ਚੋਣ ਨਤੀਜਿਆਂ ਨੇ ਭਾਜਪਾ ਦੀ ਚਿੰਤਾ ਵਧਾਈ

11/04/2021 3:38:44 AM

ਡਾ. ਵੇਦਪ੍ਰਤਾਪ ਵੈਦਿਕ 

ਹੁਣੇ-ਹੁਣੇ ਹੋਈਆਂ 13 ਸੂਬਿਅਾਂ ਦੀਅਾਂ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਕੀ ਸੰਦੇਸ਼ ਨਿਕਲਿਆ ਹੈ? ਉਂਝ ਤਾਂ ਤਿੰਨ ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ ਦੇ ਆਧਾਰ ’ਤੇ ਅਗਲੀਆਂ ਆਮ ਚੋਣਾਂ ਬਾਰੇ ਕੁਝ ਵੀ ਭਵਿੱਖਬਾਣੀ ਕਰਨਾ ਉਹੋ ਜਿਹੀ ਹੀ ਹੈ, ਜਿਵੇਂ ਕਿ ਨਦੀ ’ਚ ਤੈਰਦੀਆਂ ਮੱਛੀਆਂ ਨੂੰ ਗਿਣਨਾ। ਫਿਰ ਵੀ ਜੇਕਰ ਇਨ੍ਹਾਂ ਚੋਣ-ਨਤੀਜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਰੇ ਭਾਰਤ ’ਚ ਜਨਤਾ ਦੇ ਵਤੀਰੇ ਦੀ ਕੁਝ ਝਲਕ ਤਾਂ ਜ਼ਰੂਰ ਮਿਲ ਸਕਦੀ ਹੈ।

ਜਿਵੇਂ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ’ਚ ਭਾਜਪਾ ਦੇ ਉਮੀਦਵਾਰਾਂ ਦਾ ਹਾਰਨਾ ਅਤੇ ਜਿੱਤੀਆਂ ਹੋਈਆਂ ਕੁਝ ਸੀਟਾਂ ਦਾ ਖੁੱਸਣਾ ਕਿਸ ਗੱਲ ਦਾ ਸੰਕੇਤ ਹੈ? ਇਸ ਦਾ ਸਪੱਸ਼ਟ ਸੰਕੇਤ ਇਹ ਤਾਂ ਹੈ ਹੀ ਕਿ ਇਨ੍ਹਾਂ ਸੂਬਿਆਂ ਦੀ ਪ੍ਰਾਦੇਸ਼ਿਕ ਭਾਜਪਾ-ਲੀਡਰਸ਼ਿਪ ਦੀ ਯੋਗਤਾ ਸ਼ੱਕੀ ਹੈ। ਜੇਕਰ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨਾਂ ਨੇ ਵਧੀਆ ਕੰਮ ਕੀਤਾ ਹੁੰਦਾ ਤਾਂ ਭਾਜਪਾ ਇੰਨੀ ਬੁਰੀ ਤਰ੍ਹਾਂ ਨਾਲ ਨਾ ਹਾਰਦੀ।

ਇਨ੍ਹਾਂ ਚੋਣਾਂ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਇਨ੍ਹਾਂ ’ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਵੀ ਕੋਈ ਅਸਰ ਨਹੀਂ ਪਿਆ ਹੈ। ਭਾਜਪਾ ਦੇ ਕੇਂਦਰੀ ਨੇਤਾਵਾਂ ਲਈ ਇਹ ਵੀ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਅਗਲੇ ਕੁਝ ਮਹੀਨਿਆਂ ’ਚ ਲਗਭਗ ਅੱਧਾ ਦਰਜਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੂੰਹ ਅੱਡੀ ਸਾਹਮਣੇ ਖੜ੍ਹੀਆਂ ਹਨ।

ਜੇਕਰ ਉਨ੍ਹਾਂ ’ਚ ਵੀ ਇਸੇ ਤਰ੍ਹਾਂ ਦੇ ਨਤੀਜੇ ਆ ਗਏ ਤਾਂ ਅਗਲੀਆਂ ਲੋਕ ਸਭਾ ਚੋਣਾਂ ਦਾ ਹਾਥੀ ਕਿਸੇ ਵੀ ਕਰਵਟ ਬੈਠ ਸਕਦਾ ਹੈ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਅੱਜਕਲ ਉਹ ਜਿਸ ਤਰ੍ਹਾਂ ਨੇਤਾ ਅਤੇ ਨੀਤੀ-ਵਿਹੂਣੀ ਹੋ ਚੁੱਕੀ ਹੈ, ਉਸ ਸਥਿਤੀ ’ਚ ਉਸ ਦਾ ਅਕਸ ਵੱਧ ਨਹੀਂ ਵਿਗੜਿਆ ਹੈ ਪਰ ਹਿਮਾਚਲ ਅਤੇ ਰਾਜਸਥਾਨ ’ਚ ਉਸ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਹਿਮਾਚਲ ’ਚ ਭਾਜਪਾ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦਿੱਤਾ ਜਾ ਸਕਦਾ ਹੈ।

ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਨੇ ਕਾਂਗਰਸ ਦੀ ਜਿੱਤ ਲਈ ਮਹਾਮਾਰੀ, ਬੇਰੋਜ਼ਗਾਰੀ ਅਤੇ ਮਹਿੰਗਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਮੱਧ ਪ੍ਰਦੇਸ਼ ’ਚ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਆਪਣੀ ਧੂੰਆਂਧਾਰ ਚੋਣ ਮੁਹਿੰਮ ਰਾਹੀਂ ਖੰਡਵਾ ਦੀ ਲੋਕ ਸਭਾ ਸੀਟ ਤਾਂ ਜਿੱਤੀ ਹੀ, ਦੋ ਵਿਧਾਨ ਸਭਾ ਸੀਟਾਂ ਵੀ ਜਿੱਤ ਲਈਆਂ ਹਨ। ਅਸਾਮ, ਬਿਹਾਰ, ਆਂਧਰਾ, ਤੇਲੰਗਾਨਾ ਆਦਿ ’ਚ ਸਿਰਫ ਸੂਬਾਈ ਪਾਰਟੀਆਂ ਦਾ ਗਲਬਾ ਰਿਹਾ ਪਰ ਪੱਛਮੀ ਬੰਗਾਲ ’ਚ ਮਮਤਾ ਦੀ ਤ੍ਰਿਣਮੂਲ ਕਾਂਗਰਸ ਨੇ ਵਿਧਾਨ ਸਭਾ ਦੀਆਂ ਚਾਰੋਂ ਸੀਟਾਂ ਤੋਂ ਭਾਜਪਾ ਨੂੰ ਤ੍ਰਿਣਮੂਲ ਭਾਵ ਘਾਹ ਦੇ ਤਿਨਕੇ ਵਾਂਗ ਪੁੱਟ ਸੁੱਟਿਆ। ਇਕ ਉਮੀਦਵਾਰ ਦੀ ਤਾਂ ਜ਼ਮਾਨਤ ਹੀ ਜ਼ਬਤ ਕਰਵਾ ਦਿੱਤੀ। ਭਾਜਪਾ ਤੋਂ ਟੁੱਟ ਕੇ ਕਈ ਨੇਤਾ ਅੱਜਕਲ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ।

ਮਮਤਾ ਬੈਨਰਜੀ ਹੌਲੀ-ਹੌਲੀ ਉੱਤਰੀ ਭਾਰਤ ਦੇ ਸੂਬਿਆਂ ’ਚ ਵੀ ਆਪਣੀਆਂ ਜੜ੍ਹਾਂ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਾਂਗਰਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮਮਤਾ ਦਾ ਮੰਨਣਾ ਹੈ ਕਿ ਕਾਂਗਰਸ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ-ਉਠਾ ਕੇ ਹੀ ਭਾਜਪਾ ਮਜ਼ਬੂਤ ਬਣੀ ਹੈ।

ਇਨ੍ਹਾਂ ਉਪ-ਚੋਣਾਂ ਦੇ ਨਤੀਜੇ ਵਿਰੋਧੀ ਪਾਰਟੀਆਂ ਨੂੰ ਪਹਿਲਾਂ ਤੋਂ ਵੱਧ ਨੇੜੇ ਆਉਣ ਲਈ ਪ੍ਰੇਰਿਤ ਕਰ ਸਕਦੇ ਹਨ। ਗਲਾਸਗੋ ਸੰਮੇਲਨ ਤੋਂ ਪਰਤਦੇ ਹੀ ਨਰਿੰਦਰ ਮੋਦੀ ਨੂੰ ਆਪਣੀ ਸਰਕਾਰ ਦੇ ਨਾਲ-ਨਾਲ ਆਪਣੀ ਪਾਰਟੀ ਦੀ ਸਾਰ ਲੈਣੀ ਪਵੇਗੀ।


Bharat Thapa

Content Editor

Related News