ਕੈਪਟਨ ਪਿਛੋਂ ਚੋਣ ਸੂਬੇ ਪੰਜਾਬ ’ਚ ਉੱਭਰ ਰਿਹਾ ਦ੍ਰਿਸ਼

10/26/2021 3:41:51 AM

ਕਲਿਆਣੀ ਸ਼ੰਕਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਹੁਦਾ ਛੱਡਣ ਪਿਛੋਂ ਪੰਜਾਬ ਜਿਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ’ਚ ਵੱਡੀ ਤਸਵੀਰ ਕੀ ਹੈ? ਉੱਭਰ ਰਿਹਾ ਦ੍ਰਿਸ਼ ਇਹ ਹੈ ਕਿ ਪੰਜਾਬ ’ਚ ਬਹੁਕੋਣੀ ਲੜਾਈ ਦਾ ਸਾਹਮਣਾ ਹੋਵੇਗਾ। ਇਸ ਸਥਿਤੀ ’ਚ ਕੋਈ ਵੀ ਪਾਰਟੀ ਜਾਂ ਗਠਜੋੜ ਬਹੁਮਤ ਹਾਸਲ ਕਰਨ ਦੀ ਹਾਲਤ ’ਚ ਨਹੀਂ ਹੈ।

ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੌਣ ਕਿਸ ਨੂੰ ਚਾਹੁੰਦਾ ਹੈ ਕਿਉਂਕਿ ਚੋਣਾਂ ਪਿਛੋਂ ਨਵੇਂ ਜੋੜ-ਤੋੜ ਬਣਨੇ ਤੈਅ ਹਨ। ਇਕ ਲੰਗੜੀ ਵਿਧਾਨ ਸਭਾ ਜਾਂ ਗਠਜੋੜ ਦੀ ਸਰਕਾਰ ਬਣ ਸਕਦੀ ਹੈ।

ਅਜੇ ਤਕ ਪੰਜਾਬ ’ਚ ਸੱਤਾ ਦੀ ਭਾਈਵਾਲੀ ਸ਼੍ਰੋਮਣੀ ਅਕਾਲੀ ਦਲ ਗਠਜੋੜ ਅਤੇ ਕਾਂਗਰਸ ਦਰਮਿਆਨ ਘੁੰਮਦੀ ਰਹੀ ਹੈ। 2017 ’ਚ ਆਮ ਆਦਮੀ ਪਾਰਟੀ ਨੇ ਇਸ ਰੁਝਾਨ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕੀ ਕਿਉਂਕਿ ਕੈਪਟਨ ਅਧੀਨ ਕਾਂਗਰਸ ਨੇ ਚੰਗੀ ਜਿੱਤ ਹਾਸਲ ਕੀਤੀ। ਇਸ ਵਾਰ ਸਮੀਕਰਨ ਬਦਲ ਗਏ ਹਨ। ਸ਼੍ਰੋਮਣੀ ਅਕਾਲੀ ਦਲ ਪਿਛਲੇ ਸਾਲ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ’ਤੇ ਰਾਸ਼ਟਰੀ ਜਨਤਾ ਦਲ ਦੇ ਗਠਜੋੜ ’ਚੋਂ ਬਾਹਰ ਨਿਕਲ ਗਿਆ ਸੀ। ਆਮ ਆਦਮੀ ਪਾਰਟੀ ਲਗਾਤਾਰ ਆਪਣੀ ਹੋਂਦ ਨੂੰ ਵਧਾਉਣ ’ਚ ਲੱਗੀ ਹੋਈ ਹੈ। ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਹੋਇਆ ਹੈ। ਕੈਪਟਨ ਬਸਪਾ ਅਤੇ ਅਕਾਲੀ ਦਲ ਨਾਲੋਂ ਵੱਖ ਹੋ ਚੁੱਕੇ ਧੜਿਆਂ ਨਾਲ ਭਾਈਵਾਲੀ ਨਿਭਾਉਣ ਦੇ ਇੱਛੁਕ ਹਨ।

ਕਾਂਗਰਸ ਪਾਰਟੀ ਹਾਈਕਮਾਨ ਵਲੋਂ ਰਸਮੀ ਤੌਰ ’ਤੇ ਕੈਪਟਨ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਪਹਿਲਾਂ ਇਹ ਲਗਭਗ ਤੈਅ ਸੀ ਕਿ ਪਾਰਟੀ ਸੂਬੇ ’ਚ ਜਿੱਤ ਜਾਵੇਗੀ ਪਰ ਹੁਣ ਪੰਜਾਬ ਦੀ ਇਕਾਈ ਕਮਜ਼ੋਰ ਹੋ ਚੁੱਕੀ ਹੈ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਇਦ ਪਾਰਟੀ ’ਚ ਚਲਦੀ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਕਾਰਨ ਜਿੱਤ ਦਿਵਾਉਣ ’ਚ ਸਮਰਥ ਨਹੀਂ ਹਨ। ਅਜਿਹਾ ਵੀ ਅਨੁਮਾਨ ਹੈ ਕਿ ਚੰਨੀ ਦੀ ਵਿਵਸਥਾ ਸਿਰਫ ਸਿੱਧੂ ਲਈ ਸੀਟ ਤਿਆਰ ਕਰਨ ਲਈ ਕੀਤੀ ਗਈ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਹੀ ਸਨ ਜਿਨ੍ਹਾਂ ਨੇ ਸਿੱਧੂ ਦੀਆਂ ਉਮੀਦਾ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ’ਚ ਪਾਰਟੀ ਦਾ ਪ੍ਰਧਾਨ ਬਣਾਇਆ। ਹੁਣ ਉਹ ਇਕ ਟੀਚਾ ਰਹਿਤ ਮਿਜ਼ਾਇਲ ਬਣੇ ਹੋਏ ਹਨ, ਜੋ ਕਾਂਗਰਸ ਦੀਆਂ ਸੰਭਾਨਾਵਾਂ ਨੂੰ ਸੱਟ ਮਾਰ ਰਹੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਕੈਪਟਨ ਨੇ ਆਪਣੀ ਪਾਰਟੀ ਬਣਾਈ ਹੈ। 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਵਿਰੁੱਧ ਉਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਬਾਅਦ ’ਚ 1992 ’ਚ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਂ ਦੀ ਸਿਆਸੀ ਪਾਰਟੀ ਬਣਾਈ ਸੀ। ਫਿਰ 1997 ’ਚ ਮੁੜ ਕਾਂਗਰਸ ਪਾਰਟੀ ’ਚ        ਸ਼ਾਮਲ ਹੋਣ ਪਿਛੋਂ ਉਨ੍ਹਾਂ ਇਸ ਦਾ ਰਲੇਵਾਂ ਕਾਂਗਰਸ ’ਚ ਕਰ ਦਿੱਤਾ ਸੀ। ਉਦੋਂ ਤੋਂ ਅਮਰਿੰਦਰ ਕਾਂਗਰਸ ’ਚ ਹੀ ਸਨ। 2002-2007 ਅਤੇ ਫਿਰ 2017-2022 ਲਈ ਦੋ ਵਾਰ ਮੁੱਖ ਮੰਤਰੀ ਬਣੇ। ਦੂਜੀ ਵਾਰ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

ਨਾਰਾਜ਼ ਕੈਪਟਨ ਇਕ ਗੱਲ ਨੂੰ ਲੈ ਕੇ ਸਪਸ਼ਟ ਹਨ। ਉਹ ਇਹ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਉਹ ਕਿਸੇ ਦੀ ਵੀ ਮਦਦ ਲੈਣ ਦੇ ਇੱਛੁਕ ਹਨ।

ਭਾਜਪਾ ਨਾਲ ਉਨ੍ਹਾਂ ਦੇ ਪ੍ਰਸਤਾਵਿਤ ਗਠਜੋੜ ਨੂੰ ਲੈ ਕੇ ਇਕ ਰੁਕਾਵਟ ਹੈ। ਕਿਉਂਕਿ ਮੋਦੀ ਸਰਕਾਰ ਦੇ ਵਾਦ-ਵਿਵਾਦ ਵਾਲੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਬੀਤੇ ਇਕ ਸਾਲ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਘੇਰੇ ’ਚ ਹੈ। ਮੌਜੂਦਾ ਖੇਤੀਬਾੜੀ ਸੰਕਟ ਦਾ ਜਲਦੀ ਹੱਲ ਅਮਰਿੰਦਰ ਦੀ ਸਿਆਸੀ ਇੱਛਾ ਲਈ ਅਹਿਮ ਹੈ। ਸਥਿਤੀ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਵਿਖਾਵਾਕਾਰੀ ਕਿਸਾਨਾਂ ਅਤੇ ਕੇਂਦਰ ਦਰਮਿਆਨ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਉਨ੍ਹਾਂ ਸ਼ਾਇਦ ਪਹਿਲਾਂ ਹੀ ਭਾਜਪਾ ਲਈ ਇਕ ਅਕਸ ਬਚਾਉਣ ਵਾਲੇ ਫਾਰਮੂਲੇ ’ਤੇ ਕੰਮ ਕੀਤਾ ਹੈ।

ਅਮਰਿੰਦਰ ਨੇ ਸਪਸ਼ਟ ਕੀਤਾ ਹੈ ਕਿ ਚੋਣਾਂ ਲਈ ਉਨ੍ਹਾਂ ਦੀ ਪਹਿਲੀ ਸਿਆਸੀ ਯੋਜਨਾ ਖੇਤੀਬਾੜੀ ਅਧੀਨ ਸ਼ਾਂਤੀ ਅਤੇ ਸੁਰੱਖਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਜੇ ਉਨ੍ਹਾਂ ਦੀ ਨਵੀਂ ਪਾਰਟੀ ਢੁੱਕਵੀਆਂ ਸੀਟਾਂ ਨਾ ਵੀ ਜਿੱਤ ਸਕੀ ਅਤੇ ਉਨ੍ਹਾਂ ਦੀ ਪਾਰਟੀ ਲਗਭਗ 5 ਸੀਟਾਂ ਹਾਸਲ ਕਰ ਸਕੀ ਤਾਂ ਕਾਂਗਰਸ ਨੂੰ ਨੁਕਸਾਨ ਪੁੱਜੇਗਾ। ਇਹੀ ਸਭ ਵਿਰੋਧੀ ਪਾਰਟੀਆਂ ਚਾਹੁੰਦੀਆਂ ਹਨ। ਕੀ ਉਹ ਕਾਂਗਰਸ ਦਾ ਸ਼ਿਕਾਰ ਕਰਨਗੇ ਜਾਂ ਨਵੀਂ ਪਾਰਟੀ ’ਚ ਸ਼ਾਮਲ ਹੋਣ ਲਈ ਆਉਣਗੇ, ਇਸ ਬਾਰੇ ਕੁਝ ਪਤਾ ਨਹੀਂ। ਜਿਥੇ ਉਨ੍ਹਾਂ ਦੇ ਨਿੱਜੀ ਹਿਤ ਜੁੜੇ ਹੁੰਦੇ ਹਨ, ਉਥੇ ਹੀ ਉਹ ਜਾਂਦੇ ਹਨ। ਸਿਆਸਤਦਾਨ ਬਹੁਤ ਚਲਾਕ ਹੁੰਦੇ ਹਨ।

ਇਥੋਂ ਤਕ ਕਿ ਮੁੱਖ ਮੰਤਰੀ ਹੁੰਦੇ ਹੋਏ ਵੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਲਈ ਤਿਆਰੀ ਕਰ ਰਹੇ ਸਨ। ਉਨ੍ਹਾਂ ਸੁਰੱਖਿਆ ਮੁੱਦਿਆਂ ’ਤੇ ਕੇਂਦਰ ਦੀ ਹਮਾਇਤ ਕੀਤੀ। ਉਦਾਹਰਣ ਵਜੋਂ ਪੁਲਵਾਮਾ ਦੇ ਅੱਤਵਾਦੀ ਹਮਲੇ ਪਿਛੋਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਉਹ ਕੇਂਦਰ ਨਾਲ ਅਤੇ ਹੁਣੇ ਜਿਹੇ ਹੀ ਪੰਜਾਬ ’ਚ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ’ਚ ਵਾਧੇ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਨਾਲ ਸਨ।

ਜਿਥੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ 4 ਮਹੀਨੇ ਬਾਕੀ ਬਚੇ ਹਨ, ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਯੋਜਨਾ ਪੰਜਾਬ ’ਚ ਹੋਰਨਾਂ ਪਾਰਟੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ? ਕੈਪਟਨ ਦੇ ਲਈ, ਉਨ੍ਹਾਂ ਦੇ ਸਿਆਸਤ ਤੋਂ ਬਾਹਰ ਹੋਣ ਤੋਂ ਪਹਿਲਾਂ ਇਹ ਇਕ ਚੁਣੌਤੀ ਹੈ। ਉਨ੍ਹਾਂ ਪਹਿਲਾਂ ਹੀ ਕਿਹਾ ਹੈ ਕਿ ਉਹ ਸਿਰਫ ਜਿੱਤ ਨਾਲ ਸਿਆਸਤ ਛੱਡਣਗੇ, ਹਾਰ ਨਾਲ ਨਹੀਂ।

ਯਕੀਨੀ ਤੌਰ ’ਤੇ ਭਾਜਪਾ ਪੰਜਾਬ ’ਚ ਇਕ ਵੱਡੀ ਤਾਕਤ ਨਹੀਂ ਹੈ। 2017 ’ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਪ੍ਰਮੁੱਖ ਗਠਜੋੜ ਸੀ ਜੋ ਲੰਬੇ ਸਮੇਂ ਤਕ ਸਹਿਯਗੀ ਰਹੇ। ਪਾਰਟੀ ਹੁਣ ਕੈਪਟਨ ਅਮਰਿੰਦਰ ਸਿੰਘ ਰਾਹੀਂ ਵਿਖਾਵਾਕਾਰੀ ਕਿਸਾਨਾਂ ਨਾਲ ਹੱਲ ਲੱਭਣ ਦੀ ਉਮੀਦ ਕਰ ਰਹੇ ਹਨ। ਅਮਰਿੰਦਰ ਦੀ ਕਾਂਗਰਸ ’ਚੋਂ ਨਿਕਾਸੀ ਭਾਜਪਾ ਦੇ ਲਈ ਬੇਮਿਸਾਲ ਬੋਨਸ ਸੀ, ਜਿਸ ਕੋਲ ਮੁੱਖ ਮੰਤਰੀ ਦੇ ਇਕ ਭਰੋਸੇਯੋਗ ਚਿਹਰੇ ਦੀ ਕਮੀ ਹੈ।

ਕੈਪਟਨ ਅਮਰਿੰਦਰ ਸਿੰਘ ਨਾਲ ਭਾਈਵਾਲੀ ਭਾਜਪਾ ਨੂੰ ਲਾਭ ਦੀ ਹਾਲਤ ’ਚ ਲਿਜਾਏਗੀ। ਇਸ ਦੇ ਨਾਲ ਹੀ ਕਾਂਗਰਸ ਨੂੰ ਕਮਜ਼ੋਰ ਵੀ ਕਰੇਗੀ। ਉਨ੍ਹਾਂ ਦਾ ਸੱਭਿਅਕ ਅਕਸ ਅਤੇ ਫੌਜੀ ਪਿਛੋਕੜ ਦੀ ਭਾਜਪਾ ਦੀ ਬਹੁਲਤਾਵਾਦੀ ਸਿਆਸਤ ਦੇ ਸਟਾਈਲ ਮੁਤਾਬਕ ਹੈ। ਕਿਸਾਨ ਅੰਦੋਲਨ ਨੇ ਭਾਜਪਾ ਦੀਆਂ ਮੁਸ਼ਕਲਾਂ ’ਚ ਵਾਧਾ ਕੀਤਾ ਹੈ। ਪਾਰਟੀ ਕਿਸੇ ਵੀ ਅਤੇ ਕੁਝ ਵੀ ਭਰੋਸੇਯੋਗਤਾ ਦਾ ਸਵਾਗਤ ਕਰੇਗੀ। ਕੈਪਟਨ ਕੋਲ ਪਾਰਟੀ ਬਣਾਉਣ ਦਾ ਸਮਾਂ ਨਹੀਂ ਹੈ ਅਤੇ ਭਾਜਪਾ ਉਨ੍ਹਾਂ ਨੂੰ ਸੰਗਠਨਾਤਮਕ ਅਤੇ ਵਿੱਤੀ ਸੋਮੇ ਮੁਹੱਈਆ ਕਰਵਾ ਸਕਦੀ ਹੈ।


Bharat Thapa

Content Editor

Related News