ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਚੋਣ ਬਿਆਨਬਾਜ਼ੀ

Thursday, Nov 21, 2024 - 03:27 PM (IST)

ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਚੋਣ ਬਿਆਨਬਾਜ਼ੀ

ਮਹਾਰਾਸ਼ਟਰ ਅਤੇ ਝਾਰਖੰਡ ਵਿਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣ ਦੇ ਨਾਲ ਹੀ ਇਕ ਕੌੜੇ ਅਤੇ ਬੇਬਾਕ ਪ੍ਰਚਾਰ ਦਾ ਅੰਤ ਹੋ ਗਿਆ ਹੈ। ਦੋਵਾਂ ਸੂਬਿਆਂ ਦੀਆਂ ਚੋਣਾਂ ਦਾ ਅੰਤਿਮ ਨਤੀਜਾ ਭਾਵੇਂ ਜੋ ਵੀ ਹੋਵੇ, ਇਹ ਮੁਹਿੰਮ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਫਿਰਕੂ ਅਤੇ ਫੁੱਟ ਪਾਊ ਮੁਹਿੰਮ ਵਜੋਂ ਦਰਜ ਕੀਤੀ ਜਾਵੇਗੀ। ਮੈਨੂੰ ਯਾਦ ਹੈ ਕਿ ਮੈਂ ਇਹ ਗੱਲ ਪਿਛਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਖਤਮ ਹੋਣ ਤੋਂ ਬਾਅਦ ਵੀ ਕਹੀ ਸੀ। ਬਦਕਿਸਮਤੀ ਨਾਲ, ਸਿਆਸੀ ਬਿਆਨਬਾਜ਼ੀ ਦਾ ਪੱਧਰ, ਖਾਸ ਕਰ ਕੇ ਫਿਰਕੂ ਰੰਗਤ ਨਾਲ, ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਅਤੇ ਹੁਣੇ-ਹੁਣੇ ਸਮਾਪਤ ਹੋਈ ਚੋਣ ਮੁਹਿੰਮ ਨੂੰ ਹੁਣ ਸਭ ਤੋਂ ਵੱਧ ਫਿਰਕੂ ਕਿਹਾ ਜਾ ਸਕਦਾ ਹੈ।

ਦੋਵਾਂ ਸੂਬਿਆਂ, ਖਾਸ ਕਰ ਕੇ ਮਹਾਰਾਸ਼ਟਰ ਵਿਚ ਹੋਈਆਂ ਚੋਣਾਂ ਵਿਚ ਭਾਜਪਾ ਅਤੇ ਇਸ ਦੇ ਗੱਠਜੋੜ ਭਾਈਵਾਲਾਂ ਅਤੇ ਕਾਂਗਰਸ ਅਤੇ ਇਸ ਦੇ ਗੱਠਜੋੜ ਭਾਈਵਾਲਾਂ, ਦੋਵਾਂ ਲਈ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਸੀ। ਹਰਿਆਣਾ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਨੇ, ਜਿਸ ਵਿਚ ਭਾਜਪਾ ਨੇ ਸਾਰਿਆਂ ਨੂੰ ਗਲਤ ਸਾਬਤ ਕੀਤਾ ਅਤੇ ਕਾਂਗਰਸ ਨੂੰ ਪਿੱਛੇ ਛੱਡ ਦਿੱਤਾ, ਨੇ ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲੀ ਮੁਹਿੰਮ ਨੂੰ ਹੁਲਾਰਾ ਦਿੱਤਾ। ਹਾਲਾਂਕਿ, ਜ਼ਾਹਰਾ ਤੌਰ ’ਤੇ ਭਾਜਪਾ ਦੇਸ਼ ਦੇ ਸਭ ਤੋਂ ਖੁਸ਼ਹਾਲ ਅਤੇ ਦੂਜੇ ਸਭ ਤੋਂ ਵੱਡੇ ਸੂਬੇ ਨੂੰ ਜਿੱਤਣ ਲਈ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਸੀ।

ਕਾਂਗਰਸ ਅਤੇ ਹੋਰ ਗੱਠਜੋੜ ਪਾਰਟੀਆਂ ਨੂੰ ਪਿਛਲੇ ਸਮੇਂ ਵਿਚ ਨਰਿੰਦਰ ਮੋਦੀ ਲਈ ‘ਮੌਤ ਦੇ ਵਪਾਰੀ’ ਵਰਗੇ ਨਾਅਰੇ ਲਾਉਣ ਲਈ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੇ ਫਿਰਕੂ ਬਿਆਨਾਂ ਅਤੇ ਨਾਅਰਿਆਂ ਵਿਚ ਮੀਲਾਂ ਅੱਗੇ ਹਨ। ਉਨ੍ਹਾਂ ਦੇ ਨਾਅਰਿਆਂ ਜਿਵੇਂ ‘ਬਟੇਂਗੇ ਤੋਂ ਕਟੇਂਗੇ’ ਅਤੇ ‘ਏਕ ਹੈਂ ਤੋ ਸੇਫ਼ ਹੈਂ’ ਵਿਚ ਸਪੱਸ਼ਟ ਤੌਰ ’ਤੇ ਫਿਰਕੂ ਰੰਗਤ ਹੈ ਜਿਸ ਨੂੰ ਇਕ ਬੱਚਾ ਵੀ ਸਮਝ ਸਕਦਾ ਹੈ। ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ ਜਾਂ ਜਿਨ੍ਹਾਂ ਦੇ ਮੈਂਬਰ ‘ਘੁਸਪੈਠੀਏ’ ਹਨ ਅਤੇ ਜੋ ਮੰਗਲਸੂਤਰ, ਜ਼ਮੀਨ ਅਤੇ ਸੋਨਾ ਖੋਹ ਲੈਣਗੇ , ਉਨ੍ਹਾਂ ਦਾ ਹਵਾਲਾ ਸਪੱਸ਼ਟ ਤੌਰ ’ਤੇ ਫਿਰਕੂ ਰੰਗ ਦਿੰਦਾ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਨੇ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਨੂੰ ਮਿਲਣ ਵਾਲੀ ਹਰ ਵੋਟ ਦੀ ਵਰਤੋਂ ਹਿੰਦੂਆਂ ਦੀ ਕਮਾਈ ਨੂੰ ਉਨ੍ਹਾਂ ਮੁਸਲਮਾਨਾਂ ਨੂੰ ਵੰਡਣ ਲਈ ਕੀਤੀ ਜਾਵੇਗੀ, ਜਿਨ੍ਹਾਂ ਦੇ ਬੱਚੇ ਜ਼ਿਆਦਾ ਹਨ ਅਤੇ ਜੋ ਘੁਸਪੈਠ ਕਰਨ ਵਾਲੇ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਮੁਸਲਮਾਨਾਂ ਨੂੰ ਹਿੰਦੂ ਔਰਤਾਂ ਦੇ ‘ਮੰਗਲਸੂਤਰ’ ਵੀ ਵੰਡ ਸਕਦੀ ਹੈ।

ਫਿਰਕੂ ਪਹਿਲੂ ਨੂੰ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਭਾਸ਼ਣਾਂ ਵਿਚ ‘ਘੁਸਪੈਠੀਆਂ’ ਨੂੰ ‘ਦੀਮਕ’ ਦੱਸਦੇ ਰਹੇ ਅਤੇ ਆਦਿਵਾਸੀਆਂ ਨੂੰ ਕਹਿੰਦੇ ਰਹੇ ਹਨ ਕਿ ਉਹ ਆਪਣੀਆਂ ਮਾਸੂਮ ਧੀਆਂ ਨੂੰ ਆਪਣੀ ਤੀਜੀ ਜਾਂ ਚੌਥੀ ਪਤਨੀ ਬਣਾ ਲੈਣਗੇ। ਤ੍ਰਾਸਦੀ ਇਹ ਹੈ ਕਿ ਪਾਰਟੀ ਦੇ ਆਗੂ ਜਾਤੀ ਜਨਗਣਨਾ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਕੁਝ ਹੋਰ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਕਹਿ ਰਹੇ ਹਨ ਕਿ ਇਹ ‘ਵੰਡ ਪਾਊ’ ਹੈ ਅਤੇ ਇਸ ਨਾਲ ਸਮਾਜਿਕ ਤਣਾਅ ਪੈਦਾ ਹੋਵੇਗਾ।

ਸਭ ਤੋਂ ਵੱਧ ਬੋਲਣ ਵਾਲੇ ਅਤੇ ਸਭ ਤੋਂ ਵੱਧ ਫਿਰਕੂ ਆਗੂਆਂ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸ਼ਾਮਲ ਹਨ। ਉਹ ਕਦੇ ਵੀ ਵਿਕਾਸ ਜਾਂ ਤਰੱਕੀ ਜਾਂ ਇੱਥੋਂ ਤਕ ਕਿ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਮੁਸਲਿਮ ਭਾਈਚਾਰਾ ਹੈ ਅਤੇ ਉਹ ਹਰ ਵਾਰ ਚੋਣ ਪ੍ਰਚਾਰ ਲਈ ਬਾਹਰ ਨਿਕਲਣ ਸਮੇਂ ਹੋਰ ਵੀ ਡੂੰਘਾਈ ’ਚ ਉੱਤਰ ਜਾਂਦੇ ਹਨ। ਬਦਕਿਸਮਤੀ ਨਾਲ, ਨਾ ਤਾਂ ਸੁਪਰੀਮ ਕੋਰਟ ਅਤੇ ਨਾ ਹੀ ਭਾਰਤ ਦੇ ਚੋਣ ਕਮਿਸ਼ਨ ਨੇ ਇਸ ਲਹਿਰ ਨੂੰ ਰੋਕਣ ਲਈ ਕਦਮ ਚੁੱਕੇ ਹਨ। ਉਨ੍ਹਾਂ ਨੇ ਚੋਣਾਂ ਦੇ ਅਜਿਹੇ ਫਿਰਕੂਕਰਨ ’ਤੇ ਅੱਖਾਂ ਬੰਦ ਕਰ ਲਈਆਂ ਹਨ ਜਾਂ ਕੰਨ ਬੰਦ ਕਰ ਲਏ ਹਨ।

ਹਾਲ ਹੀ ਵਿਚ ਚੋਣ ਕਮਿਸ਼ਨ ਨੇ ਦਖਲਅੰਦਾਜ਼ੀ ਕੀਤੀ , ਫਿਰਕੂ ਰੰਗਤ ਨੂੰ ਰੋਕਣ ਲਈ ਨਹੀਂ ਸਗੋਂ ਸਿਆਸੀ ਪਾਰਟੀਆਂ ਨੂੰ ਅਪਾਹਜ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕਿਹਾ, ਜਿਸ ਵਿਚ ਸਿਆਸੀ ਗੱਲਬਾਤ ਵਿਚ ਗੂੰਗਾ, ਬੋਲਾ, ਲੰਗੜਾ ਵਰਗੇ ਸ਼ਬਦਾਂ ਦੀ ਵਰਤੋਂ ਨਾ ਕਰਨਾ ਸ਼ਾਮਿਲ ਹੈ। ਇਹ ਇਕ ਚੰਗੀ ਅਤੇ ਸਹੀ ਹਦਾਇਤ ਸੀ ਪਰ ਇਹ ਉਨ੍ਹਾਂ ਸਿਆਸਤਦਾਨਾਂ ਨੂੰ ਬਾਹਰ ਕੱਢਣ ਤੋਂ ਕਿਉਂ ਝਿਜਕ ਰਿਹਾ ਹੈ ਜੋ ਸਥਿਤੀ ਨੂੰ ਫਿਰਕੂ ਬਣਾਉਣ ਅਤੇ ਸਮਾਜ ਨੂੰ ਵੰਡਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਦੋਵਾਂ ਸੂਬਿਆਂ ਵਿਚ ਸਭ ਤੋਂ ਹਰਮਨਪਿਆਰੀ ਪਾਰਟੀ ਜਾਂ ਗੱਠਜੋੜ ਨੂੰ ਚੋਣਾਂ ਜਿੱਤਣ ਦਿਓ ਪਰ ਸਿਆਸੀ ਆਗੂਆਂ ਨੂੰ ਦੇਸ਼ ਦੇ ਸਰਵੋਤਮ ਹਿੱਤ ਵਿਚ ਨਵੀਆਂ ਡੂੰਘਾਈਆਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ।

-ਵਿਪਿਨ ਪੱਬੀ


author

Tanu

Content Editor

Related News