਕ ਸਮਾਰੋਹ ’ਚ ਕਾਂਗਰਸ ਦੇ ਨੇਤਾ ਮੋਤੀਲਾਲ ਨਹਿਰੂ, ਰਾਜਗੋਪਾਲਾਚਾਰੀ ਵਰਗੇ ਕਈ ਨੇਤਾ ਮੌਜੂਦ ਸਨ।’’

ਆਜ਼ਾਦੀ ਪ੍ਰਾਪਤੀ ਦਾ ਮਹੱਤਵ ਅਤੇ ਪਹਿਲ ਨੂੰ ਸਮਝਦੇ ਹੋਏ ਵੀ ਇਕ ਸਵਾਲ ਡਾ. ਹੇਡਗੇਵਾਰ ਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਸੀ ਕਿ 7000 ਮੀਲ ਤੋਂ ਦੂਰ ਵਪਾਰ ਕਰਨ ਆਏ ਮੁੱਠੀ ਕੁ ਭਰ ਅੰਗਰੇਜ਼, ਇਕ ਵਿਸ਼ਾਲ ਦੇਸ਼ ’ਤੇ ਰਾਜ ਕਿਵੇਂ ਕਰ ਲੈਣਗੇ? ਜ਼ਰੂਰ ਇਸ ਵਿਚ ਕੁਝ ਦੋਸ਼ ਹੋਣਗੇ। ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਸਾਡਾ ਸਮਾਜ ਆਤਮ ਵਿਸਮ੍ਰਿਤ, ਜਾਤੀ, ਸੂਬਾ-ਭਾਸ਼ਾ, ਉਪਾਸਨਾ ਪ੍ਰਣਾਲੀ ਆਦਿ ਕਈ ਧੜਿਆਂ ’ਚ ਵੰਡਿਆ ਹੋਇਆ, ਅਸੰਗਠਿਤ ਅਤੇ ਕਈ ਕੁਰੀਤੀਆਂ ਨਾਲ ਭਰਿਆ ਪਿਆ ਹੈ ਜਿਸ ਦਾ ਲਾਭ ਲੈ ਕੇ ਅੰਗਰੇਜ਼ ਇਥੇ ਰਾਜ ਕਰ ਸਕੇ। ਆਜ਼ਾਦੀ ਮਿਲਣ ਦੇ ਬਾਅਦ ਵੀ ਸਮਾਜ ਅਜਿਹਾ ਹੀ ਰਿਹਾ ਤਾਂ ਕੱਲ ਫਿਰ ਇਤਿਹਾਸ ਦੁਹਰਾਇਆ ਜਾਵੇਗਾ। ਉਹ ਕਹਿੰਦੇ ਸਨ ਕਿ ‘ਨਾਗਨਾਥ ਜਾਵੇਗਾ ਤਾਂ ਸਾਂਪਨਾਥ ਆਏਗਾ’। ਇਸ ਲਈ ਇਸ ਆਪਣੇ ਰਾਸ਼ਟਰੀ ਸਮਾਜ ਨੂੰ ਸਵੈਮਾਣ ਵਾਲਾ, ਜਾਗ੍ਰਿਤ, ਸੰਗਠਿਤ ਕਰਦੇ ਹੋਏ ਸਾਰੇ ਦੋਸ਼, ਕੁਰੀਤੀਆਂ ਤੋਂ ਮੁਕਤ ਕਰਨਾ ਅਤੇ ਰਾਸ਼ਟਰੀ ਗੁਣਾਂ ਨਾਲ ਭਰਪੂਰ ਕਰਨਾ ਜ਼ਿਆਦਾ ਮੁੱਢਲੇ ਜ਼ਰੂਰੀ ਕਾਰਜ ਹਨ ਅਤੇ ਇਹ ਕਾਰਜ ਸਿਆਸਤ ਤੋਂ ਵੱਖ, ਪ੍ਰਸਿੱਧੀ ਤੋਂ ਦੂਰ, ਮੌਨ ਰਹਿ ਕੇ ਕਰਨ ਦਾ ਹੈ, ਅਜਿਹਾ ਉਨ੍ਹਾਂ ਨੂੰ ਪ੍ਰਤੀਤ ਹੋਇਆ। ਸੰਘ ਸਥਾਪਨਾ ਦੇ ਉਪਰੰਤ ਵੀ ਸਾਰੇ ਸਿਆਸੀ ਜਾਂ ਸਮਾਜਿਕ ਨੇਤਾਵਾਂ, ਅੰਦੋਲਨ ਅਤੇ ਸਰਗਰਮੀ ਦੇ ਨਾਲ ਉਨ੍ਹਾਂ ਦੇ ਬਰਾਬਰ ਦੇ, ਨੇੜੇ ਦੇ ਅਤੇ ਆਤਮੀ ਸਬੰਧ ਸਨ।

ਸੰਘ ਦੇ ਸਾਬਕਾ ਪ੍ਰਚਾਰਕ ਨਰਿੰਦਰ ਸਹਿਗਲ ਦੇ ਸ਼ਬਦਾਂ ’ਚ, ‘‘ਸੰਘ ਆਪਣੇ ਨਾਂ ਨਾਲ ਕੁਝ ਨਹੀਂ ਕਰਦਾ ਸੀ। ਆਪਣੇ ਨਾਂ ਅਤੇ ਸੰਸਥਾ ਦੇ ਨਾਂ ਤੋਂ ਉੱਪਰ ਉੱਠ ਦੇ ਰਾਸ਼ਟਰ ਹਿੱਤ ਵਿਚ ਆਜ਼ਾਦੀ ਨਾਲ ਜੁੜੇ ਕਾਂਗਰਸ ਦੇ ਸਾਰੇ ਅੰਦੋਲਨਾਂ ਵਿਚ ਸਵੈਮਸੇਵਕਾਂ ਨੇ ਹਿੱਸਾ ਲਿਆ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇ ਸੰਸਥਾਪਕ ਡਾ. ਕੇਸ਼ਵ ਬਲਿਦਾਨ ਹੇਡਗੇਵਾਰ ਖੁਦ ਦੋ ਵਾਰ ਸਾਲ-ਸਾਲ ਭਰ ਦੇ ਲਈ ਜੇਲ ਵਿਚ ਰਹੇ। ਪੂਰੇ ਸੱਤਿਆਗ੍ਰਹਿ ਦੇ ਅੰਦਰ ਸੰਘ ਦੇ 16 ਹਜ਼ਾਰ ਸਵੈਮਸੇਵਕ ਜੇਲ ਵਿਚ ਸਨ। 1942 ਦੇ ਮੂਵਮੈਂਟ ਵਿਚ ਸਾਡਾ ਸਭ ਤੋਂ ਵੱਧ ਹਿੱਸਾ ਸੀ ਪਰ ਸੰਘ ਦੇ ਨਾਂ ਨਾਲ ਨਹੀਂ ਸੀ।’’ ਸੰਘ ਦੇ ਆਜ਼ਾਦੀ ਸੰਗਰਾਮ ’ਚ ਵੱਡਮੁਲੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਗੇ ਈਮਾਨਦਾਰੀ ਨਾਲ ਲਿਆਉਣਾ ਹੀ ਹੋਵੇਗਾ।


DIsha

Content Editor

Related News