ਚੋਣ ਐਲਾਨ ਪੱਤਰ ਜਾਂ ਵੋਟਰਾਂ ਨੂੰ ਲਾਲੀਪਾਪ?

02/18/2021 3:34:09 AM

ਜਸਵੰਤ ਸਿੰਘ ‘ਅਜੀਤ’

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਜਦੋਂ ਕਦੇ ਵੀ ਚੋਣਾਂ ਆਉਂਦੀਆਂ ਹਨ, ਭਾਵੇਂ ਉਹ ਲੋਕ ਸਭਾ ਦੀਆਂ ਹੋਣ, ਵਿਧਾਨ ਸਭਾ ਜਾਂ ਫਿਰ ਨਗਰ ਨਿਗਮ ਦੀਆਂ, ਸਾਰੀਆਂ ਸਿਆਸੀ ਪਾਰਟੀਆਂ ਜੋ ਚੋਣ ਮੈਦਾਨ ’ਚ ਉਤਰਦੀਆਂ ਹਨ, ਵਲੋਂ ਵੋਟਰਾਂ ਨੂੰ ਭਰਮਾਉਣ ਲਈ ਇਕ ਚੋਣ ਐਲਾਨ ਪੱਤਰ ਜਾਰੀ ਕੀਤਾ ਜਾਂਦਾ ਹੈ। ਜਿਸ ’ਚ ਕਈ ਅਜਿਹੇ ਵਾਅਦੇ ਕੀਤੇ ਹੁੰਦੇ ਹਨ, ਜਿਨ੍ਹਾਂ ਦਾ ਮਕਸਦ ਵੋਟਰਾਂ ਨੂੰ ਭਰਮਾ ਕੇ ਆਪਣੇ ਪਾਲੇ ’ਚ ਲਿਆਉਣ ਹੁੰਦਾ ਹੈ। ਆਪਣੇ ਇਸ ਮਕਸਦ ’ਚ ਉਹ ਕਿੰਨੀਆਂ ਸਫਲ ਹੋ ਸਕਦੀਆਂ ਹਨ, ਇਸ ਦਾ ਪਤਾ ਚੋਣ ਨਤੀਜਿਆਂ ਤੋਂ ਹੀ ਲਗ ਜਾਂਦਾ ਹੈ। ਜਿਹੜੀ ਪਾਰਟੀ ਸੱਤਾ ਦੇ ਗਲਿਆਰੀਆਂ ਤਕ ਪਹੁੰਚਣ ’ਚ ਸਫਲ ਹੁੰਦੀ ਹੈ, ਉਹ ਆਪਣੇ ਕੀਤੇ ਵਾਅਦਿਆਂ ’ਚੋਂ ਕਿੰਨਿਆਂ ਨੂੰ ਪੂਰਾ ਕਰਦੀ ਹੈ, ਕਿੰਨਿਆਂ ਨੂੰ ਭੁੱਲਾ ਅਤੇ ਕਿੰਨਿਆਂ ਨੂੰ ਅਗਲੀਆਂ ਚੋਣਾਂ ’ਚ ਭੁਗਤਾਉਣ ਲਈ ਰਾਖਵਾਂ ਰੱਖ ਲੈਂਦੀ ਹੈ, ਇਸ ਦਾ ਪਤਾ ਉਸਦੇ ਕਾਰਜਕਾਲ ਦੇ ਪੂਰਾ ਹੋਣ ਦੇ ਬਾਅਦ ਹੀ ਪਤਾ ਲੱਗ ਸਕਦਾ ਹੈ।

ਇਸੇ ਤਰ੍ਹਾਂ, ਧਾਰਮਿਕ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦੀਆਂ ਜਦੋਂ ਆਮ ਚੋਣਾਂ ਹੁੰਦੀਆਂ ਤਾਂ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ’ਚ ਹਿੱਸਾ ਲੈਣ ਵਾਲੀਆਂ ਸਿੱਖ ਜਥੇਬੰਦੀਆਂ ਵਲੋਂ ਲੋਕਾਂ ਨੂੰ ਭਰਮਾਉਣ ਵਾਲੇ ਵਾਅਦਿਆਂ ’ਤੇ ਆਧਾਰਿਤ ਚੋਣ ਐਲਾਨ ਪੱਤਰ ਜਾਰੀ ਕੀਤੇ ਜਾਂਦੇ ਹਨ। ਜਿਨ੍ਹਾਂ ’ਚ ਵੋਟਰਾਂ ਨੂੰ ਭਰਮਾਉਣ ਲਈ ਕਈ ਅਜਿਹੇ ਵਾਅਦੇ ਕੀਤੇ ਗਏ ਹੁੰਦੇ ਹਨ, ਜਿਨ੍ਹਾਂ ਦਾ ਮਕਸਦ ਵੋਟਰਾਂ ਨੂੰ ਆਪਣੇ ਪਾਲੇ ’ਚ ਲਿਆਉਣ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਇਨ੍ਹਾਂ ਵਾਅਦਿਆਂ ’ਚੋਂ ਕਿੰਨੇ ਪੂਰੇ ਕੀਤੇ ਜਾਂਦੇ ਹਨ ਅਤੇ ਕਿੰਨੇ ਅਗਲੀਆਂ ਚੋਣਾਂ ਲਈ ਰਾਖਵੇਂ ਰੱਖ ਲਏ ਜਾਂਦੇ ਹਨ, ਇਸਦਾ ਪਤਾ ਸ਼ਾਇਦ ਵਾਅਦਾ ਕਰਨ ਵਾਲਿਆਂ ਨੂੰ ਵੀ ਹੀ ਹੁੰਦਾ ਹੋਵੇ। ਹੁਣ ਫਿਰ ਜਦਕਿ ਿਦੱਲੀ ਗੁਰਦੁਆਰਾ ਚੋਣਾਂ ਅਪ੍ਰੈਲ ਦੇ ਅਖੀਰ ਤਕ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਚੋਣ ਲੜਨ ਲਈ ਮੈਦਾਨ ’ਚ ਉਤਰਨ ਜਾ ਰਹੀਆਂ ਸਾਰੀਆਂ ਸਿੱਖ ਜਥੇਬੰਦੀਆਂ ਆਪੋ ਆਪਣਾ ਚੋਣ ਐਲਾਨ ਪੱਤਰ ਐਲਾਨ ਕਰਨ ’ਚ ਜੁੱਟ ਗਈਆਂ ਹਨ। ਇਸ ਤੋਂ ਪਹਿਲਾਂ ਕੋਈ ਨਵਾਂ ਐਲਾਨ ਪੱਤਰ ਸਾਹਮਣੇ ਆਵੇ, ਸੱਤਾਧਾਰੀ ਪਾਰਟੀ , ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਿਛਲੀਆਂ ਚੋਣਾਂ ’ਚ ਜਾਰੀ ਐਲਾਨ ਪੱਤਰ ’ਚ ਕੀਤੇ ਗਏ ਵਾਅਦਿਆਂ ’ਤੇ ਚਰਚਾ ਸ਼ੁਰੂ ਕੀਤੀ ਜਾਵੇ ਤਾਂ ਅਣਉਚਿੱਤ ਨਹੀਂ ਹੋਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਬੀਤੇ ਲਗਭਗ 8 ਸਾਲਾਂ ਤੋਂ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਾਬਜ਼ ਚੱਲਿਆ ਆ ਰਿਹਾ ਹੈ। ਇਸ ਲਈ ਉਸੇ ਦੀ ਮੁਖ ਜ਼ਿੰਮੇਵਾਰੀ ਸੀ ਕਿ ਚੋਣਾਂ ’ਚ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰੇ।

ਪਿਛਲੀਆਂ ਗੁਰਦੁਆਰਾ ਚੋਣਾਂ ’ਚ ਉਨ੍ਹਾਂ ਵਲੋਂ ਜੋ ਮੁਖ ਵਾਅਦੇ ਕੀਤੇ ਗਏ ਸਨ, ਉਹ ਿਸੱਖਿਆ ਨਾਲ ਸਬੰਧਤ ਸਨ, ਜਿਸ ’ਚ ਕਿਹਾ ਗਿਆ ਸੀ ਕਿ ਜੇਕਰ ਉਹ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਾਬਜ਼ ਹੁੰਦੇ ਹਨ, ਤਾਂ ਗੁਰਦੁਆਰਾ ਕਮੇਟੀ ਦੀਆਂ ਸਿੱਖਿਆ ਸੰਸਥਾਵਾਂ ਦਾ ਪੱਧਰ ਉੱਚਾ ਚੁੱਕਣ ਦੇ ਨਾਲ ਹੀ ਉਨ੍ਹਾਂ ’ਚ ਪੜ੍ਹ ਰਹੇ ਬੱਚਿਅਾਂ, ਦਸਵੀਂ ਜਮਾਤ ਤੋਂ ਉੱਪਰ ਦੇ ਜੋ ਬੱਚੇ 75 ਫੀਸਦੀ ਤੋਂ ਵੱਧ ਨੰਬਰ ਲਿਆਉਣਗੇ, ਉਨ੍ਹਾਂ ਨੂੰ ਮੁਫਤ ਕਿਤਾਬਾਂ ਅਤੇ ਲੜਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ। ਸਿੱਖ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮੁਫਤ ‘ਟੈਬਲੇਟ’ ਦਿੱਤੇ ਜਾਣਗੇ। ਦਿੱਲੀ ਕਮੇਟੀ ਦੇ ਅਧੀਨ ਚੱਲ ਰਹੇ ਪਬਲਿਕ ਸਕੂਲਾਂ ’ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆਂ ਦਾ ਭਵਿੱਖ ਸੰਵਾਰਨ ਦੇ ਲਈ ਸਕੂਲਾਂ ’ਚ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੀ ਥਾਂ ’ਤੇ ਐੱਨ.ਸੀ. ਈ. ਆਰ.ਟੀ. ਦੀਆਂ ਕਿਤਾਬਾਂ ਲਗਾਈਆਂ ਜਾਣਗੀਆਂ। ਦਿੱਲੀ ’ਚ ਸਿੱਖ ਬੱਚਿਆਂ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਗੁਰੂ ਤੇਗ ਬਹਾਦੁਰ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਸਿੱਖ ਬੱਚਿਆਂ ਨੂੰ ਖੇਡਾਂ ’ਚ ਉਤਸ਼ਾਹਤ ਕਰਨ ਲਈ ਦਿੱਲੀ ’ਚ ‘ਗੁਰੂ ਅੰਗਦ ਦੇਵ ਸਪੋਰਟਸ ਇੰਸਟੀਚਿਊਟ’ ਦੀ ਵੀ ਸਥਾਪਨਾ ਕੀਤੀ ਜਾਵੇਗੀ।

ਇਹ ਕੁਝ ਕੁ ਵਾਅਦੇ ਹਨ ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੰਨ- 2013 ਦੀਆਂ ਦਿੱਲੀ ਗੁਰਦੁਆਰਾ ਚੋਣਾਂ ’ਚ ਸਿੱਖ ਵੋਟਰਾਂ ਨਾਲ ਕੀਤੇ ਗਏ ਸਨ। ਬੀਤੇ ਲਗਭਗ 8 ਸਾਲਾਂ ਤੋਂ ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਾਬਜ਼ ਚੱਲਿਆ ਆ ਰਿਹਾ ਹੈ।

ਇਨ੍ਹਾਂ 8 ਸਾਲਾਂ ਦੇ ਸਮੇਂ ’ਚ ਉਸਨੇ ਇਨ੍ਹਾਂ ’ਚੋਂ ਕਿਹੜੇ-ਕਿਹੜੇ ਵਾਅਦੇ ਪੂਰੇ ਕੀਤੇ? ਸ਼ਾਇਦ ਇਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਿਸੇ ਵੀ ਨੇਤਾ ਦੇ ਕੋਲ ਨਹੀਂ ਹੋਵੇਗਾ। ਹਾਂ, ਇਸ ਸਮੇਂ ’ਚ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਸਿੱਖਿਆ ਸੰਸਥਾਵਾਂ ਦਾ ਪੱਧਰ ਡਿੱਗਿਆ ਜ਼ਰੂਰ ਹੈ। ਇਨ੍ਹਾਂ ਸੰਸਥਾਵਾਂ ਦੇ ਸਟਾਫ ਨੂੰ ਆਪਣੀ ਤਨਖਾਹ ਤਕ ਲੈਣ ਲਈ ਲੰਬੀ ਲੜਾਈ ਲੜਦੇ ਹੋਏ ਹੜਤਾਲਾਂ, ਧਰਨਿਆਂ ਅਤੇ ਅਦਾਲਤਾਂ ਤਕ ਦਾ ਸਹਾਰਾ ਲੈਣਾ ਪਿਆ। ਜਿਸਦਾ ਨਤੀਜਾ ਇਹ ਹੋਇਆ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਗੁਰਦੁਆਰਾ ਕਮੇਟੀ ਦੇ ਇਨ੍ਹਾਂ ਸਕੂਲਾਂ ’ਚੋਂ ਕੱਢ ਕੇ ਦੂਸਰੇ ਸਕੂਲਾਂ ’ਚ ਦਾਖਲ ਕਰਵਾਉਣ ਲਈ ਮਜਬੂਰ ਹੋ ਗਏ।

ਯਾਦਗਾਰੀ ਸਿੱਕਾ : ਇਨ੍ਹੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਇਕ ਵਿਸ਼ੇਸ਼ ਸਮਾਗਮ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ। ਜਿਸਦੇ ਇਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਫੋਟੋ ਦਿੱਤੀ ਗਈ ਹੈ। ਇਸ ਮੌਕੇ ’ਤੇ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਕੌਮਾਂਤਰੀ ਮਹੱਤਵ ’ਤੇ ਵਿਸਥਾਰਤ ਚਰਚਾ ਕੀਤੀ। ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ), ਪ੍ਰਸਿੱਧ ਉਦਯੋਗਪਤੀ ਰਜਿੰਦਰ ਸਿੰਘ ਚੱਢਾ, ਆਰ.ਐੱਸ ਜੌੜਾ, ਦਲ ਦੇ ਜਨਰਲ ਸਕੱਤਰ ਗੁਰਮੀਤ ਿਸੰਘ ਸ਼ੰਟੀ, ਸੰਸਦ ਮੈਂਬਰ ਕੇ.ਟੀ.ਐੱਸ ਤੁਲਸੀ ਆਦਿ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸ. ਢੀਂਡਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ ਸ਼ਤਾਬਦੀ ਦੇ ਪ੍ਰਤੀ ਸਮਰਪਿਤ ਸਿੱਕਾ ਜਾਰੀ ਕੀਤੇ ਜਾਣ ਨੂੰ ਇਤਿਹਾਸਕ ਮਹੱਤਵ ਦੀ ਘਟਨਾ ਕਰਾਰ ਦਿੱਤਾ। ਦਲ ਦੇ ਸਕੱਤਰ ਜਨਰਲ ਹਰਵਿੰਦਰ ਿਸੰਘ ਸਰਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਦਲ ਦੇ ਵਲੋਂ ਗੁਰੂ ਸਾਹਿਬ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਰ ਵੀ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।

...ਅਤੇ ਅਖੀਰ ’ਚ : ਜਿਥੇ ਸੇਵਾ ਨੂੰ ਹੀ ਪਹਿਲ ਪ੍ਰਾਪਤ ਹੈ : ਦਿੱਲੀ ਦੀ ਪੋਸ਼ ਕਾਲੋਨੀ, ਰਾਜੌਰੀ ਗਾਰਡਨ ਦੀ ਸਿੰਘ ਸਭਾ ਇਕ ਅਜਿਹੀ ਧਾਰਮਿਕ ਸੰਸਥਾ ਹੈ, ਜਿਥੇ ਸਿਆਸਤ ਨੂੰ ਨਹੀਂ , ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ (ਢੀਂਡਸਾ ) ਨਾਲ ਵੀ ਜੁੜੇ ਹੋਏ ਹਨ, ਨੇ ਦੱਸਿਆ ਕਿ ਭਾਵੇਂ ਉਹ ਖੁਦ ਸਿਆਸਤ ’ਚ ਸਰਗਰਮ ਹਨ, ਉਨ੍ਹਾਂ ਨੇ ਆਪਣੀ ਪ੍ਰਧਾਨਗੀ ਵਾਲੀ ਸਿੰਘ ਸਭਾ ਨੂੰ ਮੁਕੰਮਲ ਤੌਰ ’ਤੇ ਸਿਆਸਤ ਤੋਂ ਮੁਕਤ ਰੱਖਿਆ ਹੋਇਆ। ਰਾਜੌਰੀ ਗਾਰਡਨ ਸਿੰਘ ਸਭਾ ਲੋਕ ਸੇਵਾ ਦੇ ਪ੍ਰਤੀ ਸਮਰਪਿਤ ਸੰਸਥਾ ਹੈ। ਸਿੰਘ ਸਭਾ ਵਲੋਂ ਜਿਥੇ ਸਿੱਖਿਆ ਆਦਿ ਦੇ ਨਾਲ ਹੀ ਹੋਰਨਾਂ ਕਈ ਖੇਤਰਾਂ ’ਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਉਥੇ ਲੋੜਵੰਦ ਲੋਕਾਂ ਲਈ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਸਿੰਘ ਸਭਾ ਦੇ ਨਾਲ ਇਕ ਡਿਸਪੈਂਸਰੀ, ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ-ਕਮ-ਕਲੀਨਿਕ ਲੈਬਾਰੇਟਰੀ ਸਥਾਪਤ ਹੈ। ਜਿਸ ’ਚ ਆਮ ਹਸਪਤਾਲਾਂ ਜਿਵੇਂ ਕਿ ਐਲੋਪੈਥੀ, ਹੋਮਿਓਪੈਥੀ, ਆਈ ਕੇਅਰ ਸੈਂਟਰ, ਐਕਿਊਪ੍ਰੈਸ਼ਰ, ਡੈਂਟਲ ਕੇਅਰ ਸੈਂਟਰ , ਨਿਓਰੋਪੈਥੀ, ਈ.ਐੱਮ.ਆਈ ਦੇ ਨਾਲ ਹੀ ਡਾਇਲਸਿਸ ਆਦਿ ਦੀਆਂ ਵੀ ਸਹੂਲਤਾਂ ਮੁਹੱਈਆ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਜੋ ਪਰਿਵਾਰ ਬਹੁਤ ਹੀ ਗਰੀਬ ਅਵਸਥਾ ’ਚ ਹਨ, ਇਲਾਜ ਅਤੇ ਦਵਾਈਆਂ ਦਾ ਖਰਚਾ ਨਹੀਂ ਚੁੱਕ ਸਕਦੇ , ਉਨ੍ਹਾਂ ਨੂੰ ਨਾ ਸਿਰਫ ਡਾਕਟਰੀ ਸਹੂਲਤਾਂ ਸਗੋਂ ਦਵਾਈਆਂ ਆਦਿ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਭਾਵੇਂ ਉਹ ਕਿੰਨੀਆਂ ਹੀ ਕੀਮਤੀ ਕਿਉਂ ਨਾ ਹੋਣ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਦੇ ਚੇਅਰਮੈਨ ਆਰ.ਐੱਸ. ਭਾਟੀਆ ਅਤੇ ਉਪ ਚੇਅਰਮੈਨ ਹਰਜੀਤ ਿਸੰਘ ਬਖਸ਼ੀ ਆਪਣੀ ਟੀਮ ਦੇ ਨਾਲ ਮੁਕੰਮਲ ਤੌਰ ’ਤੇ ਨਿਸ਼ਕਾਮ ਭਾਵਨਾ ਨਾਲ ਸਮਰਪਿਤ ਹੋ ਕੇ ਸਾਰੀ ਜ਼ਿੰਮੇਵਾਰੀ ਨਿਭਾ ਰਹੇ ਹਨ।


Bharat Thapa

Content Editor

Related News